You’re viewing a text-only version of this website that uses less data. View the main version of the website including all images and videos.
ਯੇਰੂਸ਼ਲਮ ਸੰਕਟ: ਕੀ ਹੈ ਵਿਵਾਦ ਜਿਸ ਕਾਰਨ ਇਜ਼ਰਾਈਲ ਨੇ ਕੀਤਾ ਹਵਾਈ ਹਮਲਾ
ਦੁਨੀਆਂ ਭਰ ਦੇ ਦੇਸਾਂ ਨੇ ਇੱਕ ਵਾਰ ਫਿਰ ਇਜ਼ਰਾਈਲ ਅਤੇ ਫਲਸਤੀਨ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਹੈ।
ਅਮਰੀਕਾ, ਯੂਕੇ ਅਤੇ ਯੂਰਪੀ ਯੂਨੀਅਨ ਨੇ ਇਜ਼ਰਾਈਲ ਅਤੇ ਫਲਸਤੀਨ ਨੂੰ ਜਲਦੀ ਤੋਂ ਜਲਦੀ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ।
ਸੋਮਵਾਰ ਰਾਤ ਨੂੰ ਫਲਸਤੀਨੀ ਕੱਟੜਪੰਥੀਆਂ ਨੇ ਯੇਰੂਸ਼ਲਮ 'ਤੇ ਕੁਝ ਰਾਕੇਟ ਫਾਇਰ ਕੀਤੇ, ਜਿਸ ਤੋਂ ਬਾਅਦ ਹਿੰਸਾ ਵੱਧ ਗਈ।
ਇਸ ਦੇ ਜਵਾਬ ਵਿੱਚ ਇਜ਼ਰਾਈਲ ਦੀ ਫ਼ੌਜ ਨੇ ਗਾਜ਼ਾ ਪੱਟੀ ਵਿੱਚ ਕਈ ਕੱਟੜਪੰਥੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।
ਗਜ਼ਾ ਵਿੱਚ ਫਲਸਤੀਨੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਬੱਚਿਆਂ ਸਣੇ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:
ਉੱਥੇ ਹੀ ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਕੱਟੜਪੰਥੀ ਸੰਗਠਨ ਹਮਾਸ ਦੇ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਜੋ ਗਾਜ਼ਾ ਪੱਟੀ ਖ਼ੇਤਰ ਵਿੱਚ ਸੰਗਠਨ ਦੀ ਅਗਵਾਈ ਕਰਦੇ ਸਨ।
ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਦੇ ਨੇੜੇ ਇਜ਼ਰਾਈਲੀ ਸੁਰੱਖਿਆ ਕਰਮੀਆਂ ਨਾਲ ਹੋਈ ਝੜਪ ਵਿੱਚ ਸੈਂਕੜੇ ਫਲਸਤੀਨੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਸੋਮਵਾਰ ਨੂੰ ਕੱਟੜਪੰਥੀ ਸੰਗਠਨ ਹਮਾਸ ਨੇ ਹਮਲੇ ਕਰਨ ਦੀ ਧਮਕੀ ਦਿੱਤੀ ਸੀ।
ਫਲਸਤੀਨੀਆਂ ਦੀ ਨਰਾਜ਼ਗੀ ਦਾ ਕਾਰਨ
ਕੱਟੜਪੰਥੀ ਸੰਗਠਨ ਵੱਲੋਂ ਕੀਤੇ ਗਏ ਹਮਲਿਆਂ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਨੇ ਆਪਣੀ ਹੱਦ ਪਾਰ ਕਰ ਦਿੱਤੀ ਹੈ ਅਤੇ ਇਜ਼ਰਾਈਲ ਪੂਰੀ ਤਾਕਤ ਨਾਲ ਜਵਾਬ ਦੇਵੇਗਾ।
ਪਿਛਲੇ ਕੁਝ ਦਿਨਾਂ ਵਿੱਚ ਯੇਰੂਸ਼ਲਮ ਨੇ ਭਿਆਨਕ ਹਿੰਸਾ ਦਾ ਸਾਹਮਣਾ ਕੀਤਾ ਹੈ। ਹਾਲਾਂਕਿ ਯੇਰੂਸ਼ਲਮ ਵਿੱਚ ਪਹਿਲਾਂ ਵੀ ਹਿੰਸਾ ਹੁੰਦੀ ਰਹੀ ਹੈ ਪਰ ਬੀਤੇ ਕੁਝ ਦਿਨ ਪਿਛਲੇ ਕੁੱਝ ਸਾਲਾਂ ਵਿੱਚ ਹਿੰਸਾ ਦੇ ਲਿਹਾਜ਼ ਨਾਲ ਸਭ ਤੋਂ ਖਰਾਬ ਰਹੇ ਹਨ।
ਫਲਸਤੀਨੀ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਵਿਖੇ ਜਾਣ 'ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਨਰਾਜ਼ ਹਨ। ਇਸ ਮਸਜਿਦ ਨੂੰ ਇਸਲਾਮ ਵਿੱਚ ਤੀਜੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਕਿ ਯਹੂਦੀਆਂ ਦੇ ਟੈਂਪਲ ਮਾਊਂਟ ਦੇ ਬਰਾਬਰ ਹੈ ਅਤੇ ਯਹੂਦੀਆਂ ਲਈ ਇਹ ਇੱਕ ਅਹਿਮ ਧਾਰਮਿਕ ਸਥਾਨ ਵੀ ਮੰਨਿਆ ਜਾਂਦਾ ਰਿਹਾ ਹੈ।
ਮਾਨਵਤਾਵਾਦੀ ਜਥੇਬੰਦੀ - ਦਿ ਫਲਸਤੀਨੀ ਰੈੱਡ ਕ੍ਰੇਸੈਂਟ ਨੇ ਮੰਗਲਵਾਰ ਨੂੰ ਕਿਹਾ ਕਿ ਯੇਰੂਸ਼ਲਮ ਅਤੇ ਪੱਛਮੀ ਕੰਢੇ 'ਤੇ ਇਜ਼ਰਾਇਲੀ ਸੁਰੱਖਿਆ ਬਲਾਂ ਨਾਲ ਹੋਈਆਂ ਝੜਪਾਂ ਵਿੱਚ 700 ਤੋਂ ਵੱਧ ਫਲਸਤੀਨੀ ਜ਼ਖਮੀ ਹੋ ਚੁੱਕੇ ਹਨ।
ਬੀਬੀਸੀ ਵਿੱਚ ਮੱਧ-ਪੂਰਬ ਮਾਮਲਿਆਂ ਦੇ ਸੰਪਾਦਕ ਜੈਰੇਮੀ ਬਾਵੇਨ ਲਿਖਦੇ ਹਨ ਕਿ ਫਲਸਤੀਨੀਆਂ ਅਤੇ ਇਜ਼ਰਾਈਲ ਦੇ ਵਿਚਾਲੇ ਟਕਰਾਅ ਦਾ ਕਾਰਨ ਕੋਈ ਨਵਾਂ ਨਹੀਂ ਹੈ। ਇਹ ਉਨ੍ਹਾਂ ਹੀ ਅਣਸੁਲਝੇ ਵਿਵਾਦਾਂ 'ਤੇ ਅਧਾਰਤ ਹੈ ਜਿਸ ਨੂੰ ਲੈ ਕੇ ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦੀਆਂ ਪਿਛਲੀਆਂ ਕੁਝ ਪੀੜ੍ਹੀਆਂ ਇੱਕ-ਦੂਜੇ ਨਾਲ ਟਕਰਾਉਂਦੀਆਂ ਰਹਿੰਦੀਆਂ ਹਨ।
ਪਰ ਤਾਜ਼ਾ ਤਣਾਅ ਇਸ ਪੂਰੇ ਵਿਵਾਦ ਦੇ ਕੇਂਦਰ ਯਾਨੀ ਕਿ ਯੇਰੂਸ਼ਲਮ ਵਿੱਚ ਦੇਖਣ ਨੂੰ ਮਿਲਿਆ ਹੈ, ਜਿਸ ਦੀ ਨਾ ਸਿਰਫ਼ ਇੱਕ ਧਾਰਮਿਕ ਮਾਨਤਾ ਹੈ, ਸਗੋਂ ਦੋਵੇਂ ਧਿਰਾਂ ਲਈ ਇਹ ਇੱਕ ਅਹਿਮ ਖੇਤਰ ਵੀ ਹੈ।
ਯੇਰੂਸ਼ਲਮ ਵਿੱਚ ਰਮਜ਼ਾਨ ਦੌਰਾਨ ਇਜ਼ਰਾਈਲ ਦੁਆਰਾ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕਰਕੇ ਫਲਸਤੀਨੀ ਵੀ ਗੁੱਸਾ ਸਨ।
ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਇਸ ਖੇਤਰ ਵਿੱਚ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ ਅਤੇ ਫਲਸਤੀਨੀ ਇਸ ਦੇ ਵਿਰੁੱਧ ਖੜ੍ਹੇ ਹੋ ਗਏ ਹਨ।
ਉੱਥੇ ਹੀ ਦੋਵਾਂ ਪਾਸਿਆਂ ਦੇ ਆਗੂ ਆਪਣੀਆਂ-ਆਪਣੀਆਂ ਗੱਲਾਂ 'ਤੇ ਜ਼ੋਰ ਦੇ ਰਹੇ ਹਨ ਅਤੇ ਆਪਣੇ ਪੱਖ ਨੂੰ ਜਾਇਜ਼ ਠਹਿਰਾ ਰਹੇ ਹਨ, ਜੋ ਸ਼ਾਂਤੀ ਬਹਾਲੀ ਦੀ ਪ੍ਰਕਿਰਿਆ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ।
ਅਮਰੀਕਾ ਤੇ ਯੂਕੇ ਦੀ ਅਪੀਲ
ਇਸ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਹਮਾਸ ਨੂੰ ਰਾਕੇਟ ਹਮਲਿਆਂ 'ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਪੱਖਾਂ ਨੂੰ ਸ਼ਾਂਤੀ ਬਹਾਲੀ ਲਈ ਥੋੜਾ ਪਿੱਛੇ ਹਟਣਾ ਪਏਗਾ।
ਉੱਥੇ ਹੀ ਵ੍ਹਾਈਟ ਹਾਊਸ ਦੇ ਇੱਕ ਬੁਲਾਰੇ ਨੇ ਵੀ ਸ਼ਾਂਤੀ ਬਹਾਲੀ ਦੀ ਅਪੀਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀ ਯੇਰੂਸ਼ਲਮ ਵਿੱਚ ਹਿੰਸਾ ਬਾਰੇ ਚਿੰਤਤ ਹਨ।
ਇੱਕ ਟਵੀਟ ਵਿੱਚ ਯੂਕੇ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਨੇ ਲਿਖਿਆ ਕਿ ਰਾਕੇਟ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾਗਰਿਕ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਹਮਲਿਆਂ ਨੂੰ ਰੋਕਣ ਦੀ ਅਪੀਲ ਵੀ ਕੀਤੀ ਹੈ।
ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੈਪ ਬੋਰੇਲ ਨੇ ਕਿਹਾ ਹੈ ਕਿ ਵੈਸਟ ਬੈਂਕ, ਗਾਜ਼ਾ ਪੱਟੀ ਅਤੇ ਪੂਰਬੀ ਯੇਰੂਸ਼ਲਮ ਵਿੱਚ ਵੱਧ ਰਹੀ ਹਿੰਸਾ ਨੂੰ ਰੋਕਣ ਦੀ ਲੋੜ ਹੈ।
ਯੂਐੱਨ ਦੀ ਸੁਰੱਖਿਆ ਪਰਿਸ਼ਦ ਨੇ ਵੀ ਯੇਰੂਸ਼ਲਮ ਵਿੱਚ ਹੋਈ ਹਿੰਸਾ ਬਾਰੇ ਸੋਮਵਾਰ ਨੂੰ ਇੱਕ ਜ਼ਰੂਰੀ ਬੈਠਕ ਕੀਤੀ। ਹਾਲਾਂਕਿ, ਸੰਗਠਨ ਨੇ ਇਸ ਵਿਸ਼ੇ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ।
ਪਰ ਪ੍ਰੈਸ ਨਾਲ ਗੱਲ ਕਰਦਿਆਂ ਇੱਕ ਕੂਟਨੀਤਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ, ਮਿਸਰ ਅਤੇ ਕਤਰ, ਜੋ ਅਕਸਰ ਇਜ਼ਰਾਈਲ ਅਤੇ ਹਮਾਸ ਦਰਮਿਆਨ ਵਿਚੋਲਗੀ ਕਰਦੇ ਹਨ, ਸਾਰੇ ਹੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਸੋਮਵਾਰ ਨੂੰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪੁਰਾਣੇ ਯੇਰੂਸ਼ਲਮ ਵਿੱਚ ਸਥਿਤ ਅਲ-ਅਕਸਾ ਮਸਜਿਦ ਦੇ ਨੇੜੇ ਫਲਸਤੀਨੀ ਲੋਕਾਂ ਨੇ ਇਜ਼ਰਾਈਲੀ ਸੁਰੱਖਿਆ ਕਰਮੀਆਂ 'ਤੇ ਪੱਥਰਬਾਜ਼ੀ ਕੀਤੀ, ਜਿਸ ਦੇ ਜਵਾਬ ਵਿੱਚ ਉਨ੍ਹਾਂ ਨੇ ਭੀੜ 'ਤੇ ਗ੍ਰਨੇਡ ਸੁੱਟੇ।
ਇਹ ਵੀ ਪੜ੍ਹੋ:
ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸੋਮਵਾਰ ਨੂੰ ਯੇਰੂਸ਼ਲਮ ਦੇ ਦਿਵਸ 'ਤੇ ਹੋਣ ਵਾਲੇ ਫਲੈਗ ਮਾਰਚ ਦੌਰਾਨ ਸ਼ਹਿਰ ਵਿੱਚ ਹੋਰ ਹਿੰਸਾ ਹੋ ਸਕਦੀ ਹੈ।
ਯੇਰੂਸ਼ਲਮ ਦਿਵਸ ਸਾਲ 1967 ਵਿੱਚ ਇਜ਼ਰਾਈਲ ਵੱਲੋਂ ਪੂਰਬੀ-ਯੇਰੂਸ਼ਲਮ 'ਤੇ ਕਬਜ਼ਾ ਕਰਨ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਯਹੂਦੀ ਨੌਜਵਾਨ ਮੁਸਲਿਮ ਇਲਾਕਿਆਂ ਤੋਂ ਇੱਕ ਮਾਰਚ ਕੱਢਦੇ ਹਨ। ਜ਼ਿਆਦਾਤਰ ਫਲਸਤੀਨੀ ਇਸ ਨੂੰ ਜਾਣਬੁੱਝ ਕੇ ਉਕਸਾਉਣ ਲਈ ਕੀਤੀ ਜਾਣ ਵਾਲੀ ਕਾਰਵਾਈ ਮੰਨਦੇ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ
ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਯੇਰੂਸ਼ਲਮ ਵਿੱਚ ਉਸਾਰੀ ਦਾ ਕੰਮ ਅੱਗੇ ਨਾ ਵਧਣ ਨੂੰ ਲੈ ਕੇ ਕੌਮਾਂਤਰੀ ਦਬਾਅ ਨੂੰ ਖਾਰਜ ਕਰ ਦਿੱਤਾ ਸੀ।
ਇਹ ਉਸਾਰੀ ਕਾਰਜ ਉਸ ਜਗ੍ਹਾ 'ਤੇ ਹੋਣਾ ਚਾਹੀਦਾ ਹੈ ਜਿੱਥੇ ਯਹੂਦੀ ਆਪਣਾ ਦਾਅਵਾ ਕਰਦੇ ਹਨ। ਫਲਸਤੀਨੀਆਂ ਨੂੰ ਇੱਥੋਂ ਕੱਢੇ ਜਾਣ ਦੀ ਸੰਭਾਵਨਾ ਨੂੰ ਲੈ ਕੇ ਇੱਥੇ ਅਸ਼ਾਂਤੀ ਵੱਧ ਰਹੀ ਹੈ।
ਨੇਤਨਯਾਹੂ ਨੇ ਕਿਹਾ, "ਅਸੀਂ ਯੇਰੂਸ਼ਲਮ ਵਿੱਚ ਉਸਾਰੀ ਕਾਰਜਾਂ ਨੂੰ ਨਾ ਕਰਨ ਨੂੰ ਲੈ ਕੇ ਵੱਧ ਰਹੇ ਦਬਾਅ ਨੂੰ ਸਿਰੇ ਤੋਂ ਰੱਦ ਕਰਦੇ ਹਾਂ। ਇਹ ਦੁੱਖ ਦੀ ਗੱਲ ਹੈ ਕਿ ਅਜੋਕੇ ਸਮੇਂ ਵਿੱਚ ਇਸ ਲਈ ਦਬਾਅ ਵਧਿਆ ਹੈ।"
ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤੇ ਇੱਕ ਮੈਸੇਜ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਯੇਰੂਸ਼ਲਮ ਇਜ਼ਰਾਇਲ ਦੀ ਰਾਜਧਾਨੀ ਹੈ ਅਤੇ ਜਿਸ ਤਰ੍ਹਾਂ ਹਰ ਦੇਸ ਆਪਣੀ ਰਾਜਧਾਨੀ ਵਿੱਚ ਉਸਾਰੀ ਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੀ ਰਾਜਧਾਨੀ ਵਿੱਚ ਉਸਾਰੀ ਦਾ ਕੰਮ ਕਰਨ ਅਤੇ ਯੇਰੂਸ਼ਲਮ ਨੂੰ ਬਣਾਉਣ ਦਾ ਅਧਿਕਾਰ ਹੈ। ਅਸੀਂ ਇਹੀ ਕਰ ਰਹੇ ਹਾਂ ਅਤੇ ਅਸੀਂ ਇਸ ਨੂੰ ਹੋਰ ਅੱਗੇ ਵਧਾਵਾਂਗੇ।"
ਇਸ ਦੌਰਾਨ ਈਸਾਈ ਧਰਮ ਗੁਰੂ ਪੋਪ ਫਰਾਂਸਿਸ ਨੇ ਵੀ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ "ਹਿੰਸਾ, ਹਿੰਸਾ ਨੂੰ ਜਨਮ ਦਿੰਦੀ ਹੈ।"
ਵਿਵਾਦ ਕੀ ਹੈ?
1967 ਦੀ ਮੱਧ-ਪੂਰਬ ਜੰਗ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੂਰੇ ਸ਼ਹਿਰ ਨੂੰ ਆਪਣੀ ਰਾਜਧਾਨੀ ਮੰਨਦਾ ਹੈ।
ਹਾਲਾਂਕਿ ਕੌਮਾਂਤਰੀ ਭਾਈਚਾਰਾ ਇਸਦੀ ਹਿਮਾਇਤ ਨਹੀਂ ਕਰਦਾ। ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਆਜ਼ਾਦ ਦੇਸ ਦੀ ਰਾਜਧਾਨੀ ਵਜੋਂ ਦੇਖਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਤਣਾਅ ਵਧਿਆ ਹੈ। ਇਲਜ਼ਾਮ ਹੈ ਕਿ ਜ਼ਮੀਨ ਦੇ ਇਸ ਹਿੱਸੇ 'ਤੇ ਹੱਕ ਜਤਾਉਣ ਵਾਲੇ ਯਹੂਦੀ ਫਲਸਤੀਨੀਆਂ ਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਲੈ ਕੇ ਵਿਵਾਦ ਹੈ।
ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਸ਼ਾਖਾ ਯੂਨੈਸਕੋ ਦੇ ਕਾਰਜਕਾਰੀ ਬੋਰਡ ਨੇ ਇੱਕ ਵਿਵਾਦਤ ਮਤਾ ਪਾਸ ਕਰਦਿਆਂ ਕਿਹਾ ਕਿ ਯੇਰੂਸ਼ਲਮ ਵਿੱਚ ਮੌਜੂਦ ਇਤਿਹਾਸਕ ਅਲ-ਅਕਸਾ ਮਸਜਿਦ 'ਤੇ ਯਹੂਦੀਆਂ ਦਾ ਕੋਈ ਦਾਅਵਾ ਨਹੀਂ ਹੈ।
ਇਹ ਮਤਾ ਯੂਨੈਸਕੋ ਦੀ ਕਾਰਜਕਾਰੀ ਕਮੇਟੀ ਨੇ ਪਾਸ ਕੀਤਾ ਸੀ।
ਇਸ ਮਤੇ ਵਿੱਚ ਕਿਹਾ ਗਿਆ ਸੀ ਕਿ ਅਲ-ਅਕਸਾ ਮਸਜਿਦ 'ਤੇ ਮੁਸਲਮਾਨਾਂ ਦਾ ਅਧਿਕਾਰ ਹੈ ਅਤੇ ਯਹੂਦੀਆਂ ਨਾਲ ਉਸਦਾ ਕੋਈ ਇਤਿਹਾਸਕ ਸਬੰਧ ਨਹੀਂ ਹੈ।
ਜਦੋਂਕਿ ਯਹੂਦੀ ਉਸ ਨੂੰ ਟੈਂਪਲ ਮਾਊਂਟ ਕਹਿੰਦੇ ਰਹੇ ਹਨ ਅਤੇ ਯਹੂਦੀਆਂ ਲਈ ਇੱਕ ਅਹਿਮ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: