‘ਟਵਿੱਟਰ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਦਾ ਹੈ ਪਰ ਲਾਲ ਕਿਲੇ ਦੀ ਹਿੰਸਾਂ ਨੂੰ ਬੋਲਣ ਦੀ ਆਜ਼ਾਦੀ ਮੰਨਦਾ ਹੈ’- ਰਵੀ ਸ਼ੰਕਰ ਪ੍ਰਸਾਦ

“ਜਦੋਂ ਵਾਸ਼ਿੰਗਟਨ ਵਿੱਚ ਕੈਪੀਟਲ ਹਿੱਲ ’ਤੇ ਹਮਲਾ ਹੋਇਆ ਤਾਂ ਤੁਸੀਂ ਰਾਸ਼ਟਰਪਤੀ ਸਮੇਤ ਸਾਰੇ ਲੋਕਾਂ ਦੇ ਅਕਾਊਂਟ ਬੈਨ ਕਰ ਦਿੱਤੇ।''

''ਕਿਸਾਨ ਅੰਦੋਲਨ ਦੌਰਾਨ ਜਦੋਂ ਲਾਲ ਕਿਲ੍ਹੇ ਉਪਰ ਅੱਤਵਾਦੀ ਸਮਰਥਕ ਨੰਗੀਆਂ ਤਲਵਾਰਾਂ ਦਿਖਾ ਰਹੇ ਸਨ ਅਤੇ ਪੁਲਿਸ ਕਰਮੀਆਂ ਨੂੰ ਜ਼ਖ਼ਮੀ ਕਰ ਰਹੇ ਸਨ ਤਾਂ ਉਸ ਸਮੇਂ ਇਹ 'ਫਰੀਡਮ ਆਫ਼ ਐਕਸਪ੍ਰੈਸ਼ਨ' ਯਾਨਿ 'ਬੋਲਣ ਦੀ ਆਜ਼ਾਦੀ' ਸੀ।”

“ਜੇਕਰ ਵਾਸ਼ਿੰਗਟਨ ਦਾ ਕੈਪੀਟਲ ਹਿੱਲ ਅਮਰੀਕਾ ਲਈ ਮਹੱਤਵਪੂਰਨ ਹੈ ਤਾਂ ਲਾਲ ਕਿਲ੍ਹੇ ਉਪਰ ਭਾਰਤ ਦਾ ਪ੍ਰਧਾਨ ਮੰਤਰੀ ਝੰਡਾ ਫਹਿਰਾਉਂਦਾ ਹੈ।”

ਇਹ ਸ਼ਬਦ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਦੌਰਾਨ ਕਹੇ।

ਇਹ ਵੀ ਪੜ੍ਹੋ-

ਭਾਰਤ ਸਰਕਾਰ ਅਤੇ ਟਵਿੱਟਰ ਵਿਚਕਾਰ ਟਕਰਾਅ ਲਗਾਤਾਰ ਜਾਰੀ ਹੈ।

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਨਿਊਜ਼ ਏਜੰਸੀ ਏਐਨਆਈ ਨੂੰ ਵੀਰਵਾਰ ਨੂੰ ਕਿਹਾ ਕਿ 'ਬੋਲਣ ਦੀ ਆਜ਼ਾਦੀ' ਦੇ ਨਾਮ ‘ਤੇ ਟਵਿੱਟਰ ਭਾਰਤ ਸਰਕਾਰ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ।

ਟਵਿੱਟਰ ਨੂੰ ਭਾਰਤ ਵਿੱਚ ਬੈਨ ਕੀਤੇ ਜਾਣ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਮੰਚ ਨੂੰ ਬੈਨ ਕਰਨ ਦੇ ਪੱਖ ਵਿੱਚ ਨਹੀਂ ਹਨ।

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਭਾਰਤ ਦੇ ਨਿਯਮ ਅਤੇ ਕਾਨੂੰਨ ਮੰਨਣੇ ਪੈਣਗੇ।

ਉਨ੍ਹਾਂ ਕਿਹਾ, “ਤੁਸੀਂ ਲੱਦਾਖ ਦੇ ਕੁਝ ਇਲਾਕਿਆਂ ਨੂੰ ਚੀਨ ਦਾ ਹਿੱਸਾ ਦਿਖਾਉਂਦੇ ਹੋ। ਇਸ ਨੂੰ ਹਟਵਾਉਣ ਵਿੱਚ ਸਾਨੂੰ 15 ਦਿਨ ਦਾ ਸਮਾਂ ਲੱਗਿਆ। ਇੱਕ ਲੋਕਤੰਤਰ ਦੇ ਰੂਪ ਵਿੱਚ ਭਾਰਤ ਕੋਲ ਆਪਣੀ ਡਿਜੀਟਲ ਸੰਪ੍ਰਭੁਤਾ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ।”

ਕੇਂਦਰੀ ਮੰਤਰੀ ਨੇ ਵੱਟਸਐਪ ਉੱਪਰ ਸੰਦੇਸ਼ਾਂ ਦੇ ਡੀਕ੍ਰਿਪਟ ਯਾਨਿ ਕਿ ਉਨ੍ਹਾਂ ਦੇ ਪੜਤਾਲ ਕਰਨ ਉੱਪਰ ਵੀ ਜਵਾਬ ਦਿੱਤਾ।

ਉਨ੍ਹਾਂ ਨੇ ਕਿਹਾ, “ਅਸੀਂ ਨਹੀਂ ਚਾਹੁੰਦੇ ਕਿ ਸਾਰੇ ਸੰਦੇਸ਼ਾਂ ਦੀ ਜਾਂਚ ਪੜਤਾਲ ਹੋਵੇ ਪਰ ਜੇਕਰ ਕੋਈ ਕੰਟੈਂਟ ਵਾਇਰਲ ਹੁੰਦਾ ਹੈ ਜਿਸ ਵਿੱਚ ਮੌਬ ਲਿੰਚਿੰਗ ਹੁੰਦੀ ਹੈ, ਮਹਿਲਾਵਾਂ ਨੂੰ ਇਤਰਾਜ਼ਯੋਗ ਤਰੀਕੇ ਨਾਲ ਦਿਖਾਇਆ ਜਾਂਦਾ ਹੈ।''

''ਬੱਚਿਆਂ ਦਾ ਯੌਨ ਸ਼ੋਸ਼ਣ ਹੁੰਦੇ ਦਿਖਾਇਆ ਜਾਂਦਾ ਹੈ, ਅਜਿਹੇ ਹਾਲਾਤਾਂ ਵਿੱਚ ਵੱਟਸਐਪ ਨੂੰ ਇਹ ਦੱਸਣਾ ਹੋਵੇਗਾ ਕਿ ਇਸ ਮੈਸੇਜ ਦੀ ਸ਼ੁਰੂਆਤ ਕਿੱਥੋਂ ਹੋਈ ਹੈ।

ਕਿਉਂ ਛਿੜਿਆ ਵਿਵਾਦ?

ਉੱਤਰ ਪ੍ਰਦੇਸ਼ ਵਿੱਚ ਬਜ਼ੁਰਗ ਮੁਸਲਮਾਨ ਵਿਅਕਤੀ ਨਾਲ ਹੋਈ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਹੁਣ ਇਸ ਮਾਮਲੇ ਵਿੱਚ ਗਾਜ਼ੀਆਬਾਦ ਪੁਲਿਸ ਨੇ ਕਈ ਪੱਤਰਕਾਰਾਂ ਸਮੇਤ ਟਵਿੱਟਰ ਉੱਪਰ ਐੱਫਆਈਆਰ ਦਰਜ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਟਵਿੱਟਰ ਨੇ ਇੰਟਰਮੀਡੀਏਰੀ ਦਰਜਾ ਗੁਆ ਦਿੱਤਾ ਹੈ। ਮਤਲਬ ਇਹ ਕਿ ਹੁਣ ਟਵਿਟਰ ਉੱਤੇ ਪਬਲਿਸ਼ ਹੋਣ ਵਾਲੀ ਕਿਸੇ ਵੀ ਸਮੱਗਰੀ ਲਈ ਟਵਿੱਟਰ ਆਪ ਜ਼ਿੰਮੇਵਾਰ ਹੋਵੇਗਾ।

ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਨਿਯਮਾਂ ਤੋਂ ਬਾਅਦ ਟਵਿੱਟਰ ਦੇ ਖ਼ਿਲਾਫ਼ ਇਹ ਪਹਿਲਾ ਮਾਮਲਾ ਹੈ।

5 ਜੂਨ ਨੂੰ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕਿਹਾ ਸੀ।

ਇਨ੍ਹਾਂ ਨਿਯਮਾਂ ਨੂੰ ਇੱਕ ਹਫ਼ਤੇ ਵਿੱਚ ਲਾਗੂ ਕੀਤਾ ਜਾਣਾ ਸੀ ਪਰ ਟਵਿੱਟਰ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਇਹ ਲਾਗੂ ਨਹੀਂ ਕੀਤੇ ਗਏ।

ਕੀ ਹੈ ਗਾਜ਼ੀਆਬਾਦ ਦੇ ਬਜ਼ੁਰਗ ਦਾ ਮਾਮਲਾ?

ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਬਜ਼ੁਰਗ ਮੁਸਲਮਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਦੀ ਦਾੜ੍ਹੀ ਕੱਟੀ ਗਈ ਹੈ।

ਟਵਿੱਟਰ ਉੱਪਰ ਇਸ ਵੀਡੀਓ ਬਾਰੇ ਲਿਖਿਆ ਗਿਆ ਕਿ ਬਜ਼ੁਰਗ ਨੂੰ ਕਥਿਤ ਤੌਰ ਤੇ ਵੰਦੇ ਮਾਤਰਮ ਅਤੇ ਜੈ ਸ਼੍ਰੀ ਰਾਮ ਬੋਲਣ ਲਈ ਮਜਬੂਰ ਕੀਤਾ ਗਿਆ।

ਗਾਜ਼ੀਆਬਾਦ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਿਰਕੂ ਕਾਰਵਾਈ ਨੂੰ ਖਾਰਜ ਕੀਤਾ ਹੈ।

ਪੁਲਿਸ ਨੇ ਇਸ ਵੀਡੀਓ ਨੂੰ ਟਵੀਟ ਕਰਨ ਵਾਲੇ ਅਤੇ ਇਸ ਉੱਪਰ ਟਿੱਪਣੀ ਕਰਨ ਵਾਲੇ ਕਈ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਪੱਤਰਕਾਰ ਰਾਣਾ ਅਯੂਬ, ਸਬਾ ਨਕਵੀ, ਮੁਹੰਮਦ ਜ਼ੁਬੈਰ ਸ਼ਾਮਲ ਹਨ।

ਇਸ ਵਿੱਚ ਟਵਿੱਟਰ ਕਮਿਊਨਿਕੇਸ਼ਨਜ਼ ਇੰਡੀਆ ਪ੍ਰਾਈਵੇਟ ਲਿਮੀਟੇਡ ਅਤੇ ਟਵਿੱਟਰ Inc ਦਾ ਵੀ ਨਾਂ ਹੈ।

ਪੁਲਿਸ ਅਨੁਸਾਰ ਇਨ੍ਹਾਂ ਟਵਿੱਟਰ ਪੋਸਟਾਂ ਦਾ ਮਕਸਦ ਭਾਈਚਾਰਕ ਸਾਂਝ ਨੂੰ ਵਿਗਾੜਨਾ ਸੀ।

ਰਵੀ ਸ਼ੰਕਰ ਪ੍ਰਸਾਦ ਨੇ ਚੁੱਕੇ ਕਈ ਸਵਾਲ

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਟਵਿੱਟਰ ਰਾਹੀਂ ਟਵਿੱਟਰ 'ਤੇ ਨਿਸ਼ਾਨੇ ਸਾਧੇ ਹਨ ਅਤੇ ਲਿਖਿਆ ਹੈ, "26 ਮਈ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੰਟਰਮੀਡੀਏਰੀ ਗਾਈਡਲਾਈਨ ਦੀ ਪਾਲਣਾ ਟਵਿੱਟਰ ਨੇ ਨਹੀਂ ਕੀਤੀ।

''ਟਵਿੱਟਰ ਨੂੰ ਕਈ ਮੌਕੇ ਦਿੱਤੇ ਗਏ ਪਰ ਉਸ ਨੇ ਜਾਣਬੁਝ ਕੇ ਇਨ੍ਹਾਂ ਨੂੰ ਨਾ ਮੰਨਣ ਦਾ ਰਾਹ ਚੁਣਿਆ।''

ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਲਿਖਿਆ, ''ਟਵਿੱਟਰ 'ਤੇ ਜਦੋਂ ਗਾਈਡਨਾਈਂਨਜ਼ ਦੀ ਪਾਲਣਾ ਦੀ ਗੱਲ ਆਈ ਤਾਂ ਅਣਦੇਖੀ ਕਰ ਰਿਹਾ ਹੈ।''

''ਇਸ ਤੋਂ ਇਲਾਵਾ ਟਵਿੱਟਰ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਵਰਤੋਂਕਾਰਾਂ ਦੀਆਂ ਸ਼ਿਕਾਇਤਾਂ ਨੂੰ ਅਣਗੌਲਿਆਂ ਕਰ ਰਿਹਾ ਹੈ।''

ਇਸ ਦੇ ਨਾਲ ਹੀ ਟਵਿੱਟਰ ਆਪਣੀ ਸਹੁਲਤ ਅਤੇ ਪਸੰਦ-ਨਾਪਸੰਦ ਦੇ ਹਿਸਾਬ ਨਾਲ ਕਿਸੇ ਪੋਸਟ ਨੂੰ ਮੈਨੀਪੁਲੇਟਿਡ ਮੀਡੀਆ ਦੇ ਖਾਨੇ ਵਿੱਚ ਪਾ ਦਿੰਦਾ ਹੈ।''

"ਭਾਰਤ ਦਾ ਸੱਭਿਆਚਾਰ ਭੂਗੋਲਿਕ ਬਣਤਰ ਦੇ ਹਿਸਾਬ ਨਾਲ ਹੈ। ਕੁਝ ਖਾਸ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਤੋਂ ਫੈਲੀ ਚਿੰਗਾਰੀ ਅੱਗ ਦਾ ਰੂਪ ਲੈ ਸਕਦੀ ਹੈ। ਖਾਸ ਕਰਕੇ ਫ਼ਰਜ਼ੀ ਖ਼ਬਰਾਂ ਦੇ ਰਾਹੀਂ। ਇਸੇ ਨੂੰ ਰੋਕਣ ਲਈ ਅਸੀਂ ਨਵੇਂ ਨਿਯਮ ਬਣਾਏ ਹਨ।"

ਰਵੀ ਸ਼ੰਕਰ ਪ੍ਰਸਾਦ ਨੇ ਅੱਗੇ ਲਿਖਿਆ, "ਉੱਤਰ ਪ੍ਰਦੇਸ਼ ਵਿੱਚ ਜੋ ਕੁਝ ਹੋਇਆ ਉਸ ਵਿੱਚ ਟਵਿੱਟਰ ਦੀ ਫਰਜ਼ੀ ਖ਼ਬਰਾਂ ਨੂੰ ਰੋਕਣ ਵਿੱਚ ਮਨਮਾਨੀ ਸਾਫ ਤੌਰ 'ਤੇ ਨਜ਼ਰ ਆਈ।''

''ਟਵਿੱਟਰ ਤੱਥਾਂ ਦੀ ਪੁਸ਼ਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆਉਂਦਾ ਹੈ ਪਰ ਉੱਤਰ ਪ੍ਰਦੇਸ਼ ਸਮੇਤ ਕਈ ਮਾਮਲਿਆਂ ਵਿੱਚ ਉਸ ਦੀ ਲਾਪਰਵਾਹੀ ਪਰੇਸ਼ਾਨ ਕਰਨ ਵਾਲੀ ਹੈ।"

"ਭਾਰਤ ਦੀਆਂ ਕੰਪਨੀਆਂ ਚਾਹੇ ਉਹ ਆਈਟੀ ਸੈਕਟਰ ਹੋਵੇ ਜਾਂ ਫਾਰਮਾ, ਜੇਕਰ ਅਮਰੀਕਾ ਜਾਂ ਕਿਸੇ ਦੇਸ਼ ਵਿੱਚ ਕਾਰੋਬਾਰ ਕਰਦੀਆਂ ਹਨ ਤਾਂ ਉਸ ਜਗ੍ਹਾ ਦੇ ਕਾਨੂੰਨਾਂ ਦਾ ਪਾਲਣ ਕਰਦੀਆਂ ਹਨ।''

''ਜਦੋਂ ਭਾਰਤ ਨੇ ਪੀੜਤਾਂ ਨੂੰ ਆਵਾਜ਼ ਦੇਣ ਲਈ ਨਿਯਮ ਬਣਾਇਆ ਤਾਂ ਟਵਿੱਟਰ ਉਸਦੇ ਪਾਲਣ ਵਿੱਚ ਰੁਚੀ ਨਹੀਂ ਦਿਖਾ ਰਿਹਾ।"

ਦਿਲਚਸਪ ਗੱਲ ਇਹ ਵੀ ਹੈ ਕਿ ਕੇਂਦਰੀ ਮੰਤਰੀ ਨੇ ਇਹ ਗੱਲਾਂ ਸਵਦੇਸ਼ੀ ਐਪ ਜਾਂ ਭਾਰਤ ਦਾ ਟਵਿੱਟਕ ਕਹੇ ਜਾਣ ਵਾਲੇ ਕੂ ਐਪ 'ਤੇ ਵੀ ਲਿਖੀਆਂ ਹਨ।

ਟਵਿੱਟਰ ਨੇ ਵੀ ਜਾਰੀ ਕੀਤਾ ਬਿਆਨ

ਇਸ ਸਾਰੇ ਮਾਮਲੇ ਉਪਰ ਟਵਿੱਟਰ ਨੇ ਇਕ ਬਿਆਨ ਜਾਰੀ ਕੀਤਾ ਹੈ।

ਇਸ ਬਿਆਨ ਵਿੱਚ ਟਵਿੱਟਰ ਨੇ ਕਿਹਾ, "ਅਸੀਂ ਹਰ ਪੜ੍ਹਾਅ ਵਿੱਚ ਤਰੱਕੀ ਬਾਰੇ ਭਾਰਤ ਦੇ ਆਈਟੀ ਮੰਤਰਾਲੇ ਨੂੰ ਲਗਾਤਾਰ ਦੱਸ ਰਹੇ ਹਾਂ। ਇੱਕ ਅੰਤਰਿਮ ਮੁੱਖ ਅਨੁਪਾਲਣ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ।''

''ਇਸ ਬਾਰੇ ਜਾਣਕਾਰੀ ਮੰਤਰਾਲੇ ਨਾਲ ਸਾਂਝੀ ਕੀਤੀ ਜਾਵੇਗੀ। ਟਵਿਟਰ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।"

ਟਵਿੱਟਰ ਦੇ ਬੁਲਾਰੇ ਨੇ ਰਵੀਸ਼ੰਕਰ ਪ੍ਰਸਾਦ ਦੇ ਬਿਆਨ ਜਾਂ ਐੱਫਆਈਆਰ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਦੁਨੀਆਂ ਦੇ ਕਈ ਦੇਸ਼ ਜਿਵੇਂ ਚੀਨ, ਉੱਤਰੀ ਕੋਰੀਆ, ਤੁਰਕਮੇਨਿਸਤਾਨ ਵਿੱਚ ਟਵਿੱਟਰ ਉਪਰ ਰੋਕ ਹੈ। ਕੁਝ ਦਿਨ ਪਹਿਲਾਂ ਨਾਈਜੀਰੀਆ ਨੇ ਵੀ ਟਵਿੱਟਰ ਉਪਰ ਰੋਕ ਲਗਾਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)