ਕਿਸਾਨ ਅੰਦੋਲਨ: ਲੱਖਾ ਸਿਧਾਣਾ ਨੇ ਬਠਿੰਡਾ ਰੈਲੀ ਦੌਰਾਨ ਕਿਸਾਨ ਆਗੂਆਂ ਨੂੰ ਕੀ ਕਿਹਾ ਤੇ ਕੀ ਕੀਤਾ ਐਲਾਨ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਅਤੇ ਇਸ ਨਾਲ ਜੁੜੇ ਅੱਜ ਦੇ ਅਹਿਮ ਘਟਨਾਕ੍ਰਮਾਂ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸੰਯੁਕਤ ਕਿਸਾਨ ਮੋਰਚੇ ਵਲੋਂ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਤਾਂ ਬਠਿੰਡਾ ਦੇ ਮਹਿਰਾਜ ਵਿਚ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਵਲੋਂ ਰੋਸ ਰੈਲੀ ਕੀਤੀ ਜਾ ਰਹੀ ਹੈ।

26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਹੋਈ ਹਿੰਸਾ ਅਤੇ ਲਾਲਾ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡੇ ਲਹਿਰਾਉਣ ਦੇ ਮਾਮਲੇ ਵਿੱਚ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਨੇ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਹੋਇਆ ਹੈ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ, ਪਰ ਇਸ ਦੇ ਬਾਵਜੂਦ ਬਠਿੰਡਾ ਦੇ ਮਹਿਰਾਜ ਪਿੰਡ ਵਿੱਚ ਰੈਲੀ ਦੌਰਾਨ ਲੱਖਾ ਸਿਧਾਣਾ ਵੀ ਮੰਚ ਉੱਤੇ ਪਹੁੰਚਿਆ।

ਲੱਖਾ ਸਿਧਾਣਾ ਨਾਲ ਮੰਚ ਉੱਤੇ ਉਨ੍ਹਾਂ ਨਾਲ ਸਰਗਰਮ ਰਹਿਣ ਵਾਲੇ ਕਈ ਨੌਜਵਾਨ ਆਗੂਆਂ ਤੋਂ ਇਲਾਵਾ 26 ਜਨਵਰੀ ਦੀ ਹਿੰਸਾ ਦੌਰਾਨ ਮਾਰੇ ਗਏ ਨਵਨੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਅਤੇ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਮੌਜੂਦ ਸਨ।

ਸੰਘਰਸ਼ ਸਹਿਯੋਗ ਜਥਾ ਦੇ ਬੈਨਰ ਹੇਠ ਕੀਤੀ ਗਈ ਇਸ ਕਿਸਾਨ ਕਨਵੈਨਸ਼ਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਜਿਵੇਂ ਕਿ ਦਲ ਖਾਲਸਾ, ਸ਼੍ਰੋਮਣੀ ਅਕਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਦੇ ਆਗੂ ਵੀ ਪਹੁੰਚੇ।

ਇਸ ਰੈਲੀ ਵਿਚ ਲੋਕਾਂ ਦਾ ਵੱਡਾ ਇਕੱਠ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਲੱਖਾ ਸਿਧਾਣਾ ਨੇ ਕੀ ਕੁਝ ਕਿਹਾ

ਸਾਰੇ ਪਾਸੇ ਇਹ ਚਰਚਾ ਸੀ ਕਿ ਕੀ ਲੱਖਾ ਸਿਧਾਣਾ ਜਿਨ੍ਹਾਂ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਹੈ, ਕਿ ਕੀ ਉਹ ਰੈਲੀ ਵਿਚ ਖੁਦ ਆਉਣਗੇ, ਪਰ ਲੱਖਾ ਸਿਧਾਣਾ ਨੇ ਮੰਚ ਉੱਤੇ ਖੁੱਲ੍ਹੇਆਮ ਰੈਲੀ ਵਿੱਚ ਸ਼ਮੂਲੀਅਤ ਕੀਤੀ।

ਲੱਖਾ ਸਿਧਾਣਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਸਾਡੀਆਂ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਾਡੀ ਜਿੱਤ ਸਾਡੇ ਏਕੇ ਵਿੱਚ ਹੈ।

ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਜਿਹੜੇ ਵੀ ਐਕਸ਼ਨ ਦੇਣਗੀਆਂ ਪੰਜਾਬ ਦੇ ਨੌਜਵਾਨ ਉਨ੍ਹਾਂ ਦੇ ਨਾਲ ਖੜ੍ਹਨਗੇ। ਉਨ੍ਹਾਂ ਆਪਣੇ ਸਮਰਥਕ ਨੌਜਵਾਨਾਂ ਨੂੰ ਦਿੱਲੀ ਧਰਨਿਆਂ ਵਿਚ ਮੁੜ ਸ਼ਾਮਲ ਹੋਣ ਲਈ ਵੀ ਕਿਹਾ ।

ਲੱਖਾ ਸਿਧਾਣਾ ਨੇ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਮਾਰਚ ਪਿੰਡ ਸਿਧਾਣਾ ਤੋਂ ਬਠਿੰਡਾ ਤੱਕ ਥੋੜ੍ਹੀ ਦੇਰ ਵਿੱਚ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ, "ਸਾਡਾ ਇਕੱਠ ਕਰਨ ਦਾ ਮਕਸਦ ਹੈ ਦਿੱਲੀ ਮੋਰਚੇ ਦੇ ਨਾਲ ਖੜ੍ਹੇ ਹਾਂ। ਅਸੀਂ ਪਿੱਛੇ ਨਹੀਂ ਹਟਾਂਗੇ। ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਪੰਜਾਬ ਦੇ ਲੋਕ ਚੁੱਪ ਹੋ ਜਾਣ ਤੇ ਮੁੜ ਜਾਣ।"

"ਜੇ ਦਿੱਲੀ ਪੁਲਿਸ ਨੇ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ।"

ਖੇਤੀ ਕਾਨੂੰਨ ਰੱਦ ਕਰਵਾਉਣੇ ਨਿਸ਼ਾਨਾਂ

ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਸਾਡਾ ਨਿਸ਼ਾਨਾਂ ਹੈ ਅਤੇ ਅਸੀਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਇਸ ਅੰਦੋਲਨ ਦਾ ਸਮਰਥਨ ਕਰਦੇ ਰਹਾਂਗੇ।

ਉਨ੍ਹਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਉਨ੍ਹਾਂ ਦੀ ਗ੍ਰਿਫ਼ਾਤਰੀ ਹੋਣ ਦੀ ਸੂਰਤ ਵਿਚ ਨੋ ਕੂਮੈਂਟ ਦੇ ਬਿਆਨ ਬਾਰੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਸਾਰੀਆਂ ਹੀ ਗ੍ਰਿਫ਼ਤਾਰੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਇਸ ਮੌਕੇ ਦੇ ਮੰਚ ਉੱਤੋ ਬੋਲਣ ਵਾਲੇ ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ-ਨਾਲ 26 ਜਨਵਰੀ ਦੀਆਂ ਘਟਨਾਵਾਂ ਵਿੱਚ ਨਾਮਜ਼ਮਦ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪਗੜੀ ਸੰਭਾਲ ਜੱਟਾ ਸਮਾਗਮ

ਪੰਜਾਬ, ਹਰਿਆਣਾ ਅਤੇ ਯੂਪੀ ਸਣੇ ਵੱਖ ਵੱਖ ਸੂਬਿਆਂ ਵਿਚ ਕਿਸਾਨਾਂ ਨੇ ਅੱਜ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ ਕੀਤੇ। ਸਿੰਘੂ ਬਾਰਡਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨਪਾਲ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਗੱਲ ਸਮਝ ਲਵੇ ਕਿ ਉਹ ਡਰਾ ਧਮਕਾ ਕੇ ਅੰਦੋਲਨ ਨੂੰ ਖ਼ਤਮ ਨਹੀਂ ਕਰ ਸਕਦੀ।

ਦਰਸ਼ਨਪਾਲ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿੰਨੇ ਵੀ ਕਿਸਾਨਾਂ ਜਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਜਾਂ ਕੀਤੀਆਂ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਪੈਨਲ ਉਨ੍ਹਾਂ ਦੀ ਰਿਹਾਈ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਕਾਫੀ ਨੌਜਵਾਨ ਜੇਲ੍ਹਾਂ ਤੋਂ ਬਾਹਰ ਵੀ ਆ ਗਏ ਹਨ।

ਉਨ੍ਹਾਂ ਕਿਹਾ ਕਿ 24 ਤਾਰੀਕ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਵਿਰੁੱਧ ਜ਼ਬਰ ਵਿਰੋਧੀ ਦਿਵਸ ਮਨਾਇਆ ਜਾਵੇਗਾ ਅਤੇ ਦੇਸ਼ ਭਰ ਵਿਚ ਵੱਡੇ ਇਕੱਠ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਅਗਲੇ ਐਕਸ਼ਨਾਂ ਦੇ ਸੱਦੇ ਇਸ ਅੰਦੋਲਨ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕਰਨਾ ਹੈ ਅਤੇ ਕਿਸਾਨ ਵੱਧ ਤੋਂ ਵੱਧ ਧਰਨਿਆਂ ਵਿਚ ਪਹੁੰਚਣ।

ਇਸ ਇਕੱਠ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ , ਮੇਜਰ ਸਿੰਘ ਅਤੇ ਮਨਜੀਤ ਸਿੰਘ ਰਾਏ ਅਤੇ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ ਸਮਾਗਮ ਵਿਚ ਅਜੀਤ ਸਿੰਘ ਤੇ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ।

ਕਿਸਾਨ ਆਗੂਆਂ ਨੇ ਕਿਹਾ ਖੇਤੀ ਪਹਿਲਾਂ ਹੀ ਬਹੁਤ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ, ਹੁਣ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਐਮਐਸਪੀ ਦੀ ਅਣਹੋਂਦ ਇਸ ਸੰਕਟ ਵਿੱਚ ਹੋਰ ਵਾਧਾ ਕਰੇਗੀ ਅਤੇ ਖੇਤੀ ਬੁਰੀ ਤਰ੍ਹਾਂ ਬਰਬਾਦ ਹੋ ਜਾਵੇਗੀ।

ਭਗਤ ਸਿੰਘ ਦੇ ਭਤੀਜੇ ਨੇ ਦਿੱਤੀ ਮਰਨ ਵਰਤ ਦੀ ਚੇਤਾਵਨੀ

ਪ੍ਰੋਗਰਾਮ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਉਨ੍ਹਾਂ ਦੇ ਭਤੀਜੇ ਸ੍ਰੀ ਅਭੈ ਸੰਧੂ, ਤੇਜੀ ਸੰਧੂ, ਅਨੁਪ੍ਰਿਅ ਸੰਧੂ ਅਤੇ ਗੁਰਜੀਤ ਕੌਰ ਆਦਿ ਹਾਜ਼ਰ ਸਨ।

ਕਿਸਾਨ ਨੇਤਾਵਾਂ ਨੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਅਭੈ ਸੰਧੂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ 23 ਮਾਰਚ (ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ) ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਮਰਨ ਵਰਤ ਰੱਖਣਗੇ।

ਅਭੈ ਸੰਧੂ ਨੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕੀਤਾ ਅਤੇ ਅੰਦੋਲਨ ਨੂੰ ਸਫਲ ਹੋਣ ਦੀ ਕਾਮਨਾ ਕੀਤੀ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਸਭ ਨੂੰ ਮੰਚ ਤੋਂ 'ਪਗੜੀ ਸੰਭਾਲ ਲਹਿਰ' 1906 ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਵੀ ਪਗੜੀ ਸੰਭਾਲ ਲਹਿਰ ਵਿੱਚ ਸਰਕਾਰ ਨੇ 3 ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਸਨ, ਜਿਸ ਵਿਰੁੱਧ ਕਿਸਾਨੀ ਲਹਿਰ ਆਰੰਭ ਹੋਈ ਸੀ ਅਤੇ ਸਫਲ ਹੋਈ ਸੀ। ਕਿਸਾਨਾਂ ਦੀ ਏਕਤਾ ਸਾਬਤ ਕਰਦੀ ਹੈ ਕਿ ਇਹ ਅੰਦੋਲਨ ਵੀ ਸਫਲ ਰਹੇਗਾ।

ਦੱਖਣੀ ਸੂਬਿਆਂ ਤੋਂ ਪਹੁੰਚੇ ਕਿਸਾਨ

ਦੱਖਣੀ ਭਾਰਤ ਦੇ ਕਿਸਾਨਾਂ ਦਾ ਇਕ ਸਮੂਹ ਮੁੱਖ ਤੌਰ 'ਤੇ ਕਰਨਾਟਕ ਅਤੇ ਤੇਲੰਗਾਨਾ ਦੇ ਕਿਸਾਨ ਅੱਜ ਸਰਹੱਦ' ਤੇ ਪਹੁੰਚੇ। ਉਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਾਰ ਵਾਰ ਇਸ ਅੰਦੋਲਨ ਨੂੰ ਕਿਸੇ ਖ਼ਾਸ ਖੇਤਰ ਦੀ ਲਹਿਰ ਵਜੋਂ ਰੱਦ ਕਰਦੀ ਹੈ।

ਬਲਕਿ ਇਹ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਦੀ ਹੈ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਅਤੇ ਐਮਐਸਪੀ 'ਤੇ ਕਾਨੂੰਨੀ ਗਰੰਟੀ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੈ, ਜੋ ਕਿ ਦੇਸ਼ ਭਰ ਦੇ ਕਿਸਾਨਾਂ ਦਾ ਮੁੱਦਾ ਹੈ.ਮਹਾਰਾਸ਼ਟਰ ਦੇ ਨੰਦੂਰਬਾਰ ਵਿੱਚ, ਨਰਮਦਾ ਬਚਾਓ ਅੰਦੋਲਨ ਦੇ ਕਾਰਕੁਨਾਂ ਸਮੇਤ ਐਨਏਪੀਐਮ, ਏਆਈਕੇਐਸਸੀ, ਜੇਏਐਸਐਸ ਸਮੇਤ ਖੇਤਰੀ ਲੋਕਾਂ ਦੀ ਹਾਜ਼ਰੀ ਵਿੱਚ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਪਗੜੀ ਸੰਭਾਲ ਦਿਵਸ ਦਾ ਨਾਅਰਾ ਦਿੱਤਾ ਗਿਆ।

ਗੜੀ ਸੰਭਾਲ ਦਿਵਸ ਮੌਕੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਅਹਿਦ

ਰਿਪੋਰਟ- ਪ੍ਰਭੂ ਦਿਆਲ: ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਜਨਮ ਦਿਵਸ 'ਤੇ ਪੰਗੜੀ ਸੰਭਾਲ ਦਿਵਸ ਮੌਕੇ ਸਿਰਸਾ ਦੇ ਦੁਸ਼ਹਿਰਾ ਗਰਾਉਂਡ 'ਚ ਸਮਾਗਮ ਹੋਇਆ।

ਸਮਾਗਮ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਪਹੁੰਚੇ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਤੋਂ ਇਲਾਵਾ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਜੋਗਿੰਦਰ ਸਿੰਘ ਉਗਰਾਹਾਂ ਸਣੇ ਹੋਰ ਸਥਾਨਕ ਆਗੂ ਵੀ ਪਹੁੰਚੇ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕੀਤੇ ਗਏ ਇਸ ਸਮਾਗਮ ਵਿੱਚ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ। ਉਹ ਟਰੈਕਟਰ-ਟਰਾਲੀਆਂ 'ਤੇ ਕਿਸਾਨੀਂ ਝੰਡੇ ਲਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇ ਲਾਉਂਦੇ ਹੋਏ ਪਹੁੰਚੇ ਸਨ।

ਕਿਸਾਨ ਅੰਦੋਲਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਹੈ। ਸਮਾਂ ਥੋੜ੍ਹਾ ਹੈ, ਇਕੱਠੇ ਹੋ ਜਾਓ। ਜੇ ਅਜੇ ਵੀ ਸੁੱਤੇ ਰਹੇ ਤਾਂ ਤੁਹਾਨੂੰ ਬਾਅਦ ਵੱਚ ਨੀਂਦ ਵੀ ਨਸੀਬ ਨਹੀਂ ਹੋਣੀ।

ਬਲਬੀਰ ਸਿੰਘ ਰਾਜੇਵਾਲ ਨੇ ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ, "ਪੰਜਾਬ ਦੇ ਜੱਟ ਤੇ ਹਰਿਆਣਾ ਦੇ ਜਾਟਾਂ ਦਾ ਸੱਭਿਆਚਾਰ ਇੱਕੋ ਹੈ। ਅਸੀਂ ਜ਼ਮੀਨ ਨਾਲ ਜੁੜੇ ਲੋਕ ਹਾਂ। ਪਿੰਡਾਂ ਵਿੱਚ ਜੇ ਕੋਈ ਕਿਸਾਨ ਆਪਣੀ ਸਾਰੀ ਜ਼ਮੀਨ ਵੇਚ ਦੇਵੇ ਤਾਂ ਵੀ ਅਸੀਂ ਕਹਿੰਦੇ ਹਾਂ ਕਿ ਇਹ ਪੁੱਤ ਜ਼ਿੰਮੀਦਾਰ ਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜ਼ਮੀਨ ਤੋਂ ਵੱਖ ਨਹੀਂ ਰਹਿ ਸਕਦੇ। ਜੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਯਾਦ ਰੱਖਿਓ ਹਰਿਆਣਾ ਤੇ ਪੰਜਾਬ ਦੋ ਸੂਬੇ ਤੁਹਾਡੇ ਲਈ ਨਹੀਂ ਰਹਿਣੇ।"

ਧਰਨਾ ਲਾਈ ਬੈਠੇ ਕਿਸਾਨਾਂ ਨੇ ਮਨਾਇਆ ਪਗੜੀ ਸੰਭਾਲ ਦਿਵਸ

ਰਿਪੋਰਟ-ਗੁਰਪ੍ਰੀਤ ਚਾਵਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 23 ਫਰਵਰੀ ਨੂੰ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ 140 ਵੇਂ ਜਨਮ ਦਿਨ ਨੂੰ "ਪਗੜੀ ਸੰਭਾਲ" ਦਿਹਾੜੇ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।

ਇਸੇ ਦੇ ਤਹਿਤ ਅੱਜ ਅੰਮ੍ਰਿਤਸਰ-ਪਠਾਨਕੋਟ ਮੁਖ ਮਾਰਗ 'ਤੇ ਕੱਥੂਨੰਗਲ ਟੋਲ ਪਲਾਜ਼ਾ 'ਤੇ ਪੱਕਾ ਮੋਰਚਾ ਲਾਕੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਨਾਲ ਜੁੜੇ ਕਿਸਾਨਾਂ ਵੱਲੋਂ ਵੱਡਾ ਇਕੱਠ ਕਰ ਕੇਂਦਰ ਸਰਕਾਰ ਖਿਲਾਫ਼ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਵਾਜ਼ ਬੁਲੰਦ ਕੀਤੀ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇੱਕ ਕਿਸਾਨ ਦੀ ਜ਼ਮੀਨ ਤੇ ਕਿਸਾਨੀ ਉਸਦੀ ਇੱਜ਼ਤ ਅਤੇ ਰੋਜ਼ੀ-ਰੋਟੀ ਹੈ ਅਤੇ ਉਦੋਂ ਵੀ ਕਿਸਾਨ ਦੀ ਪੱਗ ਨੂੰ ਹੱਥ ਪਿਆ ਸੀ ਅਤੇ ਅੱਜ ਵੀ ਉਹੀ ਖ਼ਤਰਾ ਹੈ। ਪਰ ਅੱਜ ਜੋ ਕਿਸਾਨੀ ਅੰਦੋਲਨ ਰੂਪ ਧਾਰਨ ਕਰ ਚੁੱਕਿਆ ਹੈ ਉਹ ਬਹੁਤ ਅਹਿਮ ਹੈ। ਲੋਕ ਬਹੁਤ ਵੱਡੀ ਗਿਣਤੀ ਵਿੱਚ ਜਾਗਰੂਕ ਹੋ ਕੇ ਇਸ ਅੰਦੋਲਨ ਦਾ ਹਿੱਸਾ ਹਨ।

ਉੱਤਰ ਪ੍ਰਦੇਸ਼ ਸਰਕਾਰ ਤੇ ਦਿੱਲੀ ਪੁਲਿਸ ਦੀ ਨਿਖੇਧੀ

ਪੱਛਮੀ ਉੱਤਰ ਪ੍ਰਦੇਸ਼ ਵਿੱਚ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਆਏ ਭਾਜਪਾ ਨੇਤਾਵਾਂ ਅਤੇ ਕਾਰਕੁਨਾਂ ਨੇ ਕਿਸਾਨਾਂ 'ਤੇ ਹਮਲਾ ਬੋਲਿਆ। ਪੁਲਿਸ ਨੇ ਭਾਜਪਾ ਵਰਕਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ।

ਅਸੀਂ ਸਰਕਾਰ ਦੀਆਂ ਕਿਸਾਨ ਵਿਰੋਧੀ ਸਾਜਿਸ਼ਾਂ ਦਾ ਸਖਤ ਵਿਰੋਧ ਕਰਦੇ ਹਾਂ। ਭਾਜਪਾ ਵੱਲੋਂ ਹਰ ਰੋਜ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਸੀਂ ਇਸ ਨੂੰ ਸਫਲ ਨਹੀਂ ਹੋਣ ਦਿਆਂਗੇ ਅਤੇ ਕਿਸਾਨਾਂ ਦਾ ਇਹ ਸੰਘਰਸ਼ ਜ਼ਰੂਰ ਸਫਲ ਹੋਏਗਾ। ਦਿੱਲੀ ਪੁਲਿਸ ਨੇ ਕੁਝ ਪੋਸਟਰ ਲਗਾਏ ਹਨ, ਜਿਸ ਵਿੱਚ ਕਿਸਾਨਾਂ ਨੂੰ ਚਿਤਾਵਨੀ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪਰ ਕਿਸਾਨ ਆਪਣੇ ਬੁਨਿਆਦੀ ਅਧਿਕਾਰਾਂ ਦੀ ਵਰਤੋਂ ਕਰਕੇ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਹਨ।

ਅਸੀਂ ਪੁਲਿਸ ਦੇ ਇਸ ਕਦਮ ਦਾ ਵਿਰੋਧ ਕਰਦੇ ਹਾਂ ਅਤੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕਰਦੇ ਹਾਂ। ਅਜਿਹੀਆਂ ਧਮਕੀਆਂ ਅਤੇ ਚੇਤਾਵਨੀਆਂ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਦਾ ਸਖਤ ਵਿਰੋਧ ਕਰਨਗੀਆਂ ਅਤੇ ਇਸ ਨਾਲ ਕਿਸਾਨੀ ਸੰਘਰਸ਼ ਮਜ਼ਬੂਤ ​​ਹੋਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)