You’re viewing a text-only version of this website that uses less data. View the main version of the website including all images and videos.
ਨਤਾਸ਼ਾ ਨਰਵਾਲ ਦਿੱਲੀ ਦੰਗੇ ਮਾਮਲੇ 'ਚ ਜ਼ਮਾਨਤ 'ਤੇ ਰਿਹਾਅ, ਜੇਲ੍ਹ ਤੋਂ ਨਿਕਲ ਕੇ ਕੀ ਕੁਝ ਕਿਹਾ - ਅਹਿਮ ਖ਼ਬਰਾਂ
ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਅੱਜ ਦੀਆਂ ਤਮਾਮ ਅਹਿਮ ਖ਼ਬਰਾਂ ਦੇ ਰਹੇ ਹਾਂ।
ਸਟੂਡੈਂਟ ਕਾਰਕੁਨ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਜੇਲ੍ਹ ਤੋਂ ਬਾਹਰ ਆ ਗਏ ਹਨ।
ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਇਨਕਲਾਬ ਦੇ ਨਾਅਰੇ ਵੀ ਲੱਗੇ। ਜੇਲ੍ਹ ਤੋਂ ਬਾਹਰ ਆਈ ਨਤਾਸ਼ਾ ਨੇ ਕਿਹਾ ਕਿ ਕਾਨੂੰਨੀ ਲੜਾਈ ਜਾਰੀ ਰਹੇਗੀ ਅਤੇ ਅਸੀਂ ਆਪਣੀਆਂ ਕਦਰਾਂ-ਕੀਮਤਾਂ ਲਈ ਲੜਾਈ ਵੀ ਜਾਰੀ ਰੱਖਾਂਗੇ।
ਦਿੱਲੀ ਹਾਈ ਕੋਰਟ ਨੇ ਇਨ੍ਹਾਂ ਨੂੰ ਮੰਗਲਵਾਰ ਨੂੰ ਜ਼ਮਾਨਤ ਦਿੱਤੀ ਸੀ ਪਰ ਉਦੋਂ ਇਨ੍ਹਾਂ ਦੀ ਰਿਹਾਈ ਨਹੀਂ ਹੋਈ ਸੀ।
ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਇਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਇਹ ਤਿੰਨੇ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆ ਗਏ।
ਇਹ ਵੀ ਪੜ੍ਹੋ-
ਪੁਲਿਸ ਨੇ ਇਨ੍ਹਾਂ ਨੂੰ ਪਿਛਲ਼ੇ ਸਾਲ ਫਰਵਰੀ ਮਹੀਨੇ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ 'ਚ ਯੂਏਪੀਏ ਕਾਨੂੰਨ ਤਹਿਤ ਮੁਲਜ਼ਮ ਕਰਾਰ ਦਿੱਤਾ ਸੀ।
ਇਨ੍ਹਾਂ ਦੀ ਗ੍ਰਿਫ਼ਤਾਰੀ ਪਿਛਲੇ ਸਾਲ ਮਈ ਮਹੀਨੇ ਹੋਈ ਸੀ।
ਤਿੰਨੇ ਨਾਗਰਿਕਤਾਂ ਸੋਧ ਕਾਨੂੰਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਕਾਫ਼ੀ ਅੱਗੇ ਰਹੇ ਸਨ।
ਨਰਵਾਲ ਅਤੇ ਕਲਿਤਾ ਪਿੰਜਰਾ ਤੋੜ ਮੁਹਿੰਮ ਦੀਆਂ ਕਾਰਕੁਨ ਹਨ ਅਤੇ ਇਕਬਾਲ ਆਸਿਫ਼ ਜਾਮੀਆ ਦੇ ਵਿਦਿਆਰਥੀ ਹਨ।
ਰਵਨੀਤ ਬਿੱਟੂ ਦੀ ਗ੍ਰਿਫ਼ਤਾਰੀ ਦੀ ਮੰਗ ਲੈ ਕੇ ਅਕਾਲੀ ਦਲ-ਬਸਪਾ ਕਿਉਂ ਪਹੁੰਚੇ ਪੁਲਿਸ ਕੋਲ
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਖਿਲਾਫ਼ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਹ ਸ਼ਿਕਾਇਤ ਅਕਾਲੀ ਦਲ ਤੇ ਬਸਪਾ ਦੇ ਵਫਦ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸੌਂਪੀ।
ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਤੇ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਰਵਨੀਤ ਬਿੱਟੂ ਦੇ ਖਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਜਾਵੇ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿੱਟੂ ਨੇ ਇਹ ਕਿਹਾ ਹੈ ਕਿ ਪਵਿੱਤਰ ਸੀਟਾਂ ਅਪਵਿੱਤਰ ਲੋਕਾਂ ਨੂੰ ਦੇ ਦਿੱਤੀਆਂ ਹਨ।
ਉਨ੍ਹਾਂ ਕਿਹਾ, "ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਇਹ ਸੰਵਿਧਾਨ ਦੇ ਖਿਲਾਫ਼ ਹੈ ਕਿਉਂਕਿ ਸੰਵਿਧਾਨ ਵਿੱਚ ਸਮਾਨਤਾ ਦੀ ਗਰੰਟੀ ਦਿੱਤੀ ਹੈ ਤੇ ਇਹ ਸਿੱਖ ਧਰਮ, ਫਲਸਫੇ ਤੇ ਸੱਭਿਆਚਾਰ ਦੇ ਵੀ ਉਲਟ ਹੈ।"
ਬਸਪਾ ਆਗੂਆਂ ਨੇ ਕਿਹਾ ਕਿ ਸਾਂਸਦ ਅਜਿਹੇ ਭੜਕਾਊ ਬਿਆਨਾਂ ਨਾਲ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹਨ।
ਦਿੱਲੀ ਹਾਈ ਕੋਰਟ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਤੇ ਆਸਿਫ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ
ਦਿੱਲੀ ਹਿੰਸਾ ਮਾਮਲੇ ਵਿੱਚ ਕੜਕੜਡੂਮਾ ਅਦਾਲਤ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਅਤੇ ਆਸਿਫ਼ ਇਕਬਾਲ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਦਿੱਲੀ ਪੁਲਿਸ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਕੋਰਟ ਤੋਂ ਵੈਰੀਫ਼ੀਕੇਸ਼ਨ ਲਈ 21 ਜੂਨ ਤੱਕ ਦਾ ਸਮਾਂ ਮੰਗਿਆ ਸੀ। ਫ਼ਿਲਹਾਲ ਤਿਹਾੜ ਜੇਲ੍ਹ ਵਿੱਚ ਤਿੰਨਾਂ ਦੀ ਰਿਹਾਈ ਲਈ ਵਾਰੰਟ ਭੇਜ ਦਿੱਤੇ ਗਏ ਹਨ।
ਵਧੀਕ ਸੈਸ਼ਨ ਜੱਜ ਰਵਿੰਦਰ ਬੇਦੀ ਨੇ ਆਰਡਰ ਪਾਸ ਕਰਦਿਆਂ ਇਹ ਗੱਲ ਨੋਟ ਕੀਤੀ ਕਿ ਜਾਂਚ ਅਫ਼ਸਰ ਵੱਲੋਂ ਮੁਲਜ਼ਮਾਂ ਦੇ ਪਤੇ ਦੀ ਤਸਦੀਕ ਲਈ ਸਮਾਂ ਮੰਗਣ ਦੀ ਗੱਲ ਆਖੀ ਹੈ।
ਜੱਜ ਬੇਦੀ ਨੇ ਕਿਹਾ, ''ਮੈਂ ਕਹਾਂਗਾ ਕਿ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਰੱਖਣ ਲਈ ਇਹ ਕੋਈ ਸਹੀ ਕਾਰਨ ਨਹੀਂ ਹੈ।''
''ਮੁਲਜ਼ਮਾਂ ਦੇ ਪੱਕੇ ਪਤਿਆਂ ਦੀ ਤਸਦੀਕ ਨੂੰ ਕੁਝ ਸਮਾਂ ਲੱਗ ਸਕਦਾ ਹੈ, ਇਸ ਲਈ ਇਸ ਬਾਰੇ ਜਾਂਚ ਅਫ਼ਸਰ ਰਿਪੋਰਟ 23 ਜੂਨ ਦੁਪਹਿਰ ਢਾਈ ਵਜੇ ਤੱਕ ਕੋਰਟ ਵਿੱਚ ਜਮ੍ਹਾਂ ਕਰਵਾਉਣ।''
ਦਰਅਸਲ ਇਸ ਤੋਂ ਪਹਿਲਾਂ 15 ਜੂਨ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਹਿੰਸਾ ਮਾਮਲੇ 'ਚ ਦੇਵਾਂਗਨਾ ਕਲਿਤਾ, ਨਤਾਸ਼ਾ ਨਰਵਾਲ ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਨੂੰ ਜ਼ਮਾਨਤ ਦਿੱਤੀ ਸੀ। ਇਨ੍ਹਾਂ ਤਿੰਨਾਂ ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਮਾਮਲੇ ਵਿੱਚ UAPA ਐਕਟ ਤਹਿਤ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਦੇ ਵਕੀਲ ਨੇ ਕਿਹਾ ਕਿ, ''ਵੈਰੀਫ਼ੀਕੇਸ਼ਨ ਪੁਲਿਸ ਦਾ ਕੰਮ ਹੈ, ਸਾਡਾ ਕੰਮ ਜ਼ਮਾਨਤ ਦੇ ਬੌਂਡ ਜਮ੍ਹਾਂ ਕਰਵਾਉਣਾ ਸੀ ਤੇ ਅਸੀਂ ਆਪਣਾ ਕੰਮ ਕੀਤਾ। ਕਿਉਂਕਿ ਪੁਲਿਸ ਨੇ ਆਪਣਾ ਕੰਮ ਨਹੀਂ ਕੀਤਾ ਇਸ ਲਈ ਸਾਨੂੰ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ।''
ਅਦਾਲਤ ਵਿੱਚ ਸੀਪੀਐਮ ਆਗੂ ਬਰੀਂਦਾ ਕਰਾਤ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਨਤਾਸ਼ਾ, ਦੇਵਾਂਗਨਾ ਅਤੇ ਆਸਿਫ਼ ਦੀ ਜ਼ਮਾਨਤ 'ਤੇ ਰਿਹਾਈ ਨੂੰ ਰੋਕਣ ਲਈ ਅਜੀਬ-ਗਰੀਬ ਬਹਾਨੇ ਬਣਾ ਰਹੀ ਹੈ। ਕਰਾਤ ਨੇ ਨਤਾਸ਼ਾ ਦੀ ਰਿਹਾਈ ਲਈ ਲੋੜੀਂਦੀ ਜ਼ਮਾਨਤ ਵੀ ਦਿੱਤੀ।
CBSE ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ, ਇਸ ਤਰ੍ਹਾਂ ਦਿੱਤੇ ਜਾਣਗੇ 12ਵੀਂ ਕਲਾਸ ਨੂੰ ਨੰਬਰ
ਕੋਰੋਨਾਵਾਇਰਸ ਕਰਕੇ ਸੀਬੀਐਸਈ ਨੇ ਬਾਰ੍ਹਵੀਂ ਜਮਾਤ ਦੇ ਪੇਪਰ ਰੱਦ ਕਰ ਦਿੱਤੇ ਸਨ ਪਰ ਸਭ ਦੇ ਮਨ ਵਿੱਚ ਇੱਕੋ ਸਵਾਲ ਸੀ ਕਿ ਆਖ਼ਿਰ ਬੱਚਿਆਂ ਦੇ ਨਤੀਜੇ ਕਿਸ ਆਧਾਰ ਉਪਰ ਜਾਰੀ ਕੀਤੇ ਜਾਣਗੇ।
ਇਸ ਬਾਰੇ ਅੱਜ ਸੀਬੀਐਸਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਬਾਰ੍ਹਵੀਂ ਦੇ ਨਤੀਜੇ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਬੱਚਿਆਂ ਦੇ ਪ੍ਰਦਰਸ਼ਨ ਦੇ ਆਧਾਰ ਉਪਰ ਜਾਰੀ ਕੀਤੇ ਜਾਣਗੇ।
ਬਾਰ੍ਹਵੀਂ ਦੇ ਨਤੀਜਿਆਂ ਵਿੱਚ 10ਵੀਂ ਜਮਾਤ ਵਿੱਚ ਬੱਚਿਆਂ ਦੇ ਪ੍ਰਦਰਸ਼ਨ ਨੂੰ 30 ਫ਼ੀਸਦ, ਗਿਆਰ੍ਹਵੀਂ ਵਿੱਚ 30 ਫ਼ੀਸਦ ਅਤੇ ਬਾਰ੍ਹਵੀਂ ਕਲਾਸ ਦੇ ਪ੍ਰਦਰਸ਼ਨ ਨੂੰ 40 ਫ਼ੀਸਦ ਵੇਟੇਜ ਦਿੱਤੀ ਜਾਵੇਗੀ।
ਦਸਵੀਂ ਅਤੇ ਗਿਆਰ੍ਹਵੀਂ ਕਲਾਸ ਵਿੱਚ ਟਰਮ ਪ੍ਰੀਖਿਆਵਾਂ ਵਿੱਚ ਜਿਨ੍ਹਾਂ ਤਿੰਨ ਵਿਸ਼ਿਆਂ ਵਿੱਚ ਸਭ ਤੋਂ ਜ਼ਿਆਦਾ ਅੰਕ ਮਿਲੇ ਹੋਣਗੇ ਉਨ੍ਹਾਂ ਦੇ ਆਧਾਰ 'ਤੇ ਮਾਰਕਿੰਗ ਕੀਤੀ ਜਾਵੇਗੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਦੇ ਨਾਲ ਬਾਰ੍ਹਵੀਂ ਜਮਾਤ ਦੇ ਯੂਨਿਟ ਅਤੇ ਪ੍ਰੈਕਟੀਕਲ ਪ੍ਰੀਖਿਆ ਦੇ ਨੰਬਰ ਵੀ ਜੋੜੇ ਜਾਣਗੇ। ਇਨ੍ਹਾਂ ਦੇ ਆਧਾਰ 'ਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਬੱਚਿਆਂ ਨੂੰ ਨੰਬਰ ਦਿੱਤੇ ਜਾਣਗੇ।
ਖ਼ਬਰ ਏਜੰਸੀ ਏਐੱਨਆਈ ਅਨੁਸਾਰ ਐਡਵੋਕੇਟ ਜਨਰਲ ਕੇ ਕੇ ਵੇਣੂਗੋਪਾਲ ਨੇ ਦੱਸਿਆ ਕਿ 31 ਜੁਲਾਈ, 2021 ਤੱਕ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਜੇ ਕੋਈ ਵਿਦਿਆਰਥੀ ਆਪਣੇ ਨੰਬਰਾਂ ਨਾਲ ਸੰਤੁਸ਼ਟ ਨਹੀਂ ਹੁੰਦਾ ਤਾਂ ਸੀਬੀਐਸਈ ਦੀ ਬਾਰ੍ਹਵੀਂ ਦੀ ਅਗਲੀ ਬੋਰਡ ਪ੍ਰੀਖਿਆ ਵਿੱਚ ਉਸ ਨੂੰ ਬੈਠਣ ਦਾ ਮੌਕਾ ਮਿਲੇਗਾ।
ਵੇਣੂਗੋਪਾਲ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਵੱਖ-ਵੱਖ ਸਕੂਲਾਂ ਵਿੱਚ ਮੁਲਾਂਕਣ ਨੂੰ ਲੈ ਕੇ ਜੋ ਅੰਤਰ ਹੈ ਉਸ ਨੂੰ ਇੱਕੋ ਜਿਹਾ ਕਰਨ ਵਾਸਤੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹਰ ਸਕੂਲ ਨੂੰ ਇੱਕ ਰਿਜ਼ਲਟ ਕਮੇਟੀ ਬਣਾਉਣੀ ਹੋਵੇਗੀ ਜੋ ਬਾਰ੍ਹਵੀਂ ਜਮਾਤ ਦੇ ਮੁਲਾਂਕਣ ਵਿੱਚ ਸਹਾਇਤਾ ਕਰੇਗੀ।
ਇਹ ਵੀ ਪੜ੍ਹੋ: