ਕਿਊਬੈਕ 'ਚ ਜਨਤਕ ਸੇਵਾਵਾਂ 'ਚ ਚਿਹਰਾ ਢਕਣ 'ਤੇ ਪਬੰਦੀ

ਕੈਨੇਡਾ ਦੇ ਕਿਊਬੈਕ ਸੂਬੇ ਵਿੱਚ ਵਿਵਾਦਤ ਧਾਰਮਿਕ ਨਿਰਲੇਪਤਾ ਕਨੂੰਨ ਪਾਸ ਹੋ ਗਿਆ ਹੈ।

ਜਿਸ ਦੇ ਤਹਿਤ ਜਨਤਕ ਸੇਵਾਵਾਂ ਦੇ ਰਹੇ ਜਾਂ ਇਹਨਾਂ ਸੇਵਾਵਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਆਪਣਾ ਚਿਹਰਾ ਦਿਖਾਉਣਾ ਲਾਜ਼ਮੀ ਹੋਵੇਗਾ।

ਕਿਊਬੈਕ ਨੇ ਜਨਤਕ ਆਵਾਜਾਈ ਅਤੇ ਨਗਰ ਪ੍ਰਸ਼ਾਸਨ ਨਾਲ ਸਬੰਧਤ ਸੇਵਾਵਾਂ ਵੀ ਇਸ ਕਨੂੰਨ ਵਿੱਚ ਸ਼ਾਮਲ ਕੀਤੀਆਂ ਹਨ।

ਕਿਊਬੈਕ ਸੰਸਦ ਨੇ ਬਿੱਲ 62 ਨੂੰ 66-51 ਵੋਟਾਂ ਨਾਲ ਪਾਸ ਕੀਤਾ ਹੈ।

ਹੁਣ ਨਕਾਬ ਜਾਂ ਬੁਰਕਾ ਪਾਉਣ ਵਾਲੀਆਂ ਔਰਤਾਂ ਨੂੰ ਜਨਤਕ ਸੇਵਾਵਾਂ ਦੇਣ ਜਾਂ ਲੈਣ ਵੇਲੇ ਆਪਣਾ ਚਿਹਰਾ ਦਿਖਾਉਣਾ ਪਵੇਗਾ।

ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ, ਅਧਿਆਪਕਾਂ, ਬੱਸ ਡਰਾਈਵਰਾਂ, ਡਾਕਟਰ ਵਰਗੇ ਪੇਸ਼ੇ ਨਾਲ ਸਬੰਧਤ ਔਰਤਾਂ ਹੁਣ ਕੰਮ 'ਤੇ ਬੁਰਕਾ ਨਹੀਂ ਪਾ ਸਕਣਗੀਆਂ।

ਬੱਚਿਆ ਨੂੰ ਧਾਰਮਿਕ ਸਿੱਖਿਆ ਨਹੀਂ

ਕੇਵਲ ਇਹ ਹੀ ਨਹੀਂ ਇਸ ਕਾਨੂੰਨ ਤਹਿਤ ਸਬਸਿਡੀ ਵਾਲੀਆਂ ਬਾਲ ਦੇਖਭਾਲ ਸੇਵਾਵਾਂ 'ਚ ਵੀ ਬੱਚਿਆ ਨੂੰ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ।

ਕਿਊਬੈਕ ਵਿੱਚ ਪਾਸ ਕੀਤੇ ਬਿੱਲ 62 ਮੁਸਲਮਾਨਾਂ ਦੇ ਧਰਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ ਦੇ ਤਹਿਤ ਕਿਸੇ ਵੀ ਤਰ੍ਹਾਂ ਨਾਲ ਚਿਹਰੇ ਨੂੰ ਢੱਕਣ 'ਤੇ ਪਾਬੰਦੀ ਹੋਵੇਗੀ ਅਤੇ ਇਸ ਦੇ ਨਿਸ਼ਾਨੇ 'ਤੇ ਸਿਰਫ਼ ਮੁਸਲਮਾਨ ਹੀ ਨਹੀਂ ਹਨ।

ਪਰ ਇਸ ਨਵੇਂ ਕਾਨੂੰਨ ਦਾ ਅਸਰ ਉਨ੍ਹਾਂ ਮੁਸਲਿਮ ਔਰਤਾਂ 'ਤੇ ਵੀ ਪਵੇਗਾ, ਜੋ ਜਨਤਕ ਸੇਵਾਵਾਂ ਦਾ ਫਾਇਦਾ ਲੈਣ ਵੇਲੇ ਆਪਣਾ ਚਿਹਰਾ ਢਕਦੀਆਂ ਹਨ।

ਹੁਣ ਬੱਸਾਂ 'ਚ ਯਾਤਰਾ ਕਰਦੇ ਸਮੇਂ ਜਾਂ ਲਾਇਬ੍ਰੇਰੀ ਵਿੱਚ ਪੜ੍ਹਦੇ ਸਮੇਂ ਔਰਤਾਂ ਨਕਾਬ ਨਹੀਂ ਪਾ ਸਕਣਗੀਆਂ।

ਅਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਉਨ੍ਹਾਂ ਮੁਸਲਿਮ ਔਰਤਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ, ਜੋ ਬੁਰਕਾ ਪਾ ਕੇ ਜਾਂ ਚਿਹਰੇ ਨੂੰ ਢੱਕ ਕੇ ਸਰਕਾਰੀ ਸੇਵਾਵਾਂ ਦਾ ਲਾਭ ਚੁੱਕਦੀਆਂ ਹਨ।

ਕਿਊਬੈਕ ਵਿੱਚ ਕਿੰਨੀਆਂ ਔਰਤਾਂ ਧਾਰਮਿਕ ਤੌਰ 'ਤੇ ਚਿਹਰਾ ਢੱਕਦੀਆਂ ਹਨ, ਇਸ ਦੇ ਅੰਕੜੇ ਉਪਲਬਧ ਨਹੀਂ ਹਨ।

ਕਾਨੂੰਨ ਮਾਹਰਾਂ ਦਾ ਮੰਨਣਾ ਹੈ ਕਿ ਬਿੱਲ 62 ਨੂੰ ਅਦਾਲਤ ਵਿੱਚ ਚੁਣੌਤੀ ਮਿਲ ਸਕਦੀ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)