ਇਜ਼ਰਾਈਲ-ਫਲਸਤੀਨ ਵਿਵਾਦ: ਹਿੰਸਾ ਦੇ ਜੰਗ ਵਿਚ ਬਦਲਣ ਦਾ ਯੂਐਨਓ ਨੂੰ ਖ਼ਦਸ਼ਾ

ਗਾਜ਼ਾ ਪੱਟੀ ਵਿੱਚ ਫਲਸਤੀਨੀ ਕੱਟੜਪੰਥੀਆਂ ਅਤੇ ਇਜ਼ਰਾਈਲੀ ਫੌਜ ਦਰਮਿਆਨ ਭਾਰੀ ਗੋਲੀਬਾਰੀ ਅਤੇ ਰਾਕੇਟ ਹਮਲੇ ਕਾਫ਼ੀ ਤੇਜ਼ ਹੋ ਗਏ ਹਨ। ਸੰਯੁਕਤ ਰਾਸ਼ਟਰ ਨੂੰ ਡਰ ਹੈ ਕਿ ਇਹ ਯੁੱਧ ਵਿਚ ਬਦਲ ਸਕਦਾ ਹੈ।

ਇਜ਼ਰਾਈਲ ਦੇ ਮੁਤਾਬਕ, ਫਲਸਤੀਨੀ ਫੌਜ ਵੱਲੋਂ 1000 ਤੋਂ ਵੱਧ ਰਾਕੇਟ ਦਾਗੇ ਗਏ ਹਨ।

ਇਜ਼ਰਾਈਲ ਨੇ ਵੀ ਮੰਗਲਵਾਰ ਅਤੇ ਬੁੱਧਵਾਰ ਨੂੰ ਦੋ ਏਅਰ ਸਟ੍ਰਾਈਕਾਂ ਕੀਤੀਆਂ ਹਨ, ਜਿਸ ਨਾਲ ਗਜ਼ਾ ਦੇ 2 ਟਾਵਰ ਢਹਿ ਢੇਰੀ ਹੋ ਗਏ।

ਸੋਮਵਾਰ ਤੋਂ ਹੁਣ ਤੱਕ ਘੱਟੋ-ਘੱਟ 54 ਫਲਸਤੀਨੀ ਅਤੇ 6 ਇਜ਼ਰਾਈਲੀ ਮਾਰੇ ਗਏ ਹਨ,14 ਫਲਸਤੀਨੀ ਬੱਚੇ ਵੀ ਇਸ ਝੜਪ ਦੌਰਾਨ ਫਸ ਗਏ ਹਨ।

ਯੂਐੱਨ ਦੇ ਜਨਰਲ ਸਕੱਤਰ ਐਨਟੌਨਿਓ ਗੁਟਰੈਸ ਨੇ ਕਿਹਾ ਕਿ ਉਹ ਚੱਲ ਰਹੀ ਹਿੰਸਾ ਕਾਰਨ ਕਾਫੀ ਚਿਤੰਤ ਹਨ।

ਇਹ ਵੀ ਪੜ੍ਹੋ:-

ਇਹ ਸਾਰੀ ਹਿੰਸਾ ਪੂਰਬੀ ਯਰੂਸ਼ਲਮ ਦੀ ਅਲ ਅਕਸਾ ਮਸਜਿਦ ਵਿਖੇ ਹੋਈ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਈ ਹੈ। ਅਲ-ਅਕਸਾ ਮਸਜਿਦ ਨੂੰ ਮੁਸਲਮਾਨਾਂ ਅਤੇ ਯਹੂਦੀਆਂ ਦੋਵਾਂ ਦੁਆਰਾ ਇੱਕ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ।

ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਗਜ਼ਾ ਤੋਂ 1050 ਰਾਕੇਟ ਅਤੇ ਮੋਰਟਾਰ ਗੋਲੇ ਦਾਗੇ ਗਏ ਹਨ। ਇਨ੍ਹਾਂ ਵਿਚੋਂ 850 ਇਜ਼ਰਾਈਲ ਵਿਚ ਡਿੱਗ ਚੁੱਕੇ ਹਨ, ਜਦੋਂ ਕਿ ਲਗਭਗ 200 ਇਜ਼ਰਾਈਲ ਦੇ ਡੋਮ ਏਅਰ ਡਿਫੈਂਸ ਸਿਸਟਮ ਦੁਆਰਾ ਅਸਫਲ ਕੀਤੇ ਗਏ ਹਨ।

ਹਿੰਸਾ ਦੌਰਾਨ ਵਧੀ ਯੁੱਧ ਦੀ ਸੰਭਾਵਨਾ

ਇਜ਼ਰਾਈਲ ਦਾ ਕਹਿਣਾ ਹੈ ਕਿ ਫਲਸਤੀਨੀ ਕੱਟੜਪੰਥੀਆਂ ਨੇ ਜੋ ਰਾਕੇਟ ਦਾਗੇ ਹਨ ਉਹ ਬਹੁਤੇ ਤਲ ਅਵੀਵ 'ਤੇ ਛੱਡੇ ਗਏ ਹਨ।

ਜਦੋਂ ਕਿ ਮੰਗਲਵਾਰ ਨੂੰ ਇਜ਼ਰਾਈਲ ਨੇ ਗਜ਼ਾ ਵਿੱਚ ਹਵਾਈ ਹਮਲੇ ਕੀਤੇ ਅਤੇ ਇਸ ਹਮਲੇ ਵਿੱਚ ਗਜ਼ਾ ਦੇ ਦੋ ਟਾਵਰ ਬਲਾਕ ਢਹਿ ਗਏ।

ਇਨ੍ਹਾਂ ਹਮਲਿਆਂ ਦੇ ਵਿਚਕਾਰ, ਇਜ਼ਰਾਈਲ ਦੇ ਸ਼ਹਿਰਾਂ ਵਿੱਚ ਇਜ਼ਰਾਈਲ ਦੇ ਅਰਬਾਂ ਨੇ ਹਿੰਸਕ ਪ੍ਰਦਰਸ਼ਨ ਕੀਤੇ। ਤਲ ਅਵੀਵ ਨੇੜੇ ਲੋਡ ਸ਼ਹਿਰ ਵਿਚ ਐਮਰਜੈਂਸੀ ਲਗਾਈ ਗਈ ਹੈ।

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ਉਹ ਹਿੰਸਾ ਨੂੰ ਲੈ ਕੇ ਬਹੁਤ ਚਿੰਤਤ ਹਨ।

ਭਾਰਤੀ ਮੂਲ ਦੀ ਨਰਸ ਵੀ ਹਲਾਕ

ਫਲਸਤੀਨੀ ਕੱਟੜਪੰਥੀਆਂ ਅਤੇ ਇਜ਼ਰਾਈਲੀ ਫੌਜ ਦੇ ਵਿਚਕਾਰ ਰਾਕੇਟ ਅਤੇ ਹਵਾਈ ਹਮਲੇ ਕਾਰਨ ਗਾਜ਼ਾ ਅਤੇ ਇਜ਼ਰਾਈਲ ਵਿਚ ਕਈ ਮੌਤਾਂ ਹੋਈਆਂ ਹਨ।

ਮੰਗਲਵਾਰ ਨੂੰ ਗਾਜ਼ਾ ਤੋਂ ਦੱਖਣੀ ਇਜ਼ਰਾਈਲ ਦੇ ਤੱਟਵਰਤੀ ਸ਼ਹਿਰ ਅਸ਼ਕਲੋਨ ਉੱਤੇ ਵੀ ਰਾਕੇਟ ਚਲਾਏ ਗਏ ਸਨ। ਇਸ ਹਮਲੇ ਵਿਚ ਭਾਰਤ ਦੇ ਕੇਰਲਾ ਰਾਜ ਦੀ ਮਲਯਾਲੀ ਔਰਤ ਸੌਮਿਆ ਸੰਤੋਸ਼ ਦੀ ਮੌਤ ਹੋ ਗਈ। 30 ਸਾਲਾ ਸੌਮਿਆ ਕੇਰਲਾ ਦੇ ਇਦੂਕੀ ਜ਼ਿਲ੍ਹੇ ਦੀ ਵਸਨੀਕ ਸੀ।

ਭਾਰਤ 'ਚ ਮੌਜੂਦ ਇਜ਼ਰਾਈਲੀ ਅਧਿਕਾਰੀਆਂ ਨੇ ਇਸ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੌਮਿਆ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।

ਸੌਮਿਆ ਅਸ਼ਕਲੋਨ ਵਿਚ ਇਕ ਘਰ ਵਿਚ ਇਕ ਬਜ਼ੁਰਗ ਔਰਤ ਦੇ ਨਰਸ ਦਾ ਕੰਮ ਕਰਦੇ ਸੀ। ਇਹ ਖੇਤਰ ਗਾਜ਼ਾ ਪੱਟੀ ਦੀ ਸਰਹੱਦ 'ਤੇ ਹੈ ਅਤੇ ਹਮਲੇ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ, ਸੌਮਿਆ ਪਿਛਲੇ ਸੱਤ ਸਾਲਾਂ ਤੋਂ ਇਜ਼ਰਾਈਲ ਵਿੱਚ ਰਹਿ ਰਹੇ ਸੀ। ਉਨ੍ਹਾਂ ਦਾ ਇੱਕ ਨੌਂ ਸਾਲਾਂ ਦਾ ਪੁੱਤਰ ਵੀ ਹੈ ਜੋ ਕੇਰਲਾ ਵਿੱਚ ਆਪਣੇ ਪਿਤਾ ਨਾਲ ਰਹਿੰਦਾ ਹੈ।

ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਯੂਕੇ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੌਰਸ ਜੌਹਨਸਨ ਨੂੰ ਫਲਸਤੀਨ 'ਚ ਵਾਪਰ ਰਹੀ ਹਿੰਸਾ ਬਾਰੇ ਚਿੱਠੀ ਲਿਖੀ ਹੈ।

ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਵੱਲੋਂ ਕਈ ਈ-ਮੇਲ ਫਲਸਤੀਨ ਹਿੰਸਾ ਨੂੰ ਲੈ ਕੇ ਆ ਰਹੀਆਂ ਹਨ। ਉਹ ਵਿਗੜਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਵਿੱਚ ਹਨ।

ਉਨ੍ਹਾਂ ਕਿਹਾ ਕਿ ਇਸ ਹਿੰਸਾ ਵਿੱਚ ਕਈ ਬੱਚਿਆਂ ਅਤੇ ਬਜ਼ੁਰਗਾਂ ਦੀ ਮੌਤ ਹੋਈ ਹੈ।

ਉਨ੍ਹਾਂ ਯੂਕੇ ਦੇ ਪ੍ਰਧਾਨਮੰਤਰੀ ਨੂੰ ਸਵਾਲ ਕੀਤਾ ਕਿ ਇਸ ਹਿੰਸਾ ਬਾਰੇ ਕੀ ਉਹ ਕੋਈ ਸਟੈਂਡ ਲੈਣਗੇ।

ਉਨ੍ਹਾਂ ਪੁੱਛਿਆ ਕਿ ਕਿਹੜੇ ਯੂਕੇ ਦੇ ਅਧਿਕਾਰੀ ਇਸ ਬਾਬਤ ਇਜ਼ਰਾਈਲ ਨਾਲ ਰਾਬਤਾ ਕਾਇਮ ਕਰਨਗੇ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨਗੇ।

ਵਿਗੜ ਰਹੇ ਹਾਲਾਤਾਂ ਦਰਮਿਆਨ ਇਜ਼ਰਾਈਲ ਨੇ ਕੀਤਾ ਐਮਰਜੈਂਸੀ ਦਾ ਐਲਾਨ

ਇਜ਼ਰਾਇਲੀ ਅਰਬਾਂ ਵੱਲੋਂ ਸ਼ਹਿਰ ਵਿੱਚ ਹਿੰਸਾ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਝੜਪਾਂ ਵਿੱਚ 12 ਲੋਕ ਫੱਟੜ ਹੋਏ ਅਤੇ ਕੁਝ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਜਿਸ ਨਾਲ ਸ਼ਹਿਰ ਵਿੱਚ ਗ੍ਰਹਿ ਯੁੱਧ ਵਰਗੇ ਹਾਲਾਤ ਬਣ ਰਹੇ ਸਨ।

ਫਲਸਤੀਨੀ ਕਟੜਪੰਥੀਆਂ ਵੱਲੋਂ ਇਜ਼ਰਾਈਲ ਵਿੱਚ ਸੈਂਕੜੇ ਰਾਕੇਟ ਦਾਗੇ ਗਏ ਅਤੇ ਇਜ਼ਰਾਈਲ ਨੇ ਵੀ ਗਾਜ਼ਾ ਉੱਪਰ ਹਵਾਈ ਹਮਲੇ ਕੀਤੇ।

ਪਿਛਲੇ ਕਈ ਸਾਲਾਂ ਵਿੱਚ ਹੋਈਆਂ ਸਭ ਤੋਂ ਵੱਧ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਇਸ ਘਟਨਾ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ।

ਫਲਸਤੀਨੀ ਕਟੜਪੰਥੀਆਂ ਅਨੁਸਾਰ ਉਨ੍ਹਾਂ ਨੇ ਇਜ਼ਰਾਈਲ ਦੇ ਤਲ ਅਵੀਵ ਸ਼ਹਿਰ 'ਤੇ ਸੈਂਕੜੇ ਮਿਜ਼ਾਈਲਾਂ ਦਾਗੀਆਂ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਪੱਟੀ ਉੱਪਰ ਹਵਾਈ ਹਮਲੇ ਕਰਕੇ ਮੰਗਲਵਾਰ ਨੂੰ ਟਾਵਰ ਬਲਾਕ ਤਬਾਹ ਕੀਤਾ।

ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਦੋਨਾਂ ਪੱਖਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਗਈ ਹੈ।ਫਲਸਤੀਨੀ ਕਟੜਪੰਥੀਆਂ ਅਤੇ ਇਜ਼ਰਾਈਲ ਵਿਚਕਾਰ ਵੱਧ ਰਹੇ ਟਕਰਾਅ ਤੋਂ ਬਾਅਦ ਇਜ਼ਰਾਈਲ ਵੱਲੋਂ ਲੋਡ ਸ਼ਹਿਰ ਵਿੱਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਇਸ ਹਿੰਸਾ ਵਿੱਚ 35 ਫਲਸਤੀਨੀ ਮਾਰੇ ਗਏ ਹਨ ਜਿਨ੍ਹਾਂ ਵਿੱਚ 10 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਇਜ਼ਰਾਈਲੀ ਮਾਰੇ ਗਏ ਹਨ।

ਸਾਊਦੀ ਅਰਬ ਦੀ ਇਜ਼ਾਈਲ ਬਾਰੇ ਸਖ਼ਤੀ

ਮੰਗਲਵਾਰ ਨੂੰ ਸਾਊਦੀ ਦੇ ਵਿਦੇਸ਼ ਮੰਤਰਾਲਾ ਨੇ ਇਜ਼ਰਾਈਲ ਦੀ ਨਿੰਦੀ ਕਰਦੇ ਹੋਏ ਕਿਹਾ, "ਅਲ-ਅਕਸਾ ਮਸਜਿਦ ਦੀ ਪਾਕੀਜ਼ਗੀ ਅਤੇ ਨਮਾਜ਼ੀਆਂ ਉੱਪਰ ਇਜ਼ਰਾਈਲੀ ਹਮਲਾਵਰਾਂ ਨੇ ਖੁੱਲ੍ਹਾ ਹਮਲਾ ਕੀਤਾ ਹੈ।"

ਸਾਊਦੀ ਅਰਬ ਨੇ ਕੌਮਾਂਤਰੀ ਭਾਈਚਾਰੇ ਤੋਂ ਅਪੀਲ ਕੀਤੀ ਹੈ ਕਿ ਇਸ ਟਕਰਾਅ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਫੌਰੀ ਤੌਰ 'ਤੇ ਉਸ ਨੂੰ ਅਜਿਹੀਆਂ ਕਾਰਵਾਈਆਂ ਤੋਂ ਵਰਜਿਆ ਜਾਵੇ। ਸਾਊਦੀ ਮੁਤਾਬਕ ਇਨ੍ਹਾਂ ਕਾਰਵਾਈਆਂ ਵਿੱਚ ਕੌਮਾਂਤਰੀ ਕਾਨੰਨਾਂ ਦੀ ਉਲੰਘਣਾ ਹੋ ਰਹੀ ਹੈ।

ਸਾਊਦੀ ਅਰਬ ਦੇ ਵਿਦੇਸ਼ ਮੰਤਰਾਲਾ ਨੇ ਕਿਹਾ, "ਸਾਊਦੀ ਅਰਬ ਫਲਸਤੀਨੀਆਂ ਦੇ ਨਾਲ ਖੜ੍ਹਾ ਹੈ। ਅਸੀਂ ਫਲਸਤੀਨ ਵਿੱਚ ਹਰ ਕਿਸਮ ਦੇ ਕਬਜ਼ੇ ਨੂੰ ਖ਼ਤਮ ਕਰਨ ਦੀ ਹਮਾਇਤ ਕਰਦੇ ਹਾਂ।"

"ਸਾਡਾ ਮੰਨਣਾ ਹੈ ਕਿ ਇਸ ਮੁਸ਼ਕਲ ਦਾ ਹੱਲ ਤਾਂ ਹੀ ਹੋਵੇਗਾ ਜਦੋਂ ਫ਼ਲਸਤੀਨੀਆਂ ਨੂੰ 1967 ਦੀ ਸਰਹੱਦ ਦੇ ਤਹਿਤ ਉਨ੍ਹਾਂ ਦਾ ਆਪਣਾ ਅਜ਼ਾਦ ਮੁਲਕ ਹੋਵੇਗਾ, ਪੂਰਬੀ ਯੇਰੂਸ਼ਲਮ ਜਿਸਦੀ ਰਾਜਧਾਨੀ ਹੋਵੇਗਾ। ਇਹ ਕੌਮਾਂਤਰੀ ਪ੍ਰਸਤਾਵ ਅਤੇ ਅਰਬ ਸ਼ਾਂਤੀ ਸਮਝੌਤਿਆਂ ਦੇ ਤਹਿਤ ਹੀ ਹੈ।"

ਸੋਮਾਵਾਰ ਨੂੰ ਇਜ਼ਰਾਈਲ ਨੇ ਸੁਰੱਖਿਆ ਦਸਤੀਆਂ ਦੀ ਕਾਰਵਾਈ ਵਿੱਚ ਕਈ ਦਰਜਣ ਫਲਸਤੀਨੀ ਫਟੱੜ ਹੋ ਗਏ ਸਨ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਫਿਰ ਫਲਸਤੀਨੀ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਡਬਲ ਬੁਲੇਟ ਦੀ ਵਰਤੋਂ ਕੀਤੀ ਸੀ।

ਬਾਅਦ ਵਿੱਚ ਤਣਾਅ ਰਾਕਟਾਂ ਅਤੇ ਹਵਾਈ ਹਮਲਿਆਂ ਤੱਕ ਪਹੁੰਚ ਗਿਆ। ਇਸ ਟਕਰਾਅ ਵਿੱਚ ਹੁਣ ਤੱਕ 28 ਫਲਸਤੀਨੀਆਂ ਅਤੇ 3 ਇਜ਼ਰਾਈਲੀ ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ।

ਵਿਵਾਦ ਕੀ ਹੈ?

1967 ਦੀ ਮੱਧ-ਪੂਰਬ ਜੰਗ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੂਰੇ ਸ਼ਹਿਰ ਨੂੰ ਆਪਣੀ ਰਾਜਧਾਨੀ ਮੰਨਦਾ ਹੈ।

ਹਾਲਾਂਕਿ ਕੌਮਾਂਤਰੀ ਭਾਈਚਾਰਾ ਇਸਦੀ ਹਿਮਾਇਤ ਨਹੀਂ ਕਰਦਾ। ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਆਜ਼ਾਦ ਦੇਸ ਦੀ ਰਾਜਧਾਨੀ ਵਜੋਂ ਦੇਖਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਤਣਾਅ ਵਧਿਆ ਹੈ। ਇਲਜ਼ਾਮ ਹੈ ਕਿ ਜ਼ਮੀਨ ਦੇ ਇਸ ਹਿੱਸੇ 'ਤੇ ਹੱਕ ਜਤਾਉਣ ਵਾਲੇ ਯਹੂਦੀ ਫਲਸਤੀਨੀਆਂ ਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਲੈ ਕੇ ਵਿਵਾਦ ਹੈ।

ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਸ਼ਾਖਾ ਯੂਨੈਸਕੋ ਦੇ ਕਾਰਜਕਾਰੀ ਬੋਰਡ ਨੇ ਇੱਕ ਵਿਵਾਦਤ ਮਤਾ ਪਾਸ ਕਰਦਿਆਂ ਕਿਹਾ ਕਿ ਯੇਰੂਸ਼ਲਮ ਵਿੱਚ ਮੌਜੂਦ ਇਤਿਹਾਸਕ ਅਲ-ਅਕਸਾ ਮਸਜਿਦ 'ਤੇ ਯਹੂਦੀਆਂ ਦਾ ਕੋਈ ਦਾਅਵਾ ਨਹੀਂ ਹੈ।

ਇਹ ਮਤਾ ਯੂਨੈਸਕੋ ਦੀ ਕਾਰਜਕਾਰੀ ਕਮੇਟੀ ਨੇ ਪਾਸ ਕੀਤਾ ਸੀ।

ਇਸ ਮਤੇ ਵਿੱਚ ਕਿਹਾ ਗਿਆ ਸੀ ਕਿ ਅਲ-ਅਕਸਾ ਮਸਜਿਦ 'ਤੇ ਮੁਸਲਮਾਨਾਂ ਦਾ ਅਧਿਕਾਰ ਹੈ ਅਤੇ ਯਹੂਦੀਆਂ ਨਾਲ ਉਸਦਾ ਕੋਈ ਇਤਿਹਾਸਕ ਸਬੰਧ ਨਹੀਂ ਹੈ।

ਜਦੋਂਕਿ ਯਹੂਦੀ ਉਸ ਨੂੰ ਟੈਂਪਲ ਮਾਊਂਟ ਕਹਿੰਦੇ ਰਹੇ ਹਨ ਅਤੇ ਯਹੂਦੀਆਂ ਲਈ ਇੱਕ ਅਹਿਮ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)