ਇੱਕ ਮਹਿਲਾ ਜੋ ਵੱਟਸਐਪ ਰਾਹੀ ਕਰਵਾਉਂਦੀ ਹੈ ਗੁਪਤ ਤਰੀਕੇ ਨਾਲ ਗਰਭਪਾਤ

    • ਲੇਖਕ, ਨਾਥਲਿਆ ਪਾਸਾਰਿਨੋ
    • ਰੋਲ, ਬੀਬੀਸੀ ਨਿਊਜ਼

ਐਬਿਗੇਲ 23 ਸਾਲ ਦੀ ਹੈ ਅਤੇ ਉਨ੍ਹਾਂ ਦਾ ਚਾਰ ਸਾਲ ਦਾ ਇੱਕ ਪੁੱਤਰ ਵੀ ਹੈ। ਪਛਾਣ ਲੁਕਾਉਣ ਲਈ ਉਨ੍ਹਾਂ ਦਾ ਨਾਂ ਬਦਲ ਦਿੱਤਾ ਗਿਆ ਹੈ।

ਉਹ ਇੱਕ ਗੁਪਤ ਵੱਟਸਐਪ ਗਰੁੱਪ ਚਲਾਉਂਦੀ ਹੈ, ਜੋ ਬ੍ਰਾਜ਼ੀਲ ਦੀਆਂ ਸੈਂਕੜੇ ਮਹਿਲਾਵਾਂ ਨੂੰ ਅਣਚਾਹੇ ਗਰਭ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰ ਰਿਹਾ ਹੈ।

ਬ੍ਰਾਜ਼ੀਲ 'ਚ ਗਰਭਪਾਤ ਕਾਨੂੰਨ ਕਾਫ਼ੀ ਸਖ਼ਤ ਹੈ। ਇੱਥੇ ਬਲਾਤਕਾਰ ਦੀਆਂ ਸ਼ਿਕਾਰ ਮਹਿਲਾਵਾਂ ਲਈ ਵੀ ਗਰਭਪਾਤ ਸੌਖਾ ਨਹੀਂ ਹੈ।

ਇਹ ਵੀ ਪੜ੍ਹੋ:

ਅਜਿਹੇ 'ਚ ਇਸ ਵੱਟਸਐਪ ਗਰੁੱਪ ਦੀ ਮਦਦ ਨਾਲ ਮਹਿਲਾਵਾਂ ਗੈਰ-ਕਾਨੂੰਨੀ ਤਰੀਕੇ ਨਾਲ ਗਰਭਪਾਤ ਲਈ ਗੋਲੀਆਂ ਖ਼ਰੀਦ ਸਕਦੀਆਂ ਹਨ।

ਐਬਿਗੇਲ ਅਤੇ ਤਿੰਨ ਹੋਰ ਮਹਿਲਾਵਾਂ ਗਰਭਪਾਤ ਦੀ ਪੂਰੀ ਪ੍ਰਕਿਰਿਆ 'ਚ ਮਹਿਲਾਵਾਂ ਦੀ ਮਦਦ ਕਰਦੀਆਂ ਹਨ, ਹਾਲਾਂਕਿ ਐਬਿਗੇਲ ਜਾਂ ਉਨ੍ਹਾਂ ਦੀਆਂ ਸਾਥੀ ਮਹਿਲਾਵਾਂ ਡਾਕਟਰ ਜਾਂ ਨਰਸ ਨਹੀਂ ਹਨ।

ਗਰਭਪਾਤ ਦੌਰਾਨ ਹੋਣ ਵਾਲੇ ਦਰਦ ਦੇ ਸਮੇਂ ਟੈਕਸਟ ਜਾਂ ਆਡਿਓ ਦੇ ਜ਼ਰੀਏ ਮਹਿਲਾਵਾਂ ਦੀ ਮਦਦ ਕੀਤੀ ਜਾਂਦੀ ਹੈ।

ਕਾਨੂੰਨ ਦੀ ਉਲੰਘਣਾ

ਗਰੁੱਪ ਚਲਾਉਣ ਵਾਲੀ ਐਬਿਗੇਲ ਅਤੇ ਉਨ੍ਹਾਂ ਦੀਆਂ ਹੋਰ ਮਹਿਲਾ ਸਾਥੀਆਂ ਨੂੰ ਪਤਾ ਹੈ ਕਿ ਉਹ ਕਾਨੂੰਨ ਤੋੜ ਰਹੀਆਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਸਜ਼ਾ ਮਿਲ ਸਕਦੀ ਹੈ।

ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਗਰਭਪਾਤ ਕਰਵਾਉਣ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਨੂੰ ਸਹੀ ਮਦਦ ਨਾ ਮਿਲੇ ਤਾਂ ਉਹ ਗੈਰ-ਕਾਨੂੰਨੀ ਕਲਿਨਿਕਾਂ 'ਚ ਜਾ ਕੇ ਖ਼ੁਦ ਨੂੰ ਹੋਰ ਵੱਧ ਖ਼ਤਰੇ 'ਚ ਪਾ ਲੈਣਗੀਆਂ।

ਸਿਹਤ ਮੰਤਰਾਲੇ ਮੁਤਾਬਕ ਅਸੁਰੱਖਿਅਤ ਗਰਭਪਾਤ ਦੇ ਕਾਰਨ ਹੋਣ ਵਾਲੀਆਂ ਦਿੱਕਤਾਂ ਕਰਕੇ ਬ੍ਰਾਜ਼ੀਲ 'ਚ ਹਰ ਦਿਨ ਘੱਟ ਤੋਂ ਘੱਟ ਚਾਰ ਮਹਿਲਾਵਾਂ ਦੀ ਮੌਤ ਹੋ ਜਾਂਦੀ ਹੈ।

ਇੱਕ ਅੰਦਾਜ਼ੇ ਮੁਤਾਬਕ ਬ੍ਰਾਜ਼ੀਲ 'ਚ ਹਰ ਸਾਲ ਕਰੀਬ ਪੰਜ ਲੱਖ ਗਰਭਪਾਤ ਗੈਰ-ਕਾਨੂੰਨੀ ਤਰੀਕੇ ਨਾਲ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਅੱਧੇ ਮਾਮਲਿਆਂ 'ਚ ਮਹਿਲਾਵਾਂ ਦੀ ਜਾਨ ਖ਼ਤਰੇ 'ਚ ਪੈ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪੈਂਦਾ ਹੈ।

ਸੁਰੱਖਿਅਤ ਥਾਂ

ਇਸ ਗਰੁੱਪ 'ਚ ਸ਼ਾਮਿਲ ਇੱਕ ਮਹਿਲਾ ਕਹਿੰਦੀ ਹੈ, ''ਮੈਂ ਆਪਣੀ ਪਛਾਣ ਲੁਕਾ ਕੇ ਵੱਟਸਐਪ ਗਰੁੱਪ ਦੀ ਮੈਂਬਰ ਬਣ ਗਈ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਗਰਭਪਾਤ ਕਰਵਾਉਣਾ ਚਾਹੁੰਦੀ ਹਾਂ।''

''ਪੰਜ ਮਹੀਨੇ ਤੱਕ ਮੈਂ ਵੱਟਸਐਪ 'ਤੇ ਚੱਲ ਰਹੀ ਗੱਲਬਾਤ ਨੂੰ ਦੇਖਿਆ, ਇਸ ਤੋਂ ਬਾਅਦ ਮੈਂ ਗਰੁੱਪ ਦੀ ਸੰਸਥਾਪਕ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਬੀਬੀਸੀ ਦੇ ਨਾਲ ਕੰਮ ਕਰਦੀ ਹਾਂ।''

ਗਰੁੱਪ 'ਚ ਫਿਲਹਾਲ 80 ਤੋਂ ਵੱਧ ਮਹਿਲਾਵਾਂ ਹਨ, ਹਰ ਮਹੀਨੇ 20 ਨਵੀਆਂ ਮਹਿਲਾਵਾਂ ਇਸ ਗਰੁੱਪ ਨਾਲ ਜੁੜ ਜਾਂਦੀਆਂ ਹਨ...ਜਿਵੇਂ ਹੀ ਕਿਸੇ ਮਹਿਲਾ ਦਾ ਗਰਭਪਾਤ ਹੋ ਜਾਂਦਾ ਹੈ ਉਹ ਗਰੁੱਪ ਛੱਡ ਦਿੰਦੀ ਹੈ।

ਇਨ੍ਹਾਂ ਵਿੱਚੋਂ ਇੱਕ-ਅੱਧ ਮਹਿਲਾ ਬੱਚਾ ਰੱਖਣ ਦਾ ਫੈਸਲਾ ਵੀ ਕਰ ਲੈਂਦੀ ਹੈ ਅਤੇ ਗਰਭਪਾਤ ਨਹੀਂ ਕਰਵਾਉਂਦੀ।

ਇਸ ਗਰੁੱਪ ਨਾਲ ਜੁੜੀਆਂ ਕਈ ਕੁੜੀਆਂ ਨਾਬਾਲਿਗ ਵੀ ਹਨ। ਇਹ ਗਰੁੱਪ ਇੱਕ ਅਜਿਹੀ ਸੁਰੱਖਿਅਤ ਥਾਂ ਹੈ ਜਿੱਥੇ ਮਹਿਲਾਵਾਂ ਨੂੰ ਮਦਦ ਮਿਲ ਜਾਂਦੀ ਹੈ।

ਗਰੁੱਪ ਚਲਾਉਣ ਵਾਲੀ ਇੱਕ ਮਹਿਲਾ ਦੀ ਮੰਨੀਏ ਤਾਂ ਤਿੰਨ ਸਾਲਾਂ 'ਚ ਉਨ੍ਹਾਂ ਨੇ 300 ਮਹਿਲਾਵਾਂ ਦੇ ਗਰਭਪਾਤ 'ਚ ਮਦਦ ਕੀਤੀ ਹੈ।

ਇਹ ਵੀ ਪੜੋ :

ਐਬਿਗੇਲ ਨੇ ਬੀਬੀਸੀ ਨੂੰ ਦੱਸਿਆ, ''ਕਦੇ-ਕਦੇ ਮੈਂ ਇਹ ਸਭ ਬੰਦ ਕਰਨ ਬਾਰੇ ਸੋਚਦੀ ਹਾਂ, ਪਰ ਫ਼ਿਰ ਲਗਦਾ ਹੈ ਕਿ ਇਸ ਗਰੁੱਪ ਕਰਕੇ ਕਈ ਮਹਿਲਾਵਾਂ ਨੂੰ ਉਹ ਮੌਕਾ ਮਿਲ ਰਿਹਾ ਹੈ ਜਿਹੜਾ ਮੈਨੂੰ ਨਹੀਂ ਮਿਲਿਆ...ਇਹ ਸਭ ਸੋਚ ਕੇ ਮੈਨੂੰ ਚੰਗਾ ਲਗਦਾ ਹੈ।''

ਉਹ ਕਹਿੰਦੀ ਹੈ, ''ਮੈਨੂੰ ਚੰਗਾ ਲਗਦਾ ਹੈ ਜਦੋਂ ਮੈਂ ਕਿਸੇ ਮਹਿਲਾ ਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਹੋਏ ਦੇਖਦੀ ਹਾਂ।''

ਰੇਪ ਤੋਂ ਬਾਅਦ ਗਰਭਪਾਤ ਨਹੀਂ ਕਰਵਾ ਸਕੀ

ਐਬਿਗੇਲ ਨੇ ਦੱਸਿਆ ਕਿ 19 ਸਾਲ ਦੀ ਉਮਰ 'ਚ ਇੱਕ ਪੁਲਿਸ ਵਾਲੇ ਨੇ ਉਨ੍ਹਾਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ।

ਸਰੀਰਿਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਐਬਿਗੇਲ ਨੇ ਇਸ ਤੋਂ ਬਾਅਦ ਦੋ ਦਿਨ ਆਪਣੀ ਇੱਕ ਦੋਸਤ ਕੋਲ ਬਿਤਾਏ, ਤਦ ਜਾ ਕੇ ਉਹ ਪੁਲਿਸ 'ਚ ਸ਼ਿਕਾਇਤ ਕਰਨ ਦੀ ਹਿੰਮਤ ਕਰ ਸਕੀ।

ਪਰ ਮਹਿਲਾਵਾਂ ਦੇ ਖ਼ਿਲਾਫ਼ ਅਪਰਾਧ ਦੇ ਮਾਮਲੇ ਦੇਖਣ ਵਾਲੇ ਇੱਕ ਪੁਲਿਸ ਸਟੇਸ਼ਨ ਦੇ ਜਾਂਚਕਰਤਾਵਾਂ ਨੇ ਉਨ੍ਹਾਂ ਦੇ ਇਲਜ਼ਾਮ ਮੰਨਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੱਸਿਆ, ''ਮੇਰੇ ਇਲਜ਼ਾਮਾਂ ਨੂੰ ਖ਼ਾਰਿਜ ਕਰ ਦਿੱਤਾ ਗਿਆ...ਜਿਸ ਸਮੇਂ ਮੈਂ ਮਹਿਲਾ ਪੁਲਿਸ ਥਾਣੇ ਗਈ, ਮੈਂ ਜ਼ਖ਼ਮੀਂ ਸੀ ਪਰ ਉੱਥੇ ਮੈਨੂੰ ਹਰ ਤਰ੍ਹਾਂ ਦੀ ਬੇਇੱਜ਼ਤੀ 'ਚੋਂ ਲੰਘਣਾ ਪਿਆ।''

''ਜਦੋਂ ਮੈਂ ਪੁਲਿਸ ਮੁਖੀ ਨੂੰ ਰੇਪ ਕਰਨ ਵਾਲੇ ਦਾ ਨਾਂ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੀ ਕੋਈ ਮਦਦ ਨਹੀਂ ਕਰ ਸਕਦੀ।''

ਇਹ ਵੀ ਪੜ੍ਹੋ:

''ਬਲਾਤਕਾਰ ਹੋਣ ਤੋਂ ਬਾਅਦ ਮੈਂ ਉਦਾਸੀ ਵੱਲ ਚਲੀ ਗਈ ਸੀ, ਮੈਂ ਕਈ ਵਾਰ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ...ਪਰ ਮੈਂ ਸੋਚਿਆ ਕਿ ਘੱਟੋ-ਘੱਟ ਮੈਂ ਜ਼ਿੰਦਾਂ ਤਾਂ ਹਾਂ...ਮੈਂ ਖ਼ੁਦ ਨੂੰ ਸਮਝਾਇਆ ਕਿ ਸਭ ਕੁਝ ਠੀਕ ਹੋ ਜਾਵੇਗਾ।''

''ਤਦ ਹੀ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਹੋ ਗਈ ਹਾਂ...ਮੈਂ ਸੋਚਿਆ ਕਿ ਹੁਣ ਮੇਰੀ ਜ਼ਿੰਦਗੀ 'ਚ ਕੁਝ ਨਹੀਂ ਬਚਿਆ।''

ਕੋਈ ਵਿਕਲਪ ਨਹੀਂ ਸੀ

ਉਹ ਇਸ ਅਣਚਾਹੇ ਬੱਚੇ ਨੂੰ ਖ਼ਤਮ ਕਰ ਦੇਣਾ ਚਾਹੁੰਦੀ ਸੀ। ਉਹ ਮਦਦ ਲਈ ਇੱਕ ਹਸਪਤਾਲ 'ਚ ਗਈ।

ਬਲਾਤਕਾਰ ਦੇ ਮਾਮਲੇ 'ਚ ਬ੍ਰਾਜ਼ੀਲ ਦਾ ਕਾਨੂੰਨ ਗਰਭਪਾਤ ਦੀ ਇਜਾਜ਼ਤ ਤਾਂ ਦਿੰਦਾ ਹੈ, ਪਰ ਉਨ੍ਹਾਂ ਹਾਲਤਾਂ 'ਚ ਹੀ ਜਦੋਂ ਮਾਂ ਦੀ ਜਾਨ ਨੂੰ ਖ਼ਤਰਾ ਹੋਵੇ ਜਾਂ ਭਰੂਣ ਸਹੀ ਤਰੀਕੇ ਵਿਕਸਿਤ ਨਾ ਹੋਇਆ ਹੋਵੇ।

ਬ੍ਰਾਜ਼ੀਲ 'ਚ ਗਰਭਪਾਤ ਕਰਵਾਉਣ ਲਈ ਪੁਲਿਸ 'ਚ ਅਪਰਾਧ ਦੀ ਰਿਪੋਰਟ ਦਰਜ ਕਰਵਾਉਣਾ ਲਾਜ਼ਮੀ ਨਹੀਂ ਹੈ, ਪਰ ਫ਼ਿਰ ਵੀ ਕਈ ਹਸਪਤਾਲ ਗਰਭਪਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਮੰਗ ਕਰਦੇ ਹਨ।

ਐਬਿਗੇਲ ਨੇ ਕਿਹਾ, ''ਉਨ੍ਹਾਂ ਨੇ ਮੇਰੇ ਤੋਂ ਪੁਲਿਸ ਰਿਪੋਰਟ ਮੰਗੀ, ਪਰ ਮੇਰੇ ਕੋਲ ਰਿਪੋਰਟ ਨਹੀਂ ਸੀ।''

ਉਹ ਕਹਿੰਦੀ ਹੈ ਕਿ ਉਸ ਸਮੇਂ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ।

''ਉਸ ਸਮੇਂ ਮੈਂ ਕਮਜ਼ੋਰ ਸੀ, ਉਨ੍ਹਾਂ ਦੀ ਮੰਗ ਨੂੰ ਚੁਣੌਤੀ ਦੇਣ ਜਿੰਨੀ ਤਾਕਤ ਮੇਰੇ ਵਿੱਚ ਨਹੀਂ ਸੀ।''

ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਹ ਹੁਣ ਚਾਰ ਸਾਲ ਦਾ ਹੈ। ਐਬਿਗੇਲ ਦੱਸਦੀ ਹੈ ਕਿ ਸਿੰਗਲ ਮਦਰ ਹੋਣ ਦੇ ਕਾਰਨ ਉਸ ਨੂੰ ਅੱਜ ਵੀ ਭੇਦਭਾਵ ਸਹਿਣਾ ਪੈਂਦਾ ਹੈ।

''ਜ਼ਿਆਦਾਤਰ ਲੋਕਾਂ ਨੂੰ ਬਲਾਤਕਾਰ ਬਾਰੇ ਪਤਾ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਆਪਣੇ ਬੱਚੇ ਦੇ ਪਿਤਾ ਨੂੰ ਨਹੀਂ ਜਾਣਦੀ।''

''ਮੈਂ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਮੈਂ ਕਦੇ ਵੀ ਗਰਭਵਤੀ ਨਹੀਂ ਹੋਣਾ ਚਾਹੁੰਦੀ ਸੀ...ਮੈਂ ਮਾਂ ਨਹੀਂ ਬਣਨਾ ਚਾਹੁੰਦੀ ਸੀ, ਇਸ ਸਭ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।''

''ਮੈਨੂੰ ਅਜਿਹਾ ਲਗਦਾ ਹੈ ਕਿ ਜਿਵੇਂ ਮੇਰੇ ਸਾਹਮਣੇ ਇੱਕ ਪੂਰੀ ਜ਼ਿੰਦਗੀ ਸੀ ਜਿਸ ਨੂੰ ਮੇਰੇ ਕੋਲੋਂ ਖੋਹ ਲਿਆ ਗਿਆ।''

'ਬੇਇਨਸਾਫ਼ੀ'

ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਵੱਟਸਐਪ ਗਰੁੱਪ ਉਨ੍ਹਾਂ ਮਹਿਲਾਵਾਂ ਦੀ ਮਦਦ ਕਰਦਾ ਹੈ ਜੋ ਬ੍ਰਾਜ਼ੀਲ ਦੇ ਸਖ਼ਤ ਗਰਭਪਾਤ ਕਾਨੂੰਨ ਕਾਰਨ ਹਸਪਤਾਲ 'ਚ ਸੁਰੱਖਿਅਤ ਰੂਪ ਨਾਲ ਗਰਭਪਾਤ ਨਹੀਂ ਕਰਵਾ ਸਕਦੀਆਂ।

ਐਬਿਗੇਲ ਕਹਿੰਦੀ ਹੈ ਕਿ ਉਹ ਮਹਿਲਾਵਾਂ ਨੂੰ ਗੈਰ-ਕਾਨੂੰਨੀ ਅਤੇ ਖ਼ਤਰੇ 'ਚ ਪਾਉਣ ਵਾਲੇ ਗਰਭਪਾਤ ਕਲਿਨਿਕ 'ਚ ਜਾਣ ਤੋਂ ਰੋਕਣਾ ਚਾਹੁੰਦੀ ਹੈ। ਨਾਲ ਹੀ ਉਹ ਇਹ ਵੀ ਚਾਹੁੰਦੀ ਹੈ ਕਿ ਕੋਈ ਮਹਿਲਾ ਇਕੱਲੇ ਗਰਭਪਾਤ ਦੇ ਦਰਦ ਤੋਂ ਨਾ ਗੁਜ਼ਰੇ।

''ਮੈਨੂੰ ਲਗਦਾ ਹੈ ਕਿ ਕਿਸੇ ਵੀ ਮਹਿਲਾ ਨੂੰ ਅਣਚਾਹੀ ਮਾਂ ਬਣਨ 'ਤੇ ਮਜਬੂਰ ਕਰਨਾ ਨਾ-ਇਨਸਾਫ਼ੀ ਹੈ।''

ਇਹ ਵੀ ਪੜ੍ਹੋ:

ਜੇਕਰ ਐਬਿਗੇਲ ਜਾਂ ਉਨ੍ਹਾਂ ਦੀ ਕੋਈ ਸਾਥਣ ਫੜੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਗਰਭਵਤੀ ਮਹਿਲਾ ਦੀ ਮਰਜ਼ੀ ਨਾਲ ਗਰਭਪਾਤ ਕਰਨ ਦੇ ਜੁਰਮ 'ਚ ਚਾਰ ਸਾਲ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ।

ਇਸ ਤੋਂ ਇਲਾਵਾ ਗੈਰ-ਕਾਨੂੰਨੀ ਤਰੀਕੇ ਨਾਲ ਗਰਭਪਾਤ ਦੀਆਂ ਗੋਲੀਆਂ ਵੇਚਣ ਅਤੇ ਇੱਕ ਅਪਰਾਧਿਕ ਗੈਂਗ ਬਣਾਉਣ ਲਈ ਵੀ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੀ ਹੈ, ''ਹੋ ਸਕਦਾ ਹੈ ਕਿਸੇ ਦਿਨ ਪੁਲਿਸ ਮੇਰੇ ਤੱਕ ਪਹੁੰਚ ਜਾਵੇ।''

''ਮੈਂ ਉਮੀਦ ਕਰਦੀ ਹਾਂ ਕਿ ਅਜਿਹਾ ਕਦੇ ਨਾ ਹੋਵੇ, ਜੇ ਬਦਕਿਸਮਤੀ ਨਾਲ ਮੈਂ ਫੜੀ ਜਾਂਦੀ ਹਾਂ ਤਾਂ ਮੈਂ ਇਸ ਕਾਨੂੰਨੀ ਕਾਰਵਾਈ ਨਾਲ ਨਜਿੱਠ ਨਹੀਂ ਸਕਾਂਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)