ਥਾਮਸ ਅਲਵਾ ਐਡੀਸਨ: ਵੱਡਾ ਕਾਢੀ, ਵਡੇਰਾ ਉਦਮੀ

    • ਲੇਖਕ, ਲਾਲਟੂ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਬਿਜਲੀ ਦਾ ਲੈਂਪ ਦਰਅਸਲ ਪਹਿਲਾਂ ਖੋਜਿਆ ਜਾ ਚੁੱਕਿਆ ਸੀ ਪਰ ਇਸ ਨੂੰ ਆਮ ਵਰਤੋਂ ਵਿੱਚ ਲਿਆਉਣ ਯੋਗ ਐਡੀਸਨ ਨੇ ਬਣਾਇਆ।

ਉਨ੍ਹਾਂ ਨੂੰ ਆਪਣੀ ਇੱਕ ਕਾਢ, ਫੋਨੋਗ੍ਰਾਫ ਉੱਤੇ ਬਹੁਤ ਨਾਜ਼ ਸੀ। ਉਨ੍ਹਾਂ ਦਾ ਖਿਆਲ ਸੀ ਕਿ ਫੋਨੋਗ੍ਰਾਫ ਦੀ ਮਦਦ ਨਾਲ ਮੌਤ ਦੇ ਕੰਡੇ ਉੱਤੇ ਪਏ ਬੰਦੇ ਦੀਆਂ ਆਖ਼ਰੀ ਗੱਲਾਂ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ।

ਬਚਪਨ ਤੋਂ ਅਰਧ-ਬੋਲ਼ੇ ਸੀ ਐਡੀਸਨ

ਉਹ ਖੁਦ ਬਚਪਨ ਤੋਂ ਅਰਧ-ਬੋਲ਼ੇ ਸਨ। ਕਹਾਣੀ ਹੈ ਕਿ ਟ੍ਰਾਮਗੱਡੀ ਦੇ ਖੁੰਜੇ ਵਿੱਚ ਪ੍ਰਯੋਗ ਵਾਸਤੇ ਅੱਗ ਬਾਲਦੇ ਫੜੇ ਜਾਣ ਉੱਤੇ ਕੰਡਕਟਰ ਨੇ ਕੰਨ ਉੱਤੇ ਜ਼ੋਰ ਦੀ ਚਪੇੜ ਮਾਰੀ, ਜਿਸ ਕਰ ਕੇ ਉਹਦੇ ਕੰਨ ਖ਼ਰਾਬ ਹੋ ਗਏ।

ਪਹਿਲਾ ਫੋਨੋਗ੍ਰਾਫ ਸੁਨਣ ਵਾਸਤੇ ਉਨ੍ਹਾਂ ਨੇ ਫੋਨੋਗ੍ਰਾਫ ਉੱਤੇ ਦੰਦੀ ਵੱਢੀ ਤਾਂ ਕਿ ਦੰਦ ਰਾਹੀਂ ਆਵਾਜ਼ ਸਿੱਧੇ ਕੰਨ ਦੇ ਅੰਦਰੂਨੀ ਹਿੱਸੇ ਵਿੱਚ ਪਹੁੰਚ ਸਕੇ।

ਐਡੀਸਨ ਦੀ ਵਿਗਿਆਨ ਬਾਰੇ ਨਵੀਂ ਸੋਚ

ਐਡੀਸਨ ਦੇ ਕੰਮ-ਧੰਧਿਆਂ ਦੇ ਤਰੀਕਿਆਂ ਨਾਲ ਤਕਨਾਲੋਜੀ ਦੀ ਨਵੀਂ ਸਮਝ ਬਣੀ। ਬਲਬ ਵਿੱਚ ਧਾਤੂ ਦੇ ਸੂਤ ਤੋਂ ਲੰਘਦੀ ਬਿਜਲੀ ਦੀ ਵਜ੍ਹਾ ਨਾਲ ਖਿੰਡਰਦੀ ਰੋਸ਼ਨੀ ਤਾਂ ਉਨ੍ਹਾਂ ਨੇ ਲੱਭ ਲਈ ਪਰ ਉਸ ਨੂੰ ਦੁਨੀਆ ਵਿੱਚ ਕਿਵੇਂ ਫੈਲਾਇਆ ਜਾਵੇ?

ਉਨ੍ਹਾਂ ਨੇ ਇਹ ਸਮਝ ਬਣਾਈ ਕਿ ਤਕਨਾਲੋਜੀ ਸਿਰਫ਼ ਕੋਈ ਮਸ਼ੀਨ, ਨਵੇਂ ਸੰਦਾਂ ਜਾਂ ਤਕਨੀਕਾਂ ਦੀ ਖੋਜ ਹੀ ਨਹੀਂ ਹੁੰਦੀ ਬਲਕਿ ਇਸ ਨੂੰ ਸਾਰਥਕ ਬਣਾਉਣ ਵਾਸਤੇ ਪੂਰਾ ਨਿਜ਼ਾਮ ਚਾਹੀਦਾ ਹੈ।

ਲੋਕਾਂ ਤੱਕ ਪਹੁੰਚਾਉਣਾ, ਉਨ੍ਹਾਂ ਤੋ ਸਹੀ ਕੀਮਤ ਵਸੂਲਣਾ, ਇਸ ਲਈ ਦਫ਼ਤਰ ਦਾ ਹੋਣਾ, ਲੋਕਾਂ ਨੂੰ ਕੰਮ ਉੱਤੇ ਲਾਉਣਾ, ਇਹ ਸਭ ਕੁਝ ਜ਼ਰੂਰੀ ਹੈ।

ਐਡੀਸਨ ਦੇ ਨਾਂਅ 1093 ਪੇਟੈਂਟ

ਜੇ ਬਲਬ ਅਤੇ ਧਾਤੂ ਦੇ ਸੂਤ ਨੂੰ ਹਵਾ ਵਿੱਚ ਸੜ ਜਾਣ ਤੋਂ ਬਚਾਉਣ ਲਈ ਬਲਬ ਵਿੱਚ ਘੱਟ ਦਬਾਅ ਪੈਦਾ ਕਰਨ ਵਰਗੀਆਂ ਬਾਕੀ ਤਕਨੀਕੀ ਗੱਲਾਂ ਹਾਰਡਵੇਅਰ ਹਨ ਤਾਂ ਉਸ ਨੂੰ ਧੰਧੇ ਰਾਹੀਂ ਵੱਡੇ ਪੈਮਾਨੇ ਉੱਤੇ ਵਿਕਸਿਤ ਕਰਨਾ ਤਕਨਾਲੋਜੀ ਦਾ ਸਾਫਟਵੇਅਰ ਹੈ।

ਵੱਡੇ ਪੈਮਾਨੇ ਉੱਤੇ ਬਿਜਲੀ ਦੀ ਰੋਸ਼ਨੀ ਦੀ ਵਰਤੋਂ ਲਈ ਐਡੀਸਨ ਨੂੰ ਇਹ ਪੂਰਾ ਨਿਜ਼ਾਮ ਬਣਾਉਣਾ ਪਿਆ।

ਉਹ ਹਰ ਕਾਢ ਦੀ 'ਇਨਵੈਨਸਨ ਫੈਕਟਰੀ' ਚਲਾਉਂਦੇ ਸਨ। ਉਨ੍ਹਾਂ ਦਾ ਇਹ ਮਾਡਲ ਬਾਅਦ 'ਚ ਸਟੈਂਡਰਡ ਮਾਡਲ ਬਣ ਗਿਆ।

ਫੋਨੋਗ੍ਰਾਫ ਦਾ ਦੌਰ ਗੁਜ਼ਰ ਗਿਆ ਪਰ ਜਿਸ ਨੇ ਵੀ ਸੰਗੀਤ ਦੇ ਪੁਰਾਣੇ ਰਿਕਾਰਡ ਸੁਣੇ ਹਨ, ਉਹ ਅੱਜ ਵੀ ਡਿਜੀਟਲ ਸੰਗੀਤ ਦੀਆਂ ਤਮਾਮ ਉਚਾਈਆਂ ਦੇ ਬਾਵਜੂਦ ਓਸੇ ਘੁੰਮਦੇ ਰਿਕਾਰਡ ਵਿੱਚ ਪਿੰਨ ਰਾਹੀਂ ਆਉਂਦੀ ਆਵਾਜ਼ ਦੇ ਦੀਵਾਨੇ ਹਨ।

ਐਡੀਸਨ ਦੇ ਨਾਂ 1093 ਕਾਢਾਂ ਦੇ ਪੇਟੈਂਟ ਹਨ, ਜੋ ਕਿਸੇ ਵੀ ਇੱਕ ਬੰਦੇ ਦੇ ਨਾਂ ਉੱਤੇ ਪੇਟੈਂਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੰਖਿਆ ਹੈ।ਐਡੀਸਨ ਦਾ ਹੁਨਰਮੰਦ ਬਣਨ ਦਾ ਫਾਰਮੁਲਾ

ਅੱਜ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਬਾਰੇ ਬਹਿਸ ਹੁੰਦੀ ਹੈ, ਇਸ ਦਾ ਪਹਿਲਾ ਰੂਪ ਉਨ੍ਹਾਂ ਦੀ ਪਹਿਲੇ ਪੇਟੈਂਟ ਵਾਲੀ ਟੈਲੀਗ੍ਰਾਫਿਕ ਵੋਟਿੰਗ ਮਸ਼ੀਨ ਸੀ, ਉਸ ਨੂੰ ਵੀ ਬਹਿਸ ਤੋਂ ਬਾਅਦ ਲੋਕਾਂ ਨੇ ਨਾਮਨਜ਼ੂਰ ਕਰ ਦਿੱਤਾ ਸੀ।

ਉਨ੍ਹਾਂ ਦੀਆਂ ਕਈ ਕਾਢਾਂ ਬੇਕਾਰ ਸਾਬਿਤ ਹੋਈਆਂ ਪਰ ਬਚਪਨ ਦੀ ਗ਼ਰੀਬੀ ਵਿੱਚੋਂ ਬਾਹਰ ਆ ਕੇ ਵੱਡਾ ਕਾਢੀ ਬਣਨ ਤੱਕ ਦੀ ਰੂਮਾਨੀ ਜ਼ਿੰਦਗੀ ਨੇ ਉਨ੍ਹਾਂ ਬਾਰੇ ਦੰਤ-ਕਥਾਵਾਂ ਪ੍ਰਚਲਿਤ ਕਰ ਦਿੱਤੀਆਂ।

ਟੈਲੀਗ੍ਰਾਫ ਨਾਲ ਉਨ੍ਹਾਂ ਦਾ ਡੂੰਘਾ ਲਗਾਅ ਸੀ। ਆਪਣੀ ਹੋਣ ਵਾਲੀ ਵਹੁਟੀ ਨੂੰ ਵਿਆਹ ਦੀ ਤਜਵੀਜ਼ ਟੈਲੀਗ੍ਰਾਫ ਰਾਹੀਂ ਭੇਜੀ ਅਤੇ ਪਹਿਲੇ ਦੋ ਬੱਚਿਆਂ ਦੇ ਨਾਂ 'ਡਾਟ' ਅਤੇ 'ਡੈਸ਼' ਰੱਖੇ (ਮੋਰਸ ਕੋਡ ਦੇ ਅੱਖਰ)।

ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਕੀ ਹੈ? ਤਾਂ ਉਨ੍ਹਾਂ ਆਖਿਆ ਕਿ ਬੰਦਾ ਮਿਹਨਤ, ਲਗਨ ਅਤੇ ਆਮ ਸਮਝ ਨਾਲ ਹੀ ਹੁਨਰਮੰਦ ਬਣਦਾ ਹੈ।

ਐਡੀਸਨ ਜੇ ਅਜੋਕੇ ਵਕਤ ਜਨਮੇ ਹੁੰਦੇ?

ਜਿਵੇਂ ਹੋਣਹਾਰ ਬੱਚਿਆਂ ਨਾਲ ਅਕਸਰ ਵਾਪਰਦਾ ਹੈ, ਐਡੀਸਨ ਨੂੰ ਵੀ ਬਚਪਨ ਵਿੱਚ ਅਧਿਆਪਕਾਂ ਨੇ ਮੰਦਬੁੱਧੀ ਮੰਨ ਲਿਆ ਸੀ।

ਪਰ ਇਹ ਰੋਚਕ ਸਵਾਲ ਹੈ ਕਿ ਜੇ ਐਡੀਸਨ ਆਪਣੇ ਸਮੇਂ ਦੇ ਜਾਂ ਅੱਜ ਦੇ ਭਾਰਤ ਵਿੱਚ ਪੈਦਾ ਹੁੰਦਾ ਤਾਂ ਕੀ ਉਹ ਉਨ੍ਹਾਂ ਕਾਢਾਂ ਨੂੰ ਕੱਢ ਸਕਦਾ, ਜਿਨ੍ਹਾਂ ਕਰਕੇ ਉਹ ਜਾਣਿਆ ਜਾਂਦਾ ਹੈ?

ਕੀ ਕਿਸੇ ਖੋਜੀ ਨੂੰ ਠੀਕ ਸਮਾਜਿਕ-ਸਿਆਸੀ ਹਾਲਾਤ ਜ਼ਰੂਰੀ ਹੁੰਦੇ ਹਨ? ਜ਼ਾਹਰ ਹੈ ਕਿ ਉਨ੍ਹਾਂ ਦੀ ਆਮ ਸਮਝ ਹੋਰਾਂ ਨਾਲੋਂ ਵੱਖਰੀ ਸੀ ਜਾਂ ਉਸ ਜ਼ਮਾਨੇ ਦਾ ਅਮਰੀਕੀ ਸਮਾਜ ਉਨ੍ਹਾਂ ਵਾਸਤੇ ਤਿਆਰ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਉਨ੍ਹਾਂ ਦੀਆਂ ਕਾਢਾਂ ਨਾਲ ਜਿਹੜੇ ਵੱਡੇ ਬਦਲਾਅ ਆਏ, ਸਮਾਜ ਨੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਸਵੀਕਾਰ ਕੀਤਾ।