ਸੰਤ ਕਬੀਰ ਨੇ ਮਗਹਰ ਨੂੰ ਆਖ਼ਰੀ ਸਮੇਂ ਲਈ ਚੁਣਿਆ

    • ਲੇਖਕ, ਸਮੀਰਾਤਮਜ ਮਿਸ਼ਰਾ
    • ਰੋਲ, ਬੀਬੀਸੀ ਦੇ ਲਈ, ਮਗਹਰ ਤੋਂ

ਵਾਰਾਣਸੀ ਤੋਂ ਕਰੀਬ 200 ਕਿੱਲੋਮੀਟਰ ਦੂਰ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਛੋਟਾ ਜਿਹਾ ਕਸਬਾ ਹੈ ਮਗਹਰ।

ਵਾਰਾਣਸੀ ਪ੍ਰਾਚੀਨ ਕਾਲ ਤੋਂ ਹੀ ਮੁਕਤੀ ਦੇਣ ਵਾਲੀ ਨਗਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਤਾਂ ਮਗਹਰ ਨੂੰ ਲੋਕ ਇੱਕ 'ਅਪਵਿੱਤਰ' ਥਾਂ ਵਜੋਂ ਜਾਣਦੇ ਸੀ ਅਤੇ ਮੰਨਿਆ ਜਾਂਦਾ ਹੈ ਇੱਥੇ ਮਰਨ ਵਾਲਾ ਸ਼ਖ਼ਸ ਅਗਲੇ ਜਨਮ ਵਿੱਚ ਗਧਾ ਪੈਦਾ ਹੁੰਦਾ ਜਾਂ ਨਰਕ ਵਿੱਚ ਜਾਂਦਾ ਹੈ।

16ਵੀਂ ਸਦੀ ਦੇ ਮਹਾਨ ਸੰਤ ਕਬੀਰਦਾਸ ਵਾਰਾਣਸੀ ਵਿੱਚ ਪੈਦਾ ਹੋਏ ਅਤੇ ਲਗਭਗ ਪੂਰੀ ਜ਼ਿੰਦਗੀ ਉਨ੍ਹਾਂ ਨੇ ਵਾਰਾਣਸੀ ਯਾਨਿ ਕਾਸ਼ੀ ਵਿੱਚ ਹੀ ਬਿਤਾਈ ਪਰ ਜ਼ਿੰਦਗੀ ਦੇ ਆਖ਼ਰੀ ਦਿਨਾਂ ਵਿੱਚ ਉਹ ਮਗਹਰ ਚਲੇ ਗਏ ਅਤੇ ਅੱਜ ਤੋਂ 500 ਸਾਲ ਪਹਿਲਾਂ ਸਾਲ 1518 ਵਿੱਚ ਉੱਥੇ ਹੀ ਉਨ੍ਹਾਂ ਦੀ ਮੌਤ ਹੋਈ।

ਕਬੀਰ ਆਪਣੀ ਇੱਛਾ ਨਾਲ ਮਗਹਰ ਆਏ ਸਨ ਅਤੇ ਇਸੇ ਵਹਿਮ-ਭਰਮ ਨੂੰ ਤੋੜਨਾ ਚਾਹੁੰਦੇ ਸਨ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ ਅਤੇ ਮਗਹਰ ਵਿੱਚ ਨਰਕ।

ਮਗਹਰ ਵਿੱਚ ਹੁਣ ਕਬੀਰ ਦੀ ਸਮਾਧੀ ਵੀ ਹੈ ਅਤੇ ਉਨ੍ਹਾਂ ਦੀ ਮਜ਼ਾਰ ਵੀ। ਜਿਸ ਥਾਂ 'ਤੇ ਇਹ ਦੋਵੇਂ ਇਮਾਰਤਾਂ ਸਥਿਤ ਹਨ ਉਸਦੇ ਬਾਹਰ ਪੂਜਾ ਸਮੱਗਰੀ ਵਾਲੀ ਦੁਕਾਨ ਚਲਾਉਣ ਵਾਲੇ ਰਜਿੰਦਰ ਕੁਮਾਰ ਕਹਿੰਦੇ ਹਨ, "ਮਗਹਰ ਨੂੰ ਭਾਵੇਂ ਕਿਸੇ ਵੀ ਕਾਰਨ ਜਾਣਿਆ ਜਾਂਦਾ ਰਿਹਾ ਹੋਵੇ ਪਰ ਕਬੀਰ ਸਾਹਿਬ ਨੇ ਉਸ ਨੂੰ ਪਵਿੱਤਰ ਬਣਾ ਦਿੱਤਾ।"

ਨਾਮ ਦੇ ਪਿਛੋਕੜ ਦੀ ਕਹਾਣੀ

ਪੂਰਬੀ ਉੱਤਰ-ਪ੍ਰਦੇਸ਼ ਵਿੱਚ ਗੋਰਖਪੁਰ ਤੋਂ ਕਰੀਬ 30 ਕਿਲੋਮੀਟਰ ਦੂਰ ਪੱਛਮ ਵਿੱਚ ਸਥਿਤ ਹੈ ਮਗਹਰ।

ਮਗਹਰ ਨਾਮ ਨੂੰ ਲੈ ਕੇ ਵੀ ਕਈ ਅਫ਼ਵਾਹਾਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਬੁੱਧ ਭਿਕਸ਼ੂ ਇਸੇ ਮਾਰਗ ਤੋਂ ਕਲਿਪਵਸਤੂ, ਲੁਬਿੰਨੀ, ਕੁਸ਼ੀਨਗਰ ਵਰਗੇ ਪ੍ਰਸਿੱਧ ਬੁੱਧ ਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਸਨ।

ਇਸ ਇਲਾਕੇ ਦੇ ਆਲੇ-ਦੁਆਲੇ ਅਕਸਰ ਉਨ੍ਹਾਂ ਭਿਕਸ਼ੂਆਂ ਦੇ ਨਾਲ ਲੁੱਟ ਦੀਆਂ ਘਟਨਾਵਾਂ ਹੁੰਦੀਆਂ ਸਨ ਅਤੇ ਇਸ ਲਈ ਇਸ ਰਸਤੇ ਦਾ ਨਾਮ 'ਮਾਗਰਹਰ' ਯਾਨਿ ਮਗਹਰ ਪੈ ਗਿਆ।

ਪਰ ਕਬੀਰ ਦੀ ਮਜ਼ਾਰ ਦੇ ਮੁਤਵੱਲੀ ਖ਼ਾਦਿਮ ਅੰਸਾਰੀ ਮੁਤਾਬਕ, "ਮਾਰਗਹਰ ਨਾਮ ਇਸ ਲਈ ਨਹੀਂ ਪਿਆ ਕਿ ਇੱਥੇ ਲੋਕਾਂ ਨੂੰ ਲੁੱਟ ਲਿਆ ਜਾਂਦਾ ਸੀ, ਸਗੋਂ ਇਸ ਲਈ ਪਿਆ ਕਿ ਇੱਥੇ ਲੰਘਣ ਵਾਲਾ ਸ਼ਖ਼ਸ ਹਰੀ ਯਾਨਿ ਭਗਵਾਨ ਦੇ ਕੋਲ ਹੀ ਜਾਂਦਾ ਹੈ।"

ਇਹ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਦੀ ਇਤਿਹਾਸਕ ਸਰੋਤਾਂ ਤੋਂ ਸਿੱਧੇ ਤੌਰ 'ਤੇ ਪੁਸ਼ਟੀ ਨਹੀਂ ਹੁੰਦੀ ਪਰ ਤਮਾਮ ਇਤਿਹਾਸਕ ਤੱਥ ਇਨ੍ਹਾਂ ਅਫਵਾਹਾਂ ਦਾ ਸਮਰਥਨ ਕਰਦੇ ਹੋਏ ਜ਼ਰੂਰ ਮਿਲ ਜਾਂਦੇ ਹਨ।

ਗੋਰਖਪੁਰ ਯੂਨੀਵਰਸਟੀ ਵਿੱਚ ਪ੍ਰਾਚੀਨ ਇਤਿਹਾਸ ਵਿਭਾਗ ਦੀ ਪ੍ਰੋਫੈਸਰ ਵਿਪੁਲਾ ਦੂਬੇ ਕਹਿੰਦੀ ਹੈ, "ਅਫਵਾਹਾਂ ਦੇ ਇਤਿਹਾਸਕ ਸਬੂਤ ਭਾਵੇਂ ਹੀ ਨਾ ਹੋਣ ਪਰ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਨੂੰ ਸਿਰੇ ਤੋਂ ਖਾਰਿਜ ਵੀ ਨਹੀਂ ਕੀਤਾ ਜਾ ਸਕਦਾ ਹੈ।''

ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦਾ ਇਲਾਕਾ

ਪ੍ਰੋਫੈਸਰ ਦੂਬੇ ਕਹਿੰਦੀ ਹੈ ਕਿ ਇਹ ਰਸਤਾ ਬੋਧੀਆਂ ਦੇ ਤਮਾਮ ਪਵਿੱਤਰ ਸਥਾਨਾਂ ਲਈ ਜ਼ਰੂਰ ਜਾਂਦਾ ਸੀ ਪਰ ਇੱਥੇ 'ਲੋਕਾਂ ਨਾਲ ਲੁੱਟ ਹੁੰਦੀ ਸੀ', ਇਸਦੇ ਕੋਈ ਇਤਿਹਾਸਕ ਤੱਥ ਨਹੀਂ ਮਿਲਦੇ ਅਤੇ ਨਾ ਹੀ ਕਿਸੇ ਸਾਹਿਤ ਵਿੱਚ ਅਜਿਹੀ ਕੋਈ ਗੱਲ ਹੈ।

ਮਗਹਰ ਨੂੰ ਪਵਿੱਤਰ ਸਥਾਨ ਨਾ ਮੰਨਣ ਦੇ ਪਿੱਛੇ ਦਾ ਕਾਰਨ ਪ੍ਰੋਫੈਸਰ ਵਿਪੁਲਾ ਦੂਬੇ ਇਹ ਦੱਸਦੇ ਹਨ, "ਪੂਰਬੀ ਈਰਾਨ ਤੋਂ ਆਏ ਮਾਘੀ ਬ੍ਰਾਹਮਣ ਜਿਸ ਇਲਾਕੇ ਵਿੱਚ ਵਸੇ ਉਸ ਇਲਾਕੇ ਦੇ ਬਾਰੇ ਹੀ ਅਜਿਹੀਆਂ ਧਾਰਨਾਵਾਂ ਬਣਾ ਦਿੱਤੀਆਂ ਗਈਆਂ।''

''ਅਵਧ ਖੇਤਰ ਤੋਂ ਲੈ ਕੇ ਮਗਧ ਤੱਕ ਦਾ ਇਲਾਕਾ ਇਨ੍ਹਾਂ ਮਾਘੀ ਬ੍ਰਾਹਮਣਾਂ ਦਾ ਸੀ ਅਤੇ ਵੈਦਿਕ ਬ੍ਰਾਹਮਣ ਇਸ ਨੂੰ ਮਹੱਤਵ ਨਹੀਂ ਦਿੰਦੇ ਸਨ, ਤਾਂ ਇਨ੍ਹਾਂ ਦੇ ਨਿਵਾਸ ਸਥਾਨ ਨੂੰ ਵੀ ਨੀਵਾਂ ਕਰਕੇ ਵਿਖਾਇਆ ਗਿਆ। ਵਾਰਾਣਸੀ ਵੈਦਿਕ ਬ੍ਰਾਹਮਣਾਂ ਦਾ ਇੱਕ ਵੱਡਾ ਕੇਂਦਰ ਸੀ, ਇਸ ਲਈ ਇਸਦੀ ਮਹੱਤਤਾ ਵਧਾ ਚੜ੍ਹਾ ਕੇ ਪੇਸ਼ ਕੀਤੀ ਗਈ ਹੈ।"

ਮੌਜੂਦਾ ਸਮੇਂ ਵਿੱਚ ਦੇਖਿਆ ਜਾਵੇ ਤਾਂ ਮਗਹਰ ਦਾ ਪੂਰਾ ਇਲਾਕਾ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਨਾਲ ਭਰਿਆ ਹੋਇਆ ਹੈ। ਪ੍ਰਸ਼ਾਸਨਿਕ ਰੂਪ ਤੋਂ ਇਹ ਇੱਕ ਨਗਰ ਪੰਚਾਇਤ ਹੈ ਅਤੇ ਖ਼ਲੀਲਾਬਾਦ ਸੰਸਦੀ ਖੇਤਰ ਦੇ ਅਧੀਨ ਆਉਂਦੀ ਹੈ ਪਰ ਇੱਥੇ ਦਾ ਮੁੱਖ ਆਕਰਸ਼ਣ ਅਤੇ ਟੂਰਿਸਟ ਕੇਂਦਰ ਕਬੀਰ ਧਾਮ ਹੀ ਹੈ।

ਕਬੀਰ ਧਾਮ

ਕਬੀਰ ਆਪਣੇ ਆਖ਼ਰੀ ਸਮੇਂ ਵਿੱਚ ਜਿੱਥੇ ਰਹੇ ਉਹ ਖੇਤਰ ਵੀ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਬਿਆਨ ਕਰਦਾ ਹੈ। ਆਮੀ ਨਦੀ ਕਿਨਾਰੇ ਜਿੱਥੇ ਦਾਹ-ਸੰਸਕਾਰ ਕੀਤਾ ਜਾਂਦਾ ਹੈ, ਉੱਥੇ ਹੀ ਉਸਦੇ ਸੱਜੇ ਕੰਢੇ 'ਤੇ ਕਬਰਿਸਤਾਨ ਹੁੰਦਾ ਸੀ ਜਿਹੜਾ ਅੱਜ ਵੀ ਬਰਕਰਾਰ ਹੈ।

ਕਬੀਰ ਦਾਸ ਦੀ ਸਮਾਧੀ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਕਬੀਰ ਦੀ ਮਜ਼ਾਰ ਵੀ ਹੈ। ਮਜ਼ਾਰ ਦੇ ਮੁਤਵੱਲੀ ਖ਼ਾਦਿਮ ਅੰਸਾਰੀ ਦੱਸਦੇ ਹਨ, "ਇਹ ਇਲਾਕਾ ਅੱਜ ਵੀ ਕਬਰਿਸਤਾਨ ਹੀ ਹੈ। ਸਮਾਧੀ ਅਤੇ ਮਜ਼ਾਰ ਵਿਚਾਲੇ ਦੋ ਕਬਰਾਂ ਸਾਡੇ ਬਜ਼ੁਰਗਾਂ ਦੀਆਂ ਹਨ। ਇਹ ਇਲਾਕਾ ਹੁਣ ਪੁਰਾਤੱਤਵ ਵਿਭਾਗ ਦੇ ਅਧੀਨ ਹੈ ਪਰ ਇਸਦੇ ਬਾਹਰ ਕਬਰਿਸਤਾਨ ਹੀ ਹੈ ਜਦਕਿ ਦੂਜੇ ਪਾਸੇ ਸ਼ਮਸ਼ਾਨਘਾਟ।"

ਹਿੰਦੂ-ਮੁਸਲਿਮ ਏਕਤਾ ਦੇ ਪ੍ਰਤੀਕ ਦੇ ਤੌਰ 'ਤੇ ਯਾਦ ਕੀਤੇ ਜਾਣ ਵਾਲੇ ਸੰਤ ਕਵੀ ਕਬੀਰ ਧਰਮ ਅਤੇ ਭਾਈਚਾਰੇ ਦੀ ਜਿਹੜੀ ਵਿਰਾਸਤ ਛੱਡ ਕੇ ਗਏ ਹਨ, ਉਸ ਨੂੰ ਇਥੇ ਜ਼ਿੰਦਾ ਰੂਪ ਵਿੱਚ ਵੇਖਿਆ ਜਾ ਸਕਦਾ ਹੈ।

ਪਰਿਸਰ ਦੇ ਅੰਦਰ ਜਿੱਥੇ ਇੱਕ ਪਾਸੇ ਕਬਰ ਹੈ ਉੱਥੇ ਹੀ ਦੂਜੇ ਪਾਸੇ ਮਸਜਿਦ ਹੈ ਅਤੇ ਉਸ ਤੋਂ ਕੁਝ ਦੂਰੀ 'ਤੇ ਮੰਦਿਰ ਹੈ। ਇਹੀ ਨਹੀਂ, ਕਰੀਬ ਇੱਕ ਕਿੱਲੋਮੀਟਰ ਦੂਰ ਇੱਕ ਗੁਰਦੁਆਰਾ ਵੀ ਹੈ ਜਿਹੜਾ ਇੱਥੋਂ ਸਾਫ਼ ਵਿਖਾਈ ਦਿੰਦਾ ਹੈ।

ਪਰ ਅਜਿਹਾ ਨਹੀਂ ਹੈ ਕਿ ਇਹ ਸਭ ਆਸਾਨੀ ਨਾਲ ਹੋ ਗਿਆ। ਕਬੀਰ ਦਾਸ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਦੇਹ 'ਤੇ ਅਧਿਕਾਰ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਸੰਘਰਸ਼ ਦੀਆਂ ਕਹਾਣੀਆਂ ਵੀ ਪ੍ਰਚਲਿਤ ਹਨ। ਜਾਣਕਾਰਾਂ ਮੁਤਾਬਕ ਉਸੇ ਦਾ ਨਤੀਜਾ ਹੈ ਕਿ ਹਿੰਦੂਆਂ ਨੇ ਉਨ੍ਹਾਂ ਦੀ ਸਮਾਧੀ ਬਣਾਈ ਅਤੇ ਮੁਸਲਮਾਨਾਂ ਨੇ ਕਬਰ।

ਕਬੀਰਪੰਥੀਆਂ ਦੀ ਆਸਥਾ ਦਾ ਮੁੱਖ ਕੇਂਦਰ

ਮਗਹਰ ਦੇਸ ਭਰ ਵਿੱਚ ਫੈਲੇ ਕਬੀਰਪੰਥੀਆਂ ਦੀ ਆਸਥਾ ਦਾ ਮੁੱਖ ਕੇਂਦਰ ਹੈ। ਇੱਥੋਂ ਦੇ ਮੁੱਖ ਮਹੰਤ ਵਿਚਾਰ ਦਾਸ ਦੀ ਮੰਨੀਏ ਤਾਂ ਦੇਸ ਭਰ ਵਿੱਚ ਕਬੀਰ ਦੇ ਲਗਭਗ 4 ਕਰੋੜ ਭਗਤ ਹਨ ਅਤੇ ਸਾਲ ਭਰ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ।

ਵਿਚਾਰ ਦਾਸ ਦੱਸਦੇ ਹਨ, "ਕੁਝ ਲੋਕ ਟੂਰਿਸਟ ਦੇ ਤੌਰ 'ਤੇ ਵੀ ਆਉਂਦੇ ਹਨ ਪਰ ਵਧੇਰੇ ਇੱਥੇ ਧਾਰਮਿਕ ਆਸਥਾ ਕਾਰਨ ਹੀ ਆਉਂਦੇ ਹਨ। ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਪਹਿਲੇ ਸ਼ਖ਼ਸ ਹਨ ਜਿਹੜੇ ਇੱਥੇ ਆਏ ਹਨ ਜਦਕਿ ਇੰਦਰਾ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਇੱਥੇ ਆ ਚੁੱਕੇ ਹਨ।"

ਮਗਹਰ ਦੇ ਮੂਲ ਨਿਵਾਸੀ ਆਪਣੇ ਖੇਤਰ ਬਾਰੇ ਫੈਲੀਆਂ ਅਫਵਾਹਾਂ ਬਾਰੇ ਵੱਖਰਾ ਹੀ ਸੋਚਦੇ ਹਨ। ਮਗਹਰ ਕਸਬੇ ਵਿੱਚ ਤਮਾਮ ਸਕੂਲਾਂ, ਕਾਲਜਾਂ ਅਤੇ ਹੋਰ ਸਿੱਖਿਅਕ ਅਦਾਰਿਆਂ ਤੋਂ ਇਲਾਵਾ ਤਮਾਮ ਦੁਕਾਨਾਂ ਅਤੇ ਸੰਸਥਾਵਾਂ ਦੇ ਨਾਮ ਵੀ ਕਬੀਰ ਦੇ ਨਾਂ 'ਤੇ ਹੀ ਮਿਲਦੇ ਹਨ।

ਸਥਾਨਕ ਨਾਗਰਿਕ ਰਾਮ ਨਰੇਸ਼ ਦੱਸਦੇ ਹਨ, "ਅਫਵਾਹਾਂ ਕੁਝ ਵੀ ਰਹੀਆਂ ਹੋਣ, ਇੱਥੋਂ ਦੇ ਲੋਕ ਤਾਂ ਇੱਥੇ ਜਨਮ ਲੈਣ ਅਤੇ ਇੱਥੇ ਮਰਨ, ਦੋਵਾਂ ਵਿੱਚ ਹੀ ਮਾਣ ਮਹਿਸੂਸ ਕਰਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)