ਮੋਗਾ ਦੇ ਪਿੰਡ ਮੋਠਾਂਵਾਲੀ 'ਚ 'ਬੇਅਦਬੀ' ਦਾ ਮਾਮਲਾ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਪੰਜਾਬੀ ਲਈ

2015 'ਚ ਸ਼ੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਹਕੂਮਤ ਬਦਲਣ ਦੇ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ।

ਇਹ ਤਾਜ਼ਾ ਘਟਨਾ ਪਿੰਡ ਮੋਠਾਂਵਾਲੀ ਦੇ ਗੁਰਦੁਆਰਾ ਸੱਪ ਸਾਹਿਬ ਨੇੜੇ ਵਾਪਰੀ ਹੈ।

ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਖਵੰਤ ਸਿੰਘ ਦੇ ਅਨੁਸਾਰ ਸਭ ਤੋਂ ਪਹਿਲਾਂ ਬੀਬੀਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਪੰਨੇ ਤਿੰਨ ਚਾਰ ਥਾਵਾਂ 'ਤੇ ਖਿੱਲਰੇ ਦੇਖੇ।

ਮੋਗਾ ਤੋਂ ਐਸਐਸਪੀ ਰਾਜਜੀਤ ਸਿੰਘ ਹੁੰਦਲ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਪਿੰਡ 'ਚ ਸੁਰੱਖਿਆ ਦਲ ਤਾਇਨਾਤ ਕਰ ਦਿੱਤੇ ਗਏ।

ਪਿੰਡ ਛਾਉਣੀ 'ਚ ਬਦਲਿਆ

ਪਿੰਡ ਦੇ ਗੁਰਦੁਆਰਾ ਸਾਹਿਬ 'ਚ ਧਾਰਮਿਕ ਤੇ ਸਿਆਸੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੋਈਆਂ ਸਨ।

ਪ੍ਰਧਾਨ ਲਖਵੰਤ ਸਿੰਘ ਤੇ ਹੋਰ ਪਿੰਡ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਹਰੇਕ ਐਤਵਾਰ ਨੂੰ ਅੰਮ੍ਰਿਤ ਵੇਲੇ ਬੀਬੀਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ।

ਐਤਵਾਰ ਸਵੇਰੇ ਜਿਵੇਂ ਹੀ ਬੀਬੀਆਂ ਗੁਰਦੁਆਰੇ ਨੇੜੇ ਪਹੁੰਚੀਆਂ ਤਾਂ ਉਨ੍ਹਾਂ ਨੂੰ ਗੁਟਕਾ ਸਾਹਿਬ ਦੇ ਪੰਨੇ ਉਥੇ ਖਿਲਰੇ ਹੋਏ ਮਿਲੇ।

ਉਨ੍ਹਾਂ ਤੁਰੰਤ ਗੁਰਦੁਆਰਾ ਸਾਹਿਬ 'ਚ ਅਤੇ ਪਿੰਡ ਦੇ ਸਰਪੰਚ ਨੂੰ ਇਸ ਦੀ ਜਾਣਕਾਰੀ ਦਿੱਤੀ।

ਬਾਅਦ 'ਚ ਪਿੰਡ ਦੇ ਇੱਕ ਦੋ ਹੋਰ ਘਰਾਂ ਦੇ ਸਾਹਮਣੇ ਵੀ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਹੋਏ ਮਿਲੇ।

ਗੁਰਦੁਆਰਾ ਸਾਹਿਬ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਮਾਰ ਹੇਠ ਇਹ ਥਾਂ ਨਹੀਂ ਆਈ ਜਿਸ ਕਰਕੇ ਪੁਲਿਸ ਨੂੰ ਪੜਤਾਲ ਕਰਨ 'ਚ ਥੋੜ੍ਹੀ ਦਿੱਕਤ ਪੇਸ਼ ਆ ਰਹੀ ਹੈ।

ਪੁਲਿਸ ਅਧਿਕਾਰੀ ਹੋਰ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਰਹੇ ਹਨ ਤਾਂ ਜੋ ਸ਼ਰਾਰਤੀ ਅਨਸਰਾਂ ਬਾਰੇ ਕੋਈ ਸੁਰਾਗ ਹੱਥ ਲੱਗ ਸਕੇ।

ਜਥੇਦਾਰ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆਂ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਸਤਿਕਾਰ ਕਮੇਟੀ ਦੇ ਰਾਜਾ ਸਿੰਘ ਵੀ ਪਿੰਡ ਮੋਠਾਂਵਾਲੀ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਤਿੰਨ ਸਾਲ ਤੋਂ ਬੇਅਦਬੀ ਦੀਆਂ ਘਟਨਾਵਾਂ ਦਾ ਨਿਰੰਤਰ ਵਾਪਰਨਾ ਵੱਡੀ ਚਿੰਤਾ ਦਾ ਵਿਸ਼ਾ ਹੈ।

ਐਸਐਸਪੀ ਰਾਜਜੀਤ ਸਿੰਘ ਹੁੰਦਲ ਨੇ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)