ਕਾਲਾ ਧਨ ਸਵਿਸ ਬੈਂਕਾਂ ਵਿੱਚ ਕਿਵੇਂ ਪਹੁੰਚਦਾ ਹੈ

ਜਦੋਂ ਵੀ ਕਾਲੇ ਧਨ ਦੀ ਚਰਚਾ ਹੁੰਦੀ ਹੈ ਤਾਂ ਸਵਿਸ ਬੈਂਕ ਜਾਂ ਸਵਿਟਜ਼ਰਲੈਂਡ ਦੇ ਬੈਂਕਾਂ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੈ। ਜਦੋਂ ਸਵਿਸ ਬੈਂਕ ਵਿੱਚ ਭਾਰਤੀਆਂ ਦੇ ਪੈਸਿਆਂ ਦੀ ਗੱਲ ਹੁੰਦੀ ਹੈ ਤਾਂ ਸਾਡੀ ਦਿਲਚਸਪੀ ਵੱਧ ਕੇ ਅਸਮਾਨ 'ਤੇ ਪਹੁੰਚ ਜਾਂਦੀ ਹੈ।

ਸਵਿਸ ਬੈਂਕ ਵਿੱਚ ਜਮ੍ਹਾਂ ਭਾਰਤੀਆਂ ਦਾ ਪੈਸਾ ਤਿੰਨ ਸਾਲਾਂ ਤੋਂ ਹੇਠਾਂ ਆ ਰਿਹਾ ਸੀ ਪਰ ਸਾਲ 2017 ਵਿੱਚ ਕਹਾਣੀ ਪਲਟ ਗਈ ਹੈ।

ਪਿਛਲੇ ਸਾਲ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 50 ਫੀਸਦੀ ਵੱਧ ਕੇ 1.01 ਸਵਿਸ ਫ੍ਰੈਂਕ (ਤਕਰੀਬਨ 7 ਹਜ਼ਾਰ ਕਰੋੜ ਰੁਪਏ) 'ਤੇ ਪਹੁੰਚ ਗਿਆ ਹੈ।

ਇਹ ਅੰਕੜੇ ਸਵਿਸ ਬੈਂਕ ਨੇ ਜਾਰੀ ਕੀਤੇ ਹਨ ਇਸ ਲਈ ਸ਼ੱਕ ਦੀ ਗੁੰਜਾਇਸ਼ ਨਾਂਹ ਦੇ ਬਰਾਬਰ ਹੈ। ਸਵਿਟਜ਼ਰਲਵੈਂਡ ਦੇ ਸੈਂਟਰਲ ਬੈਂਕ (ਐੱਸਐੱਨਬੀ) ਨੇ ਜੋ ਅੰਕੜੇ ਸਾਹਮਣੇ ਰੱਖੇ ਹਨ ਉਨ੍ਹਾਂ ਮੁਤਾਬਕ ਸਵਿੱਸ ਬੈਂਕਾਂ ਵਿੱਚ ਸਾਰੇ ਵਿਦੇਸ਼ੀ ਗਾਹਕਾਂ ਦਾ ਪੈਸਾ ਸਾਲ 2017 ਵਿੱਚ 3 ਫੀਸਦੀ ਵੱਧ ਕੇ 1.46 ਲੱਖ ਕਰੋੜ ਸਵਿੱਸ ਫ੍ਰੈਂਕ ਜਾਂ ਤਕਰੀਬਨ 100 ਲੱਖ ਕਰੋੜ ਰੁਪਏ ਹੋ ਗਿਆ।

ਇਹ ਖ਼ਬਰ ਮੋਦੀ ਸਰਕਾਰ ਨੂੰ ਪ੍ਰੇਸ਼ਾਨ ਕਰ ਸਕਦੀ ਹੈ ਕਿਉਂਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਕਾਲੇ ਧਨ 'ਤੇ ਨਿਸ਼ਾਨਾ ਲਾਉਣ ਦਾ ਵਾਅਦਾ ਕਰਦੀ ਰਹੀ ਹੈ।

