ਕੰਮ-ਧੰਦਾ - ਡਾਲਰ ਅੱਗੇ ਰੁਪਈਆ ਬੇਹਾਲ, ਤੁਹਾਡੇ 'ਤੇ ਹੋਵੇਗਾ ਇਹ ਅਸਰ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਲਗਾਤਾਰ ਵਿਗੜ ਰਹੀ ਹੈ, ਰੁਪਈਆ ਪਿਛਲੇ 15 ਮਹੀਨੇ 'ਚ ਕਾਫ਼ੀ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।

ਜੇ ਜਾਣਕਾਰਾਂ ਦੀ ਮੰਨੀਏ ਤਾਂ ਰੁਪਏ ਦੀ ਚਾਲ ਅਜੇ ਛੇਤੀ ਸੰਭਲਣ ਵਾਲੀ ਨਹੀਂ ਹੈ।

ਕੰਮ-ਧੰਦਾ 'ਚ ਅੱਜ ਗੱਲ ਇਸ ਰੁਪਈਏ ਦੀ ਗਿਰਾਵਟ ਦੇ ਕਾਰਨ ਦੀ ਅਤੇ ਲੋਕਾਂ ਦੀ ਜੇਬ 'ਤੇ ਇਸ ਦੇ ਅਸਰ ਦੀ

ਵੈਸੇ ਮੁਦਰਾ ਦੇ ਇਸ ਅਖਾੜੇ 'ਚ ਡਾਲਰ ਦੇ ਪੰਚ 'ਚ ਦਮ ਤਾਂ ਹੈ।

ਇਸ 'ਢਿਸ਼ੁਮ-ਢਿਸ਼ੁਮ' 'ਚ ਆਲਮ ਇਹ ਹੈ ਕਿ ਹਾਲ ਹੀ 'ਚ ਇੱਕ ਡਾਲਰ ਦੀ ਕੀਮਤ 67 ਰੁਪਏ ਤੱਕ ਪਹੁੰਚ ਗਈ ਹੈ।

ਮੁਦਰਾ ਦਾ ਭੰਡਾਰ

ਹਰ ਮੁਲਕ ਦੇ ਕੋਲ ਦੂਜੇ ਮੁਲਕਾਂ ਦੀ ਮੁਦਰਾ ਦਾ ਭੰਡਾਰ ਹੁੰਦਾ ਹੈ, ਜਿਸ ਨਾਲ ਉਹ ਲੈਣ-ਦੇਣ ਕਰਦੇ ਹਨ, ਇਸ ਨੂੰ ਵਿਦੇਸ਼ੀ ਮੁਦਰਾ ਭੰਡਾਰ ਕਹਿੰਦੇ ਹਨ।

ਅਮਰੀਕੀ ਡਾਲਰ ਨੂੰ ਕੌਮਾਂਤਰੀ ਕਰੰਸੀ ਦਾ ਰੁਤਬਾ ਹਾਸਿਲ ਹੈ।

ਇਸ ਦਾ ਮਤਲਬ ਹੈ ਕਿ ਐਕਸਪੋਰਟ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਦੀ ਕੀਮਤ ਡਾਲਰਾਂ 'ਚ ਅਦਾ ਕੀਤੀ ਜਾਂਦੀ ਹੈ, ਇਹੀ ਕਾਰਨ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਮੁਦਰਾ ਮਜ਼ਬੂਤ ਹੈ ਜਾਂ ਫ਼ਿਰ ਕਮਜ਼ੋਰ।

ਆਖ਼ਿਰ ਰੁਪਈਆ ਕਮਜ਼ੋਰ ਕਿਉਂ ਹੈ?

ਇਸ ਦੇ ਕਾਰਨ ਸਮੇਂ ਦੇ ਨਾਲ-ਨਾਲ ਬਦਲਦੇ ਰਹਿੰਦੇ ਹਨ, ਮੌਜੂਦਾ ਹਲਾਤ ਦੀ ਗੱਲ ਕਰੀਏ ਤਾਂ ਰੁਪਏ ਦੇ ਕਮਜ਼ੋਰ ਹੋਣ ਦੀ ਇਹ ਵਜ੍ਹਾ ਹੈ…

  • ਤੇਲ ਦੀਆਂ ਵਧਦੀਆਂ ਕੀਮਤਾਂ - ਭਾਰਤ ਜ਼ਿਆਦਾ ਤੇਲ ਇੰਪੋਰਟ ਕਰਦਾ ਹੈ, ਪਰ ਬਿਲ ਵੀ ਤਾਂ ਸਾਨੂੰ ਡਾਲਰਾਂ 'ਚ ਹੀ ਅਦਾ ਕਰਨਾ ਪੈਂਦਾ ਹੈ
  • ਵਿਦੇਸ਼ੀ ਨਿਵੇਸ਼ਕਾਂ ਨੇ ਅਪ੍ਰੈਲ ਵਿੱਚ ਹੀ ਰਿਕਾਰ਼ਡ 15 ਹਜ਼ਾਰ ਕਰੋੜ ਰੁਪਏ ਦੇ ਸ਼ੇਅਰ ਵੇਚੇ ਅਤੇ ਮੁਨਾਫ਼ਾ ਡਾਲਰਾਂ 'ਚ ਬਟੋਰ ਕੇ ਆਪਣੇ ਮੁਲਕ ਲੈ ਗਏ

ਹੁਣ ਅਮਰੀਕੀ ਨਿਵੇਸ਼ਕ ਭਾਰਤ ਤੋਂ ਆਪਣਾ ਨਿਵੇਸ਼ ਕੱਢ ਕੇ ਆਪਣੇ ਦੇਸ਼ ਲਿਜਾ ਰਹੇ ਹਨ ਅਤੇ ਉੱਥੇ ਬੌਂਡਜ਼ 'ਚ ਨਿਵੇਸ਼ ਕਰ ਰਹੇ ਹਨ।

ਫ਼ਿਲਹਾਲ ਭਾਰਤ ਇੰਪੋਰਟ ਜ਼ਿਆਦਾ ਕਰਦਾ ਹੈ ਅਤੇ ਐਕਸਪੋਰਟ ਬਹੁਤ ਹੀ ਘੱਟ।

ਰੁਪਏ ਦੀ ਗਿਰਾਵਟ ਦਾ ਅਸਰ

  • ਕੱਚੇ ਤੇਲ ਦਾ ਇੰਪੋਰਟ ਮਹਿੰਗਾ ਹੋਵੇਗਾ ਅਤੇ ਮਹਿੰਗਾਈ ਵਧੇਗੀ - ਮਤਲਬ ਸਬਜ਼ੀਆਂ ਮਹਿੰਗੀਆਂ ਹੋਣਗੀਆਂ, ਖਾਣ-ਪੀਣ ਦੀਆਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋਣਗੀਆਂ।
  • ਡਾਲਰਾਂ 'ਚ ਹੋਣ ਵਾਲੀ ਅਦਾਇਗੀ ਮਹਿੰਗੀ ਪਵੇਗੀ।
  • ਵਿਦੇਸ਼ ਘੁੰਮਣਾ ਮਹਿੰਗਾ ਹੋਵੇਗਾ।
  • ਵਿਦੇਸ਼ਾਂ 'ਚ ਬੱਚਿਆਂ ਦੀ ਪੜ੍ਹਾਈ ਵੀ ਮਹਿੰਗੀ ਹੋ ਜਾਵੇਗੀ।

ਰੁਪਏ ਦੇ ਕਮਜ਼ੋਰ ਹੋਣ ਦੇ ਨਤੀਜੇ

ਰੁਪਏ ਦੇ ਕਮਜ਼ੋਰ ਹੋਣ ਨਾਲ ਐਕਸਪੋਰਟਰਜ਼ ਦੀ ਬੱਲੇ-ਬੱਲੇ ਹੁੰਦੀ ਹੈ।

ਉਨ੍ਹਾਂ ਨੂੰ ਅਦਾਇਗੀ ਡਾਲਰਾਂ 'ਚ ਹੋਵੇਗੀ ਅਤੇ ਫ਼ਿਰ ਉਹ ਇਸ ਕਰੰਸੀ ਨੂੰ ਰੁਪਈਆਂ 'ਚ ਬਦਲਕੇ ਲਾਭ ਉਠਾਉਣਗੇ।

ਜਿਹੜੀਆਂ ਆਈਟੀ ਅਤੇ ਫ਼ਾਰਮਾ ਕੰਪਨੀਆਂ ਆਪਣਾ ਮਾਲ ਵਿਦੇਸ਼ਾਂ 'ਚ ਵੇਚਦੀਆਂ ਹਨ ਉਨ੍ਹਾਂ ਨੂੰ ਭਰਪੂਰ ਲਾਭ ਮਿਲੇਗਾ।

ਆਓ ਸਥਿਤੀ ਸਪਸ਼ਟ ਕਰੀਏ

ਮੰਨ ਲਓ ਕਿ ਅਸੀਂ ਅਮਰੀਕਾ ਨਾਲ ਕੁਝ ਕਾਰੋਬਾਰ ਕਰ ਰਹੇ ਹਾਂ ਅਤੇ ਅਮਰੀਕਾ ਕੋਲ 67 ਹਜ਼ਾਰ ਰੁਪਏ ਹਨ ਅਤੇ ਸਾਡੇ ਕੋਲ ਇੱਕ ਹਜ਼ਾਰ ਡਾਲਰ ਹਨ।

ਜੇ ਅੱਜ ਡਾਲਰ ਦੀ ਕੀਮਤ 67 ਰੁਪਏ ਹੈ ਤਾਂ ਦੋਹਾਂ ਦੇ ਕੋਲ ਫ਼ਿਲਹਾਲ ਬਰਾਬਰ ਰਕਮ ਹੈ।

ਹੁਣ ਭਾਰਤ ਨੇ ਅਮਰੀਕਾ ਤੋਂ ਕੋਈ ਚੀਜ਼ ਲਈ ਅਤੇ Convert ਕਰਕੇ 100 ਡਾਲਰ ਅਦਾ ਕੀਤੇ।

ਹੁਣ ਸਾਡੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਿਰਫ਼ 900 ਡਾਲਰ ਬਚੇ ਹਨ, ਅਮਰੀਕਾ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 100 ਡਾਲਰ ਹੋਰ ਜੁੜ ਗਏ।

ਇਸ ਨੂੰ ਸਥਿਰ ਕਰਨ ਲਈ ਭਾਰਤ ਅਮਰੀਕਾ ਨੂੰ 100 ਡਾਲਰ ਦਾ ਸਮਾਨ ਵੇਚੇ....ਜੋ ਫ਼ਿਲਹਾਲ ਨਹੀਂ ਹੋ ਰਿਹਾ....ਯਾਨਿ ਅਸੀਂ ਇੰਪੋਰਟ ਜ਼ਿਆਦਾ ਕਰਦੇ ਹਾਂ ਅਤੇ ਐਕਸਪੋਰਟ ਬਹੁਤ ਘੱਟ।

ਲੜਖੜਾਉਂਦੇ ਰੁਪਏ ਨੂੰ ਸੰਭਾਲਦਾ ਕੌਣ ਹੈ...

ਇਸ ਤਰ੍ਹਾਂ ਦੇ ਹਲਾਤ 'ਚ ਦੇਸ਼ ਦਾ ਕੇਂਦਰੀ ਬੈਂਕ RBI ਆਪਣੇ ਭੰਡਾਰ ਅਤੇ ਵਿਦੇਸ਼ ਤੋਂ ਖਰੀਦ ਕੇ ਬਾਜਾਰ 'ਚ ਡਾਲਰ ਦੀ ਪੂਰਤੀ ਪੱਕੀ ਕਰਦਾ ਹੈ।

ਆਸ ਹੈ ਕਿ ਸਾਡੇ ਰੁਪਏ ਦੇ ਹਲਾਤ ਬਿਹਤਰ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)