'ਜੇ ਅੱਜ ਭਗਤ ਕਬੀਰ ਹੁੰਦੇ ਤਾਂ ਉਹ ਵੀ ਦੇਸਧ੍ਰੋਹੀ ਕਹਾਉਂਦੇ' ꞉ ਨਜ਼ਰੀਆ

    • ਲੇਖਕ, ਪੁਰਸ਼ੋਤਮ ਅਗਰਵਾਲ
    • ਰੋਲ, ਸੀਨੀਅਰ ਲੇਖਕ ਬੀਬੀਸੀ ਲਈ

ਪਿਛਲੇ 500 ਸਾਲਾਂ ਦੌਰਾਨ ਭਾਰਤ ਵਿੱਚ ਪੈਦਾ ਹੋਏ ਸੰਤਾਂ ਵਿੱਚ ਭਗਤ ਕਬੀਰ ਦਾ ਆਪਣਾ ਇੱਕ ਵਿੱਲਖਣ ਸਥਾਨ ਹੈ।

ਉਹ ਆਪਣੀ ਬਾਣੀ ਰਾਹੀਂ ਪ੍ਰੇਮ ਦੇ ਹਵਾਲੇ ਨਾਲ ਵਿਅਕਤੀ, ਸਮਾਜ ਅਤੇ ਖ਼ੁਦ ਆਪਣੇ-ਆਪ ਨੂੰ ਸਵਾਲ ਪੁੱਛਦੇ ਹਨ।

ਉਨ੍ਹਾਂ ਦਾ ਕਥਨ ਹੈ, "ਪਿੰਜਰ ਪ੍ਰੇਮ ਪ੍ਰਕਾਸਿਆ, ਅੰਤਰ ਭਇਆ ਉਜਾਸ, ਮੁਖ ਕਸਤੂਰੀ, ਬਾਣੀ ਫੂਟੀ ਬਾਸ।"

ਇਹ ਵੀ ਪੜ੍ਹੋ:

ਕਬੀਰ ਦੀ ਸਮਾਜਿਕ ਆਲੋਚਨਾ ਦਾ ਮੂਲ ਆਧਾਰ ਹੀ ਇਹ ਹੈ ਕਿ ਨਾ ਸਿਰਫ ਰੱਬ ਸਾਹਮਣੇ ਸਗੋਂ ਰੋਜ਼ਾਨਾ ਦੇ ਸਮਾਜਿਕ ਵਰਤ-ਵਰਤਾਵੇ ਵਿੱਚ ਵੀ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਹੈ।

ਇਨ੍ਹਾਂ ਅਰਥਾਂ ਵਿੱਚ ਕਬੀਰ ਸੱਚਮੁੱਚ ਆਧੁਨਿਕ ਲੋਕਤਾਂਤ੍ਰਿਕ ਚੇਤਨਾ ਦੇ ਬਹੁਤ ਨੇੜੇ ਬੈਠਣ ਵਾਲੇ ਕਵੀ ਹਨ।

ਕਬੀਰ ਦੇ ਵਿਚਾਰਾਂ ਦਾ ਮਹੱਤਵ

ਇਸ ਦੇ ਨਾਲ ਹੀ ਕਬੀਰ ਇਨਸਾਨ ਦੀ ਅੰਦਰੂਨੀ ਅਮੀਰੀ ਤੇ ਉਸਦੀ ਅਧਿਆਤਮਕ ਯਾਤਰਾ ਦੇ ਵੀ ਕਵੀ ਹਨ। ਉਨ੍ਹਾਂ ਦੀ ਚੇਤਨਾ ਵਿੱਚ ਸਮਾਜ ਅਤੇ ਅਧਿਆਤਮ ਇੱਕ ਦੂਸਰੇ ਦੇ ਪੂਰਕ ਹਨ, ਵਿਰੋਧੀ ਨਹੀਂ-'ਭੀਤਰ ਬਾਹਰ ਸਬਦ ਨਿਰੰਤਰ...'

ਇਸ ਲਈ ਇਹ ਬਹੁਤ ਸਵਾਗਤ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਨਮਾਨ ਪ੍ਰਗਟਾਉਣ ਅਤੇ ਕਬੀਰ ਅਕਾਦਮੀ ਦਾ ਨੀਂਹ ਪੱਥਰ ਰੱਖਣ ਅਤੇ ਸਰਕਾਰ ਉਨ੍ਹਾਂ ਦੇ ਵਿਚਾਰਾਂ ਨੂੰ ਮਹੱਤਵ ਦੇਵੇ।

ਕੀ ਪ੍ਰਧਾਨ ਮੰਤਰੀ ਜੀ ਦੀ ਮਗਹਰ (ਪੂਰਬੀ ਉੱਤਰ ਪ੍ਰਦੇਸ਼, ਜਿੱਥੇ ਕਬੀਰ ਦੀ ਮੌਤ ਹੋਈ ਸੀ) ਫੇਰੀ ਦਾ ਇਹੀ ਮੰਤਵ ਸੀ?

ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਇਹ ਜ਼ਰੂਰੀ ਹੈ ਕਿ ਕਬੀਰ ਜਿੱਡੇ ਕੱਦ ਵਾਲੇ ਸੰਤ ਦੀ ਬਰਸੀ ਨੂੰ ਵੀ ਸਿਆਸੀ ਬਿਆਨਬਾਜ਼ੀ ਦੇ ਮੌਕੇ ਵਿੱਚ ਬਦਲ ਦਿੱਤਾ ਜਾਵੇ?

ਸਾਫ਼ ਹੈ ਕਿ ਭਾਜਪਾ ਲਈ ਕਬੀਰ ਬਾਣੀ ਅਤੇ ਸੰਵੇਦਨਾ ਤੋਂ ਕਿਤੇ ਮਹੱਤਵਪੂਰਨ ਹੈ ਉਨ੍ਹਾਂ ਦੀ ਪ੍ਰਤੀਕਾਤਮਿਕਤਾ ਅਤੇ ਵੱਖੋ-ਵੱਖ ਸਮਾਜਿਕ ਤਬਕਿਆ ਵਿੱਚ ਇਸ ਪ੍ਰਤੀਕਾਤਿਮਕਤਾ ਦੀ ਸਿਆਸੀ ਵਰਤੋਂ ਦੀ ਸੰਭਾਵਨਾ।

ਭਾਜਪਾ ਵਿਰੋਧੀਆਂ ਦਾ ਕੂੜ-ਪ੍ਰਚਾਰ

ਗੱਲ ਦੇਸ ਦੇ ਮਾਹੌਲ ਅਤੇ ਮਿਜਾਜ਼ ਦੀ ਹੈ। ਉੱਥੇ ਪ੍ਰਧਾਨ ਮੰਤਰੀ ਨੇ ਕਿਹਾ, ਕੁਝ ਲੋਕ ਦੇਸ ਵਿੱਚ ਮਾਹੌਲ ਖ਼ਰਾਬ ਹੋਣ ਦਾ ਭਰਮ ਫੈਲਾਅ ਰਹੇ ਹਨ।

ਸੱਚੀਂ? ਕੀ ਇਹ ਵਾਕਈ ਸਿਰਫ ਭਾਜਪਾ-ਵਿਰੋਧੀਆਂ ਦਾ ਕੂੜ-ਪ੍ਰਚਾਰ ਹੈ? ਮੋਦੀ ਜੀ ਦੀ ਗੱਲ ਤਾਂ ਸਹੀ ਲੱਗਦੀ ਜੇ ਉਨ੍ਹਾਂ ਨੇ ਭੀੜ ਵੱਲੋਂ ਕੀਤੇ ਕਤਲਾਂ ਬਾਰੇ ਸਖ਼ਤ ਕਾਰਵਾਈ ਕੀਤੀ ਹੁੰਦੀ।

ਇਹ ਵੀ ਪੜ੍ਹੋ:

ਸਮਾਜ ਵਿੱਚ ਇਨ੍ਹਾਂ ਦਿਨਾਂ ਵਿੱਚ ਹਿੰਸਾ ਨੂੰ ਮਨਜੂਰੀ ਮਿਲਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਰੋਧੀਆਂ ਨੂੰ ਦੇਸ ਧਰੋਹੀ ਕਿਹਾ ਜਾ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਬੀਰ ਵੀ ਦੇਸ ਧਰੋਹੀ ਹੁੰਦੇ!

ਸਰਕਾਰ ਦੇ ਨੀਤੀ ਸੰਬੰਧੀ ਫੈਸਲਿਆਂ ਦੀ ਪ੍ਰਮਾਣਿਕਤਾ ਸ਼ੱਕ ਦੇ ਘੇਰੇ ਵਿੱਚ ਹੈ। ਯਾਦ ਕਰੋ, ਅਸੀਂ ਹੁਣ ਤੱਕ ਨਹੀਂ ਜਾਣਦੇ ਕਿ ਕਿੰਨੀ ਰਕਮ ਦੇ ਨੋਟ ਰਿਜ਼ਰਵ ਬੈਂਕ ਪਹੁੰਚੇ।

ਆਪਣੀਆਂ ਕਮੀਆਂ ਦਾ ਸਾਹਮਣ ਕਰਨ ਦੀ ਨੈਤਿਕ ਬਹਾਦਰੀ ਦੀ ਥਾਂ ਸਰਕਾਰ ਹਰ ਕਮੀ ਦਾ ਠੀਕਰਾ ਪੰਜਾਹ ਸਾਲ ਪਹਿਲਾਂ ਗੁਜਰ ਚੁੱਕੇ ਪ੍ਰਧਾਨ ਮੰਤਰੀ ਦੇ ਸਿਰ ਭੰਨ ਰਹੀ ਹੈ।

ਇਲੈਕਟਰਾਨਿਕ ਮੀਡੀਆ, ਸਮਾਚਾਰ ਦੀ ਥਾਂ ਪ੍ਰਚਾਰ ਸਗੋਂ ਚੀਕਾਂ ਦੇ ਮਾਧਿਅਮ ਵਿੱਚ ਬਦਲ ਚੁੱਕਿਆ ਹੈ। ਸਰਕਾਰ ਅਤੇ ਵੱਡੇ ਲੋਕਾਂ ਨਾਲ ਜੁੜੀਆਂ ਖ਼ਬਰਾਂ ਗਾਇਬ ਹੋ ਜਾਂਦੀਆਂ ਹਨ।

ਬੁੱਧੀਜੀਵੀ ਸ਼ਬਦ ਨੂੰ ਗਾਲ਼ ਵਿੱਚ ਬਦਲਿਆ ਜਾ ਚੁਕਿਆ ਹੈ। ਆਰਥਿਕ ਤੋਂ ਲੈ ਕੇ ਵਿਦੇਸ਼ ਨੀਤੀ ਤੱਕ ਹਰ ਹਲਕੇ ਬਾਰੇ ਸਵਾਲ ਤੋਂ ਬਾਅਦ ਸਵਾਲ ਉੱਠ ਰਹੇ ਹਨ। ਇਹ ਸਵਾਲ ਪੁੱਛਣ ਵਾਲਿਆਂ ਨੂੰ ਦੇਸ ਧ੍ਰੋਹੀ ਕਿਹਾ ਜਾਂਦਾ ਹੈ।

ਕਬੀਰ ਕਿਸੇ ਵੀ ਸਮੱਸਿਆ ਜਾਂ ਲੋਕ-ਵਿਹਾਰ ਨੂੰ ਵਿਵੇਕ ਦੀ ਕਸੌਟੀ ਉੱਪਰ ਪਰਖਦੇ ਸਨ। ਇਸੇ ਕਸੌਟੀ ਕਰਕੇ ਉਨ੍ਹਾਂ ਦੀ ਆਲੋਚਨਾ ਤੋਂ ਪੰਡਿਤ, ਮੁੱਲਾ ਕੋਈ ਨਹੀਂ ਬਚ ਸਕਿਆ।

ਅੱਜ ਕਬੀਰ ਹੁੰਦੇ ਤਾਂ ਸਿਆਸੀ ਆਗੂ, ਅਫ਼ਸਰ, ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਵੀ ਕਬੀਰ ਦੇ ਵਿਵੇਕ ਦੇ ਸਵਾਲੋਂ ਤੋਂ ਬਚ ਨਹੀਂ ਸਨ ਸਕਦੇ। ਅਜਿਹੇ ਵਿੱਚ ਕਬੀਰ ਵੀ ਕੁਝ ਲੋਕਾਂ ਨੂੰ ਦੇਸ ਧ੍ਰੋਹੀ (ਐਂਟੀ-ਨੈਸ਼ਨਲ) ਹੀ ਦਿਸਦੇ।

ਕਬੀਰ ਦੀ ਸਲਾਹ

ਕਬੀਰ ਦੇ ਸਮੇਂ ਨਾਂ ਤਾਂ ਟੈਲੀਫੋਨ ਸੀ ਅਤੇ ਨਾ ਹੀ ਵਟਸਐਪ ਯੂਨੀਵਰਸਿਟੀ। ਭਾਵ ਇਹ ਕਿ ਸੱਚੀ ਜਾਂ ਝੂਠੀ, ਚੰਗੀ ਜਾਂ ਮਾੜੀ ਗੱਲ ਫੈਲਣ ਦੀ ਰਫ਼ਤਾਰ ਅੱਜ ਨਾਲੋਂ ਕਾਫੀ ਘੱਟ ਸੀ।

ਇਹ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਝੂਠ ਦੇ ਪੈਰ ਨਹੀਂ ਹੁੰਦੇ ਪਰ ਇਹ ਵੀ ਭੁੱਲ ਜਾਂਦੇ ਹਾਂ ਕਿ ਝੂਠ ਦੇ ਖੰਭ ਹੁੰਦੇ ਹਨ। ਜਿਸ ਸਮੇਂ ਸੱਚ ਬੂਟਾਂ ਦੇ ਫੀਤੇ ਬੰਨ੍ਹ ਰਿਹਾ ਹੁੰਦਾ ਹੈ, ਉਸ ਸਮੇਂ ਤੱਕ ਝੂਠ ਵਰਲਡ ਟੂਰ ਕਰ ਚੁੱਕਿਆ ਹੁੰਦਾ ਹੈ।

ਕਬੀਰ ਆਪਣੇ ਤਰੀਕੇ ਨਾਲ ਇਸ ਤਰਾਸਦੀ ਨੂੰ ਫੜਦੇ ਸਨ- 'ਸਾਧੋ ਦੇਖੋ ਜਗ ਬੌਰਾਨਾ, ਸਾਚ ਕਹੂੰ ਤੋ ਮਾਰਨ ਧਾਵੈ, ਝੂਠੈ ਜਗ ਪਤਿਆਨਾ।'

ਇਸ ਲਈ ਅੱਜ ਦੇ ਸਮੇਂ ਵਿੱਚ ਇਹ ਹੋਰ ਵੀ ਜ਼ਰੂਰੀ ਹੈ ਕਿ ਹਰ ਗੱਲ ਨੂੰ ਵਿਵੇਕ ਦੀ ਸਾਣ ਉੱਤੇ ਕਸਿਆ ਜਾਵੇ। ਇਸ ਸਾਰੇ ਘਟਨਾਕ੍ਰਮ ਦੇ ਵਿਵਾਦ ਵਿੱਚ ਨਫਰਤ ਦੀ ਸਿਆਸਤ, ਹਿੰਸਾ ਅਤੇ ਹਮਲਾਵਰ ਲਹਿਜੇ ਨੂੰ ਲਗਾਤਾਰ ਖਾਰਜ ਕੀਤਾ ਜਾਵੇ।

ਪ੍ਰਧਾਨ ਮੰਤਰੀ ਜੀ, ਲਈ ਹੋਵੇ ਨਾ ਹੋਵੇ, ਆਮ ਲੋਕਾਂ ਲਈ ਕਬੀਰ ਦੀ ਸਲਾਹ ਬਹੁਤ ਉਪਯੋਗੀ ਹੈ- 'ਸੰਤੋ ਜਾਗਤ ਨੀਂਦ ਨਾ ਕੀਜੈ।'

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)