ਇਸ ਤੋਂ ਇਲਾਵਾ ਜੋ ਸਵਿਸ ਬੈਂਕ ਵਿੱਚ ਪੈਸਾ ਰੱਖਣ ਵਾਲਿਆਂ ਬਾਰੇ ਕੋਈ ਜਾਣਕਾਰੀ ਦਿੰਦਾ ਹੈ, ਸਰਕਾਰ ਉਸ ਨੂੰ ਵੀ ਫਾਇਦਾ ਪਹੁੰਚਾਉਣ ਦੀ ਗੱਲ ਕਹਿ ਰਹੀ ਹੈ।

ਸਵਿਸ ਬੈਂਕਾਂ ਵਿੱਚ ਭਾਰਤੀ ਪੈਸਾ

ਬਲੂਮਬਰਗ ਮੁਤਾਬਕ ਸਾਲ 2016 ਮੋਦੀ ਸਰਕਾਰ ਲਈ ਰਾਹਤ ਲੈ ਕੇ ਆਇਆ ਸੀ ਕਿਉਂਕਿ ਇਸ ਸਾਲ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 45 ਫੀਸਦੀ ਘੱਟ ਗਿਆ ਸੀ।

ਸਾਲ 1987 ਤੋਂ ਸਵਿਟਜ਼ਰਲੈਂਡ ਇੰਨ੍ਹਾਂ ਅੰਕੜਿਆਂ ਦੀ ਜਾਣਕਾਰੀ ਦੇ ਰਿਹਾ ਹੈ ਅਤੇ ਭਾਰਤ ਦੇ ਮਾਮਲਿਆਂ ਵਿੱਚ 2016 ਦੀ ਗਿਰਾਵਟ ਸਭ ਤੋਂ ਵੱਡੀ ਸੀ ਪਰ ਹਾਲੀਆ ਅੰਕੜਿਆਂ ਨੇ ਚਿੰਤਾ ਪੈਦਾ ਕਰ ਦਿੱਤੀ ਹੈ।

ਐੱਸਐੱਨਬੀ ਮੁਤਾਬਕ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਜੋ ਪੈਸਾ ਹੈ ਉਨ੍ਹਾਂ ਵਿੱਚ ਨਿੱਜੀ ਰੂਪ ਤੋਂ ਜਮ੍ਹਾਂ ਧਨ ਵੱਧ ਕੇ 3200 ਕਰੋੜ ਰੁਪਏ, ਦੂਜੇ ਬੈਂਕਾਂ ਰਾਹੀਂ ਜਮ੍ਹਾਂ ਰਕਮ 1050 ਕਰੋੜ ਰੁਪਏ ਅਤੇ ਸਕਿਉਰਿਟੀ ਦੇ ਤੌਰ 'ਤੇ 2640 ਕਰੋੜ ਰੁਪਏ ਸ਼ਾਮਿਲ ਹੈ।

ਸਾਲ 2006 ਦੇ ਅਖੀਰ ਵਿੱਚ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 23 ਹਜ਼ਾਰ ਕਰੋੜ ਰੁਪਏ ਸੀ ਪਰ ਬੀਤੇ ਇੱਕ ਦਹਾਕੇ ਵਿੱਚ ਇਸ ਵਿੱਚ ਕਾਫ਼ੀ ਕਮੀ ਆਈ ਹੈ।

ਜ਼ਾਹਿਰ ਹੈ ਇਨ੍ਹੇ ਵੱਡੇ ਅੰਕੜਿਆਂ ਵਿਚਾਲੇ ਦੋ ਸਵਾਲ ਜ਼ਹਿਨ ਵਿੱਚ ਜ਼ਰੂਰ ਉੱਠ ਸਕਦੇ ਹਨ। ਪਹਿਲਾ, ਕਾਲਾ ਧਨ ਜਮ੍ਹਾਂ ਕਰਨ ਸਬੰਧੀ ਵਧੇਰੇ ਲੋਕ ਸਵਿਟਜ਼ਰਲੈਂਡ ਅਤੇ ਉੱਥੋਂ ਦੇ ਬੈਂਕਾਂ ਨੂੰ ਹੀ ਕਿਉਂ ਚੁਣਦੇ ਹਨ ਅਤੇ ਦੂਜਾ ਇਹ ਕਾਲਾ ਧੰਨ ਸਵਿਸ ਬੈਂਕਾਂ ਤੱਕ ਪਹੁੰਚਦਾ ਕਿਵੇਂ ਹੈ?

ਕਿਉਂ ਜਮ੍ਹਾ ਹੁੰਦਾ ਹੈ ਸਵਿਸ ਬੈਂਕਾਂ ਵਿੱਚ ਪੈਸਾ?

ਪਹਿਲੇ ਸਵਾਲ ਦਾ ਜਵਾਬ ਇਹ ਹੈ ਕਿ ਸਵਿਟਜ਼ਰਲੈਂਡ ਦੇ ਬੈਂਕ ਆਪਣੇ ਗਾਹਕਾਂ ਅਤੇ ਉਨ੍ਹਾਂ ਦੀ ਜਮ੍ਹਾ ਰਾਸ਼ੀ ਕਾਫ਼ੀ ਖੂਫ਼ੀਆ ਰਖਦੇ ਹਨ ਜਿਸ ਕਾਰਨ ਉਨ੍ਹਾਂ ਦੀ ਪਹਿਲੀ ਪਸੰਦ ਹੈ।

ਜੇਮਜ਼ ਬਾਂਡ ਜਾਂ ਹਾਲੀਵੁੱਡ ਦੀਆਂ ਦੂਜੀਆਂ ਫਿਲਮਾਂ ਵਿੱਚ ਸਵਿਸ ਬੈਂਕ ਜਾਂ ਉਸ ਦੇ ਮੁਲਾਜ਼ਮ ਦਿਖਦੇ ਹਨ ਤਾਂ ਇੱਕ ਖਾਸ ਰਹੱਸ ਦੇ ਨਾਲ। ਉਹ ਕਾਲੇ ਸੂਟ ਅਤੇ ਬ੍ਰੀਫ਼ਕੇਸ ਵਿੱਚ ਲੁਕੀ ਕੰਪਿਊਟਰ ਡਿਵਾਈਸ ਨਾਲ ਸਾਰਾ ਕੰਮ ਕਰਦੇ ਹਨ।

ਅਸਲ ਜ਼ਿੰਦਗੀ ਵਿੱਚ ਸਵਿਸ ਬੈਂਕ ਰੈਗੁਲਰ ਬੈਂਕਾਂ ਤਰ੍ਹਾਂ ਹੀ ਕੰਮ ਕਰਦੇ ਹਨ, ਪਰ ਉਨ੍ਹਾਂ ਦੇ ਮਾਮਲਿਆਂ ਵਿੱਚ ਖੂਫ਼ੀਆਪਨ ਉਨ੍ਹਾਂ ਨੂੰ ਖਾਸ ਬਣਾਉਂਦਾ ਹੈ। ਸਵਿਸ ਬੈਂਕਾਂ ਲਈ ਦੇ ਨਵੇਂ ਨਿਯਮ ਗੁਪਤ ਰੱਖਣਾ ਕੋਈ ਨਵੀਂ ਗੱਲ ਨਹੀਂ ਹੈ।

ਇਨ੍ਹਾਂ ਬੈਂਕਾਂ ਨੇ ਪਿਛਲ਼ੇ ਤਿੰਨ ਸੌ ਸਾਲਾਂ ਤੋਂ ਇਹ ਰਾਜ਼ ਲੁਕੋ ਕੇ ਰੱਖਿਆ ਹੋਇਆ ਹੈ। ਸਾਲ 1713 ਵਿੱਚ 'ਗ੍ਰੇਟ ਕੌਂਸਲ ਆਫ਼ ਜਿਨੇਵਾ' ਨੇ ਨਿਯਮ ਬਣਾਏ ਸਨ ਜਿਨ੍ਹਾਂ ਤਹਿਤ ਬੈਂਕਾਂ ਨੂੰ ਆਪਣੇ ਕਲਾਈਂਟ ਦੇ ਰਜਿਸਟਰ ਜਾਂ ਜਾਣਕਾਰੀ ਰੱਖਣ ਲਈ ਕਿਹਾ ਗਿਆ ਸੀ।

ਸਵਿਸ ਬੈਂਕ ਅਤੇ ਰਾਜ਼

ਪਰ ਇਸੇ ਨਿਯਮ ਵਿੱਚ ਇਹ ਵੀ ਕਿਹਾ ਗਿਆ ਕਿ ਗਾਹਕਾਂ ਤੋਂ ਜਾਣਕਾਰੀ ਸਿਟੀ ਕੌਂਸਲ ਤੋਂ ਇਲਾਵਾ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। ਸਵਿਟਜ਼ਰਲੈਂਡ ਵਿੱਚ ਜੇ ਬੈਂਕਰ ਆਪਣੇ ਗਾਹਕਾਂ ਨਾਲ ਜੁੜੀ ਜਾਣਕਾਰੀ ਕਿਸੇ ਨੂੰ ਦਿੰਦਾ ਹੈ ਤਾਂ ਇਹ ਅਪਰਾਧ ਹੈ।

ਇਹ ਨਿਯਮ ਸਵਿਟਜ਼ਰਲੈਂਡ ਨੂੰ ਕਾਲਾ ਧਨ ਰੱਖਣ ਲਈ ਸੁਰੱਖਿਅਤ ਠਿਕਾਣਾ ਬਣਾਉਂਦੇ ਹਨ।

ਜ਼ਿਆਦਾ ਪੁਰਾਣੀ ਗੱਲ ਨਹੀਂ ਜਦੋਂ ਪੈਸਾ, ਸੋਨਾ, ਗਹਿਣੇ, ਪੇਂਟਿੰਗ ਜਾਂ ਦੂਜਾ ਕੋਈ ਕੀਮਤੀ ਸਾਮਾਨ ਜਮ੍ਹਾਂ ਕਰਾਉਣ 'ਤੇ ਇਹ ਬੈਂਕ ਕੋਈ ਸਵਾਲ ਨਹੀਂ ਕਰਦੇ ਸਨ।

ਹਾਲਾਂਕਿ ਦਹਿਸ਼ਤਗਰਦੀ, ਭ੍ਰਿਸ਼ਟਾਚਾਰ ਅਤੇ ਟੈਕਸ ਚੋਰੀ ਦੇ ਵੱਧਦੇ ਮਾਮਲਿਆਂ ਕਾਰਨ ਸਵਿਟਜ਼ਰਲੈਂਡ ਹੁਣ ਉਨ੍ਹਾਂ ਖਾਤਿਆਂ ਦੀ ਅਰਜ਼ੀ ਠੁਕਰਾਉਣ ਲੱਗਿਆ ਹੈ ਜਿਨ੍ਹਾਂ ਦੀਆਂ ਜੜ੍ਹਾਂ ਗੈਰ-ਕਾਨੂੰਨੀ ਹੋਣ ਦਾ ਸ਼ੱਕ ਹੈ।

ਇਸ ਤੋਂ ਇਲਾਵਾ ਉਹ ਭਾਰਤ ਜਾਂ ਹੋਰਨਾਂ ਦੇਸਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ 'ਤੇ ਵੀ ਗੌਰ ਕਰਨ ਲੱਗਿਆ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਫਲਾਂ ਸ਼ਖ਼ਸ ਨੇ ਜੋ ਪੈਸੇ ਜਮ੍ਹਾਂ ਕਰਵਾਏ ਹਨ ਉਹ ਗੈਰ-ਕਾਨੂੰਨੀ ਹਨ।

ਕਿਵੇਂ ਜਮ੍ਹਾਂ ਹੁੰਦੇ ਹਨ ਪੈਸੇ?

ਹੁਣ ਦੂਜਾ ਸਵਾਲ ਕਾਲਾ ਧਨ ਸਵਿਸ ਬੈਂਕਾਂ ਵਿੱਚ ਪਹੁੰਚਦਾ ਕਿਵੇਂ ਹੈ? ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਵਿਸ ਬੈਂਕਾਂ ਵਿੱਚ ਖਾਤਾ ਕੌਣ ਖੋਲ੍ਹ ਸਕਦਾ ਹੈ।

18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸ਼ਖਸ ਸਵਿਸ ਬੈਂਕ ਵਿੱਚ ਖਾਤਾ ਖੋਲ੍ਹ ਸਕਦਾ ਹੈ।

ਹਾਲਾਂਕਿ, ਜੇਕਰ ਬੈਂਕ ਨੂੰ ਇਹ ਸ਼ੱਕ ਹੁੰਦਾ ਹੈ ਕਿ ਪੈਸੇ ਜਮ੍ਹਾਂ ਕਰਾਉਣ ਵਾਲਾ ਸ਼ਖ਼ਸ ਖਾਸ ਸਿਆਸੀ ਮਕਸਦ ਤੋਂ ਅਜਿਹਾ ਕਰ ਰਿਹਾ ਹੈ ਜਾਂ ਜਮ੍ਹਾ ਕਰਵਾਇਆ ਜਾ ਰਿਹਾ ਪੈਸਾ ਗੈਰ-ਕਾਨੂੰਨੀ ਹੈ ਤਾਂ ਉਹ ਅਰਜ਼ੀ ਰੱਦ ਕਰ ਸਕਦਾ ਹੈ।

ਬਿਜ਼ਨੈੱਸ ਸਟੈਂਡਰਡ ਮੁਤਾਬਕ ਸਵਿਟਜ਼ਰਲੈਂਡ ਵਿੱਚ ਤਕਰੀਬਨ 400 ਬੈਂਕ ਹਨ ਜਿਨ੍ਹਾਂ ਵਿੱਚ ਯੂਬੀਐੱਸ ਅਤੇ ਕ੍ਰੇਡਿਸ ਸੁਇਸ ਗਰੁੱਪ ਸਭ ਤੋਂ ਵੱਡੇ ਹਨ ਅਤੇ ਅੱਜ-ਕੱਲ੍ਹ ਦੋਹਾਂ ਕੋਲ ਸਾਰੇ ਬੈਂਕਾਂ ਦੀ ਬੈਲੇਂਸ ਸ਼ੀਟ ਦਾ ਅੱਧੇ ਤੋਂ ਵੱਧ ਵੱਡਾ ਹਿੱਸਾ ਹੈ।

ਕਿਹੜੇ ਖਾਤੇ ਸਭ ਤੋਂ ਵੱਧ ਗੁਪਤ ਰਹਿੰਦੇ ਹਨ? ਇੰਨ੍ਹਾਂ ਨੂੰ 'ਨੰਬਰਡ ਅਕਾਊਂਟ' ਕਹਿੰਦੇ ਹਨ। ਇਸ ਖਾਤੇ ਨਾਲ ਜੁੜੀਆਂ ਸਾਰੀਆਂ ਗੱਲਾਂ ਅਕਾਉਂਟ ਨੰਬਰ ਦੇ ਆਧਾਰ 'ਤੇ ਹੁੰਦੀਆਂ ਹਨ।

ਬੈਂਕ ਵਿੱਚ ਕੁਝ ਹੀ ਲੋਕ ਹੁੰਦੇ ਹਨ ਜੋ ਕਿ ਇਹ ਜਾਣਦੇ ਹਨ ਕਿ ਬੈਂਕ ਖਾਤਾ ਕਿਸ ਦਾ ਹੈ ਪਰ ਇਹ ਖਾਤੇ ਸੌਖੇ ਨਹੀਂ ਮਿਲਦੇ।

ਅਜਿਹਾ ਕਿਹਾ ਜਾਂਦਾ ਹੈ ਕਿ ਜੋ ਲੋਕ ਫੜ੍ਹੇ ਨਹੀਂ ਜਾਣੇ ਚਾਹੁੰਦੇ ਉਹ ਬੈਂਕ ਦੇ ਕ੍ਰੇਡਿਟ ਜਾਂ ਡੈਬਿਟ ਕਾਰਡ ਜਾਂ ਚੈੱਕ ਸਹੂਲਤ ਨਹੀਂ ਲੈਂਦੇ।

ਇਸ ਤੋਂ ਇਲਾਵਾ ਇਨ੍ਹਾਂ ਬੈਂਕਾਂ ਵਿੱਚ ਜੇ ਤੁਹਾਡਾ ਖਾਤਾ ਹੈ ਅਤੇ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤਾਂ ਉਹ ਕਦੇ ਵੀ ਕੀਤਾ ਜਾ ਸਕਦਾ ਹੈ ਉਹ ਵੀ ਬਿਨਾਂ ਕਿਸੇ ਕੀਮਤ ਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)