You’re viewing a text-only version of this website that uses less data. View the main version of the website including all images and videos.
ਕੰਮ-ਧੰਦਾ: ਕਰਜ਼ਾ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ?
ਲੋਨ ਲੈਣ ਲਈ ਉਕਸਾਉਣ ਵਾਲੀਆਂ ਮਸ਼ਹੂਰੀਆਂ ਵਿੱਚ ਫ੍ਰੀ ਕ੍ਰੈਡਿਟ ਰਿਪੋਰਟ, ਸਸਤੀਆਂ ਵਿਆਜ ਦਰਾਂ, ਜ਼ੀਰੋ ਐਪਲੀਕੇਸ਼ਨ ਫੀਸ ਅਤੇ ਫਟਾਫਟ ਮੰਜੂਰੀ ਵਰਗੇ ਮਨ-ਲੁਭਾਉਨੇ ਆਫਰ ਤੁਹਾਨੂੰ ਲਲਚਾਉਂਦੇ ਹਨ।
ਪਰ ਕਰਜ਼ਾ ਲੈਣਾ ਇੱਕ ਅਹਿਮ ਮਸਲਾ ਹੈ ਜਿਸ ਦੇ ਲਈ ਤੁਸੀਂ ਸਾਵਧਾਨ ਅਤੇ ਚੌਕਸ ਰਹਿਣਾ ਹੈ।
ਕੰਮ-ਧੰਦਾ ਵਿੱਚ ਦੱਸਾਂਗੇ ਕਿ ਲੋਨ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਕਰਜ਼ੇ ਦੀ ਕਿਸ਼ਤ ਸੋਚ ਸਮਝਕੇ ਤੈਅ ਕਰੋ, ਅਜਿਹਾ ਨਾ ਹੋਵੇ ਕਿ ਚੁਕਾਉਣ ਲਈ ਤੁਸੀਂ ਪ੍ਰੇਸ਼ਾਨ ਹੀ ਰਹੋ।
ਕੁਝ ਫਾਈਨਾਂਸ਼ੀਅਲ ਮਾਹਿਰ ਕਹਿੰਦੇ ਹਨ ਕਿ ਆਟੋ ਲੋਨ ਤੁਹਾਡੀ ਮਹੀਨੇ ਦੀ ਤਨਖਾਹ ਦੇ 15 ਫੀਸਦ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਪਰਸਨਲ ਲੋਨ ਦੀ EMI ਤੁਹਾਡੀ ਤਨਖਾਹ ਦੇ 10 ਫੀਸਦ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਲੋਨ ਸਣੇ ਤੁਹਾਡੀ ਕੁੱਲ ਦੇਣਦਾਰੀ ਕਮਾਈ ਦੇ 50 ਫੀਸਦ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।
ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕੋਈ ਵੀ ਲੋਨ ਨਹੀਂ ਦੇਵੇਗਾ। ਇਸ ਲਈ ਸਾਰੇ ਫਾਈਨਾਂਸ਼ੀਅਲ ਟਾਰਗੇਟ ਪੂਰੇ ਕਰਨ ਲਈ ਸਹੀ ਸਮੇਂ 'ਤੇ ਪਲੈਨਿੰਗ ਕਰੋ।
ਪਹਿਲਾਂ ਹੀ ਸੋਚ ਲਵੋ ਕਿ ਸਮੇਂ 'ਤੇ ਲੋਨ ਕਿਵੇਂ ਚੁਕਾਉਗੇ। ਨਹੀਂ ਤਾਂ, ਕਰਜ਼ਾ ਤਾਂ ਵੱਡੇ ਵੱਡਿਆਂ ਲਈ ਵੀ ਮੁਸੀਬਤ ਬਣ ਜਾਂਦਾ ਹੈ।
ਅੱਜ ਦੇ ਸਮੇਂ ਵਿੱਚ ਲੋਨ ਦੀ ਵਸੂਲੀ ਦੇ ਤਰੀਕੇ ਵੀ ਬਹੁਤ ਬਦਲ ਗਏ ਹਨ।
ਲੋਨ ਕਦੋਂ ਤੱਕ ਚੁਕਾਉਣਾ ਹੈ ?
ਜਿੰਨਾ ਲੰਮਾ ਸਮੇਂ ਲਈ ਕਰਜ਼ਾ ਲਿਆ ਗਿਆ ਹੈ, ਓਨੀ ਹੀ ਘੱਟ ਮਹੀਨੇ ਦੀ ਕਿਸ਼ਤ ਬਣੇਗੀ।
ਇਸ ਨਾਲ ਹਰ ਮਹੀਨੇ ਕਿਸ਼ਤ ਨਾਲ ਟੈਕਸ ਵਿੱਚ ਛੋਟ ਵੀ ਮਿਲਦੀ ਰਹਿੰਦੀ ਹੈ। ਪਰ ਲੋਨ 'ਤੇ ਤੁਹਾਨੂੰ ਵਿਆਜ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ।
ਲੋਨ ਜਿੰਨੀ ਦੇਰੀ ਨਾਲ ਚੁਕਾਉਗੇ ਉਸ 'ਤੇ ਓਨਾ ਹੀ ਵਿਆਜ ਵੱਧ ਚੁਕਾਉਣਾ ਪਵੇਗਾ।
ਉਦਾਹਰਣ ਦੇ ਤੌਰ 'ਤੇ, ਜੇ ਤੁਸੀਂ 10 ਸਾਲ ਲਈ 9.75 ਫੀਸਦ ਵਿਆਜ ਦਰ 'ਤੇ ਲੋਨ ਲੈਂਦੇ ਹੋ ਤਾਂ ਤੁਹਾਡਾ ਵਿਆਜ 57 ਫੀਸਦ ਹੋ ਸਕਦਾ ਹੈ।
15 ਸਾਲ ਦੇ ਸਮੇਂ ਸੀਮਾ ਵਿੱਚ ਵਿਆਜ 91 ਫੀਸਦ ਹੋ ਸਕਦਾ ਹੈ ਅਤੇ ਜੇ ਲੋਨ 20 ਸਾਲਾਂ ਲਈ ਲਿਆ ਹੈ ਤਾਂ ਵਿਆਜ 128 ਫੀਸਦ ਤੱਕ ਹੋ ਸਕਦਾ ਹੈ।
ਲੋਨ ਦੇ ਨਾਲ ਦੀਆਂ ਅਟੈਚਮੰਟਸ ਬਾਰੇ ਵੀ ਜਾਣਕਾਰੀ ਲੈਣਾ ਜ਼ਰੂਰੀ ਹੈ। ਸਟੈਂਪ ਡਿਊਟੀ ਅਤੇ ਪ੍ਰੋਸੈਸਿੰਗ ਫੀਸ ਬਾਰੇ ਜ਼ਰੂਰ ਪੁੱਛ ਲਵੋ।
ਕੁਝ ਬੈਂਕ ਪ੍ਰੀਪੇਮੈਂਟ ਜਾਂ ਲੋਨ ਟਰਾਂਸਫਰ 'ਤੇ ਪੈਨਲਟੀ ਵੀ ਲਾਉਂਦੇ ਹਨ। ਇਹ ਵੀ ਪਤਾ ਕਰ ਲੋ ਕਿ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ।
ਜੇ ਲੋਨ ਲੈਣ ਵਾਲੇ ਨੂੰ ਕੁਝ ਹੋ ਜਾਂਦਾ ਹੈ ਅਤੇ ਲੋਨ ਨਹੀਂ ਚੁਕਾਇਆ ਜਾਂਦਾ ਤਾਂ ਕਰਜ਼ਾ ਦੇਣ ਵਾਲਾ ਉਸਦੀ ਜਾਇਦਾਦ 'ਤੇ ਕਬਜ਼ਾ ਕਰ ਲੈਂਦਾ ਹੈ।
ਮਾਹਿਰ ਵੱਡੇ ਲੋਨ ਲਈ ਇਨਸ਼ੋਰੈਂਸ ਦੀ ਸਲਾਹ ਦਿੰਦੇ ਹਨ। ਇਸ ਦੀ ਕੀਮਤ ਬੀਮਾ ਲੋਨ ਦੀ ਰਕਮ ਜਿੰਨੀ ਹੋਣੀ ਚਾਹੀਦੀ ਹੈ।
ਲੋਨ ਲੈਣ ਤੋਂ ਬਾਅਦ ਆਪਣੇ ਖਰਚੇ ਵੱਧ ਤੋਂ ਵੱਧ ਘਟਾਉਣ ਦੀ ਕੋਸ਼ਿਸ਼ ਕਰੋ।
ਬਚੇ ਹੋਏ ਪੈਸਿਆਂ ਨਾਲ ਬਿਹਤਰ ਨਿਵੇਸ਼ ਦੀ ਕੋਸ਼ਿਸ਼ ਕਰ ਸਕਦੇ ਹੋ। ਜੇ ਇਹ ਆਪਸ਼ਨ ਸੰਭਵ ਨਹੀਂ ਤਾਂ ਬਚੇ ਹੋਏ ਪੈਸਿਆਂ ਨੂੰ ਲੋਨ ਅਕਾਊਂਟ ਵਿੱਚ ਪਾ ਦੇਵੋ।
ਲੋਨ ਤੋਂ ਜਿੰਨੀ ਛੇਤੀ ਛੁਟਕਾਰਾ ਮਿਲੇ ਓਨਾ ਹੀ ਵਧੀਆ।