ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ

ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ, ਸਰਦੂਲ ਸਿਕੰਦਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਸਨ, ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ।

ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਹੋਇਆ ਸੀ। ਉਨ੍ਹਾਂ ਨੇ ਗਾਇਕੀ ਦੀ ਸ਼ੁਰੂਆਤ ’ਚ ‘ਰੋਡਵੇਜ਼ ਦੀ ਲਾਰੀ’ ਐਲਬਮ ਨਾਲ ਕਾਫ਼ੀ ਨਾਮਣਾ ਖੱਟਿਆ ਸੀ।

ਇਹ ਵੀ ਪੜ੍ਹੋ

ਆਪਣੀ ਪਤਨੀ ਅਮਰ ਨੂਰੀ ਨਾਲ ਉਨ੍ਹਾਂ ਦੀ ਜੋੜੀ ਮੰਚ ’ਤੇ ਅਕਸਰ ਕਾਫ਼ੀ ਵਾਹੋਵਾਹੀ ਲੁੱਟਦੀ ਸੀ। ਉਨ੍ਹਾਂ ਦੋਹਾਂ ਨੇ ਦੇਸ਼-ਵਿਦੇਸ਼ਾਂ ਵਿੱਚ ਜਾ ਕੇ ਕਈ ਸ਼ੋਅ ਕੀਤੇ।

ਸਰਦੂਲ ਸਿਕੰਦਰ 50 ਦੇ ਕਰੀਬ ਮਿਊਜ਼ਿਕ ਐਲਬਮਾਂ ਬਣਾ ਚੁੱਕੇ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਦੀ ਆਪਣੀ ਇੱਕ ਜਗ੍ਹਾ ਸੀ।

ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਸਨ। 1980ਵਿਆਂ ਵਿੱਚ ਉਨ੍ਹਾਂ ਦੀ ਐਲਬਮ ਰੋਡਵੇਜ਼ ਦੀ ਲਾਰੀ ਕਾਫ਼ੀ ਮਕਬੂਲ ਹੋਈ।

ਉਨ੍ਹਾਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਐਕਟਿੰਗ ਕੀਤੀ, ਇਨ੍ਹਾਂ ਵਿੱਚ ਜੱਗਾ ਡਾਕੂ ਕਾਫ਼ੀ ਮਸ਼ਹੂਰ ਹੋਈ।

ਸਰਦੂਲ ਸਿਕੰਦਰ ਪਟਿਆਲਾ ਸੰਗੀਤ ਘਰਾਨੇ ਨਾਲ ਸਬੰਧ ਰਖਦੇ ਸਨ। ਸਰਦੂਲ ਦੇ ਦੋ ਪੁੱਤਰ ਅਲਾਪ ਅਤੇ ਸਾਰੰਗ ਸਿਕੰਦਰ ਵੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹਨ।

ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲਨਾਲ ਗੱਲ ਕਰਦਿਆਂ ਗਾਇਕ ਅਤੇ ਬੀਜੇਪੀ ਲੀਡਰ ਹੰਸ ਰਾਸ ਹੰਸ ਨੇ ਦੱਸਿਆ ਕਿ ਸਰਦੂਲ ਸਿਕੰਦਰ ਉਨ੍ਹਾਂ ਦੇ ਭਰਾਵਾਂ ਵਰਗੇ ਸਨ। ਇੱਕ-ਦੂਜੇ ਦੇ ਘਰ ਬਿਨਾਂ ਝਿਝਕ ਦੇ ਉਹ ਅਕਸਰ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਉਨ੍ਹਾਂ ਦੀ ਸਰਦੂਲ ਦੇ ਬੇਟੇ ਅਲਾਪ ਸਿਕੰਦਰ ਨਾਲ ਗੱਲਬਾਤ ਹੋਈ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਠੀਕ ਹੋ ਜਾਣਗੇ।

ਉਨ੍ਹਾਂ ਦੱਸਿਆ, "ਸਵੇਰੇ ਉਠੱਦਿਆ ਹੀ ਚਰਨਜੀਤ ਅਹੁਜਾ ਵੱਲੋਂ ਮਾੜੀ ਖ਼ਬਰ ਆਈ, ਉਨ੍ਹਾਂ ਕਿਹਾ ਕਿ ਤੇਰਾ ਭਾਈ ਚਲਾ ਗਿਆ।"

ਹੰਸ ਰਾਜ ਹੰਸ ਨੇ ਕਿਹਾ ਕਿ ਸਰਦੂਲ ਇਨ੍ਹੇਂ ਸੁਰੀਲੇ ਸਨ ਕਿ ਉਨ੍ਹਾਂ ਕਰਕੇ ਮੈਨੂੰ ਵੀ ਦੁਗਣਾ ਰਿਆਜ਼ ਕਰਨਾ ਪੈਂਦਾ ਸੀ।

ਉਨ੍ਹਾਂ ਕਿਹਾ, " ਮੈਂ ਕੁਝ ਦਿਨਾਂ ਪਹਿਲਾਂ ਉਨ੍ਹਾਂ ਨਾਲ ਬੈਠਾ ਸੀ। ਅਸੀਂ ਹਰਮੋਨੀਅਮ ਲੈਕੇ ਗਾਇਕੀ ਕਰਨ ਲੱਗ ਪਏ। ਮੈਂ ਉਸ ਨੂੰ ਕਿਹਾ ਕਿ ਮੈਂ ਭਾਵੇਂ ਆਪਣੇ ਆਪ ਨੂੰ ਜਿਨ੍ਹਾਂ ਵੀ ਵੱਡਾ ਗਾਇਕ ਮੰਨ ਲਵਾਂ, ਪਰ ਤੂੰ ਤਕਨੀਕੀ ਤੌਰ 'ਤੇ ਬਹੁਤ ਪੱਕਾ ਹੈ।"

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਗਾਇਕ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਸਰਦੂਲ ਸਿਕੰਦਰ ਦਾ ਜਾਣਾ ਪੂਰੇ ਸੰਗੀਤ ਜਗਤ ਲਈ ਇੱਕ ਵੱਡਾ ਘਾਟਾ ਹੈ। ਉਨ੍ਹਾਂ ਨੇ ਬਹੁਰੰਗੀ ਗਾਇਕੀ ਗਾ ਕੇ ਆਪਣਾ ਵੱਖਰਾ ਟ੍ਰੈਕ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਉਹ ਬਹੁਤ ਸੁਰੀਲੇ ਗਾਉਂਦੇ ਸੀ ਅਤੇ ਕਈ ਨਵੇਂ ਐਕਸਪੈਰੀਮੇਂਟ ਆਪਣੀ ਗਾਇਕੀ ਨਾਲ ਉਹ ਕਰਦੇ ਸਨ।

ਉਨ੍ਹਾਂ ਨੇ ਕਿਹਾ ਕਿ ਇਸ ਖ਼ਬਰ 'ਤੇ ਅਜੇ ਵੀ ਯਕੀਨ ਕਰਨਾ ਔਖਾ ਲੱਗ ਰਿਹਾ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਗੀਤਕਾਰ ਸਮਸ਼ੇਰ ਸੰਧੂ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਆਪਣੇ ਪਲਾਂ ਨੂੰ ਯਾਦ ਕੀਤਾ।

ਉਨ੍ਹਾਂ ਦੱਸਿਆ ਕਿ ਸਰਦੂਲ ਸਿਕੰਦਰ ਨੇ ਉਨ੍ਹਾਂ ਵੱਲੋਂ ਲਿਖੇ ਕਈ ਗਾਣੇ ਗਾਏ। ਉਨ੍ਹਾਂ ਵੱਲੋਂ ਗਾਇਆ ‘ਡਿਸਕੋ ਬੁਖ਼ਾਰ’ ਗਾਣਾ ਕਾਫ਼ੀ ਹਿੱਟ ਹੋਇਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਭਾਅ ਕਾਫ਼ੀ ਮਜ਼ਾਕਿਆ ਸੀ ਅਤੇ ਅਜਿਹੇ ਕਈ ਕਿੱਸੇ ਵੀ ਸੁਣਾਏ।

ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਗਾਇਕਾ ਦੀ ਆਵਾਜ਼ ਕੱਢ ਲੈਂਦੇ ਸੀ ਅਤੇ ਇੱਕ ਦਿਨ ਉਨ੍ਹਾਂ ਨਾਲ ਸੁਖਵਿੰਦਰ ਸ਼ਿੰਦਾ ਬਣ ਕੇ ਗੱਲ ਵੀ ਕਰਦੇ ਰਹੇ।

ਉਨ੍ਹਾਂ ਨੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਸਮਰਾਲੇ ਦੇ ਲਾਗੇ ਖੇੜੀ ਨੌਧ ਸਿੰਘ ਸੀ। ਉਨ੍ਹਾਂ ਦੇ ਪਿਤਾ ਮਸਤਾਨਾ ਜੀ ਗੁਰਦੁਆਰਿਆਂ ਅਤੇ ਮੰਦਰਾਂ ’ਚ ਗਾਉਂਦੇ ਹੁੰਦੇ ਸੀ। ਉਨ੍ਹਾਂ ਦੇ ਪੂਰੇ ਪਰਿਵਾਰ ਨੇ ਬਹੁਤ ਸੰਘਰਸ਼ ਕੀਤਾ।

ਉਨ੍ਹਾਂ ਦੱਸਿਆ, “ਉਨ੍ਹਾਂ ਨੇ ਗਾਇਕੀ ਆਪਣੇ ਪਿਤਾ ਮਸਤਾਨਾ ਜੀ ਤੋਂ ਸਿੱਖੀ ਸੀ ਅਤੇ ਚਰਨਜੀਤ ਅਹੁਜਾ ਨੂੰ ਉਹ ਆਪਣਾ ਗੁਰੂ ਮੰਨਦੇ ਸੀ।”

ਬੀਬੀਸੀ ਪੰਜਾਬੀ ਦੀ ਪੱਤਰਕਾਰ ਨਵਦੀਪ ਕੌਰ ਨਾਲ ਵੀਡੀਓ ਸਾਂਝਾ ਕਰਦਿਆਂ ਗਾਇਕਾ ਰੁਪਿੰਦਰ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਸਰਦੂਲ ਸਿਕੰਦਰ ਦੇ ਪਰਿਵਾਰ ਨਾਲ ਕਾਫ਼ੀ ਨੇੜਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਪਾਰਿਵਾਰਕ ਸਾਂਝ ਰੱਖਦੇ ਸਨ ਅਤੇ ਇਸ ਖ਼ਬਰ ਤੋਂ ਬਾਅਦ ਦਿਲ ਕਾਫ਼ੀ ਭਾਰੀ ਹੈ।

ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਇਸ ਖ਼ਬਰ ’ਤੇ ਦੁਖ਼ ਜਤਾਂਦਿਆਂ ਕਿਹਾ ਕਿ ਇਹ ਗਾਇਕੀ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਪੂਰੇ ਪਰਿਵਾਰ ਨੂੰ ਇਹ ਦੁਖ਼ ਸਹਿਣ ਦਾ ਹੌਂਸਲਾ ਦੇਣ ਦੀ ਪ੍ਰਾਰਥਨਾ ਕੀਤਾ।

ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਸਰਦੂਲ ਸਿਕੰਦਰ ਦੇ ਫੌਤ ਹੋਣ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਉਨ੍ਹਾਂ ਨਾਲ ਹੋਈ ਮੁਲਾਕਾਤਾਂ ਨੂੰ ਚੇਤੇ ਕੀਤਾ।

ਨਿਸ਼ਾ ਮੁਤਾਬਕ ਸਰਦੂਲ ਜੀ ਦੇ ਘਰ ਪਾਠ ਵੇਲੇ ਉਨ੍ਹਾਂ ਨਾਲ ਹੋਈ ਮੁਲਾਕਾਤ ਚੇਤਿਆਂ ਵਿੱਚ ਹੈ।

ਗਾਇਕਾ ਜਸਵਿੰਦਰ ਬਰਾੜ ਦੇ ਇਸ ਖ਼ਬਰ 'ਤੇ ਪਹਿਲੇ ਬੋਲ ਸਨ, 'ਬੁਝ ਗਿਆ ਸੁਰਾਂ ਦਾ ਦੀਵਾ, ਸੁਰਾਂ ਦਾ ਸਿਕੰਦਰ...ਸਰਦੂਲ ਸਿਕੰਦਰ'।

ਜਸਵਿੰਦਰ ਬਰਾੜ ਦੇ ਪੁੱਤਰ ਦੀ ਹਾਲ ਹੀ ਵਿੱਚ ਇੱਕ ਸਰਜਰੀ ਹੋਈ ਸੀ ਅਤੇ ਉਸ ਵੇਲੇ ਨੂੰ ਯਾਦ ਕਰਦਿਆਂ ਜਸਵਿੰਦਰ ਜ਼ਿਕਰ ਕਰਦੇ ਹਨ ਕਿ ਉਸ ਵੇਲੇ ਸਰਦੂਲ ਸਿਕੰਦਰ ਹੋਰਾਂ ਦੇ ਕਈ ਫ਼ੋਨ ਆਏ ਸਨ ਤੇ ਕਹਿੰਦੇ ਸਨ, ''ਭੈਣ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਅਸੀਂ ਹਾਂ''

ਉਨ੍ਹਾਂ ਦੀ ਮੌਤ 'ਤੇ ਪ੍ਰਤੀਕਿਰਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੀ ਮੌਤ ’ਤੇ ਸ਼ਰਧਾਂਜਲੀ ਭੇਂਟ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ’ਤੇ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ।

ਗਾਇਕ ਦਲੇਰ ਮਹਿੰਦੀ ਨੇ ਇਸ ਖ਼ਬਰ ਤੋਂ ਬਾਅਦ ਟਵੀਟ ਕਰਦਿਆਂ ਆਪਣਾ ਦੁਖ਼ ਜ਼ਾਹਿਰ ਕੀਤਾ।

ਅਦਾਕਾਰ ਰਾਣਾ ਰਣਬੀਰ ਨੇ ਵੀ ਇੰਸਟਾਗ੍ਰਾਮ ’ਤੇ ਉਨ੍ਹਾਂ ਦੀ ਫੋਟੋ ਪਾ ਕੇ ਲਿਖਿਆ, ‘ਇਹ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ।’

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)