You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: 'ਬੈੱਡ ਨਾ ਮਿਲਣ ਕਾਰਨ ਮਾਂ ਨੇ ਹਸਪਤਾਲ ਦੀਆਂ ਬਰੂਹਾਂ 'ਤੇ ਤੋੜਿਆ ਦਮ'
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
"ਮੇਰੀ ਮਾਤਾ ਦੀ ਤਬੀਅਤ ਅਚਾਨਕ ਵਿਗੜੀ ਤਾਂ ਅਸੀਂ ਉਸ ਨੂੰ ਸਿਰਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਏ। ਮਾਂ ਨੂੰ ਹਸਪਤਾਲ ਦੇ ਬੂਹੇ ਅੱਗੇ ਬਣੀਆਂ ਪੌੜੀਆਂ ਕੋਲ ਬਿਠਾ ਕੇ ਡਾਕਟਰ ਕੋਲ ਜਾ ਕੇ ਮਾਂ ਦੀ ਹਾਲਤ ਦੱਸੀ।"
"ਡਾਕਟਰ ਨੇ ਕਿਹਾ ਸਾਡੇ ਕੋਲ ਬੈੱਡ ਨਹੀਂ ਹੈ। ਅਸੀਂ ਡਾਕਟਰ ਦੀਆਂ ਮਿੰਨਤਾਂ ਕਰਦੇ ਰਹੇ ਕਿ ਜਦੋਂ ਤੱਕ ਹੋਰ ਕਿਤੇ ਬੈੱਡ ਦਾ ਅਸੀਂ ਪਤਾ ਨਹੀਂ ਕਰ ਲੈਂਦੇ, ਉਦੋਂ ਤੱਕ ਤਾਂ ਆਕਸੀਜਨ ਲਾ ਦਿਓ, ਪਰ ਉਨ੍ਹਾਂ ਨੇ ਨਹੀਂ ਲਾਈ।"
"ਮੇਰੀ ਮਾਂ ਜਦੋਂ ਹਸਪਤਾਲ ਦੀਆਂ ਪੌੜੀਆਂ 'ਤੇ ਪਈ ਮਰ ਗਈ ਤਾਂ ਰੌਲਾ ਪੈਣ ਮਗਰੋਂ ਡਾਕਟਰ ਤੇ ਹਸਪਤਾਲ ਦਾ ਹੋਰ ਸਟਾਫ ਬਾਹਰ ਆਇਆ। ਫਿਰ ਸਾਡੀ ਮਰੀ ਮਾਂ ਨੂੰ ਅੰਦਰ ਲੈ ਗਏ। ਥੋੜੀ ਦੇਰ ਮਗਰੋਂ ਹੀ ਹਸਪਤਾਲ ਵਾਲਿਆਂ ਨੇ ਆਪਣੀ ਐਂਬੂਲੈਂਸ 'ਚ ਮੇਰੀ ਮਰੀ ਮਾਂ ਨੂੰ ਘਰ ਪਹੁੰਚਾਇਆ।"
ਇਹ ਵੀ ਪੜ੍ਹੋ-
"ਡਾਕਟਰ ਨੇ ਮੇਰੀ ਮਰੀ ਮਾਂ ਨੂੰ ਇਸ ਕਰਕੇ ਘਰ ਪਹੁੰਚਾਇਆ ਕਿਉਂਕਿ ਬਾਹਰ ਤੜਫ ਰਹੀ ਮੇਰੀ ਮਾਂ ਦੀ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।"
ਅਜਿਹਾ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਨਾਲ ਲਗਦੇ ਪਿੰਡ ਸੁਚਾਨ ਕੋਟਲ ਵਾਸੀ ਅਮਰ ਸਿੰਘ ਦਾ ਕਹਿਣਾ ਹੈ।
ਅਮਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਤੁਲਸਾ ਦੇਵੀ ਦੀ ਅਚਾਨਕ ਤਬੀਅਤ ਵਿਗੜੀ ਤਾਂ ਉਨ੍ਹਾਂ ਨੂੰ ਆਟੋ 'ਤੇ ਸਿਰਸਾ ਦੇ ਸੰਜੀਵਨੀ ਹਸਪਤਾਲ ਲੈ ਗਏ ਸੀ।
ਅਮਰ ਸਿੰਘ ਮੁਤਾਬਕ ਉਨ੍ਹਾਂ ਦੀ ਮਾਂ ਦਾ ਆਕਸੀਜਨ ਲੇਵਲ 37 'ਤੇ ਆ ਗਿਆ ਸੀ ਤੇ ਉਹ ਕਾਫੀ ਤੜਫ ਰਹੀ ਸੀ।
ਅਮਰ ਸਿੰਘ ਦਾ ਕਹਿਣਾ ਹੈ, "ਮੈਂ ਹਸਪਤਾਲ ਦੇ ਇੱਕ ਨੰਬਰ ਕਮਰੇ ਵਿੱਚ ਗਿਆ, ਜਿਥੇ ਸਭ ਤੋਂ ਵੱਡਾ ਡਾਕਟਰ ਬੈਠਦਾ ਹੈ। ਡਾਕਟਰ ਨੂੰ ਮਾਂ ਦੀ ਹਾਲਤ ਬਾਰੇ ਦੱਸਿਆ ਪਰ ਡਾਕਟਰ ਦਾ ਕੋਰਾ ਇੱਕ ਹੀ ਜਬਾਬ ਸੀ ਕਿ ਉਨ੍ਹਾਂ ਕੋਲ ਬੈੱਡ ਖਾਲ੍ਹੀ ਨਹੀਂ ਹੈ।"
ਉਹ ਆਪਣੀ ਮਾਂ ਨੂੰ ਸਰਕਾਰੀ ਜਾਂ ਹੋਰ ਕਿਸੇ ਹਸਪਤਾਲ ਲੈ ਜਾਵੇ।
ਅਮਰ ਸਿੰਘ ਮੁਤਾਬਕ ਉਹ ਡਾਕਟਰ ਨੂੰ ਤਰਲੇ ਮਿੰਨਤਾਂ ਕਰਦੇ ਰਹੇ ਕਿ ਜਦੋਂ ਤੱਕ ਉਹ ਕਿਤੇ ਹੋਰ ਹਸਪਤਾਲ ਵਿੱਚ ਬੈੱਡ ਦਾ ਪਤਾ ਨਹੀਂ ਕਰ ਲੈਂਦੇ, ਉਦੋਂ ਤੱਕ ਉਨ੍ਹਾਂ ਦੀ ਮਾਂ ਨੂੰ ਆਕਸੀਜਨ ਤੇ ਗੂਲੋਕੋਜ ਦੀ ਬੋਤਲ ਲਾ ਦਿੱਤੀ ਜਾਵੇ।
ਜਦੋਂ ਤੁਲਸਾ ਦੇਵੀ ਹਸਪਤਾਲ ਦੀਆਂ ਪੌੜੀਆਂ 'ਤੇ ਪਈ ਤੜਫ ਰਹੀ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਵਾਇਰਲ ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਪਰਿਵਾਰ ਵੱਲੋਂ ਇੱਕ ਔਰਤ ਨੂੰ ਵ੍ਹੀਲਚੇਅਰ 'ਤੇ ਬਿਠਾਇਆ ਹੋਇਆ ਹੈ ਤੇ ਉਨ੍ਹਾਂ ਦਾ ਮੂੰਹ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
'ਐਂਬੂਲੈਂਸ ਵਿੱਚ ਉਨ੍ਹਾਂ ਦੀ ਮੇਰੀ ਮਾਂ ਨੂੰ ਪਿੰਡ ਪਹੁੰਚਾਇਆ ਗਿਆ'
ਰੌਲਾ ਪਾਉਣ ਮਗਰੋਂ ਹਸਪਤਾਲ ਦਾ ਇੱਕ ਡਾਕਟਰ ਤੇ ਕੁਝ ਹੋਰ ਸਟਾਫ ਹਸਪਤਾਲ ਤੋਂ ਬਾਹਰ ਆਉਂਦਾ ਹੈ ਤੇ ਉਸ ਵ੍ਹੀਲਚੇਅਰ ਵਾਲੀ ਔਰਤ ਨੂੰ ਹਸਪਤਾਲ ਦੇ ਅੰਦਰ ਲੈ ਜਾਂਦਾ ਹੈ।
ਇਸ ਦੌਰਾਨ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਤਾਂ ਸਿਰਫ ਫਾਰਮੇਲਟੀ ਪੂਰੀ ਕਰਨ ਲਈ ਉਸ ਨੂੰ ਅੰਦਰ ਲੈ ਜਾਇਆ ਜਾ ਰਿਹਾ ਹੈ ਜਦੋਂ ਲੋੜ ਸੀ, ਉਦੋਂ ਨਾ ਤਾਂ ਹਸਪਤਾਲ ਦੇ ਕਿਸੇ ਸਟਾਫ ਨੇ ਤੇ ਨਾ ਹੀ ਕਿਸੇ ਡਾਕਟਰ ਨੇ ਉਸ ਦੀ ਸਾਰ ਲਈ ਹੈ।
ਅਮਰ ਸਿੰਘ ਮੁਤਾਬਕ ਬਾਅਦ ਵਿੱਚ ਹਸਪਤਾਲ ਦੀ ਐਂਬੂਲੈਂਸ ਵਿੱਚ ਉਨ੍ਹਾਂ ਦੀ ਮਰੀ ਮਾਂ ਨੂੰ ਪਿੰਡ ਪਹੁੰਚਾਇਆ ਗਿਆ ਹੈ।
ਸਿਰਸਾ ਦੇ ਰੇਲਵੇ ਓਵਰ ਬਿਰਜ ਨਾਲ ਬਣੇ ਸੰਜੀਵਨੀ ਹਸਪਤਾਲ ਦੇ ਸੰਚਾਲਕ ਅੰਜਨੀ ਅਗਰਵਾਲ ਨੇ ਦੱਸਿਆ ਕਿ ਜਦ ਕਿ ਕੋਰੋਨਾ ਮਹਾਂਮਾਰੀ ਦੀ ਬਿਮਾਰੀ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਹਸਪਤਾਲ ਦਾ ਸਾਰਾ ਸਟਾਫ ਤੇ ਡਾਕਟਰ 18-18 ਘੰਟੇ ਕੰਮ ਕਰ ਰਹੇ ਹਨ। ਹਸਪਤਾਲ ਵਿੱਚ 50 ਬੈੱਡ ਹਨ ਅਤੇ ਸਾਰਿਆਂ 'ਤੇ ਮਰੀਜ਼ ਹਨ।
ਡਾ. ਅਗਰਵਾਲ ਨੇ ਕਿਹਾ ਕਿ ਸੁਚਾਨ ਕੋਟਲੀ ਦੀ ਬਿਰਧ ਔਰਤ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਆਏ ਹਨ।
ਉਨ੍ਹਾਂ ਨੇ ਕਿਹਾ, "ਉਸ ਸਮੇਂ ਹਸਪਤਾਲ ਵਿੱਚ ਕੋਈ ਵੀ ਬੈੱਡ ਖਾਲ੍ਹੀ ਨਹੀਂ ਸੀ। ਪਰਿਵਾਰ ਨੂੰ ਇਸ ਸਬੰਧੀ ਚੰਗੀ ਤਰ੍ਹਾਂ ਸਮਝਾ ਦਿੱਤਾ ਗਿਆ ਸੀ ਕਿ ਹਸਪਤਾਲ ਵਿੱਚ ਬੈੱਡ ਖਾਲ੍ਹੀ ਨਹੀਂ ਹੈ, ਇਸ ਲਈ ਮਰੀਜ਼ ਨੂੰ ਸਰਕਾਰੀ ਹਸਪਤਾਲ ਜਾਂ ਹੋਰ ਜਿਥੇ ਵੀ ਬੈੱਡ ਖਾਲ੍ਹੀ ਹੈ, ਉਥੇ ਲੈ ਜਾਇਆ ਜਾਵੇ।"
ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਉਨ੍ਹਾਂ ਦੇ ਹਸਪਤਾਲ ਸ਼ਾਮ ਨੂੰ ਕਰੀਬ ਪੰਜ ਵਜੇ ਆਇਆ ਸੀ, ਜਦ ਕਿ ਮਰੀਜ਼ ਦੇ ਪਰਿਵਾਰ ਦਾ ਇਹ ਦਾਆਵਾ ਹੈ ਕਿ ਉਹ ਹਸਪਤਾਲ ਵਿੱਚ ਦੁਪਹਿਰੇ ਬਾਰਾਂ ਵਜੇ ਦੇ ਕਰੀਬ ਆਏ ਸਨ।
'ਸਟਾਫ ਕੋਵਿਡ-19 ਦੇ ਮਰੀਜ਼ਾਂ ਦੀ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਿਹਾ ਹੈ'
