ਉਹ ਆਗੂ ਜਿਨ੍ਹਾਂ ਨੇ ਬਣਾਇਆ ਚੀਨ ਨੂੰ ਤਾਕਤਵਰ ਦੇਸ

ਚੀਨ ਦੇ ਮਾਓਤਸੇ ਤੁੰਗ ਤੋਂ ਬਾਅਦ ਉੱਥੇ ਆਰਥਿਕ ਕ੍ਰਾਂਤੀ ਲਿਆਉਣ ਦਾ ਸਿਹਰਾ ਡਾਂਗ ਸ਼ਯਾਓਪਿੰਗ ਨੂੰ ਦਿੱਤਾ ਜਾਂਦਾ ਹੈ।

ਸ਼ਯਾਓਪਿੰਗ ਨੇ 1978 ਵਿੱਚ ਜਿਸ ਆਰਥਿਕ ਕ੍ਰਾਂਤੀ ਦਾ ਮੁੱਢ ਬੰਨ੍ਹਿਆ ਸੀ ਉਸ ਨੂੰ 1918 ਵਿੱਚ ਚਾਲੀ ਸਾਲ ਪੂਰੇ ਹੋ ਗਏ ਹਨ। ਸ਼ਯਾਓਪਿੰਗ ਇਸ ਨੂੰ ਚੀਨ ਦੀ ਦੂਸਰੀ ਕ੍ਰਾਂਤੀ ਕਹਿੰਦੇ ਸਨ।

ਇਸ ਆਰਥਿਕ ਸੁਧਾਰ ਤੋਂ ਬਾਅਦ ਹੀ ਚੀਨ ਨੇ ਦੁਨੀਆਂ ਦੀ ਸਭ ਤੋਂ ਵੱਡੇ ਅਰਥਚਾਰਿਆਂ ਵਿੱਚੋਂ ਆਪਣਾ ਨਾਂ ਦਰਜ ਕਰਵਾਇਆ।

ਅੱਜ ਚੀਨ ਦੁਨੀਆਂ ਦਾ ਉਹ ਮੁਲਕ ਹੈ ਜਿਸਦੇ ਕੋਲ ਸਭ ਤੋਂ ਵੱਡਾ ਵਿਦੇਸ਼ੀ ਭੰਡਾਰ ਹੈ (3.12 ਖਰਬ ਡਾਲਰ) ਹੈ।

ਜੀਡੀਪੀ (11 ਖਰਬ ਡਾਲਰ) ਦੇ ਹਿਸਾਬ ਨਾਲ ਉਹ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ ਹੈ। ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਵਿੱਚ ਚੀਨ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਦੇਸ ਹੈ।

ਡਾਂਗ ਸ਼ਯਾਓਪਿੰਗ ਨੇ ਜਦੋਂ 1978 ਵਿੱਚ ਆਰਥਿਕ ਸੁਧਾਰ ਸ਼ੁਰੂ ਕੀਤੇ ਤਾਂ ਦੁਨੀਆਂ ਦੀ ਆਰਥਿਕਤਾ ਵਿੱਚ ਇਸ ਦਾ ਹਿੱਸਾ ਮਹਿਜ਼ 1.8 ਫੀਸਦੀ ਸੀ ਜੋ ਕਿ 2017 ਵਿੱਚ 18.2 ਫੀਸਦੀ ਹੋ ਗਿਆ।

ਚੀਨ ਹੁਣ ਨਾ ਸਿਰਫ਼ ਉੱਭਰਦਾ ਹੋਇਆ ਅਰਥਚਾਰਾ ਹੈ ਸਗੋਂ ਉਹ ਆਪਣੇ ਅਤੀਤ ਦੀ ਉਸ ਤਾਕਤ ਨੂੰ ਹੋਰ ਵਧਾ ਰਿਹਾ ਹੈ ਜਦੋਂ 15ਵੀਂ ਅਤੇ 16ਵੀਂ ਸਦੀ ਵਿੱਚ ਦੁਨੀਆਂ ਦੇ ਅਰਥਚਾਰੇ ਵਿੱਚ ਉਸਦਾ ਹਿੱਸਾ 30 ਫੀਸਦੀ ਦੇ ਨੇੜੇ ਤੇੜੇ ਹੁੰਦਾ ਸੀ।

ਚੀਨ ਨੂੰ ਤਾਕਤਵਰ ਬਣਾਉਣ ਵਿੱਚ ਤਿੰਨ ਆਗੂਆਂ ਦਾ ਨਾਮ ਲਿਆ ਜਾਂਦਾ ਹੈ-

  • ਮਾਓਤਸੇ ਤੁੰਗ
  • ਡਾਂਗ ਸ਼ਯਾਓਪਿੰਗ
  • ਵਰਤਮਾਨ ਆਗੂ ਸ਼ੀ ਜ਼ਿਨਪਿੰਗ

ਸ਼ਯਾਓਪਿੰਗ ਦੀ ਆਰਥਿਕ ਕ੍ਰਾਂਤੀ ਦੇ 40 ਸਾਲਾਂ ਬਾਅਦ ਚੀਨ ਇੱਕ ਵਾਰ ਫਿਰ ਸ਼ੀ ਜ਼ਿਨਪਿੰਗ ਵਰਗੇ ਆਗੂ ਦੀ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ।

ਸ਼ੀ ਚੀਨ ਦੇ ਅਰਥਚਾਰੇ ਨੂੰ ਹੋਰ ਕਾਰਗਰ ਬਣਾਉਣ ਲਈ ਨਿਰਮਾਣ ਦੇ ਖੇਤਰ ਵਿੱਚ ਮਹਾਂਸ਼ਕਤੀ ਬਣਾਉਣਾ ਚਾਹੁੰਦੇ ਹਨ। ਇਸ ਲਈ ਉਹ ਸ਼ਯਾਓਪਿੰਗ ਦੀਆਂ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ, ਜਿਨ੍ਹਾਂ ਵਿੱਚ ਆਰਥਿਕ ਸੁਧਾਰਾਂ ਵਰਗੇ ਕਦਮ ਸ਼ਾਮਲ ਹਨ।

ਚੀਨ ਦੀ ਆਰਥਿਕ ਸਫਲਤਾ ਦਾ ਜਿਹੜਾ ਮਾਡਲ ਹੈ ਅਤੇ ਉੱਥੇ ਜਿਹੜੀ ਕਮਿਊਨਿਸਟ ਸਿਆਸਤ ਹੈ ਉਸ ਵਿਚਕਾਰ ਟਕਰਾਉ ਦੀ ਸਥਿਤੀ ਵੀ ਬਣੀ ਸੀ।

ਅਖੀਰ ਚੀਨ ਦੇ ਅਰਥਚਾਰੇ ਵਿੱਚ ਜ਼ਬਰਦਸਤ ਉਛਾਲ ਲਈ ਸਰਕਾਰੀ ਯੋਜਨਾਵਾਂ ਅਤੇ ਨਿੱਜੀ ਉੱਦਮੀਆਂ ਤੋਂ ਇਲਾਵਾ ਮੁਕਤ ਬਾਜ਼ਾਰ ਵਿੱਚੋਂ ਕਿਸ ਨੂੰ ਕਿੰਨਾ ਹਿੱਸਾ ਮਿਲਣਾ ਚਾਹੀਦਾ ਹੈ?

ਸ਼ੀ ਦੇ ਹੱਥਾਂ ਵਿੱਚ ਚੀਨ ਦੀ ਪੂਰੀ ਸਿਆਸੀ ਤਾਕਤ ਹੈ ਅਜਿਹੇ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਉੱਥੋਂ ਦੇ ਆਗੂ ਅਰਥਚਾਰੇ ਉੱਪਰ ਕਿੰਨੀ ਪਕੜ ਰੱਖਣਾ ਚਾਹੁੰਦੇ ਹਨ?

ਸ਼ਯਾਓਪਿੰਗ ਅਤੇ ਚੀਨੀ ਆਰਥਿਕਤਾ

ਚੀਨ ਦੇ ਉੱਭਰਨ ਦੀ ਕਹਾਣੀ ਮਹਿਜ਼ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਇੱਕ ਦੇਸ ਦੇ ਵਿਕਾਸ ਦੀ ਕਹਾਣੀ ਨਹੀਂ ਹੈ ਸਗੋਂ ਇਹ ਕਹਾਣੀ ਇੱਕ ਕੰਟਰੋਲ ਕੀਤੇ ਹੋਏ ਅਰਥਚਾਰੇ ਤੋਂ ਮੁਕਤ ਅਰਥਚਾਰੇ ਅਤੇ ਫੇਰ ਬਾਜ਼ਾਰ ਕੇਂਦਰਿਤ ਅਰਥਚਾਰਾ ਬਣਨ ਦੀ ਕਹਾਣੀ ਹੈ।

ਦੁਨੀਆਂ ਦੇ ਕਈ ਦੇਸਾਂ ਨੇ ਚੀਨ ਦੇ ਇਸ ਬਦਲਾਅ ਨੂੰ ਅਪਣਾਇਆ ਪਰ ਇਸ ਮਸਲੇ ਵਿੱਚ ਸਿਲਸਿਲੇਵਾਰ ਸਫ਼ਲਤਾ ਹਾਸਲ ਕਰਨ ਵਾਲਾ ਦੇਸ ਚੀਨ ਹੀ ਰਿਹਾ।

ਚੀਨ ਨੇ ਘਰੇਲੂ ਅਰਥਚਾਰੇ ਵਿੱਚ ਲੜੀਵਾਰ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਨਾ ਕਿ ਉਸ ਨੂੰ ਬਾਜ਼ਾਰ ਦੇ ਤਰਸ 'ਤੇ ਛੱਡ ਦਿੱਤਾ ਸੀ। ਚੀਨ ਨੇ ਸਭ ਤੋਂ ਪਹਿਲਾ ਫੈਸਲਾ ਇਹ ਕੀਤਾ ਕਿ ਵਿਦੇਸ਼ੀ ਪੂੰਜੀ ਲੈ ਕੇ ਕਿੱਥੇ ਆਉਣੀ ਹੈ ਅਤੇ ਕਿੱਥੇ ਨਹੀਂ ਲਿਆਉਣੀ।

ਇਸ ਲਈ ਉਸਨੇ ਵਿਸ਼ੇਸ਼ ਆਰਥਿਕ ਖੇਤਰ ਦਾ ਨਿਰਮਾਣ ਕੀਤਾ। ਵਿਸ਼ੇਸ਼ ਆਰਥਿਕ ਖੇਤਰ ਲਈ ਚੀਨ ਨੇ ਆਪਣੇ ਸਮੁੰਦਰ ਨਾਲ ਲਗਦੇ ਦੱਖਣੀ ਸੂਬਿਆਂ ਨੂੰ ਚੁਣਿਆ।

ਡਾਂਗ ਸ਼ਯਾਓਪਿੰਗ ਨੇ ਕਮਿਊਨਿਸਟ ਸਮਾਜਵਾਦੀ ਸਿਆਸੀ ਮਾਹੌਲ ਵਿੱਚ ਠੋਸ ਬਦਲਾਅ ਦੀ ਨੀਂਹ ਰੱਖੀ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੋਵੀਅਤ ਦੇ ਆਰਥਿਕ ਮਾਡਲ ਦੀ ਨਕਲ ਛੱਡੀ ਅਤੇ ਫੇਰ ਚੀਨ ਦੇ ਅਰਥਚਾਰੇ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਚੀਨ ਦੀਆਂ ਜ਼ਰੂਰਤਾਂ ਅਤੇ ਸਮਾਜਵਾਦੀ ਨਜ਼ਰੀਏ ਨਾਲ ਸ਼ੁਰੂ ਕੀਤਾ।

ਚੀਨੀ ਲੇਖਕ ਯੂਕੋਨ ਹੁਆਂਗ ਨੇ ਆਪਣੀ ਕਿਤਾਬ 'ਕ੍ਰੈਕਿੰਗ ਦਿ ਚਾਈਨਾ ਕਨਨਡਰਮ꞉ ਵਾਈ ਕਨਵੈਨਸ਼ਨਲ ਇਕਨਾਮਿਕ ਵਿਜ਼ਡਮ ਇਜ਼ ਰਾਂਗ' ਵਿੱਚ ਲਿਖਿਆ ਹੈ, "ਡਾਂਗ ਨਾ ਸਿਰਫ ਇੱਕ ਮਹਾਨ ਸੁਧਾਰਕ ਸਨ ਬਲਕਿ ਉਹ ਬੇਸਬਰ ਵੀ ਸਨ।"

ਡਾਂਗ ਨੇ ਜਿਹੜਾ ਸਮਾਜਿਕ ਆਰਥਿਕ ਸੁਧਾਰ ਸ਼ੁਰੂ ਕੀਤਾ ਸੀ। ਉਸਦੀ ਮਿਸਾਲ ਮਨੁੱਖੀ ਇਤਿਹਾਸ ਵਿੱਚ ਕਿਤੇ ਨਹੀਂ ਮਿਲੀ। ਚੀਨ ਦੀ ਜੀਡੀਪੀ 1978 ਤੋਂ 2016 ਦੌਰਾਨ 3,230 ਫੀਸਦੀ ਵਧੀ।

ਇਸ ਦੌਰਾਨ 70 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਲਿਆਂਦਾ ਗਿਆ ਅਤੇ 38.5 ਕਰੋੜ ਲੋਕ ਮੱਧ ਵਰਗ ਵਿੱਚ ਸ਼ਾਮਲ ਹੋਏ।

ਚੀਨ ਦਾ ਵਿਦੇਸ਼ੀ ਵਪਾਰ 17,500 ਫੀਸਦੀ ਵਧਿਆ ਅਤੇ 2015 ਤੱਕ ਚੀਨ ਵਿਦੇਸ਼ੀ ਵਪਾਰ ਵਿੱਚ ਦੁਨੀਆਂ ਦਾ ਆਗੂ ਬਣ ਕੇ ਸਾਹਮਣੇ ਆਇਆ।

1978 ਵਿੱਚ ਚੀਨ ਪੂਰਾ ਸਾਲ ਜਿੰਨਾ ਵਪਾਰ ਕਰਦਾ ਸੀ ਓਨਾ ਵਪਾਰ ਚੀਨ ਹੁਣ ਦੋ ਦਿਨਾਂ ਵਿੱਚ ਕਰਦਾ ਹੈ।

ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੀ ਸਾਮੂਹਿਕ ਅਗਵਾਈ ਦੇ ਸਹਾਰੇ ਡਾਂਗ ਨੇ ਚੀਨ ਵਿੱਚ ਸਮਾਜਿਕ ਆਰਥਿਕ ਤਬਦੀਲੀ ਦੀ ਪ੍ਰਕਿਰਿਆ ਤੇਜ਼ ਕੀਤੀ ਸੀ। 1960 ਅਤੇ 1970 ਦੇ ਦਹਾਕੇ ਵਿੱਚ ਕਈ ਝਟਕਿਆ ਤੋਂ ਬਾਅਦ ਡਾਂਗ ਮਾਓ ਦੀ ਸ਼ੈਲੀ ਨੂੰ ਲੈ ਕੇ ਸੁਚੇਤ ਸਨ।

ਕੌਮਾਂਤਰੀ ਸੰਬੰਧਾਂ ਨੂੰ ਲੈ ਕੇ ਡਾਂਗ ਕੁਝ ਸਿਧਾਂਤਾਂ ਦੀ ਪਾਲਣਾ ਕਰਦੇ ਸਨ। ਉੁਨ੍ਹਾਂ ਦਾ ਪੂਰਾ ਧਿਆਨ ਚੀਨੀ ਅਰਥਚਾਰੇ ਵਿੱਚ ਤੇਜ਼ੀ ਲਿਆਉਣ ਉੱਪਰ ਸੀ।

ਹਾਰਵਰਡ ਯੂਨੀਵਰਸਿਟੀ ਵਿੱਚ ਸੋਸ਼ਲ ਸਾਈਂਸ ਦੇ ਪ੍ਰੋਫੈਸਰ ਰਹੇ ਏਜ਼ਰਾ ਵੋਜੇਲ ਨੇ ਡਾਂਗ ਸ਼ਯਾਓਪਿੰਗ ਦੀ ਜੀਵਨੀ ਲਿਖੀ ਹੈ।

ਉਨ੍ਹਾਂ ਨੇ ਡਾਂਗ ਨੂੰ ਅਜਿਹਾ ਮਹਾਨ ਆਗੂ ਕਿਹਾ ਹੈ ਜੋ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਰੋਕ ਕੇ ਸਥਿਰਤਾ ਲਿਆਉਣ ਦੀ ਸਮਰੱਥਾ ਰੱਖਦਾ ਹੈ।

ਚੀਨ ਵਿੱਚ ਆਰਥਿਕ ਕਾਇਆਪਲਟ ਤੋਂ ਨਾ ਸਿਰਫ ਚੀਨੀ ਨਾਗਰਿਕਾਂ ਵਿੱਚ ਆਰਥਿਕ ਖੁਸ਼ਹਾਲੀ ਆਈ ਸਗੋਂ ਚੀਨੀ ਕਮਿਊਨਿਸਟ ਪਾਰਟੀ ਦੀ ਸੱਤਾ ਉੱਪਰ ਪਕੜ ਵੀ ਹੋਰ ਪੱਕੀ ਹੋਈ। ਡਾਂਗ ਦੇ ਆਰਥਿਕ ਉਦਾਰੀਕਰਨ ਨੂੰ ਚੀਨੀ ਸਿਆਸਤ ਦਾ ਉਦਾਰੀਕਰਨ ਵੀ ਕਿਹਾ ਗਿਆ।

ਸ਼ੀ ਜ਼ਿਨਪਿੰਗ ਅਤੇ ਨਵਾਂ ਚੀਨ

ਡਾਂਗ ਸ਼ਯਾਓਪਿੰਗ ਅਕਸਰ ਟੂ-ਕੈਟ ਥਿਊਰੀ ਦੀ ਮਿਸਾਲ ਦਿੰਦੇ ਹੁੰਦੇ ਸਨ- ਜਦੋਂ ਤੱਕ ਬਿੱਲੀ ਚੂਹੇ ਖਾਂਦੀ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਾਲੀ ਹੈ ਜਾਂ ਸਫੈਦ।

ਇਸੇ ਦੀ ਤਰਜ਼ ਤੇ ਜ਼ਿਨਪਿੰਗ ਨੇ ਚੀਨ ਵਿੱਚ ਉਦਯੋਗਿਕ ਵਿਕਾਸ ਦਾ ਮਤਾ ਰੱਖਿਆ। ਇਸ ਲਈ ਸ਼ੀ ਨੇ 'ਟੂ-ਬਰਡ ਥਿਊਰੀ' ਦਿੱਤੀ। 2014 ਵਿੱਚ 12 ਵੀਂ ਨੈਸ਼ਨਲ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਜਿਨਪਿੰਗ ਨੇ ਕਿਹਾ ਸੀ ਕਿ ਪਿੰਜਰੇ ਨੂੰ ਖੋਲ੍ਹਣ ਦੀ ਲੋੜ ਹੈ ਅਤੇ ਉਸ ਵਿੱਚ ਬੁੱਢੇ ਪੰਛੀਆਂ (ਆਖਰੀ ਸਾਹ ਲੈ ਰਹੀਆਂ ਉਦਯੋਗਿਕ ਸੰਸਥਾਵਾਂ) ਨੂੰ ਕੈਦ ਕਰਨ ਦੀ ਲੋੜ ਹੈ।

ਸ਼ੀ ਨੇ ਕਿਹਾ ਸੀ ਕਿ ਇਸੇ ਪ੍ਰਕਿਰਿਆ ਤਹਿਤ ਚੀਨ ਨਿਰਵਾਣ ਤੱਕ ਪਹੁੰਚੇਗਾ। ਇਸ ਨਿਰਵਾਣ ਦੀ ਪ੍ਰਕਿਰਿਆ ਵਿੱਚ ਵੀ ਸ਼ੀ ਦਾ ਜ਼ੋਰ ਮੌਲਿਕ ਤਕਨੀਕ ਅਤੇ ਵਾਤਾਵਰਣ ਦੀ ਰਾਖੀ ਦੇ ਨਾਲ ਵਿਕਾਸ ਕਰ ਰਿਹਾ ਹੈ।

ਚੀਨ ਵਿੱਚ ਹੁਣ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਚੀਨ ਦਾ ਅਗਲਾ ਨਾਇਕ ਕੌਣ ਹੋਵੇਗਾ। ਪਿਛਲੇ ਸਾਲ ਨੈਸ਼ਨਲ ਪੀਪਲਜ਼ ਕਾਂਗਰਸ ਨੇ ਰਾਸ਼ਟਰਪਤੀ ਦੇ ਕਾਰਜਕਾਲ ਦੀ ਸੀਮਾ ਖ਼ਤਮ ਕਰ ਦਿੱਤੀ ਸੀ।

ਇਸ ਦੇ ਨਾਲ ਹੀ ਚੀਨ ਵਿੱਚ ਸਮਾਜਵਾਦ ਉੱਪਰ ਵੀ ਜਿਨਪਿੰਗ ਵਿਚਾਰ ਦੀ ਸ਼ੁਰੂਆਤ ਹੋਈ ਅਤੇ ਇਸ ਨੂੰ ਚੀਨ ਦਾ ਨਵਾਂ ਯੁੱਗ ਕਿਹਾ ਜਾ ਰਿਹਾ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਉੱਪਰ ਜਿਸ ਵਿਅਕਤੀ ਦਾ ਕਬਜ਼ਾ ਹੁੰਦਾ ਹੈ ਉਸੇ ਦਾ ਕੰਟਰੋਲ ਉੱਥੋਂ ਦੀਆਂ ਸਾਰੀਆਂ ਤਾਕਤਾਂ ਉੱਪਰ ਵੀ ਹੁੰਦਾ ਹੈ।

ਸ਼ੀ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਵਿੱਚ ਆਪਣੇ ਵਿਰੋਧੀਆਂ ਨੂੰ ਪੂਰੀ ਤਰ੍ਹਾਂ ਬੇਦਖ਼ਲ ਕਰ ਦਿੱਤਾ ਹੈ।

ਸ਼ੀ ਜ਼ਿਨਪਿੰਗ ਨੇ ਸਰਕਾਰੀ ਉਦਯੋਗਾਂ ਉੱਪਰ ਸ਼ਿਕੰਜਾ ਕੱਸਿਆ ਹੈ। ਮਿਸਾਲ ਵਜੋਂ ਕਮਿਊਨਿਸਟ ਪਾਰਟੀ ਦੇ ਕੰਟਰੋਲ ਵਿੱਚੋਂ ਸਰਕਾਰੀ ਕੰਪਨੀਆਂ ਨੂੰ ਦੂਰ ਰੱਖਿਆ ਅਤੇ ਪੂਰੀ ਜ਼ਿੰਮੇਵਾਰੀ ਮੈਨੇਜਮੈਂਟ ਦੇ ਹੱਥਾਂ ਵਿੱਚ ਦਿੱਤੀ।

ਸ਼ੀ ਦੇ ਕਾਰਜਕਾਲ ਵਿੱਚ ਗੈਰ-ਸਰਕਾਰੀ ਸੰਗਠਨਾਂ ਉੱਪਰ ਵੀ ਸ਼ਿਕੰਜਾ ਕੱਸਿਆ ਗਿਆ। ਕਈ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਗਿਰਫਤਾਰ ਕੀਤਾ ਗਿਆ।

ਕਈਆਂ ਦਾ ਮੰਨਣਾ ਸੀ ਕਿ ਸ਼ੀ ਜ਼ਿਨਪਿੰਗ ਆਪਣੇ ਪਿਤਾ ਵਰਗੇ ਉਦਾਰ ਹੋਣਗੇ। ਉਨ੍ਹਾਂ ਦੇ ਪਿਤਾ ਸ਼ੀ ਚੌਂਗਸ਼ੁਆਨ 1978 ਵਿੱਚ ਗਵਾਂਗਦੋਂਗ ਸੂਬੇ ਦੇ ਗਵਰਨਰ ਸਨ। ਉਹ ਡਾਂਗ ਸ਼ਯਾਓਪਿੰਗ ਦੀ ਆਰਥਿਕ ਕ੍ਰਾਂਤੀ ਦੇ ਆਗੂ ਵੀ ਸਨ।

ਦਸੰਬਰ 2012 ਦੀ ਸ਼ੁਰੂਆਤ ਵਿੱਚ ਸ਼ੀ ਜ਼ਿਨਪਿੰਗ ਨੇ ਗਵਾਂਗਦੋਂਗ ਸੂਬੇ ਦਾ ਪਹਿਲਾ ਅਧਿਕਾਰਕ ਦੌਰਾ ਕੀਤਾ। ਇਸ ਦੌਰੇ ਤੋਂ ਉਨ੍ਹਾਂ ਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕੀ ਡਾਂਗ ਦੇ ਸੁਧਾਰਾਂ ਨਾਲ ਰੁਕਾਵਟ ਨਹੀਂ ਆਵੇਗੀ। ਪਿਛਲੇ ਪੰਜ ਸਾਲਾਂ ਵਿੱਚ ਸ਼ੀ ਨੇ ਅਜਿਹਾ ਕਰਕੇ ਵੀ ਦਿਖਾਇਆ ਹੈ।

ਉਦਾਰੀਕਰਨ ਦੀ ਹੱਦ

ਚੀਨ ਨੇ ਉਦਾਰੀਕਰਨ ਲਈ ਪੂਰਾ ਨਕਸ਼ਾ ਤਿਆਰ ਕੀਤਾ ਸੀ। ਚੀਨ ਦੇ ਨੇਤਾਵਾਂ ਨੇ ਕੇਂਦਰੀ ਕੰਟਰੋਲ ਵਾਲੀ ਲੀਡਰਸ਼ਿੱਪ ਉੱਪਰ ਜ਼ੋਰ ਦਿੱਤਾ ਸੀ ਪਰ ਸਥਾਨਕ ਸਰਕਾਰ, ਨਿੱਜੀ ਕੰਪਨੀਆਂ ਅਤੇ ਪੂੰਜੀਕਾਰਾਂ ਦਰਮਿਆਨ ਕਮਾਲ ਦਾ ਸਮਤੋਲ ਬਣਾਇਆ।

ਵਿਦੇਸ਼ੀ ਪੂੰਜੀਕਾਰਾਂ ਨੂੰ ਚੀਨ ਨੇ ਖੁੱਲ੍ਹ ਦਿੱਤੀ। ਪਹਿਲੇ ਆਗੂਆਂ ਦੀ ਤੁਲਨਾ ਵਿੱਚ ਸ਼ੀ ਨੇ ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿੱਪ ਉੱਪਰ ਜ਼ਿਆਦਾ ਜ਼ੋਰ ਦਿੱਤਾ।

2014 ਤੋਂ ਬਾਅਦ ਚੀਨ ਵਿੱਚ ਨਿੱਜੀ ਨਿਵੇਸ਼ ਬਹੁਤ ਤੇਜ਼ੀ ਨਾਲ ਵਧਿਆ ਹੈ। ਸ਼ੀ ਜ਼ਿਨਪਿੰਗ ਨੇ ਵਪਾਰ ਦਾ ਘੇਰਾ ਪੂਰੀ ਦੁਨੀਆਂ ਵਿੱਚ ਵਧਾਇਆ। 'ਵਨ ਬੈਲਟ ਵਨ ਰੋਡ' ਯੋਜਨਾ ਰਾਹੀਂ ਬੁਨਿਆਦੀ ਢਾਂਚੇ ਅਤੇ ਵਪਾਰਕ ਨੈੱਟਵਰਕ ਨੂੰ ਏਸ਼ੀਆ,ਯੂਰੋਪ ਅਤੇ ਅਫਰੀਕਾ ਨਾਲ ਜੋੜਨਾ ਹੈ।

ਹਾਲੀਆਂ ਦਿਨਾਂ ਵਿੱਚ ਤਾਂ ਚੀਨ ਦੀ ਨੀਅਤ ਉੱਪਰ ਵੀ ਸਵਾਲ ਉੱਠ ਰਹੇ ਹਨ। ਮਿਸਾਲ ਵਜੋਂ ਸ਼੍ਰੀਲੰਕਾ ਚੀਨ ਦਾ ਕਰਜ਼ਾ ਲਾਹੁਣ ਵਿੱਚ ਅਸਫਲ ਰਿਹਾ ਤਾਂ ਉਸਨੇ ਹਮਬਨਟੋਟਾ ਬੰਦਰਗਾਹ ਨੂੰ 99 ਸਾਲਾਂ ਦੀ ਲੀਜ਼ ਉੱਤੇ ਸੌਂਪ ਦਿੱਤਾ।

ਇਸੇ ਲੜੀ ਵਿੱਚ ਜਿਬੂਤੀ, ਪਾਕਿਸਤਾਨ ਅਤੇ ਕਿਰਗਿਸਤਾਨ ਵੀ ਸ਼ਾਮਲ ਹਨ। ਚੀਨ ਵਿਸ਼ਵ ਵਪਾਰ ਸੰਗਠਨ ਦਾ ਸਾਲ 2001 ਵਿੱਚ ਮੈਂਬਰ ਬਣਿਆ।

ਇਸਤੋਂ ਬਾਅਦ ਚੀਨ ਵਿਦੇਸ਼ੀ ਵਪਾਰ ਨੂੰ ਸੁਖਾਲਾ ਬਣਾਉਣ ਲਈ ਸੱਤ ਹਜ਼ਾਰ ਨਿਯਮਾਂ ਨੂੰ ਖ਼ਤਮ ਕਰ ਚੁੱਕਿਆ ਹੈ। ਸਾਲ 2001 ਤੋਂ ਚੀਨ ਟੈਰਿਫ ਔਸਤ 10 ਫੀਸਦੀ ਦੀ ਕਟੌਤੀ ਕਰ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)