ਚੀਨ ਦੇ ਕਰਜ਼ੇ ਹੇਠ ਦੱਬੇ ਦੁਨੀਆਂ ਦੇ 8 ਦੇਸ

    • ਲੇਖਕ, ਟੀਮ ਬੀਬੀਸੀ ਹਿੰਦੀ
    • ਰੋਲ, ਨਵੀਂ ਦਿੱਲੀ

ਚੀਨ ਦੇ ਸਰਕਾਰੀ ਬੈਂਕ ਆਪਣੇ ਦੇਸ ਵਿੱਚ ਲੋਕਾਂ ਨੂੰ ਕਰਜ਼ ਦੇਣ ਤੋਂ ਜ਼ਿਆਦਾ ਦੂਜੇ ਦੇਸਾਂ ਨੂੰ ਕਰਜ਼ ਦੇ ਰਹੇ ਹਨ। ਚੀਨੀ ਬੈਂਕਾਂ ਦੇ ਇਸ ਕਦਮ ਨੂੰ ਉੱਥੋਂ ਦੀ ਸਰਕਾਰ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵਨ ਜੰਗਲ ਵਨ ਰੋਡ ਪ੍ਰੋਜੈਕਟ ਦੇ ਤਹਿਤ ਕਈ ਦੇਸਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਮਝੌਤੇ ਕੀਤੇ ਹਨ, ਪਰ ਇਨ੍ਹਾਂ ਸਮਝੌਤਿਆਂ ਨੂੰ ਇੱਕਪਾਸੜ ਦੱਸਿਆ ਜਾ ਰਿਹਾ ਹੈ।

ਚੀਨ ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੰਮ ਕਰ ਰਿਹਾ ਹੈ ਅਤੇ ਉਸ ਨੇ ਵੱਡਾ ਨਿਵੇਸ਼ ਕੀਤਾ ਹੈ।

ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ 2016 ਵਿੱਚ ਪਹਿਲੀ ਵਾਰ ਚੀਨ ਦੇ ਚਾਰ ਵੱਡੇ ਸਰਕਾਰੀ ਬੈਂਕਾਂ 'ਚੋਂ ਤਿੰਨ ਨੇ ਦੇਸ ਵਿੱਚ ਕਾਰਪੋਰੇਟ ਲੋਨ ਦੇਣ ਤੋਂ ਵੱਧ ਬਾਹਰੀ ਮੁਲਕਾਂ ਨੂੰ ਕਰਜ਼ ਦਿੱਤੇ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਚੀਨ ਆਪਣੀਆਂ ਕੰਪਨੀਆਂ ਨੂੰ ਦੁਨੀਆਂ ਦੇ ਉਨ੍ਹਾਂ ਦੇਸਾਂ ਵਿੱਚ ਵਪਾਰ ਕਰਨ ਲਈ ਕਹਿ ਰਿਹਾ ਹੈ ਜਿੱਥੋਂ ਇੱਕਪਾਸੜ ਮੁਨਾਫ਼ਾ ਆ ਸਕੇ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੀਨ ਆਪਣੇ ਪ੍ਰਭਾਵਾਂ ਨੂੰ ਵਧਾਉਣ ਲਈ ਕਰਜ਼ ਰਣਨੀਤੀ ਨੂੰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਚੀਨ ਕਰਜ਼ ਹੇਠਾਂ ਦੱਬੇ ਇਹ 8 ਦੇਸ

ਪਾਕਿਸਤਾਨ

ਦਿ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਰਿਪੋਰਟ ਮੁਤਾਬਕ ਚੀਨੀ ਕਰਜ਼ ਦਾ ਸਭ ਤੋਂ ਵੱਧ ਖ਼ਤਰਾ ਪਾਕਿਸਤਾਨ 'ਤੇ ਹੈ। ਚੀਨ ਦਾ ਪਾਕਿਸਤਾਨ ਵਿੱਚ ਵਰਤਮਾਨ ਪ੍ਰੋਜੈਕਟ 62 ਅਰਬ ਡਾਲਰ ਦਾ ਹੈ ਅਤੇ ਚੀਨ ਦਾ ਇਸ ਵਿੱਚ 80 ਫੀਸਦ ਹਿੱਸਾ ਹੈ।

ਚੀਨ ਨੇ ਪਾਕਿਸਤਾਨ ਨੂੰ ਉੱਚੀਆਂ ਵਿਆਜ਼ ਦਰਾਂ 'ਤੇ ਕਰਜ਼ ਦਿੱਤਾ ਹੈ। ਇਸ ਨਾਲ ਡਰ ਨੂੰ ਹੋਰ ਬਲ ਮਿਲਦਾ ਹੈ ਕਿ ਪਾਕਿਸਤਾਨ 'ਤੇ ਆਉਣ ਵਾਲੇ ਵੇਲੇ ਵਿੱਚ ਚੀਨੀ ਕਰਜ਼ ਦਾ ਬੋਝ ਹੋਰ ਵਧੇਗਾ।

ਜਿਬੁਤੀ

ਇੰਟਰਨੈਸ਼ਨਲ ਮੋਨੇਟਰੀ ਫੰਡ ਨੇ ਕਿਹਾ ਹੈ ਕਿ ਜਿਬੁਤੀ ਜਿਸ ਤਰ੍ਹਾਂ ਕਰਜ਼ ਲੈ ਰਿਹਾ ਹੈ ਉਹ ਉਸ ਲਈ ਹੀ ਖ਼ਤਰਨਾਕ ਹੈ।

ਸਿਰਫ਼ ਦੋ ਸਾਲਾਂ ਵਿੱਚ ਲੋਕਾਂ 'ਤੇ ਬਾਹਰੀ ਕਰਜ਼ ਉਨ੍ਹਾਂ ਦੀ ਜੀਡੀਪੀ ਦਾ 50 ਤੋਂ 80 ਫਸੀਦ ਹਿੱਸਾ ਹੋ ਗਿਆ ਹੈ।

ਇਸ ਮਾਮਲੇ ਵਿੱਚ ਦੁਨੀਆਂ ਦੇ ਘੱਟ ਆਮਦਨ ਵਾਲੇ ਦੇਸਾਂ ਵਿੱਚ ਜਿਬੁਤੀ ਪਹਿਲਾ ਦੇਸ ਬਣ ਗਿਆ ਹੈ।

ਇਸ ਵਿੱਚ ਵਧੇਰੇ ਕਰਜ਼ ਚੀਨ ਦੇ ਐਗਜ਼ਿਮ ਬੈਂਕ ਦਾ ਹੈ।

ਮਾਲਦੀਵ

ਮਾਲਦੀਵ ਦੇ ਸਾਰੇ ਵੱਡੇ ਪ੍ਰੋਜੈਕਟਾਂ ਵਿੱਚ ਚੀਨ ਵਿਆਪਕ ਰੂਪ ਨਾਲ ਸ਼ਾਮਿਲ ਹੈ।

ਚੀਨ ਮਾਲਦੀਪ ਵਿੱਚ 830 ਕਰੋੜ ਡਾਲਰ ਦੀ ਲਾਗਤ ਨਾਲ ਇੱਕ ਏਅਰਪੋਰਟ ਬਣਾ ਰਿਹਾ ਹੈ।

ਏਅਰਪੋਰਟ ਦੇ ਕੋਲ ਹੀ ਇੱਕ ਪੁੱਲ ਬਣਾ ਰਿਹਾ ਹੈ, ਜਿਸ ਦੀ ਲਾਗਤ 400 ਕਰੋੜ ਡਾਲਰ ਹੈ।

ਵਿਸ਼ਵ ਬੈਂਕ ਅਤੇ ਆਈਐਮਐਫ ਦਾ ਕਹਿਣਾ ਹੈ ਕਿ ਮਾਲਦੀਵ ਬੁਰੀ ਤਰ੍ਹਾਂ ਚੀਨੀ ਕਰਜ਼ ਵਿੱਚ ਫਸਦਾ ਨਜ਼ਰ ਆ ਰਿਹਾ ਹੈ।

ਮਾਲਦੀਵ ਦੀ ਘਰੇਲੂ ਸਿਆਸਤ ਵਿੱਚ ਟਕਰਾਅ ਹੈ ਅਤੇ ਵਰਤਮਾਨ 'ਚ ਮਾਲਦੀਵ ਦੀ ਸੱਤਾ ਜਿਸ ਦੇ ਹੱਥ ਵਿੱਚ ਹੈ ਉਸ ਨੂੰ ਚੀਨ ਦਾ ਵਿਸ਼ਵਾਸ਼ ਹਾਸਿਲ ਹੈ।

ਲਾਓਸ

ਦੱਖਣੀ-ਪੂਰਬੀ ਏਸ਼ੀਆ ਵਿੱਚ ਲਾਓਸ ਗਰੀਬ ਮੁਲਕਾਂ ਵਿੱਚੋਂ ਇੱਕ ਹੈ।

ਲਾਓਸ ਵਿੱਚ ਚੀਨ 'ਵਨ ਬੈਲਟ ਵਨ ਰੋਡ' ਦੇ ਤਹਿਤ ਰੇਲਵੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ।

ਇਸ ਦੀ ਲਾਗਤ 6.7 ਅਰਬ ਡਾਲਰ ਹੈ ਜੋ ਕਿ ਲਾਓਸ ਦੀ ਜੀਡੀਪੀ ਦਾ ਅੱਧਾ ਹੈ।

ਆਈਐਮਐਫ ਨੇ ਲਾਓਸ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਜਿਸ ਰਾਹ 'ਤੇ ਹੈ ਉਸ ਵਿੱਚ ਕੌਮਾਂਤਰੀ ਕਰਜ਼ ਹਾਸਿਲ ਕਰਨ ਦੀ ਯੋਗਤਾ ਗੁਆ ਦੇਵੇਗਾ।

ਮੰਗੋਲੀਆ

ਮੰਗੋਲੀਆ ਦਾ ਭਵਿੱਖ ਵਿੱਚ ਅਰਥਚਾਰਾ ਕਿਵੇਂ ਦਾ ਹੋਵੇਗਾ ਇਹ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਹੋਏ ਵੱਡੇ ਨਿਵੇਸ਼ਾਂ 'ਤੇ ਨਿਰਭਰ ਕਰਦਾ ਹੈ।

ਚੀਨ ਦਾ ਐਗਜ਼ਿਮ ਬੈਂਕ 2017 ਦੀ ਸ਼ੁਰੂਆਤ ਵਿੱਚ ਇੱਕ ਅਰਬ ਅਮਰੀਕੀ ਡਾਲਰ ਦਾ ਫੰਡ ਦੇਣ ਲਈ ਤਿਆਰ ਹੋਇਆ ਸੀ।

ਚੀਨ ਨੇ ਇਸ ਦੇ ਸ਼ਰਤ ਵਜੋਂ ਹਾਈਡ੍ਰੋਪਾਵਰ ਅਤੇ ਹਾਈਵੇਅ ਪ੍ਰੋਜੈਕਟ ਵਿੱਚ ਹਿੱਸੇਦਾਰੀ ਰੱਖੀ ਸੀ।

ਕਿਹਾ ਜਾ ਰਿਹਾ ਹੈ ਕਿ 'ਵਨ ਬੈਲਟ ਵਨ ਰੋਡ' ਦੇ ਤਹਿਤ ਅਗਲੇ ਪੰਜ ਸਾਲਾਂ ਲਈ ਚੀਨ ਦੇ ਇਸ ਕਰਜ਼ ਤੋਂ ਬਾਹਰ ਨਿਕਲਣਾ ਆਸਾਨ ਨਹੀਂ ਹੋਵੇਗਾ।

ਮੋਨਟੈਨੇਗ੍ਰੋ

ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ 2018 ਵਿੱਚ ਇੱਥੇ ਦੇ ਲੋਕਾਂ 'ਤੇ ਕਰਜ਼ ਉਸ ਦੀ ਜੀਡੀਪੀ ਦਾ 83 ਫੀਸਦ ਪਹੁੰਚ ਗਿਆ।

ਮੋਨਟੈਨੇਗ੍ਰੋ ਦੀ ਵੀ ਸਮੱਸਿਆ ਉਸ ਦੇ ਵੱਡੇ ਪ੍ਰੋਜੈਕਟ ਹਨ। ਇਹ ਪ੍ਰੋਜੈਕਟ ਹਨ, ਬੰਦਰਗਾਹ ਵਿਕਸਿਤ ਕਰਨਾ ਅਤੇ ਟ੍ਰਾਂਸਪੋਰਟ ਨੈਟਵਰਕ ਨੂੰ ਵਧਾਉਣਾ।

ਉਨ੍ਹਾਂ ਪ੍ਰੋਜੈਕਟਾਂ ਲਈ 2014 ਵਿੱਚ ਚੀਨ ਦੇ ਐਗਜ਼ਿਮ ਬੈਂਕ ਨਾਲ ਇੱਕ ਮਹੱਤਵਪੂਰਨ ਸਮਝੌਤਾ ਹੋਇਆ ਸੀ, ਜਿਸ ਵਿੱਚ ਪਹਿਲੇ ਗੇੜ ਦੀ ਲਾਗਤ ਇੱਕ ਅਰਬ ਡਾਲਰ ਵਿੱਚ 85 ਫੀਸਦ ਰਕਮ ਚੀਨ ਦੇਵੇਗਾ।

ਤਜਾਕਿਸਤਾਨ

ਤਜਾਕਿਸਤਾਨ ਦੀ ਗਿਣਤੀ ਏਸ਼ੀਆ ਦੇ ਸਭ ਤੋਂ ਗਰੀਬ ਦੇਸਾਂ ਵਿੱਚ ਹੁੰਦੀ ਹੈ। ਆਈਐਮਐਫ ਚਿਤਾਵਨੀ ਦੇ ਚੁੱਕਿਆ ਹੈ ਕਿ ਉਹ ਕਰਜ਼ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ।

ਤਜਾਕਿਸਤਾਨ 'ਤੇ ਸਭ ਤੋਂ ਵੱਧ ਕਰਜ਼ ਚੀਨ ਦਾ ਹੈ। 2007 ਤੋਂ 2016 ਵਿਚਾਲੇ ਤਜਾਕਿਸਤਾਨ 'ਤੇ ਕੁੱਲ ਵਿਦੇਸ਼ੀ ਕਰਜ਼ ਵਿੱਚ ਚੀਨ ਦਾ ਹਿੱਸਾ 80 ਫੀਸਦ ਸੀ।

ਕਿਰਗਿਸਤਾਨ

ਕਿਰਗਿਸਤਾਨ ਵੀ ਚੀਨ ਦੇ 'ਵਨ ਬੈਲਟ ਵਨ ਰੋਡ' ਪ੍ਰੋਜੈਕਟ ਵਿੱਚ ਸ਼ਾਮਿਲ ਹੈ।

ਕਿਰਗਿਸਤਾਨ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਚੀਨ ਦਾ ਇੱਕਪਾਸੜ ਨਿਵੇਸ਼ ਹੈ। 2016 ਵਿੱਚ ਚੀਨ ਨੇ 1.5 ਅਰਬ ਡਾਲਰ ਨਿਵੇਸ਼ ਕੀਤਾ ਸੀ।

ਕਿਰਗਿਸਤਾਨ 'ਤੇ ਕੁੱਲ ਵਿਦੇਸ਼ੀ ਕਰਜ਼ ਵਿੱਚ ਚੀਨ ਦਾ 40 ਫੀਸਦ ਹਿੱਸਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)