You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮੁੰਬਈ ਦੇ ਆਕਸੀਜਨ ਮਾਡਲ 'ਚ ਕੀ ਹੈ ਖ਼ਾਸ ਕਿ ਸੁਪਰੀਮ ਕੋਰਟ ਨੇ ਵੀ ਕੀਤੀ ਇਸ ਦੀ ਤਾਰੀਫ਼
- ਲੇਖਕ, ਮਯੰਕ ਭਾਗਵਤ
- ਰੋਲ, ਬੀਬੀਸੀ ਪੱਤਰਕਾਰ
ਸੁਪਰੀਮ ਕੋਰਟ ਨੇ ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ 'ਮੁੰਬਈ ਮਾਡਲ' ਨੂੰ ਕੋਵਿਡ ਮਹਾਂਮਾਰੀ ਦੌਰਾਨ ਆਕਸੀਜਨ ਪ੍ਰਬੰਧਨ ਲਈ ਸਰਾਹਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਦਿੱਲੀ ਨੂੰ ਵੀ ਇਸ ਉੱਤੇ ਗੌਰ ਕਰਨ ਨੂੰ ਆਖਿਆ ਹੈ।
ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਇਸ ਆਕਸੀਜ਼ਨ ਮਾਡਲ ਵਿੱਚ ਕੀ ਖਾਸ ਰਿਹਾ, ਬੀਬੀਸੀ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਸੁਪਰੀਮ ਕੋਰਟ ਨੇ ਮੁੰਬਈ ਦੇ ਆਕਸੀਜਨ ਮਾਡਲ ਦੀ ਤਾਰੀਫ਼ ਕੀਤੀ ਹੈ। ਕੇਂਦਰ ਸਰਕਾਰ ਅਤੇ ਦਿੱਲੀ ਨੂੰ ਇਸ ਤੋਂ ਸਿੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:-
ਬਣਾਈ ਗਈ ਆਕਸੀਜਨ ਟੀਮ
ਭਾਰਤ ਵਿੱਚ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੇ ਇਹ ਸਮਝ ਲਿਆ ਸੀ ਕਿ ਆਕਸੀਜਨ ਮਹੱਤਵਪੂਰਨ ਹੈ ਅਤੇ ਇਸ ਦੀ ਸਮੇਂ ਸਿਰ ਲੋੜ ਨੂੰ ਪੂਰਾ ਕਰਨ ਲਈ ਇੱਕ ਆਕਸੀਜ਼ਨ ਟੀਮ ਦਾ ਗਠਨ ਕੀਤਾ ਗਿਆ ਸੀ।
ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਛੇ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਸੀ ਜੋ ਵਾਰਡ ਅਫ਼ਸਰਾਂ ਅਤੇ ਆਕਸੀਜਨ ਨਿਰਮਾਤਾਵਾਂ ਨਾਲ ਤਾਲਮੇਲ ਰੱਖਣਗੇ। ਆਕਸੀਜਨ ਦੇ ਪ੍ਰਬੰਧਨ ਅਤੇ ਨਿਗਰਾਨੀ ਲਈ ਵੀ ਅਫ਼ਸਰ ਲਗਾਏ ਗਏ।
ਕੋਵਿਡ ਦੇ ਕੇਸ ਵਧਣ ਨਾਲ ਆਕਸੀਜਨ ਦੀ ਮੰਗ ਵੀ ਵਧੀ ਜਿਸ ਕਾਰਨ ਛੋਟੇ ਹਸਪਤਾਲਾਂ ਵਿੱਚ ਇਸ ਦੀ ਕਮੀ ਹੋਣ ਲੱਗੀ।
ਪੂਰੀ ਮੁੰਬਈ ਵਿੱਚ ਛੇ ਪੁਆਇੰਟ ਬਣਾਏ ਗਏ ਜਿੱਥੇ ਆਕਸੀਜਨ ਸਿਲੰਡਰ ਵਾਲੇ ਵਾਹਨ ਰੱਖੇ ਗਏ। ਇਨ੍ਹਾਂ ਵਾਹਨਾਂ ਵਿੱਚ ਦੋ ਸੌ ਸਿਲੰਡਰ ਰੱਖੇ ਜਾਂਦੇ ਸਨ ਅਤੇ ਲੋੜ ਪੈਣ 'ਤੇ ਛੋਟੇ ਵੱਡੇ ਹਸਪਤਾਲਾਂ ਵਿੱਚ ਭੇਜ ਦਿੱਤੇ ਜਾਂਦੇ ਸਨ।
ਆਕਸੀਜਨ ਪਲਾਂਟ ਲਗਾਉਣ ਦੀ ਤਿਆਰੀ
ਮੁੰਬਈ ਵਿੱਚ ਕੋਈ ਆਕਸੀਜਨ ਪਲਾਂਟ ਨਾ ਹੋਣ ਕਰਕੇ ਆਕਸੀਜਨ ਦੀ ਸਪਲਾਈ ਦੂਸਰੀਆਂ ਜਗ੍ਹਾ ਤੋਂ ਹੁੰਦੀ ਹੈ। ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੇ ਹੁਣ ਆਕਸੀਜਨ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ ਹੈ।
ਐਡੀਸ਼ਨਲ ਕਮਿਸ਼ਨਰ ਪੀ.ਵੇਲਾਰਸੁ ਨੇ ਦੱਸਿਆ, "ਆਕਸੀਜਨ ਪਲਾਂਟ ਹਸਪਤਾਲ ਮੁੰਬਈ ਦੇ ਹਸਪਤਾਲਾਂ ਅਤੇ ਜੰਬੋ ਕੋਵਿਡ ਹਸਪਤਾਲ ਵਿਖੇ ਲਗਾਇਆ ਜਾਵੇਗਾ। ਇਹ ਕੰਮ ਅਗਲੇ ਦੋ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।"
ਕਾਰਪੋਰੇਸ਼ਨ ਅਨੁਸਾਰ ਸੋਲ਼ਾਂ ਆਕਸੀਜਨ ਜਨਰੇਟਿੰਗ ਪਲਾਂਟ ਬਾਰਾਂ ਹਸਪਤਾਲਾਂ ਵਿੱਚ ਲਗਾਏ ਜਾਣਗੇ ਅਤੇ ਇਨ੍ਹਾਂ ਦੀ 45 ਮੀਟ੍ਰਿਕ ਟਨ ਆਕਸੀਜਨ ਨਿਰਮਾਣ ਦੀ ਸਮਰੱਥਾ ਹੋਵੇਗੀ।
ਕੋਵਿਡ ਬੈੱਡਾਂ ਦੀ ਵਧਾਈ ਗਈ ਗਿਣਤੀ
ਅਪ੍ਰੈਲ ਦੇ ਦੂਸਰੇ ਹਫਤੇ ਵੈਂਟੀਲੇਟਰ ਅਤੇ ਆਈਸੀਯੂ ਦੀ ਮੰਗ ਵਧਣ ਲੱਗੀ।
ਵਧੀਕ ਕਮਿਸ਼ਨਰ ਸੁਰੇਸ਼ ਕਕਾਨੀ ਅਨੁਸਾਰ ਮਾਰਚ ਮਹੀਨੇ ਦੇ ਅੰਤ ਤਕ ਆਈਸੀਯੂ ਬੈੱਡ ਕੇਵਲ 1200 ਸਨ ਪਰ ਹੁਣ ਇਹ 3000 ਹਨ। ਇਸ ਵੇਲੇ ਮੁੰਬਈ ਵਿੱਚ 30000 ਬੈੱਡ ਹਨ ਜਿਨ੍ਹਾਂ ਵਿੱਚੋਂ 12000 ਆਕਸੀਜਨ ਸਪਲਾਈ ਨਾਲ ਜੁੜੇ ਹਨ।
ਮਰੀਜ਼ਾਂ ਨੂੰ ਬੈੱਡ ਮੁਹੱਈਆ ਕਰਵਾਉਣ ਲਈ ਬਣਾਏ ਗਏ ਵਾਰਰੂਮ
ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਸਿਰਫ ਇੱਕ ਕੰਟਰੋਲ ਰੂਮ ਸੀ ਜਿਸ ਰਾਹੀਂ ਮਰੀਜ਼ਾਂ ਨੂੰ ਬੈੱਡ ਮੁਹੱਈਆ ਕਰਵਾਏ ਜਾਂਦੇ ਸਨ ਇਸ ਨਾਲ ਕਈ ਵਾਰ ਪ੍ਰੇਸ਼ਾਨੀ ਆਉਂਦੀ ਸੀ। ਦੂਜੀ ਲਹਿਰ ਦੌਰਾਨ ਹਰ ਵਾਰਡ ਵਿੱਚ ਵਾਰ ਰੂਮ ਬਣਾਏ ਗਏ ਜੋ ਮਰੀਜ਼ਾਂ ਨੂੰ ਬੈੱਡ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਸਨ।
ਕਕਾਨੀ ਨੇ ਦੱਸਿਆ, "ਵਾਰ ਰੂਮ ਵਿੱਚ ਹਰ ਰੋਜ਼ ਪੰਜ ਸੌ ਤੋਂ ਵੱਧ ਫੋਨ ਕਾਲ ਆਉਂਦੇ ਹਨ। ਲੋਕ ਬੈੱਡਾਂ ਬਾਰੇ ਜਾਣਕਾਰੀ ਮੰਗਦੇ ਹਨ ਅਤੇ ਇਹ ਮਰੀਜ਼ਾਂ ਨੂੰ ਉਸ ਇਲਾਕੇ ਵਿੱਚ ਬੈੱਡ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਦਵਾਈਆਂ ਦਾ ਪ੍ਰਬੰਧਨ
ਕੋਰੋਨਾਵਾਇਰਸ ਦੀ ਦੂਸਰੀ ਲਹਿਰ ਦੌਰਾਨ ਦਵਾਈਆਂ ਜਿਵੇਂ ਕਿ ਰੈਮਡੈਸੇਵੀਅਰ, ਤੋਸੀਲੋਜ਼ੁਮੈਬ ਦੀ ਮੰਗ ਲਗਾਤਾਰ ਵਧੀ ਹੈ। ਪ੍ਰਾਈਵੇਟ ਹਸਪਤਾਲਾਂ ਵਿਖੇ ਮੌਜੂਦ ਮਰੀਜ਼ਾਂ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਦਵਾਈਆਂ ਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੂਬੇ ਵਿੱਚ ਕਾਫ਼ੀ ਉਲਝਣ ਦਾ ਮਾਹੌਲ ਬਣ ਗਿਆ ਸੀ।
ਇਸ ਬਾਰੇ ਕਕਾਨੀ ਦੱਸਦੇ ਹਨ ਕਿ ਦੋ ਲੱਖ ਰੈਮਡੈਸੇਵੀਅਰ ਦੇ ਟੈਂਡਰ ਨੂੰ ਨਿਰਧਾਰਿਤ ਕੀਤਾ ਗਿਆ। ਹਰ ਹਫ਼ਤੇ ਇਸ ਦੀਆਂ ਪੰਜਾਹ ਹਜ਼ਾਰ ਖੁਰਾਕਾਂ ਨੂੰ ਲੈ ਕੇ ਆਉਣ ਦਾ ਪਲੈਨ ਕੀਤਾ ਗਿਆ। ਉਸ ਸਮੇਂ ਇਸ ਦੀ ਮੰਗ ਹਰ ਹਫ਼ਤੇ ਕੇਵਲ 15-20 ਹਜ਼ਾਰ ਤੱਕ ਸੀ।
ਧਾਰਾਵੀ ਮਾਡਲ
ਧਾਰਾਵੀ ਏਸ਼ੀਆ ਦੇ ਸਭ ਤੋਂ ਵੱਡੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚੋਂ ਇੱਕ ਹੈ। ਜਿਸ ਤਰੀਕੇ ਨਾਲ ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੇ ਇੱਥੇ ਕੋਰੋਨਾਵਾਇਰਸ ਨੂੰ ਕਾਬੂ ਵਿੱਚ ਕੀਤਾ ਉਸ ਦੀ ਤਾਰੀਫ ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।
ਇਸ ਇਲਾਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਥੇ ਇਕਾਂਤਵਾਸ ਸੰਭਵ ਨਾ ਹੋਣ ਕਰ ਕੇ ਮਿਉਂਸਿਪੈਲਿਟੀ ਨੇ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਕੁਆਰਨਟਾਈਨ ਸੈਂਟਰ ਵਿਖੇ ਦਾਖਿਲ ਕੀਤਾ।
ਇਸ ਇਲਾਕੇ ਵਿੱਚ ਰਹਿਣ ਵਾਲੇ ਦੱਸ ਲੱਖ ਲੋਕਾਂ ਦਾ ਘਰ-ਘਰ ਜਾ ਕੇ ਸਰਵੇਖਣ ਵੀ ਕੀਤਾ ਗਿਆ ਹੈ ਜੋ ਹੁਣ ਤਕ ਜਾਰੀ ਹੈ। ਇਹ ਸਰਵੇਖਣ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਸਿਹਤ ਕਰਮਚਾਰੀ ਵੀ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ: