You’re viewing a text-only version of this website that uses less data. View the main version of the website including all images and videos.
ਸ੍ਰੀ ਲੰਕਾ 'ਚ ਟਕਰਾਏ ਭਾਰਤ ਤੇ ਚੀਨ ਦੇ ਆਰਥਿਕ ਹਿੱਤ
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ, ਸ਼੍ਰੀਲੰਕਾ
ਚੀਨ ਅਤੇ ਭਾਰਤ ਵਿਚਾਲੇ ਆਰਥਿਕ ਮੁਕਾਬਲਾ ਕਈ ਦੇਸਾਂ ਵਿੱਚ ਹੈ। ਉਸਦਾ ਅਸਰ ਸ਼ੁੱਕਰਵਾਰ ਨੂੰ ਸ੍ਰੀ ਲੰਕਾ ਦੀਆਂ ਸੜ੍ਹਕਾਂ ਤੇ ਦਿਖਿਆ।
ਰਾਜਧਾਨੀ ਕੋਲੰਬੋ ਦੇ ਦੱਖਣ ਵਿੱਚ ਮਟਾਲਾ ਹਵਾਈ ਅੱਡੇ ਦਾ ਪ੍ਰਬੰਧ ਭਾਰਤ ਨੂੰ ਦਿੱਤੇ ਜਾਣ ਦੇ ਮਤੇ 'ਤੇ ਸ਼ੁਕਰਵਾਰ ਨੂੰ ਸ੍ਰੀਲੰਕਾ ਵਿੱਚ ਵਿਰੋਧੀ ਧਿਰ ਨੇ ਭਾਰਤੀ ਕਾਊਂਸਲੇਟ ਦੇ ਬਾਹਰ ਪ੍ਰਦਰਸ਼ਨ ਕੀਤਾ।
ਇਸ ਵਿੱਚ ਤਿੰਨ ਪੁਲਿਸ ਵਾਲੇ ਫੱਟੜ ਹੋ ਗਏ ਅਤੇ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਲੰਕਾ ਵਿੱਚ ਹਰ ਪਾਸੇ ਚੀਨ ਹੀ ਚੀਨ
ਕਈ ਸੜਕਾਂ, ਹੰਬਨਟੋਟਾ ਬੰਦਰਗਾਹ, ਮਟਾਲਾ ਹਵਾਈ ਅੱਡਾ, ਕੋਲੰਬੋ ਦੀਆਂ ਨਵੀਆਂ ਇਮਾਰਤਾਂ, ਹਰ ਥਾਂ ਚੀਨੀ ਕੰਪਨੀਆਂ ਕੰਮ ਵਿੱਚ ਲੱਗੀਆਂ ਹੋਈਆਂ ਹਨ।
ਚੀਨ ਦੀ ਮਦਦ ਨਾਲ ਬਣੇ ਐਕਸਪ੍ਰੈਸ ਹਾਈਵੇ ਤੋਂ ਅਸੀਂ ਰਾਜਧਾਨੀ ਕੋਲੰਬੋ ਤੋਂ ਹੰਬਨਟੋਟਾ ਸ਼ਹਿਰ ਪਹੁੰਚੇ। ਚੀਨ ਨੇ ਇੱਥੇ ਬਹੁਤ ਨਿਵੇਸ਼ ਕੀਤਾ ਹੈ। ਪਰ ਮੰਗ ਦੀ ਘਾਟ ਕਰਕੇ ਕੋਈ ਮੁਨਾਫ਼ਾ ਨਹੀਂ ਹੋਇਆ।
ਹਾਈਵੇ ਦੇ ਕਿਨਾਰੇ ਬਣੇ ਹਾਈਟੈੱਕ ਕਾਨਫਰੰਸ ਸੈਂਟਰ ਵੀ ਧੂੜ ਫੱਕ ਰਿਹਾ ਹੈ।
ਹੰਬਨਟੋਟਾ ਵਿੱਚ ਇੱਕ ਕ੍ਰਿਕਟ ਸਟੇਡੀਅਮ ਹੈ ਜਿੱਥੇ ਕਦੇ-ਕਦਾਈਂ ਹੀ ਮੈਚ ਹੁੰਦੇ ਹਨ। ਹੰਬਨਟੋਟਾ ਦੇ ਸਮੁੰਦਰੀ ਕਿਨਾਰੇ 'ਤੇ ਚੀਨ ਨੇ ਪੂਰਬੀ ਏਸ਼ੀਆ ਅਤੇ ਮੱਧ ਪੂਰਬ ਨੂੰ ਜੋੜਨ ਵਾਲੇ ਮਹੱਤਵਪੂਰਨ ਸਮੁੰਦਰੀ ਰਾਹ 'ਤੇ ਇੱਕ ਵੱਡਾ ਬੰਦਰਗਾਹ ਉਸਾਰਿਆ ਹੈ।
ਐੱਲਟੀਟੀਈ ਦੇ ਨਾਲ ਘਰੇਲੂ ਖਾਨਾਜੰਗੀ ਮੁੱਕਣ ਤੋਂ ਬਾਅਦ ਸ੍ਰੀ ਲੰਕਾ ਦੀ ਕੋਸ਼ਿਸ਼ ਹੈ ਕਿ ਅਰਥਚਾਰਾ ਤੇਜ਼ੀ ਫੜੇ।
ਹੰਬਨਟੋਟਾ ਹਵਾਈ ਅੱਡੇ ਤੋਂ ਥੋੜ੍ਹੀ ਦੂਰ ਮਟਾਲਾ ਹਵਾਈ ਅੱਡੇ 'ਤੇ ਰੋਜ਼ਾਨਾ ਸਵੇਰੇ ਸਿਰਫ਼ ਇੱਕ ਹਵਾਈ ਜਹਾਜ਼ ਉੱਤਰਦਾ ਹੈ। ਕਰਮਚਾਰੀ ਬਾਕੀ ਸਾਰਾ ਦਿਨ ਵਿਹਲੇ ਬੈਠੇ ਰਹਿੰਦੇ ਹਨ।
ਚੀਨ ਦੇ ਵੱਧਦੇ ਅਸਰ ਦੀ ਭਾਰਤ ਨੂੰ ਚਿੰਤਾ
ਭਾਰਤ ਨੂੰ ਖੁਸ਼ ਕਰਨ ਲਈ ਸ੍ਰੀ ਲੰਕਾ ਦੀ ਸਰਕਾਰ ਨੇ ਘਾਟੇ ਵਿੱਚ ਚੱਲ ਰਹੇ ਮਟਾਲਾ ਹਵਾਈ ਅੱਡੇ ਦਾ ਪ੍ਰਬੰਧ ਭਾਰਤ ਨੂੰ ਦੇਣ ਦਾ ਫ਼ੈਸਲਾ ਕੀਤਾ।
ਸਰਕਾਰ ਦੇ ਬੁਲਾਰੇ ਅਤੇ ਸਿਹਤ ਮੰਤਰੀ ਡਾ. ਰਜੀਤਾ ਸੇਨਰਤਨੇ ਨੇ ਕਿਹਾ, "ਅਸੀਂ ਮਟਾਲਾ ਹਵਾਈ ਅੱਡਾ ਭਾਰਤ ਨੂੰ ਦੇਣਾ ਚਾਹੁੰਦੇ ਹਾਂ। ਇਸ ਬਾਰੇ ਕੈਬਨਿਟ ਨੂੰ ਦੱਸ ਦਿੱਤਾ ਗਿਆ ਹੈ ਕਿ ਮਟਾਲਾ ਹਵਾਈ ਅੱਡਾ ਭਾਰਤ ਨੂੰ ਦੇ ਦਿੱਤਾ ਜਾਵੇ।"
ਭਾਰਤ ਅਤੇ ਚੀਨ ਦੇ ਗੁਆਂਢੀ ਸ੍ਰੀ ਲੰਕਾ ਲਈ ਦੋਹਾਂ ਨਾਲ ਚੰਗੇ ਸਬੰਧ ਰੱਖਣਾ ਅਹਿਮ ਹੈ।
ਸ੍ਰੀ ਲੰਕਾ ਚਾਹੁੰਦਾ ਹੈ ਕਿ ਤਿੰਨ ਦਹਾਕੇ ਚੱਲੀ ਖਾਨਾਜੰਗੀ ਤੋਂ ਬਾਅਦ ਵਿਕਾਸ ਵਿੱਚ ਤੇਜ਼ੀ ਆਵੇ।
ਭਾਰਤ ਵੱਲੋਂ ਸੌਖੀਆਂ ਸ਼ਰਤਾਂ 'ਤੇ ਕਰਜ਼
ਸੇਨਰਤਨੇ ਨੇ ਕਿਹਾ, "ਚੀਨ ਸਾਨੂੰ ਹਰ ਸਾਲ ਅਰਬਾਂ ਡਾਲਰ ਦਿੰਦਾ ਹੈ।"
"ਭਾਰਤ ਤੋਂ ਪੈਸਾ ਸਾਫਟ ਲੋਨ ਵਜੋਂ ਆਉਂਦਾ ਹੈ ਜਿਸਦੇ ਨਿਯਮ ਸੌਖੇ ਹੁੰਦੇ ਹਨ। ਭਾਰਤ ਚੀਨ ਵਾਂਗ ਭਾਰੀ ਕਰਜ਼ ਨਹੀਂ ਦੇ ਸਕਦਾ।"
ਉਹ ਮੰਨਦੇ ਹਨ ਕਿ ਭਾਰਤ ਨਾਲ ਚੰਗੇ ਰਿਸ਼ਤਿਆਂ ਤੋਂ ਬਿਨਾਂ ਸ੍ਰੀ ਲੰਕਾ ਦੀ ਹੋਂਦ ਸੰਭਵ ਨਹੀਂ ਹੈ।
ਸ੍ਰੀ ਲੰਕਾ ਵਿੱਚ ਭਾਰਤ ਅਤੇ ਚੀਨ ਆਹਮੋਂ-ਸਾਹਮਣੇ ਹਨ।
ਚੀਨੀ ਕੰਪਨੀਆਂ ਕੋਲ ਲਾਉਣ ਲਈ ਬਹੁਤ ਪੈਸਾ ਅਤੇ ਸਰਕਾਰੀ ਹਮਾਇਤ ਹੈ।
ਚੀਨ ਇੱਕ ਨਵਾਂ ਬਸਤੀਵਾਦੀ
ਇੱਕ ਬੈਲਟ ਇੱਕ ਰਾਹ ਦੇ ਅਧੀਨ ਚੀਨ ਦੀ ਕੋਸ਼ਿਸ਼ ਹੈ ਕਿ ਰਸਤਿਆਂ ਦਾ ਵਿਸਥਾਰ ਹੋਵੇ ਅਤੇ ਵਪਾਰ ਵਧੇ।
ਪਰ ਜਿਸ ਤੇਜ਼ੀ ਨਾਲ ਚੀਨ ਉੱਚੀਆਂ ਦਰਾਂ 'ਤੇ ਕਰਜ਼ ਦੇ ਰਿਹਾ ਹੈ ਉਸਨੂੰ ਨਵਾਂ ਬਸਤੀਵਾਦ ਕਿਹਾ ਜਾ ਰਿਹਾ ਹੈ।
ਚੀਨੀ ਪੈਸੇ ਨਾਲ ਬੰਦਰਗਾਹ ਤਾਂ ਬਣ ਗਿਆ ਪਰ ਘਾਟੇ ਕਰਕੇ ਸ੍ਰੀ ਲੰਕਾ ਨੂੰ ਇਹ ਚੀਨ ਨੂੰ ਹੀ ਪੱਟੇ ਤੇ ਦੇਣਾ ਪਿਆ।
ਸੇਨਰਤਨੇ ਕਹਿੰਦੇ ਹਨ, "ਹੰਬਨਟੋਟਾ ਦੇ ਲਈ ਅਸੀਂ ਹਰ ਸਾਲ 9.2 ਅਰਬ ਰੁਪਏ ਦੇ ਰਹੇ ਹਾਂ।
ਸਾਲ 2020 ਤੋਂ ਸਾਨੂੰ 15.2 ਅਰਬ ਰੁਪਏ ਦੇਣ ਪੈਂਦੇ ਜਦਕਿ ਸਾਨੂੰ ਬੰਦਰਗਾਹ ਤੋਂ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਸੀ।
ਇਸ ਲਈ ਅਸੀਂ ਇਹ ਕਿਸੇ ਨੂੰ ਤਾਂ ਦੇਣਾ ਹੀ ਸੀ।
ਇਸ ਨਾਲ ਸਾਡੇ ਤੇ ਪੈ ਰਿਹਾ ਭਾਰ ਘਟੇਗਾ। ਅਸੀਂ ਉਸ ਪੈਸੇ ਨੂੰ ਲੋਕਾਂ ਨੂੰ ਰਾਹਤ ਦੇਣ ਲਈ ਕਰ ਸਕਦੇ ਹਾਂ।"
ਚੀਨ ਤੋਂ ਮਿਲਣ ਵਾਲੇ ਵਪਾਰਕ ਕਰਜ਼ ਤੇ ਪੰਜ ਫੀਸਦੀ ਤੋਂ ਵੱਧ ਦੀ ਵਿਆਜ ਦਰ ਨਾਲ ਪੈਸਾ ਚੁਕਾਉਣਾ ਪੈਂਦਾ ਹੈ।
ਟਰਰਾਅ ਦਾ ਪਿਛੋਕੜ
ਨਮਲ ਰਾਜਪਕਸ਼ੇ ਸਾਂਸਦ ਹਨ ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਪੁੱਤਰ ਹਨ।
ਮਹਿੰਦਾ ਰਾਜਪਕਸ਼ੇ ਵੇਲੇ ਸ੍ਰੀ ਲੰਕਾ ਵਿੱਚ ਕਈ ਵੱਡੀਆਂ ਯੋਜਨਾਵਾਂ ਸ਼ੁਰੂ ਹੋਈਆਂ ਸਨ।
ਨਮਲ ਕਹਿੰਦੇ ਹਨ, "ਸਾਡੀ ਨੀਤੀ ਸਾਫ਼ ਸੀ। ਸ੍ਰੀ ਲੰਕਾ ਦਾ ਹਿੱਤ ਸਭ ਤੋਂ ਅੱਗੇ ਹੈ। ਅਸੀਂ ਉਹੀ ਕਰਾਂਗੇ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇ।"
"ਸਾਨੂੰ ਚੀਨੀ ਸਰਕਾਰ ਨੂੰ ਇੱਜ਼ਤ ਦੇਣੀ ਚਾਹੀਦੀ ਹੈ।"
"ਉਨ੍ਹਾਂ ਨੇ ਇੱਥੇ ਆਪ ਆ ਕੇ ਬੰਦਰਗਾਹ ਨਹੀਂ ਮੰਗਿਆ ਸੀ। ਉਹ ਇਸ ਨੂੰ ਬਣਾਉਣ ਅਤੇ ਰੱਖਣ ਦੀ ਗੱਲ ਕਹਿ ਸਕਦੇ ਸੀ।"
"ਉਹ ਚਾਹੁੰਦੇ ਤਾਂ ਸਾਨੂੰ ਕਹਿ ਦਿੰਦੇ ਕਿ ਸਾਨੂੰ ਜ਼ਮੀਨ ਦੇ ਦਿਓ ਅਸੀਂ ਉਸਦਾ ਵਿਕਾਸ ਕਰਾਂਗੇ।"
ਨਮਲ ਦੇ ਮੁਤਾਬਕ ਭਾਰਤ ਦੇ ਸੁਸਤ ਰਵੀਈਏ ਕਰਕੇ ਸ੍ਰੀ ਲੰਕਾ ਨੂੰ ਚੀਨ ਦਾ ਰੁਖ ਕਰਨਾ ਪਿਆ ਸੀ।
ਅਫ਼ਰੀਕੀ ਦੇਸਾਂ ਵਿੱਚ ਵੀ ਭਾਰਤ ਅਤੇ ਚੀਨ ਨੂੰ ਲੈ ਕੇ ਤੁਹਾਨੂੰ ਅਜਿਹੇ ਹੀ ਜਵਾਬ ਮਿਲਣਗੇ।
ਭਾਰਤ ਨੌਕਰਸ਼ਾਹੀ ਕਰਕੇ ਸੁਸਤ
ਡਾਕਟਰ ਰਜੀਤਾ ਸੇਨਰਤਨੇ ਕਹਿੰਦੇ ਹਨ," ਭਾਰਤ ਇੱਕ ਲੋਕਤੰਤਰ ਹੈ ਅਤੇ ਉੱਥੇ ਵੀ ਸ੍ਰੀ ਲੰਕਾ ਵਰਗੀ ਨੌਕਰਸ਼ਾਹੀ ਹੈ। ਇਸ ਲਈ ਉਨ੍ਹਾਂ ਨੂੰ ਵਕਤ ਲੱਗਦਾ ਹੈ।"
"ਚੀਨ ਤੇਜ਼ ਕੰਮ ਕਰਦਾ ਹੈ ਕਿਉਂਕਿ ਚੀਨ ਵਿੱਚ ਇੱਕ ਹਾਈਕਮਾਨ ਹੁੰਦਾ ਹੈ। ਜਦੋਂ ਉਹ ਫ਼ੈਸਲਾ ਲੈਂਦੇ ਹਨ ਤਾਂ ਸਾਰਿਆਂ ਨੂੰ ਫ਼ੌਰੀ ਕੰਮ ਕਰਨਾ ਪੈਂਦਾ ਹੈ।"
ਦੂਜਾ ਪਹਿਲੂ
ਦੋਸ਼ ਹੈ ਕਿ ਦੁਵੱਲੇ ਸਮਝੌਤਿਆਂ ਵਿੱਚ ਪ੍ਰਕਿਰਿਆਵਾਂ ਦਾ ਪਾਲਣ ਨਹੀਂ ਹੁੰਦਾ।
ਕੋਲੰਬੋ ਦੇ ਆਰਥਿਕ ਮਸਲਿਆਂ ਦੇ ਜਾਣਕਾਰ ਨਿਸ਼ਨ ਡਾ ਮਿਲ ਕਹਿੰਦੇ ਹਨ, "ਪ੍ਰਕਿਰਿਆ ਦਾ ਪਾਲਾਣ ਨਾ ਕਰਨ ਕਰਕੇ ਕੰਮ ਤੇਜ਼ ਹੋ ਜਾਂਦਾ ਹੈ। ਚੀਨ ਨਾਲ ਵਪਾਰ ਵਧਾਉਣ ਲਈ ਇਹੀ ਵਜ੍ਹਾ ਦੱਸੀ ਗਈ ਸੀ।"
"ਇਸ ਨਾਲ ਖਰਚਾ ਵਧਿਆ ਹੈ ਅਤੇ ਵੱਡੀਆਂ ਯੋਜਨਾਵਾਂ 'ਤੇ ਰਾਜਨੀਤੀ ਭਾਰੂ ਪੈ ਜਾਂਦੀ ਹੈ।"
ਪਰ ਇਤਿਹਾਸਕ ਵਜ੍ਹਾਂ ਕਰਕੇ ਸ੍ਰੀ ਲੰਕਾ ਵਿੱਚ ਕਈ ਲੋਕ ਭਾਰਤ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹਨ।
ਇਤਿਹਾਸ ਦਾ ਪ੍ਰਛਾਵਾਂ
ਉਹ ਕਹਿੰਦੇ ਹਨ, "ਸ੍ਰੀ ਲੰਕਾ ਵਿੱਚ ਭਾਰਤ ਅਤੇ ਅਮਰੀਕਾ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਦੇਸ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਦੇ ਸਕਦੇ ਹਨ।"
"ਚੀਨ ਸਬੰਧੀ ਅਜਿਹੀ ਕੋਈ ਸੋਚ ਨਹੀਂ ਹੈ। ਪਰ ਫ਼ਿਰ ਵੀ ਦੇਸ ਦੀ ਪੂੰਜੀ ਨੂੰ ਕਿਸੇ ਵਿਦੇਸ਼ੀ ਕੰਪਨੀ ਨੂੰ ਦੇਣ ਬਾਰੇ ਫ਼ਿਕਰ ਹੈ।"
ਨਿਸ਼ਨ ਮੁਤਾਬਕ, "ਚੀਨ ਭਵਿੱਖ ਮੁਖੀ ਹੈ ਅਤੇ ਦੇਸਾਂ ਨਾਲ ਲੰਬੇ ਸਮੇਂ ਤੱਕ ਸਿਆਸੀ ਅਤੇ ਆਰਥਿਕ ਰਿਸ਼ਤੇ ਵਧਾਉਣ 'ਤੇ ਧਿਆਨ ਦਿੰਦਾ ਹੈ, ਜਦਕਿ ਭਾਰਤੀ ਨੌਕਰਸ਼ਾਹ ਫ਼ੌਰੀ ਫਾਇਦੇ ਅਤੇ ਨੁਕਸਾਨ ਨੂੰ ਦੇਖਦੇ ਹਨ।"