You’re viewing a text-only version of this website that uses less data. View the main version of the website including all images and videos.
ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਨਗਨ ਹਾਲਤ 'ਚ ਲੋਕਾਂ ਵੱਲੋਂ ਫੜੇ ਗਏ ਬਠਿੰਡਾ ਦੇ ਸਹਾਇਕ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਥਾਣਾ ਨਥਾਣਾ ਵਿੱਚ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਹੈ। ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਬਾਥਰੂਮ 'ਚ ਗਿਆ ਤੇ ਉੱਥੇ ਪਏ ਇੱਕ ਸ਼ੇਵਿੰਗ ਬਲੇਡ ਉਸ ਨੇ ਆਪਣੇ ਸਰੀਰ 'ਤੇ ਮਾਰ ਲਿਆ। ਉਸ ਨੂੰ ਹਸਪਤਾਲ 'ਚ ਮੁਢਲੇ ਇਲਾਜ ਮਗਰੋਂ ਥਾਣੇ ਲਿਆਂਦਾ ਗਿਆ ਹੈ ਤੇ ਉਹ ਬਿਲਕੁੱਲ ਠੀਕ ਹੈ।
ਇਹ ਵੀ ਪੜ੍ਹੋ:
ਬਠਿੰਡਾ ਪੁਲਿਸ ਨੇ ਸਥਾਨਕ ਸੀਆਈਏ ਸਟਾਫ਼ ਵਿਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਸੀ। ਇਸ ਪੁਲਿਸ ਮੁਲਾਜ਼ਮ ਦੀ ਇੱਕ ਵੀਡੀਓ ਵਾਰਇਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ।
ਵਾਇਰਲ ਹੋਈ ਵੀਡੀਓ ਵਿਚ ਇਸ ਮੁਲਾਜ਼ਮ ਉੱਤੇ ਇੱਕ ਵਿਧਵਾ ਨਾਲ ' ਕਥਿਤ ਬਲਾਤਕਾਰ' ਕਰਨ ਸਮੇਂ ਪਿੰਡ ਦੇ ਲੋਕਾਂ ਨੇ ਰੰਗੇ ਹੱਥੀਂ ਫੜੇ ਜਾਣ ਇਲਜ਼ਾਮ ਲਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਵਿਚ ਏਐੱਸਆਈ ਨਗਨ ਹਾਲਤ ਵਿਚ ਬੈਠਾ ਦਿਖ ਰਿਹਾ ਹੈ, ਪਰ ਉਸ ਨੇ ਆਪਣੀ ਸਫ਼ਾਈ ਵਿਚ ਇੱਕ ਵੀ ਸ਼ਬਦ ਨਹੀਂ ਕਿਹਾ।
ਕੀ ਹੈ ਪੂਰਾ ਮਾਮਲਾ
ਪਿੰਡ ਵਾਸੀਆਂ ਤੇ ਪੀੜਤ ਔਰਤ ਦੇ ਰਿਸ਼ਤੇਦਾਰਾਂ ਮੁਤਾਬਕ ਉਨ੍ਹਾਂ ਨੂੰ ਔਰਤ ਨੇ ਇਸ ਏਐੱਸਆਈ ਵਲੋਂ ਤੰਗ ਅਤੇ ਬਲੈਕਮੇਲ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਪਿੰਡ ਵਾਲਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਨੂੰ ਨਗਨ ਹਾਲਤ 'ਚ ਫੜਿਆ ਤੇ ਵੀਡੀਓ ਬਣਾ ਲਈ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ।
ਇਹ ਅਸ਼ਲੀਲ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਦੇ ਵੱਖ-ਵੱਖ ਹਿੱਸਿਆਂ 'ਚ ਵਾਇਰਲ ਹੋਈ ਤਾਂ ਪੰਜਾਬ ਦਾ ਪੁਲਿਸ ਪ੍ਰਸਾਸ਼ਨ ਇੱਕ-ਦਮ ਹਰਕਤ ਵਿੱਚ ਆ ਗਿਆ।
ਜ਼ਿਲਾ ਬਠਿੰਡਾ ਦੇ ਪੁਲਿਸ ਮੁਖੀ (ਐਸਐਸਪੀ) ਨੇ ਇਸ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸ਼ਿਫਾਰਸ਼ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ।
ਇਸ ਮਾਮਲੇ ਦੀ ਇੱਕ ਵੱਖਰੀ ਹੀ ਹਕੀਕਤ ਰੌਸ਼ਨੀ ਵਿਚ ਆਉਣ ਮਗਰੋਂ ਜ਼ਿਲਾ ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ ' ਕਥਿਤ ਬਲਾਤਕਾਰ' ਪੀੜਤ ਔਰਤ ਦੇ ਪੁੱਤਰ ਨੂੰ ਲੰਘੀ 6 ਮਈ ਵਾਲੇ ਦਿਨ ਏਐਸਆਈ ਗੁਰਵਿੰਦਰ ਸਿੰਘ ਨੇ ਕਥਿਤ ਤੌਰ 'ਤੇ 400 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਸੀ।
ਕੀ ਕਿਹਾ ਪੀੜਿਤਾ ਨੇ
ਜ਼ਿਲਾ ਬਠਿੰਡਾ ਅਧੀਨ ਪੈਂਦੇ ਥਾਣਾ ਨਥਾਣਾ ਦੇ ਇੱਕ ਪਿੰਡ ਦੀ ਪੀੜਤ ਵਿਧਵਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਬਠਿੰਡਾ ਦੇ ਸੀਆਈਏ ਸਟਾਫ਼ 'ਚ ਤੈਨਾਤ ਏਐਸਆਈ ਗੁਰਵਿੰਦਰ ਸਿੰਘ ਉਸ ਨੂੰ ਪਿਛਲੇ ਸਮੇਂ ਤੋਂ ਕਥਿਤ ਤੌਰ 'ਤੇ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਦਾ ਆ ਰਿਹਾ ਸੀ।
ਇਸ ਔਰਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਏਐਸਆਈ ਦੀ ਗੱਲ ਮੰਨਣ ਤੋਂ ਕੋਰੀ ਨਾਂਹ ਕਰ ਦਿੱਤੀ ਤਾਂ ਥਾਣੇਦਾਰ ਨੇ ਉਸ ਦੇ ਪੁੱਤਰ ਨੂੰ ਅਫ਼ੀਮ ਦੇ ਮਾਮਲੇ ਵਿੱਚ 'ਫਸਾ' ਦਿੱਤਾ। ਪੀੜਤ ਦਾ ਇਲਜ਼ਾਮ ਹੈ ਕਿ ਇਸ 'ਆੜ' ਵਿਚ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ਔਰਤ ਨੇ ਇਹ ਗੱਲ ਆਪਣੇ ਪਿੰਡ ਦੇ ਕੁੱਝ ਮੋਹਤਬਰ ਬੰਦਿਆਂ ਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਦੱਸੀ ਤੇ ਫਿਰ ਜਿਵੇਂ ਹੀ ਏਐਸਆਈ ਇਸ ਮਹਿਲਾ ਦੇ ਘਰ ਵਿੱਚ ਦਾਖ਼ਲ ਹੋਇਆ ਤਾਂ ਲੋਕਾਂ ਨੇ ਨਗਨ ਹਾਲਤ ਵਿੱਚ ਉਸ ਦੀ ਵੀਡੀਓ ਬਣਾ ਲਈ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਮੁਲਜ਼ਮ ਗ੍ਰਿਫ਼ਤਾਰ ਤੇ ਨੌਕਰੀ ਤੋਂ ਬਰਖ਼ਾਸਤ
ਐਸਐਸਪੀ ਭੁਪਿੰਰਦਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤ ਔਰਤ ਦਾ ਬਠਿੰਡਾ ਦੇ ਸਿਵਲ ਹਸਪਤਾਲ 'ਚ ਡਾਕਰਟਰੀ ਮੁਆਇਨਾ ਕਰਵਾਇਆ ਗਿਆ ਤੇ ਫਿਰ ਭਾਰਤੀ ਦੰਡ ਵਿਧਾਨ ਦੀ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
''ਇਸ ਮਾਮਲੇ ਸਬੰਧੀ ਬਣਾਈ ਗਈ ਸਿਟ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਪੀੜਤ ਔਰਤ ਦੇ ਪੁੱਤਰ ਨੂੰ ਅਫ਼ੀਮ ਦੇ ਮਾਮਲੇ 'ਚ ਗਲਤ ਫਸਾਇਆ ਗਿਆ ਹੈ ਜਾਂ ਸਹੀ। ਜਾਂਚ ਦਾ ਕੰਮ ਸਿਰੇ ਲੱਗਣ ਮਗਰੋਂ ਹੀ ਅਸੀਂ ਕਿਸੇ ਸਹੀ ਸਿੰਟੇ 'ਤੇ ਪਹੁੰਚ ਸਕਦੇ ਹਾਂ।''
ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਫੜੇ ਗਏ ਬੰਦੇ ਨੂੰ ਇੱਕ-ਇੱਕ ਗੱਲ ਪੁੱਛ ਰਿਹਾ ਹੈ ਤੇ ਵੀਡੀਓ ਬਣਾ ਕੇ ਜ਼ਿਲਾ ਬਠਿੰਡਾ ਦੇ ਐਸਐਸਪੀ ਨੂੰ ਸਾਰੀ ਕਹਾਣੀ ਦੱਸ ਕੇ ਨਿਆਂ ਦੀ ਮੰਗ ਕਰ ਰਿਹਾ ਹੈ। ਖ਼ੈਰ, ਮਾਮਲਾ ਕੁੱਝ ਵੀ ਹੋਵੇ, ਅਸਲੀਅਤ ਜਾਂਚ ਤੋਂ ਬਾਅਦ ਹੀ ਲੋਕਾਂ ਦੇ ਮੂਹਰੇ ਆਵੇਗੀ, ਅਜਿਹਾ ਐਸਐਸਪੀ ਦਾ ਕਹਿਣਾ ਹੈ।
ਇਹ ਵੀ ਪੜ੍ਹੋ: