ਕੋਰੋਨਾਵਾਇਰਸ: ਕੋਵਿਡ-19 ਖ਼ਿਲਾਫ਼ ਜੰਗ ਹੋਰ ਤਿੱਖੀ ਕਰਨ ਲਈ ਕੈਪਟਨ ਸਰਕਾਰ ਨੇ ਲਏ 4 ਫ਼ੈਸਲੇ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਵਿਡ ਖ਼ਿਲਾਫ਼ ਜੰਗ ਨੂੰ ਹੋਰ ਤਿੱਖਾ ਕਰਨ ਲਈ ਚਾਰ ਅਹਿਮ ਫ਼ੈਸਲੇ ਲਏ ਹਨ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਕੈਪਟਨ ਸਰਕਾਰ ਨੇ 18 ਤੋਂ 44 ਸਾਲ ਵਰਗ ਲਈ ਟੀਕਾਕਰਨ ਸ਼ੁਰੂ ਕਰਨ, ਗਰੀਬ ਮਰੀਜ਼ਾਂ ਲਈ ਖਾਣੇ ਦਾ ਪ੍ਰਬੰਧ ਕਰਨ, ਮੈਡੀਕਲ ਸਾਜੋ ਸਮਾਨ ਦੀ ਖਰੀਦੋ-ਫਰੋਖ਼ਤ ਨੂੰ ਮੰਨਜੂਰੀ ਦੇਣ ਅਤੇ ਮੈਡੀਕਲ ਸਟਾਫ਼ ਦੀ ਭਰਤੀ ਬਾਬਤ ਫ਼ੈਸਲੇ ਲਏ ਹਨ।

18 -44 ਉਮਰ ਵਰਗ ਲਈ ਟੀਕਾਕਰਨ ਸ਼ੁੱਕਰਵਾਰ ਤੋਂ

ਪੰਜਾਬ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਅਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਖੇਤਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਸਹਿ-ਰੋਗਾਂ ਤੋਂ ਪੀੜਤ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ।

ਟੀਕਿਆਂ ਦੇ ਸੀਮਤ ਉਪਲੱਬਧ ਸਟਾਕ ਦੀ ਉਚਿਤ ਵਰਤੋਂ ਬਾਰੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸੂਬੇ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ 18-44 ਉਮਰ ਸਮੂਹ ਦੇ ਸਹਿ-ਰੋਗੀਆਂ ਨੂੰ ਟੀਕੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

12 ਮਈ ਨੂੰ ਖਤਮ ਹੋਏ ਹਫਤੇ ਵਿੱਚ ਪੌਜਿਟੀਵਿਟੀ ਦਰ 14.2 ਫੀਸਦੀ ਅਤੇ ਕੋਵਿਡ ਮੌਤ ਦਰ (ਸੀ.ਐਫ.ਆਰ.) 2.1 ਫੀਸਦੀ ਹੈ।

ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ

ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੈਣ ਵਾਸਤੇ ਹੈਲਪਲਾਈਨ ਨੰਬਰ 181 ਅਤੇ 112 ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵਿਭਾਗ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਤਿਆਰ ਭੋਜਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਇਸ ਉਪਰਾਲੇ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ।

ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ, "ਅਸੀਂ ਪੰਜਾਬ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦੇਵਾਂਗੇ।"

ਅਜਿਹੇ ਮਰੀਜ ਦਿਨ-ਰਾਤ ਕਿਸੇ ਵੀ ਸਮੇਂ ਉਤੇ ਇਨ੍ਹਾਂ ਨੰਬਰਾਂ ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵੱਲੋਂ ਕੋਵਿਡ ਰਸੋਈਆਂ ਅਤੇ ਡਲਿਵਰੀ ਦੇਣ ਵਾਲੇ ਲੜਕਿਆਂ ਰਾਹੀਂ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

ਮੈਡੀਕਲ ਸਾਜੋ ਸਮਾਨ ਦੀ ਖਰੀਦ ਨੂੰ ਪ੍ਰਵਾਨਗੀ

ਇਕ ਹੋਰ ਫੈਸਲੇ ਵਿਚ ਇਹ ਦੱਸਿਆ ਗਿਆ ਕਿ ਸੂਬੇ ਵਿੱਚ ਵਧਦੇ ਕੋਵਿਡ ਸੰਕਟ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣ ਲਈ ਪੰਜਾਬ ਕੈਬਨਿਟ ਨੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਪੁਲਿਸ ਵਿਭਾਗ ਵੱਲੋਂ 152.56 ਕਰੋੜ ਰੁਪਏ ਦੇ ਹਸਪਤਾਲ ਦੇ ਸਮਾਨ ਤੇ ਖਪਤਯੋਗ ਵਸਤਾਂ ਦੀ ਖਰੀਦ ਨੂੰ ਕਾਰਜ ਬਾਅਦ ਮਨਜ਼ੂਰੀ ਦਿੱਤੀ।

ਕੋਵਿਡ ਹੋ ਗਿਆ ਹੈ ਤਾਂ ਕਿੰਨੀ ਦੇਰ ਬਾਅਦ ਵੈਕਸੀਨ

ਪਹਿਲਾਂ ਭਾਰਤ ਸਰਕਾਰ ਦੇ ਇੱਕ ਪੈਨਲ ਨੇ ਕਿਹਾ ਕਿ ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਠੀਕ ਹੋਣ ਪਿੱਛੋਂ ਕਿਸੇ ਮਰੀਜ਼ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ।

ਭਾਰਤ ਵਿੱਚ ਕੋਵਿਡ-19 ਵੈਕਸੀਨ ਬਾਰੇ ਬਣੇ ਸਲਾਹਕਾਰੀ ਗੁਰੱਪ ਦਿ ਨੈਸ਼ਨਲ ਟੈਕਨੀਕਲ ਅਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (NTAGI) ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਦਾ ਫ਼ਰਕ 12 ਤੋਂ 16 ਹਫ਼ਤੇ ਦਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਸਿਫ਼ਾਰਿਸ਼ਾਂ ਉਸ ਸਮੇਂ ਆਈਆਂ ਹਨ ਜਦੋਂ ਪੂਰੀ ਦੇਸ਼ ਵਿੱਚ ਵੈਕਸੀਨ ਦੀ ਕਮੀ ਹੈ।

NTAGI ਦੀ ਸਿਫ਼ਾਰਿਸ਼ ਨੂੰ ਨੈਸ਼ਨਲ ਐਕਸਪਰਟ ਦੇ ਕੋਲ ਭੇਜਿਆ ਜਾਵੇਗਾ। ਇਹੀ ਗਰੁੱਪ ਕੋਵਿਡ-19 ਦੀ ਵੈਕਸੀਨ ਨੂੰ ਮਨਜ਼ੂਰੀ ਦਿੰਦਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ ਸਰਕਾਰ ਨੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਾ ਸਮਾਂ 28 ਦਿਨਾਂ ਤੋਂ ਵਧਾ ਕੇ ਛੇ ਤੋਂ ਅੱਠ ਹਫ਼ਤੇ ਕਰ ਦਿੱਤਾ ਸੀ।

ਇੱਕ ਹੋਰ ਸਿਫ਼ਾਰਿਸ਼ ਵਿੱਚ ਸਰਕਾਰ ਦੇ ਇਸ ਪੈਨਲ ਨੇ ਕਿਹਾ ਹੈ ਕਿ ਗਰਭਵਤੀ ਔਰਤਾਂ ਉੱਪਰ ਵੈਕਸੀਨ ਦਾ ਗਰਭ ਉੱਪਰ ਕੋਈ ਬੁਰਾ ਅਸਰ ਨਹੀਂ ਪੈਂਦਾ।

ਹਾਲਾਂਕਿ ਜਿਨ੍ਹਾਂ ਗਰਭਵਤੀ ਔਰਤਾਂ ਨੂੰ ਵੈਕਸੀਨ ਲਾਈ ਗਈ ਸੀ ਤਾਂ ਉਹ ਜਾਂ ਤਾਂ ਮੌਡਰਨਾ ਜਾਂ ਫਾਈਜ਼ਰ ਸੀ। ਇਹ ਦੋਵੇਂ ਵੈਕਸੀਨਾਂ ਭਾਰਤ ਵਿੱਚ ਉਪਲਭਦ ਨਹੀਂ ਹਨ। ਹਾਲਾਂਕਿ ਇਸ ਸਟਡੀ ਤੋਂ ਗਰਭਵਤੀ ਔਰਤਾਂ ਨੂੰ ਵੈਕਸਈਨ ਲਾਉਣ ਬਾਰੇ ਇੱਕ ਸਥਿਤੀ ਸਪਸ਼ਟ ਹੋਈ ਹੈ।

ਮੇਰਾ ਮੰਨਣਾ ਹੈ ਕਈ ਮਾਮਲਿਆਂ 'ਚ ਸਰਕਾਰ ਦੀ ਆਲੋਚਨਾ ਸਹੀ ਹੈ: ਅਨੁਪਮ ਖੇਰ

ਅਦਾਕਾਰ ਅਨੁਪਮ ਖੇਰ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹਿੰਦੇ ਹਨ। ਉਹ ਭਾਜਪਾ ਦਾ ਬਚਾਅ ਵੀ ਹਰੇਕ ਮੋਰਚੇ 'ਤੇ ਕਰਦੇ ਹਨ। ਉਨ੍ਹਾਂ ਦੀ ਪਤਨੀ ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ ਦੀ ਲੋਕਸਭਾ ਸੰਸਦ ਮੈਂਬਰ ਵੀ ਹੈ।

ਪਰ ਬੁੱਧਵਾਰ ਨੂੰ ਅਨੁਪਮ ਖੇਰ ਨੇ ਐੱਨਡੀਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੋਵਿਡ ਸੰਕਟ ਵਿੱਚ ਸਰਕਾਰ 'ਫਿਸਲ' ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਸਰਕਾਰ ਦੀ ਜਵਾਬਦੇਹੀ ਤੈਅ ਹੋਵੇ।

ਅਨੁਪਮ ਖੇਰ ਨੇ ਕਿਹਾ, "ਕਿਤੇ ਨਾ ਕਿਤੇ ਇਹ ਫਿਸਲ ਗਏ ਹਨ...ਸ਼ਾਇਦ ਉਹ ਵੇਲਾ ਆ ਗਿਆ ਹੈ, ਜਦੋਂ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਮਹਿਜ਼ ਆਪਣਾ ਅਕਸ ਘੜਨ ਤੋਂ ਵੱਧ ਜ਼ਰੂਰੀ ਲੋਕਾਂ ਦੀ ਜ਼ਿੰਦਗੀ ਹੈ। ਮੇਰਾ ਮੰਨਣਾ ਹੈ ਕਿ ਕਈ ਮਾਮਲਿਆਂ ਵਿੱਚ ਸਰਕਾਰ ਦੀ ਆਲੋਚਨਾ ਸਹੀ ਹੈ।"

"ਸਰਕਾਰ ਨੂੰ ਲੋਕਾਂ ਨੇ ਹੀ ਚੁਣਿਆ ਹੈ ਅਤੇ ਉਸ ਨੂੰ ਕਰਨਾ ਪਵੇਗਾ। ਮੈਂ ਮੰਨਦਾ ਹਾਂ ਕਿ ਜੋ ਅਣਮਨੁੱਖੀ ਹੋਵੇਗਾ, ਉਹੀ ਗੰਗਾ ਵਿੱਚ ਵਹਿੰਦੀਆਂ ਲਾਸ਼ਾਂ ਨੂੰ ਦੇਖ ਪ੍ਰਭਾਵਿਤ ਨਹੀਂ ਹੋਵੇਗਾ। ਪਰ ਇਸ ਚੀਜ਼ ਦਾ ਕੋਈ ਦੂਜੀ ਪਾਰਟੀ ਆਪਣੇ ਫਾਇਦੇ ਲਈ ਇਸਤੇਮਾਲ ਕਰੇ ਇਹ ਵੀ ਠੀਕ ਨਹੀਂ ਹੈ। ਸਾਨੂੰ ਜਨਤਾ ਵਜੋਂ ਗੁੱਸਾ ਕਰਨਾ ਚਾਹੀਦਾ ਹੈ ਕਿਉਂਕਿ ਜੋ ਕੁਝ ਹੋ ਰਿਹਾ ਹੈ ਉਸ ਨੂੰ ਲੈ ਕੇ ਸਰਕਾਰ ਜ਼ਿੰਮੇਵਾਰ ਬਣੇ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਮਲੇ ਵਿੱਚ ਅਨੁਪਮ ਖੇਰ ਦੇ ਰੁਖ਼ ਵਿੱਚ ਇਹ ਬਦਲਾਅ ਹੈਰਾਨ ਕਰਨ ਵਾਲਾ ਹੈ।

ਦੋ ਹਫ਼ਤੇ ਪਹਿਲਾ ਹੀ ਉਨ੍ਹਾਂ ਨੇ ਪੀਐੱਮ ਮੋਦੀ ਦੀ ਆਲੋਚਨਾ ਵਾਲੇ ਟਵੀਟ ਦੀ ਪ੍ਰਤੀਕਿਰਿਆ ਵਿੱਚ ਲਿਖਿਆ ਸੀ, "ਆਵੇਗਾ ਤਾਂ ਮੋਦੀ ਹੀ"। ਉਨ੍ਹਾਂ ਦੀ ਇਸ ਟਿੱਪਣੀ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਭਾਰਤ 'ਚ 3.62 ਲੱਖ ਨਵੇਂ ਮਾਮਲੇ, ਲਗਾਤਾਰ ਦੂਜੇ ਦਿਨ 4 ਹਜ਼ਾਰ ਤੋਂ ਵੱਧ ਮੌਤਾਂ

ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 3 ਲੱਖ 52 ਹਜ਼ਾਰ 727 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਦੌਰਾਨ ਲਾਗ ਨਾਲ ਮਰਨ ਵਾਲਿਆਂ ਦਾ ਅੰਕੜਾ 4,120 ਦਰਜ ਹੋਇਆ ਹੈ। ਇਸ ਦੇ ਨਾਲ ਹੀ ਕਰੀਬ 3 ਲੱਖ 52 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ।

ਭਾਰਤ ਵਿੱਚ ਅਜੇ ਵੀ ਸਰਗਰਮ ਮਾਮਲੇ 37 ਲੱਖ ਤੋਂ ਵੱਧ ਹਨ ਯਾਨਿ ਇੰਨੀ ਗਿਣਤੀ ਵਿੱਚ ਲੋਕ ਅਜੇ ਵੀ ਲਾਗ ਨਾਲ ਪੀੜਤ ਹਨ।

ਸਿਹਤ ਮੰਤਰਾਲੇ ਮੁਤਾਬਕ ਭਾਰਤ 'ਚ 2,37,03,665 ਕੁੱਲ ਕੇਸ ਹੋ ਗਏ ਹਨ ਅਤੇ 1,97,34,823 ਮਰੀਜ਼ ਠੀਕ ਹੋਏ ਹਨ।

ਕੁੱਲ ਮੌਤਾਂ ਦੀ ਗਿਣਤੀ 37,10,525 ਹੋ ਗਈ ਹੈ ਅਤੇ 17,72,14,256 ਆਬਾਦੀ ਦਾ ਟੀਕਾਕਰਨ ਹੋ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)