You’re viewing a text-only version of this website that uses less data. View the main version of the website including all images and videos.
ਬੀਬੀਸੀ ਨੇ ਨਿਊਜ਼ ਪ੍ਰੀਜ਼ੈਂਟਰ ਕੈਰੀ ਗ੍ਰੇਸੀ ਤੋਂ ਗੈਰ-ਬਰਾਬਰ ਤਨਖਾਹ ਲਈ ਮਾਫੀ ਮੰਗੀ
ਬੀਬੀਸੀ ਨੇ ਆਪਣੀ ਨਿਊਜ਼ ਪ੍ਰੀਜ਼ੈਂਟਰ ਕੈਰੀ ਗ੍ਰੇਸੀ ਤੋਂ ਆਪਣੇ ਪੁਰਸ਼ ਮੁਲਾਜ਼ਮਾਂ ਦੇ ਮੁਕਾਬਲੇ ਘੱਟ ਤਨਖਾਹ ਦੇਣ ਦੇ ਮਾਮਲੇ ਵਿੱਚ ਮਾਫੀ ਮੰਗ ਲਈ ਹੈ।
ਕੈਰੀ ਗ੍ਰੇਸੀ ਨੇ ਮਿਲਣ ਵਾਲੀ ਸਾਰੀ ਰਕਮ ਜਿਸ ਦਾ ਹਾਲੇ ਖੁਲਾਸਾ ਨਹੀਂ ਕੀਤਾ ਗਿਆ, ਲਿੰਗਕ ਬਰਾਬਰੀ ਅਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਇੱਕ ਚੈਰਿਟੀ- ਦਿ ਫਾਸ਼ਿਟ ਸੋਸਾਈਟੀ ਨੂੰ ਦਾਨ ਕਰਨਗੇ।
ਕੈਰੀ ਗ੍ਰੇਸੀ ਨੇ ਇਸੇ ਸਾਲ ਜਨਵਰੀ ਵਿੱਚ ਬੀਬੀਸੀ ਚੀਨੀ ਸੇਵਾ ਦੇ ਸੰਪਾਦਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਕਿਹਾ, 'ਮੈਨੂੰ ਇਸ ਮਸਲੇ ਦਾ ਹੱਲ ਕਰਨ ਕਰ ਸਕਣ ਦੀ ਖੁਸ਼ੀ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਅੱਗੇ ਵਧ ਸਕਦੇ ਹਾਂ।'
ਬੀਬੀਸੀ ਨੇ ਦੱਸਿਆ, "ਉਨ੍ਹਾਂ ਨੇ ਮਤਭੇਦਾਂ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ ਸੀ।"
ਅੱਜ ਮੈਂ ਕਹਿ ਸਕਦੀ ਹਾਂ ਕਿ ਮੈਂ ਬਰਾਬਰ ਹਾਂ- ਕੈਰੀ ਗ੍ਰੇਸੀ
ਬੀਬੀਸੀ ਦੇ ਮਾਫੀਨਾਮੇ ਤੋਂ ਬਾਅਦ ਕੈਰੀ ਨੇ ਕਿਹਾ-
ਇਹ ਮੇਰੇ ਲਈ ਵੱਡਾ ਦਿਨ ਹੈ। ਮੈਂ ਬੀਬੀਸੀ ਨੂੰ ਪਿਆਰ ਕਰਦੀ ਹਾਂ। ਇਹ 30 ਸਾਲਾਂ ਤੋਂ ਵੱਧ ਸਮੇਂ ਤੱਕ ਮੇਰਾ ਕੰਮਕਾਜੀ ਪਰਿਵਾਰ ਰਿਹਾ ਹੈ ਅਤੇ ਮੈਂ ਚਹੁੰਦੀ ਹਾਂ ਕਿ ਇਹ ਸਭ ਤੋਂ ਵਧੀਆ ਹੋਵੇ।
ਕਦੇ-ਕਦੇ ਪਰਿਵਾਰ ਇੱਕ-ਦੂਜੇ ਉੱਪਰ ਚੀਕਣਾ ਚਾਹੁੰਦੇ ਹਨ ਪਰ ਜਦੋਂ ਤੁਸੀਂ ਚੀਕਣਾ ਬੰਦ ਕਰ ਸਕੋਂ ਤਾਂ ਇਹ ਸੁਖਦ ਹੁੰਦਾ ਹੈ।
ਮੈਂ ਡਾਇਰੈਕਟਰ ਜਰਨਲ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨੂੰ ਸੁਲਝਾਉਣ ਵਿੱਚ ਮਦਦ ਕੀਤੀ। ਮੈਂ ਮਹਿਸੂਸ ਕਰਦੀ ਹਾਂ ਕਿ ਉਨ੍ਹਾਂ ਨੇ ਅੱਜ ਮੁਹਰੇ ਹੋ ਕੇ ਅਗਵਾਈ ਕੀਤੀ ਹੈ।"
ਚੀਨੀ ਸੇਵਾ ਦੇ ਸੰਪਾਦਕ ਵਜੋਂ ਮੇਰੇ ਕੰਮ ਨੂੰ ਪਛਾਣਦਿਆਂ ਬੀਬੀਸੀ ਨੇ ਕਈ ਸਾਲਾਂ ਦਾ ਬਕਾਇਆ ਇਨਾਮ ਵਜੋਂ ਦਿੱਤਾ ਹੈ। ਪਰ ਮੇਰੇ ਲਈ ਇਹ ਹਮੇਸ਼ਾ ਹੀ ਪੈਸੇ ਦੀ ਨਹੀਂ ਸਗੋਂ ਸਿਧਾਂਤਾਂ ਦੀ ਗੱਲ ਰਹੀ ਹੈ। ਇਸ ਲਈ ਮੈਂ ਉਹ ਸਾਰਾ ਪੈਸਾ ਉਨ੍ਹਾਂ ਔਰਤਾਂ ਨੂੰ ਦੇ ਰਹੀ ਹਾਂ ਜਿਨ੍ਹਾਂ ਨੂੰ ਇਸ ਦੀ ਮੇਰੇ ਨਾਲੋਂ ਵੱਧ ਲੋੜ ਹੈ।
ਕੁਲ ਮਿਲਾ ਕੇ ਅੱਜ ਮੈਂ ਕਹਿ ਸਕਦੀ ਹਾਂ ਕਿ ਹੁਣ ਮੈਂ ਬੀਬੀਸੀ ਵਿੱਚ ਬਰਾਬਰ ਹਾਂ।
ਮੈਂ ਚਾਹਾਂਗੀ ਕਿ ਇਸ ਦੇਸ ਦੀਆਂ ਔਰਤਾਂ ਉੱਪਰ ਤੋਂ ਹੇਠਾਂ ਤੱਕ ਵੀ ਅਜਿਹਾ ਹੀ ਕਹਿ ਸਕਣ। ਇੱਥੇ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਲੱਗਿਆ ਅਤੇ ਇਹ ਕਾਫੀ ਮੁਸ਼ਕਿਲ ਰਾਹ ਸੀ। ਇਸ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰਾ ਕੰਮ ਕੀਤਾ ਅਤੇ ਮੈਨੂੰ ਇਸਦਾ ਮਾਣ ਹੈ।
ਸਭਿਆਚਾਰਕ ਤਬਦੀਲੀ ਲੋਕਾਂ ਨੂੰ ਚੀਜ਼ਾਂ ਸਮਝਣ ਵਿੱਚ ਮਦਦ ਕਰਨ ਵਿੱਚ ਸਮਾਂ ਲੈਂਦੀ ਹੈ। ਇਹ, ਨਾ ਸਿਰਫ ਬੀਬੀਸੀ ਲਈ ਸਗੋਂ ਸੰਸਾਰ ਭਰ ਵਿੱਚ ਨੌਕਰੀ ਦੇਣ ਵਾਲਿਆਂ ਲਈ ਬਹੁਤ ਮੁਸ਼ਕਿਲ ਮੁੱਦਾ ਹੈ। ਇਹ ਮੇਰੀ ਅਤੇ ਬੀਬੀਸੀ ਦੋਹਾਂ ਦੀ ਜਿੱਤ ਹੈ। ਮੈਨੂੰ ਸਾਡੇ ਸਾਰਿਆਂ 'ਤੇ ਮਾਣ ਹੈ।
ਉਨ੍ਹਾਂ ਦੀ ਸਹਿਯੋਗੀ ਬਰਾਡਕਾਸਟਰ ਕਲੇਅਰ ਬਾਲਡਿੰਗ ਨੇ ਕੈਰੀ ਗ੍ਰੇਸੀ ਦੀ ਪ੍ਰਸ਼ੰਸ਼ਾ ਵਿੱਚ ਟਵੀਟ ਕੀਤਾ।
ਸਾਰੀ ਰਕਮ ਨੂੰ ਦਾਨ ਕਰਕੇ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ, ਜੋ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹ ਆਪਣੇ ਲਈ ਨਹੀਂ ਸਗੋਂ ਸਾਡੇ ਸਾਰਿਆਂ ਲਈ ਲੜ ਰਹੇ ਹਨ।
ਕਲੇਅਰ ਦੇ ਕਹਿਣ 'ਤੇ ਕੈਰੀ ਗ੍ਰੇਸੀ ਹੁਣ ਛੇ ਮਹੀਨੇ ਦੀ ਬਿਨਾਂ ਤਨਖਾਹ ਦੇ ਛੁੱਟੀ ਲੈਣਗੇ ਅਤੇ ਚੀਨ ਅਤੇ ਬਰਤਾਨੀਆ ਵਿੱਚ ਲਿੰਗਕ ਬਰਾਬਰੀ ਬਾਰੇ ਭਾਸ਼ਨ ਕਰਨਗੇ।
ਡਾਇਰੈਕਟਰ ਜਰਨਲ ਟੌਨੀ ਹਾਲ ਨੇ ਕਿਹਾ, ''ਮੈਂ ਖੁਸ਼ ਹਾਂ ਕਿ ਅਸੀਂ ਆਪਣੇ ਵਖਰੇਵਿਆਂ ਨੂੰ ਪਿੱਛੇ ਛੱਡਣ ਵਿੱਚ ਸਫ਼ਲ ਹੋਏ ਹਾਂ ਅਤੇ ਮਸਲਿਆਂ ਨੂੰ ਇਕੱਠੇ ਸੁਲਝਾ ਸਕੇ ਹਾਂ; ਹੁਣ ਅਸੀਂ ਭਵਿੱਖ ਵੱਲ ਵਧ ਸਕਦੇ ਹਾਂ।"
ਟੌਨੀ ਹਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਗ੍ਰੇਸੀ ਬੀਬੀਸੀ ਨੂੰ ਔਰਤਾਂ ਲਈ ਕੰਮ ਦੀ ਵਧੀਆ ਥਾਂ ਬਣਾਉਣ ਵਾਲੇ ਪ੍ਰੋਜੈਕਟ ਵਿੱਚ ਸਹਿਯੋਗ ਕਰ ਰਹੇ ਹਨ।
"ਇਹ ਮੇਰੇ ਲਈ ਮਹੱਤਵਪੂਰਨ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਇਸ ਦਿਸ਼ਾ ਵਿੱਚ ਅਗਵਾਈ ਕਰੀਏ"
ਆਪਣਾ ਅਸਤੀਫਾ ਦੇਣ ਸਮੇਂ ਕੈਰੀ ਗ੍ਰੇਸੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਉਨ੍ਹਾਂ ਦੇ ਸਾਥੀ ਪੁਰਸ਼ ਕੌਮਾਂਤਰੀ ਸੰਪਾਦਕਾਂ ਦੀ ਤਨਖਾਹ ਉਨ੍ਹਾਂ ਦੀਆਂ ਦੋ ਮਹਿਲਾ ਕੌਮਾਂਤਰੀ ਸੰਪਾਦਕਾਂ ਨਾਲੋਂ 50 ਫੀਸਦੀ ਵੱਧ ਹੈ।
ਬੀਬੀਸੀ ਅਮਰੀਕਾ ਦੇ ਸੰਪਾਦਕ ਜੌਨ ਸੋਪੇਲ ਨੂੰ ਦੋ ਤੋਂ ਢਾਈ ਲੱਖ ਪੌਂਡ ਦੇ ਵਿਚਕਾਰ ਤਨਖਾਹ ਮਿਲਦੀ ਸੀ।
ਹਾਲਾਂਕਿ ਕੈਰੀ ਗ੍ਰੇਸੀ ਇਸ ਸੂਚੀ ਵਿੱਚ ਨਹੀਂ ਸਨ। ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੀ ਤਨਖਾਹ ਡੇਢ ਲੱਖ ਪੌਂਡ ਤੋਂ ਘੱਟ ਸੀ।
ਆਪਣੀ ਖੁੱਲ੍ਹੀ ਚਿੱਠੀ ਵਿੱਚ ਕੈਰੀ ਗ੍ਰੇਸੀ ਨੇ ਕਿਹਾ ਸੀ ਕਿ ਬਰਾਬਰੀ ਦਾ ਕਾਨੂੰਨ ਕਹਿੰਦਾ ਹੈ ਕਿ ਇੱਕ ਕੰਮ ਕਰ ਰਹੇ ਪੁਰਸ਼ਾਂ ਅਤੇ ਔਰਤਾਂ ਨੂੰ ਤਨਖਾਹ ਵੀ ਇੱਕੋ ਜਿਹੀ ਮਿਲੇ।
ਬੀਬੀਸੀ ਨੇ ਹੁਣ ਸਹਿਮਤੀ ਦਿੱਤੀ ਹੈ ਕਿ ਕੈਰੀ ਗ੍ਰੇਸੀ ਨੂੰ ਜਦੋਂ ਉਨ੍ਹਾਂ ਨੇ ਚੀਨੀ ਸੇਵਾ ਦੇ ਸੰਪਾਦਕ ਵਜੋਂ ਅਹੁਦਾ ਸੰਭਾਲਿਆ ਸੀ ਉਸ ਸਮੇਂ ਤੋਂ ਹੀ ਉੱਤਰੀ ਅਮਰੀਕਾ ਦੇ ਸੰਪਾਦਕ ਦੇ ਬਰਾਬਰ ਤਨਖਾਹ ਦਿੱਤੀ ਜਾਵੇਗੀ।