ਡਾਕਟਰ ਅਗਰਵਾਲ ਦਾ ਦਾਆਵਾ ਹੈ ਕਿ ਮਰੀਜ਼ ਦੀ ਸਥਿਤੀ ਕਾਫੀ ਗੰਭੀਰ ਸੀ। ਮਰੀਜ਼ ਦੇ ਪਰਿਵਾਰਕ ਮੈਂਬਰ ਇਥੇ ਆਉਣ ਤੋਂ ਪਹਿਲਾਂ ਵੀ ਕਈ ਹੋਰਾਂ ਹਸਪਤਾਲਾਂ ਵਿੱਚ ਜਾ ਆਏ ਸਨ, ਜਿਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਜਾਂ ਸਰਕਾਰੀ ਹਸਪਤਾਲ ਲੈ ਜਾਣ ਦੀ ਗੱਲ ਕਹੀ ਸੀ।
ਡਾਕਟਰ ਨੇ ਮਰੀਜ਼ ਨੂੰ ਨਾ ਦੇਖਣ ਦੇ ਇਲਜ਼ਾਮ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਹਸਪਤਾਲ ਦਾ ਸਾਰਾ ਸਟਾਫ ਕੋਵਿਡ-19 ਦੇ ਮਰੀਜ਼ਾਂ ਦੀ ਦਿਨ ਰਾਤ ਇੱਕ ਕਰਕੇ ਸੇਵਾ ਕਰ ਰਿਹਾ ਹੈ।
ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਕਿਹਾ ਹੈ ਕਿ ਵਾਇਰਲ ਹੋਈ ਵੀਡੀਓ ਦੀ ਜਾਂਚ ਕੀਤੀ ਜਾਵੇਗੀ।
"ਕੋਵਿਡ-19 ਦੇ ਇਲਾਜ ਲਈ ਬਣਾਏ ਹਸਪਤਾਲ ਕਿਸੇ ਵੀ ਮਰੀਜ਼ ਨੂੰ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਸਰਕਾਰੀ ਤੇ ਹੋਰ ਪ੍ਰਾਈਵੇਟ ਹਸਪਤਾਲ ਵਿੱਚ ਬੈੱਡਾਂ ਦੀ ਸਥਿਤੀ ਦੀ ਜਾਂਚ ਲਈ ਇੱਕ ਟੀਮ ਬਣੀ ਹੋਈ ਹੈ। ਇਹ ਟੀਮ ਸਮੇਂ ਸਮੇਂ 'ਤੇ ਹਸਪਤਾਲਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੀ ਰਹਿੰਦੀ ਹੈ।"
ਹਰਿਆਣਾ ਸਰਕਾਰ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ 'ਤੇ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੋਰੋਨਾ ਨਿਗਰਾਨ ਇੰਚਾਰਜ ਲਾਇਆ ਹੋਇਆ ਹੈ।
ਸਿਰਸਾ ਤੇ ਫਤਿਹਾਬਾਦ ਜ਼ਿਲ੍ਹਿਆਂ ਲਈ ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੂੰ ਨਿਗਰਾਨ ਸਥਾਪਿਤ ਕੀਤਾ ਗਿਆ ਹੈ।
ਬਿਜਲੀ ਮੰਤਰੀ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਹਰਿਆਣਾ ਸਰਕਾਰ ਵੱਲੋਂ ਪੁਖਤਾ ਇੰਤਜਾਮ ਕੀਤੇ ਹੋਏ ਹਨ। ਬੈੱਡਾਂ ਤੇ ਆਕਸੀਜਨ ਦੀ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ
ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜ਼ਿਲ੍ਹੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ।
ਇਕਾਂਤਵਾਸ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ।
150 ਬੈੱਡ ਦਾ ਕੋਵਿਡ ਕੇਅਰ ਸੈਂਟਰ ਸਥਾਪਿਤ
ਸ੍ਰੀ ਤਾਰਾ ਬਾਬਾ ਚੈਰੀਟੇਬਲ ਟ੍ਰਸਟ ਅਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਿਰਸਾ ਵਿੱਚ 150 ਬੈੱਡ ਦਾ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ।
ਇਸ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵਰਚੂਅਲ ਕੀਤਾ ਗਿਆ ਹੈ।
ਹਸਪਤਾਲ ਦੇ ਸੰਚਾਲਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੈਂਟਰ ਵਿੱਚ ਕੋਰੋਨਾ ਮਰੀਜ਼ਾਂ ਨੂੰ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਹਰਿਆਣਾ ਰੋਡਵੇਜ ਦੀਆਂ ਬੱਸਾਂ 'ਚ ਬੈੱਡ ਸਥਾਪਿਤ
ਹਰਿਆਣਾ ਰੋਡਵੇਜ ਦੀਆਂ ਪੰਜ ਬੱਸਾਂ ਵਿੱਚ 20 ਬੈੱਡ ਬਣਾਏ ਗਏ ਹਨ। ਹਰ ਇਕ ਬੱਸ ਵਿੱਚ ਚਾਰ ਬੈੱਡ ਸਥਾਪਿਤ ਕੀਤੇ ਗਏ ਹਨ।
ਇਨ੍ਹਾਂ ਚਾਰਾਂ ਬੈੱਡਾਂ ਲਈ ਚਾਰ ਆਕਸੀਜਨ ਸਿਲੈਂਡਰ ਤੇ ਹੋਰ ਸਿਹਤ ਸਹੂਲਤ ਲਈ ਲੋੜੀਂਦਾ ਸਾਮਾਨ ਵੀ ਲਗਾਇਆ ਜਾ ਰਿਹਾ ਹੈ।
ਹਰਿਆਣਾ ਰੋਡਵੇਜ਼ ਦੇ ਜੀਐਮ ਖੁਸ਼ੀ ਰਾਮ ਕੌਸ਼ਲ ਦਾ ਦਾਅਵਾ ਹੈ ਕਿ ਇੱਕ ਦੋ ਦਿਨਾਂ ਵਿੱਚ 20 ਬੈੱਡਾਂ ਵਾਲੀਆਂ ਪੰਜ ਬੱਸਾਂ ਤਿਆਰ ਹੋ ਜਾਣਗੀਆਂ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਨ੍ਹਾਂ ਬੱਸਾਂ ਨੂੰ ਹਸਪਤਾਲ ਵਜੋਂ ਵੀ ਵਰਤਿਆ ਜਾ ਸਕੇਗਾ ਤੇ ਇਨ੍ਹਾਂ ਨੂੰ ਐਂਬੂਲੈਂਸ ਦੇ ਰੂਪ ਵਿੱਚ ਲੋੜ ਪੈਣ 'ਤੇ ਵਰਤਿਆ ਜਾਵੇਗਾ।
ਇਹ ਵੀ ਪੜ੍ਹੋ: