ਇਜ਼ਰਾਈਲ-ਫਲਸਤੀਨ ਵਿਵਾਦ: ਪੂਰੇ ਮਸਲੇ ਦੀ ਜੜ ਕੀ, ਜਾਣੋ ਤਾਜ਼ਾ ਅਪਡੇਟ ਅਤੇ ਅਹਿਮ ਸਵਾਲਾਂ ਦੇ ਜਵਾਬ

ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਖੂਨੀ ਜੰਗ ਅਜੇ ਵੀ ਜਾਰੀ ਹੈ।

ਤਾਜ਼ਾ ਜਾਣਕਾਰੀ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ ਲਗਭਗ 900 ਇਜ਼ਰਾਇਲੀ ਲੋਕ ਅਤੇ 700 ਗਾਜ਼ਾ ਦੇ ਲੋਕ ਮਾਰੇ ਗਏ ਹਨ।

ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਲੰਘੇ ਸ਼ਨੀਵਾਰ ਨੂੰ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਬੋਲ ਦਿੱਤਾ।

ਹਮਾਸ ਨੇ ਇਜ਼ਰਾਈਲ 'ਤੇ ਗਾਜ਼ਾ ਪੱਟੀ ਤੋਂ ਰਾਕੇਟੀ ਹਮਲਾ ਕੀਤਾ ਅਤੇ ਇਨ੍ਹਾਂ ਅਚਾਨਕ ਕੀਤੇ ਹਮਲਿਆਂ ਵਿੱਚ ਦਰਜਨਾਂ ਅੱਤਵਾਦੀ ਗਾਜ਼ਾ ਪੱਟੀ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ।

ਇਸ ਤੋਂ ਬਾਅਦ ਪੂਰੇ ਇਜ਼ਰਾਈਲ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਨੂੰ ਕਹਿ ਦਿੱਤਾ ਗਿਆ ਹੈ।

ਇਸ ਮਗਰੋਂ ਇਜ਼ਰਾਇਲੀ ਫੌਜ ਨੇ ਵੀ ਗਾਜ਼ਾ ਪੱਟੀ ਉੱਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਅਤੇ ਚੇਤਾਵਨੀ ਦਿੱਤੀ ਹੈ ਕਿ ਹਮਾਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ।

ਕੀ ਹਨ ਤਾਜ਼ਾ ਅਪਡੇਟ

  • ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਗਾਜ਼ਾ ਪੱਟੀ ਦੇ ਨੇੜੇ 1500 ਹਮਾਸ ਅੱਤਵਾਦੀ ਮਾਰੇ ਗਏ ਹਨ।
  • ਗਾਜ਼ਾ ਦੇ ਸਥਾਨਕ ਅਧਿਕਾਰੀਆਂ ਮੁਤਾਬਕ, ਸ਼ਨੀਵਾਰ ਤੋਂ ਹੁਣ ਤੱਕ ਗਾਜ਼ਾ ਵਿੱਚ ਲਗਭਗ 700 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਇਸ ਦੇ ਨਾਲ ਹੀ ਇਜ਼ਰਾਈਲ ਨੇ ਗਾਜ਼ਾ ਦੀ ''ਪੂਰੀ ਤਰ੍ਹਾਂ ਨਾਲ ਘੇਰਾਬੰਦੀ'' ਕਰਦੇ ਹੋਏ ਬਿਜਲੀ, ਪਾਣੀ, ਇੰਧਨ ਦੀ ਸਪਲਾਈ ਠੱਪ ਕਰ ਦਿੱਤੀ ਹੈ।
  • ਸੋਮਵਾਰ ਸ਼ਾਮ ਨੂੰ ਹਮਾਸ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਜ਼ਰਾਈਲ ਹਮਲੇ ਇਸੇ ਤਰ੍ਹਾਂ ਜਾਰੀ ਰੱਖਦਾ ਹੈ ਤਾਂ ਉਹ ਇਜ਼ਰਾਇਲੀ ਬੰਧਕਾਂ ਨੂੰ ਮਾਰ ਦੇਣਗੇ।
  • ਗਾਜ਼ਾ ਵਿੱਚ ਇੰਟਰਨੈਟ ਬੰਦ ਹੈ ਅਤੇ ਜ਼ਰੂਰੀ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 'ਇੰਨੇ ਮਾੜੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ'।
  • ਇਜ਼ਰਾਈਲ ਦੀ ਹਵਾਈ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੀ ਰਾਤ ਉਨ੍ਹਾਂ ਨੇ ਗਾਜ਼ਾ ਪੱਟੀ 'ਚ ਹਮਾਸ ਦੇ 200 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
  • ਯੂਨੀਸੇਫ਼ ਨੇ ਗਾਜ਼ਾ 'ਚ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਮਾਨਵੀ ਕਾਰੀਡੋਰ ਤਿਆਰ ਕਰਨ ਦੀ ਮੰਗ ਕੀਤੀ ਹੈ।

"ਅਸੀਂ ਇਹ ਜੰਗ ਜਿੱਤਾਗੇ" - ਇਜ਼ਰਾਇਲੀ ਪ੍ਰਧਾਨ ਮੰਤਰੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਨੂੰ ਜੰਗ ਦੱਸਦਿਆਂ ਕਿਹਾ ਹੈ ਕਿ,"ਅਸੀਂ ਇਹ ਜੰਗ ਜਿੱਤਾਗੇ।"

ਦੂਜੇ ਪਾਸੇ ਹਮਾਸ ਦੇ ਲੜਾਕੇ ਗਾਜ਼ਾ ਪੱਟੀ ਵਿੱਚ ਜਸ਼ਨ ਮਨਾਉਂਦੇ ਦੇਖੇ ਗਏ।

ਇਨ੍ਹਾਂ ਹਮਲਿਆਂ ਦੌਰਾਨ ਦੋਵਾਂ ਪਾਸਿਆਂ 'ਚ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਵੀ ਹੋਏ ਹਨ ਅਤੇ ਹਸਪਤਾਲਾਂ ਵਿੱਚ ਅਹਿਜੇ ਲੋਕਾਂ ਦੀ ਭੀੜ ਵਧ ਰਹੀ ਹੈ।

ਭਾਰਤ ਸਣੇ ਹੋਰ ਦੇਸ਼ ਕੀ ਕਹਿ ਰਹੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ 'ਚ ਹੋਏ 'ਅੱਤਵਾਦੀ ਹਮਲਿਆਂ' 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ''ਅਸੀਂ ਇਸ ਔਖੇ ਸਮੇਂ 'ਚ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ''।

ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਫਲਸਤੀਨੀ ਸਮੂਹਾਂ ਅਤੇ ਕਾਬਜ਼ ਇਜ਼ਰਾਈਲੀ ਬਲਾਂ ਵਿਚਾਲੇ ਪੈਦਾ ਹੋਈ ਸਥਿਤੀ ਕਾਰਨ ਵੱਖ-ਵੱਖ ਮੋਰਚਿਆਂ 'ਤੇ ਜਾਰੀ ਹਿੰਸਾ 'ਤੇ ਨਜ਼ਰ ਰੱਖ ਰਿਹਾ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਜਰਮਨੀ ਦੇ ਵਿਦੇਸ਼ ਮੰਤਰੀ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਵੀ ਹਮਾਸ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਨੇਤਨਯਾਹੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਖੜ੍ਹੇ ਹਨ ਅਤੇ ਉਸ ਨੂੰ ਪੂਰਾ ਸਮਰਥਨ ਦੇਣਗੇ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੇ ਇੱਕ ਸਲਾਹਕਾਰ ਨੇ ਇਜ਼ਰਾਈਲ ਵਿੱਚ ਫਲਸਤੀਨੀ ਲੜਾਕਿਆਂ ਦੇ ਹਮਲੇ ਦਾ ਸਮਰਥਨ ਕੀਤਾ ਹੈ।

ਹੁਣ ਤੱਕ ਦਾ ਅਹਿਮ ਘਟਨਾਕ੍ਰਮ

  • ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਕੱਟੜਪੰਥੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ।
  • ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ।
  • ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
  • ਹੁਣ ਤੱਕ ਇਸ ਹਿੰਸਾ 'ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
  • ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
  • ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
  • ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
  • ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
  • ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ 'ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
  • ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
  • ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
  • ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
  • ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ 'ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।

ਕੁੱਝ ਅਹਿਮ ਸਵਾਲਾਂ ਦੇ ਜਵਾਬ

ਗਾਜ਼ਾ ਪੱਟੀ ਕੀ ਹੈ?

ਗਾਜ਼ਾ ਪੱਟੀ ਇਜ਼ਰਾਈਲ, ਮਿਸਰ ਅਤੇ ਭੂਮੱਧ ਸਾਗਰ ਦੇ ਵਿਚਕਾਰ 41 ਕਿਲੋਮੀਟਰ (25-ਮੀਲ) ਲੰਬਾ ਅਤੇ 10 ਕਿਲੋਮੀਟਰ-ਚੌੜਾ ਖੇਤਰ ਹੈ। ਇਹ ਲਗਭਗ 23 ਲੱਖ ਲੋਕਾਂ ਦਾ ਘਰ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਦੀ ਘਣਤਾ ਵਿੱਚੋਂ ਇੱਕ ਹੈ।

ਇਜ਼ਰਾਈਲ ਗਾਜ਼ਾ ਅਤੇ ਇਸ ਦੇ ਸਮੁੰਦਰੀ ਕੰਢੇ 'ਤੇ ਹਵਾਈ ਖੇਤਰ ਨੂੰ ਨਿਯੰਤਰਿਤ ਕਰਦਾ ਹੈ।

ਇਸ ਦੇ ਨਾਲ ਹੀ ਇਹ ਇਸ 'ਤੇ ਵੀ ਪਾਬੰਦੀ ਲਗਾਉਂਦਾ ਹੈ ਕਿ ਇਸ ਦੀਆਂ ਸਰਹੱਦੀ ਕ੍ਰਾਸਿੰਗਾਂ ਰਾਹੀਂ ਕਿਸ ਨੂੰ ਅਤੇ ਕਿਸ ਸਾਮਾਨ ਨੂੰ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਇਸੇ ਤਰ੍ਹਾਂ, ਮਿਸਰ, ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਨੂੰ ਨਿਯੰਤਰਿਤ ਕਰਦਾ ਹੈ।

ਸੰਯੁਕਤ ਰਾਸ਼ਟਰ ਅਨੁਸਾਰ, ਗਾਜ਼ਾ ਦੀ ਲਗਭਗ 80% ਆਬਾਦੀ ਕੌੰਮਾਂਤਰੀ ਸਹਾਇਤਾ 'ਤੇ ਨਿਰਭਰ ਕਰਦੀ ਹੈ ਅਤੇ ਲਗਭਗ 10 ਲੱਖ ਲੋਕ ਰੋਜ਼ਾਨਾ ਭੋਜਨ ਸਹਾਇਤਾ 'ਤੇ ਨਿਰਭਰ ਕਰਦੇ ਹਨ।

ਫਲਸਤੀਨ ਕੀ ਹੈ ਅਤੇ ਇਨ੍ਹਾਂ ਘਟਨਾਵਾਂ ਦਾ ਇਸ ਨਾਲ ਕੀ ਸਬੰਧ ਹੈ?

ਵੈਸਟ ਬੈਂਕ ਅਤੇ ਗਾਜ਼ਾ, ਜੋ ਕਿ ਫਲਸਤੀਨੀ ਖੇਤਰਾਂ ਵਜੋਂ ਜਾਣੇ ਜਾਂਦੇ ਹਨ, ਨਾਲ ਹੀ ਪੂਰਬੀ ਯੇਰੂਸ਼ਲਮ ਅਤੇ ਇਜ਼ਰਾਈਲ, ਰੋਮਨ ਕਾਲ ਤੋਂ ਫਲਸਤੀਨ ਵਜੋਂ ਜਾਣੀ ਜਾਂਦੀ ਭੂਮੀ ਦਾ ਹਿੱਸਾ ਹਨ।

ਇਹ ਬਾਈਬਲ ਵਿਚ ਯਹੂਦੀ ਸਾਮਰਾਜਾਂ ਦੀਆਂ ਜ਼ਮੀਨਾਂ ਵੀ ਸਨ ਅਤੇ ਯਹੂਦੀ ਇਸ ਨੂੰ ਆਪਣੀ ਮਾਤ ਭੂਮੀ ਵਜੋਂ ਦੇਖਦੇ ਸਨ।

ਇਜ਼ਰਾਈਲ ਨੂੰ 1948 ਵਿੱਚ ਇੱਕ ਰਾਜ ਐਲਾਨ ਦਿੱਤਾ ਗਿਆ ਸੀ, ਹਾਲਾਂਕਿ ਇਸ ਧਰਤੀ ਨੂੰ ਅਜੇ ਵੀ ਉਨ੍ਹਾਂ ਲੋਕਾਂ ਵੱਲੋਂ ਫਲਸਤੀਨ ਆਖਿਆ ਜਾਂਦਾ ਹੈ ਜੋ ਇਜ਼ਰਾਈਲ ਦੀ ਹੋਂਦ ਦੇ ਅਧਿਕਾਰ ਨੂੰ ਮਾਨਤਾ ਨਹੀਂ ਦਿੰਦੇ ਹਨ।

ਫਲਸਤੀਨੀ ਵੀ ਪੱਛਮੀ ਕੰਢੇ, ਗਾਜ਼ਾ ਅਤੇ ਪੂਰਬੀ ਯੇਰੂਸ਼ਲਮ ਲਈ ਇੱਕ ਵਿਆਪਕ ਸ਼ਬਦ ਵਜੋਂ ਫਲਸਤੀਨ ਨਾਮ ਦੀ ਵਰਤੋਂ ਕਰਦੇ ਹਨ।

ਹਮਾਸ ਕੀ ਹੈ?

ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।

ਇਸ ਦਾ ਨਾਮ 'ਇਸਲਾਮਿਕ ਰਜ਼ਿਸਟੈਂਟ ਮੂਵਮੈਂਟ' ਦਾ ਸੰਖੇਪ ਹੈ, ਜੋ 1987 ਇਜ਼ਰਾਈਲ ਵੱਲੋਂ ਵੈਸਟ ਬੈਂਕ ਤੇ ਗਾਜ਼ਾ ਪੱਟੀ ਉਪਰ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਸੀ।

ਸ਼ੁਰੂਆਤ ਵਿੱਚ ਹਮਾਸ ਦੇ ਦੋ ਮੁੱਖ ਮਕਸਦ ਸੀ - ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਇਸ ਦੇ ਮਿਲਟਰੀ ਵਿੰਗ- ਅਜ਼ਦੀਨ ਅਲ ਕਾਸਮ ਨਾਲ ਹਥਿਆਰਬੰਦ ਲੜਾਈ ਅਤੇ ਦੂਜਾ ਸਮਾਜਿਕ ਭਲਾਈ ਦੇ ਕੰਮ।

ਪਰ 2005 ਤੋਂ ਬਾਅਦ ਇਹ ਫਲਸਤੀਨ ਦੇ ਰਾਜਨੀਤਿਕ ਮਾਮਲਿਆਂ ਵਿੱਚ ਵੀ ਸਰਗਰਮ ਹੋਇਆ ਹੈ। ਇਹ ਅਰਬ ਸੰਸਾਰ ਦਾ ਪਹਿਲਾ ਇਸਲਾਮਿਕ ਗਰੁੱਪ ਹੈ, ਜਿਸ ਨੇ ਬੈਲੇਟ ਬਾਕਸ ਰਾਹੀਂ ਚੋਣਾਂ ਜਿੱਤੀਆਂ।

ਇਜ਼ਰਾਈਲ, ਅਮਰੀਕਾ, ਯੂਰਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਦੇਸ਼ਾਂ ਵੱਲੋਂ ਹਮਾਸ ਨੂੰ ਇੱਕ ''ਅੱਤਵਾਦੀ ਗਰੁੱਪ'' ਕਰਾਰ ਦਿੱਤਾ ਗਿਆ ਹੈ।

ਮੋਸਾਦ ਕੀ ਹੈ?

ਮੋਸਾਦ, ਇਜ਼ਰਾਈਲ ਦੀ ਖੂਫ਼ੀਆ ਏਜੰਸੀ ਹੈ, ਜਿਸ ਦੀ ਸਥਾਪਨਾ 1949 ਵਿੱਚ ਹੋਈ ਸੀ। ਬਹੁਤ ਹੀ ਗੁਪਤ ਤਰੀਕੇ ਨਾਲ ਕੰਮ ਕਰਨ ਵਾਲੀ ਮੋਸਾਦ ਆਪਣੀਆਂ ਬਹਾਦਰੀ ਵਾਲੀਆਂ ਕਾਰਵਾਈਆਂ ਲਈ ਜਾਣੀ ਜਾਂਦੀ ਹੈ।

ਮੋਸਾਦ 'ਤੇ ਕਈ ਕਤਲਾਂ ਦੇ ਇਲਜ਼ਾਮ ਵੀ ਹਨ।

ਮੋਸਾਦ ਦੇ ਸਾਬਕਾ ਏਜੰਟ ਗੈਡ ਸ਼ਿਮਰੋਨ ਨੇ ਬੀਬੀਸੀ ਨੂੰ ਦੱਸਿਆ ਸੀ, "ਉਹ ਇਮਾਨਦਾਰ ਧੋਖੇਬਾਜ਼ਾਂ ਦੀ ਤਲਾਸ਼ ਕਰ ਰਹੇ ਹਨ। ਉਹ ਮੇਰੇ ਵਰਗੇ ਲੋਕਾਂ ਨੂੰ ਲੈ ਜਾਂਦੇ ਹਨ। ਮੈਂ ਕੋਈ ਧੋਖੇਬਾਜ਼ ਨਹੀਂ ਸਗੋਂ ਇਜ਼ਰਾਈਲ ਦਾ ਆਗਿਆਕਾਰ ਨਾਗਰਿਕ ਹਾਂ। ਉਹ ਉਨ੍ਹਾਂ ਨੂੰ ਚੋਰੀ ਕਰਨਾ ਸਿਖਾਉਂਦੇ ਹਨ, ਕਈ ਵਾਰ ਕਤਲ ਕਰਨਾ ਵੀ। ਇਹ ਸਭ ਕੁਝ ਆਮ ਲੋਕ ਨਹੀਂ ਕਰਦੇ, ਸਿਰਫ ਅਪਰਾਧੀ ਕਰਦੇ ਹਨ।"

ਇਜ਼ਰਾਈਲ ਤੇ ਫਲਸਤੀਨ ਵਿਚਕਾਰ ਬਣਿਆ ਇਹ ਤਣਾਅ ਕੋਈ ਨਵਾਂ ਨਹੀਂ ਹੈ ਸਗੋਂ ਇੱਕ ਸਦੀ ਪੁਰਾਣਾ ਹੈ। ਆਓ ਸਮਝਦੇ ਹਾਂ ਕਿ ਇੰਨਾ ਤਬਾਹੀਕੁੰਨ ਰੂਪ ਲੈਣਾ ਵਾਲਾ ਇਹ ਵਿਵਾਦ ਸ਼ੁਰੂ ਕਿਵੇਂ ਹੋਇਆ...

ਇਹ ਵਿਵਾਦ ਕਿਵੇਂ ਸ਼ੁਰੂ ਹੋਇਆ?

ਇਹ 100 ਸਾਲ ਪੁਰਾਣਾ ਮੁੱਦਾ ਹੈ।

ਪਹਿਲੇ ਵਿਸ਼ਵ ਯੁੱਧ ਵਿੱਚ ਮੱਧ ਪੂਰਬ ਦੇ ਉਸ ਹਿੱਸੇ ਦੇ ਹਾਕਮ ਓਟੋਮੈਨ ਰਾਜ ਦੇ ਹਾਰ ਜਾਣ ਤੋਂ ਬਾਅਦ ਬ੍ਰਿਟੇਨ ਨੇ ਫਲਸਤੀਨ ਵਜੋਂ ਜਾਣੇ ਜਾਂਦੇ ਖੇਤਰ ਦਾ ਕੰਟਰੋਲ ਲੈ ਲਿਆ।

ਇਹ ਵੀ ਪੜ੍ਹੋ

ਇਸ ਧਰਤੀ ਉੱਤੇ ਯਹੂਦੀ ਘੱਟ ਗਿਣਤੀ ਅਤੇ ਅਰਬ ਬਹੁਗਿਣਤੀ ਵਸਦੇ ਸਨ।

ਦੋਵਾਂ ਧਿਰਾਂ ਵਿੱਚ ਤਣਾਅ ਉਦੋਂ ਵਧਿਆ ਜਦੋਂ ਅੰਤਰਰਾਸ਼ਟਰੀ ਭਾਈਚਾਰੇ ਨੇ ਬ੍ਰਿਟੇਨ ਨੂੰ ਯਹੂਦੀ ਲੋਕਾਂ ਲਈ ਫਲਸਤੀਨ ਵਿੱਚ 'ਰਾਸ਼ਟਰੀ ਘਰ' ਸਥਾਪਤ ਕਰਨ ਦਾ ਕੰਮ ਸੌਂਪਿਆ।

ਯਹੂਦੀਆਂ ਲਈ ਇਹ ਉਨ੍ਹਾਂ ਦਾ ਜੱਦੀ ਘਰ ਸੀ, ਪਰ ਫਲਸਤੀਨੀ ਅਰਬਾਂ ਨੇ ਵੀ ਜ਼ਮੀਨ 'ਤੇ ਆਪਣਾ ਦਾਅਵਾ ਕੀਤਾ ਅਤੇ ਇਸ ਕਦਮ ਦਾ ਵਿਰੋਧ ਕੀਤਾ।

1920 ਅਤੇ 40 ਦੇ ਦਹਾਕੇ ਵਿਚਕਾਰ, ਇੱਥੇ ਆਉਣ ਵਾਲੇ ਯਹੂਦੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ, ਯੂਰੋਪ ਵਿੱਚ ਅੱਤਿਆਚਾਰਾਂ ਨਾਲ ਬਹੁਤ ਪਲਾਇਨ ਹੋਇਆ ਅਤੇ ਦੂਜੇ ਵਿਸ਼ਵ ਯੁੱਧ ਦੇ ਘੱਲੂਘਾਰੇ ਤੋਂ ਬਾਅਦ ਆਪਣੇ ਦੇਸ਼ ਦੀ ਭਾਲ ਲਈ ਇੱਥੇ ਆਏ।

ਯਹੂਦੀਆਂ ਅਤੇ ਅਰਬਾਂ ਵਿਚਾਲੇ ਅਤੇ ਬ੍ਰਿਟਿਸ਼ ਸ਼ਾਸਨ ਵਿਰੁੱਧ ਹਿੰਸਾ ਵੀ ਵਧਦੀ ਗਈ।

1947 ਵਿੱਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਵੱਖਰੇ ਯਹੂਦੀ ਅਤੇ ਅਰਬ ਰਾਜਾਂ ਵਿੱਚ ਵੰਡਣ ਲਈ ਵੋਟ ਦਿੱਤੀ, ਯੇਰੂਸ਼ਲਮ ਇੱਕ ਅੰਤਰਰਾਸ਼ਟਰੀ ਸ਼ਹਿਰ ਬਣ ਗਿਆ।

ਉਸ ਯੋਜਨਾ ਨੂੰ ਯਹੂਦੀ ਨੇਤਾਵਾਂ ਨੇ ਸਵੀਕਾਰ ਕਰ ਲਿਆ, ਪਰ ਅਰਬ ਪੱਖ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਇਹ ਕਦੇ ਲਾਗੂ ਨਹੀਂ ਹੋਇਆ।

ਇਜ਼ਰਾਈਲ ਦੀ ਸਿਰਜਣਾ ਅਤੇ 'ਤਬਾਹੀ'

1948 ਵਿੱਚ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਮਰੱਥ ਬ੍ਰਿਟਿਸ਼ ਸ਼ਾਸਕ ਇੱਥੋਂ ਚਲੇ ਗਏ ਅਤੇ ਯਹੂਦੀ ਨੇਤਾਵਾਂ ਨੇ ਇਜ਼ਰਾਈਲ ਦੇਸ਼ ਦੀ ਸਿਰਜਣਾ ਦਾ ਐਲਾਨ ਕੀਤਾ।

ਬਹੁਤ ਸਾਰੇ ਫ਼ਲਸਤੀਨੀਆਂ ਨੇ ਇਤਰਾਜ਼ ਕੀਤਾ ਅਤੇ ਇਸ ਤੋਂ ਬਾਅਦ ਯੁੱਧ ਹੋਇਆ। ਗੁਆਂਢੀ ਅਰਬ ਦੇਸ਼ਾਂ ਦੇ ਫੌਜੀਆਂ ਨੇ ਹਮਲਾ ਕਰ ਦਿੱਤਾ।

ਸੈਂਕੜੇ ਹਜ਼ਾਰਾਂ ਫ਼ਲਸਤੀਨੀ ਭੱਜ ਗਏ ਜਾਂ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਜਿਸ ਨੂੰ ਉਹ ਅਲ ਨੱਕਬਾ ਜਾਂ "ਤਬਾਹੀ" ਕਹਿੰਦੇ ਹਨ।

ਅਗਲੇ ਸਾਲ, ਜਦੋਂ ਜੰਗਬੰਦੀ ਖ਼ਤਮ ਹੋ ਗਈ, ਇਜ਼ਰਾਈਲ ਨੇ ਜ਼ਿਆਦਾਤਰ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜੌਰਡਨ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਜਿਸ ਨੂੰ ਵੈਸਟ ਬੈਂਕ ਵਜੋਂ ਜਾਣਿਆ ਜਾਂਦਾ ਹੈ, ਅਤੇ ਮਿਸਰ ਨੇ ਗਾਜ਼ਾ ਉੱਤੇ ਕਬਜ਼ਾ ਕਰ ਲਿਆ।

ਯੇਰੂਸ਼ਲਮ ਨੂੰ ਪੱਛਮ ਵਿੱਚ ਇਜ਼ਰਾਈਲੀ ਫ਼ੌਜਾਂ ਅਤੇ ਪੂਰਬ ਵਿੱਚ ਜੌਰਡਨੀਅਨ ਫ਼ੌਜਾਂ ਵਿੱਚ ਵੰਡਿਆ ਗਿਆ ਸੀ।

ਕਿਉਂਕਿ ਇੱਥੇ ਕਦੇ ਵੀ ਸ਼ਾਂਤੀ ਸਮਝੌਤਾ ਨਹੀਂ ਹੋਇਆ ਸੀ - ਹਰੇਕ ਧਿਰ ਨੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ - ਉਸ ਤੋਂ ਬਾਅਦ ਦੇ ਦਹਾਕਿਆਂ ਵਿੱਚ ਇੱਥੇ ਹੋਰ ਜ਼ਿਆਦਾ ਲੜਾਈਆਂ ਹੋ ਰਹੀਆਂ ਹਨ।

ਮੌਜੂਦਾ ਨਕਸ਼ਾ

ਇੱਕ ਹੋਰ ਯੁੱਧ ਵਿੱਚ 1967 ਵਿੱਚ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਅਤੇ ਵੈਸਟ ਬੈਂਕ ਦੇ ਨਾਲ-ਨਾਲ ਸੀਰੀਆ ਦੇ ਜ਼ਿਆਦਾਤਰ ਗੋਲਾਨ ਹਾਈਟਸ ਅਤੇ ਗਾਜ਼ਾ ਅਤੇ ਮਿਸਰ ਦੇ ਸਿਨਾਈ ਪ੍ਰਾਇਦੀਪ ਉੱਤੇ ਕਬਜ਼ਾ ਕੀਤਾ।

ਜ਼ਿਆਦਾਤਰ ਫਲਸਤੀਨੀ ਸ਼ਰਨਾਰਥੀ ਅਤੇ ਉਨ੍ਹਾਂ ਦੇ ਵੰਸ਼ਿਜ ਗਾਜ਼ਾ ਅਤੇ ਵੈਸਟ ਬੈਂਕ ਦੇ ਨਾਲ-ਨਾਲ ਗੁਆਂਢੀ ਜੌਰਡਨ, ਸੀਰੀਆ ਅਤੇ ਲੇਬਨਾਨ ਵਿੱਚ ਰਹਿੰਦੇ ਹਨ।

ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਵੰਸ਼ਿਜ ਨੂੰ ਇਜ਼ਰਾਈਲ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਹੈ - ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਦੇਸ਼ ਨੂੰ ਤਬਾਹ ਕਰ ਦੇਵੇਗਾ ਅਤੇ ਇੱਕ ਯਹੂਦੀ ਰਾਜ ਵਜੋਂ ਇਸ ਦੀ ਹੋਂਦ ਨੂੰ ਖ਼ਤਰਾ ਹੋਵੇਗਾ।

ਇਜ਼ਰਾਈਲ ਅਜੇ ਵੀ ਵੈਸਟ ਬੈਂਕ 'ਤੇ ਕਬਜ਼ਾ ਕਰ ਰਿਹਾ ਹੈ, ਹਾਲਾਂਕਿ ਇਸ ਨੂੰ ਗਾਜ਼ਾ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਸੰਯੁਕਤ ਰਾਸ਼ਟਰ ਅਜੇ ਵੀ ਉਸ ਜ਼ਮੀਨ ਦੇ ਟੁਕੜੇ ਨੂੰ ਕਬਜ਼ੇ ਵਾਲੇ ਖੇਤਰ ਦੇ ਹਿੱਸੇ ਵਜੋਂ ਮੰਨਦਾ ਹੈ।

ਇਜ਼ਰਾਈਲ ਪੂਰੇ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਵਜੋਂ ਦਾਅਵਾ ਕਰਦਾ ਹੈ, ਜਦੋਂਕਿ ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਫਲਸਤੀਨੀ ਰਾਜ ਦੀ ਰਾਜਧਾਨੀ ਵਜੋਂ ਦਾਅਵਾ ਕਰਦੇ ਹਨ। ਅਮਰੀਕਾ ਸਿਰਫ਼ ਉਨ੍ਹਾਂ ਮੁੱਠੀ ਭਰ ਦੇਸ਼ਾਂ ਵਿੱਚੋਂ ਇੱਕ ਹੈ ਜੋ ਪੂਰੇ ਸ਼ਹਿਰ ਵਿੱਚ ਇਜ਼ਰਾਈਲ ਦੇ ਦਾਅਵੇ ਨੂੰ ਮਾਨਤਾ ਦਿੰਦਾ ਹੈ।

ਪਿਛਲੇ 50 ਸਾਲਾਂ ਵਿੱਚ ਇਜ਼ਰਾਈਲ ਨੇ ਇਨ੍ਹਾਂ ਇਲਾਕਿਆਂ ਵਿੱਚ ਬਸਤੀਆਂ ਬਣਾਈਆਂ ਹਨ, ਜਿੱਥੇ ਹੁਣ 600,000 ਤੋਂ ਜ਼ਿਆਦਾ ਯਹੂਦੀ ਰਹਿੰਦੇ ਹਨ।

ਹੁਣ ਕੀ ਹੋ ਰਿਹਾ ਹੈ?

ਪੂਰਬੀ ਯੇਰੂਸ਼ਲਮ, ਗਾਜ਼ਾ ਅਤੇ ਵੈਸਟ ਬੈਂਕ ਵਿੱਚ ਰਹਿੰਦੇ ਇਜ਼ਰਾਈਲਆਂ ਅਤੇ ਫਲਸਤੀਨੀਆਂ ਦਰਮਿਆਨ ਤਣਾਅ ਅਕਸਰ ਵੱਧ ਜਾਂਦਾ ਹੈ। ਤਾਜ਼ਾ ਉਦਾਹਰਣ ਹੈ ਹਮਾਸ ਦਾ ਇਹ ਹਮਲਾ ਤੇ ਫਿਰ ਇਜ਼ਰਾਈਲ ਦੀ ਜਵਾਬੀ ਕਾਰਵਾਈ।

ਗਾਜ਼ਾ ਉੱਤੇ ਹਮਾਸ ਅਖਵਾਉਣ ਵਾਲੇ ਇੱਕ ਫਲਸਤੀਨੀ ਕੱਟੜਪੰਥੀ ਸਮੂਹ ਦਾ ਰਾਜ ਹੈ, ਜੋ ਕਿ ਕਈ ਵਾਰ ਇਜ਼ਰਾਈਲ ਨਾਲ ਲੜਿਆ ਹੈ। ਇਜ਼ਰਾਈਲ ਅਤੇ ਮਿਸਰ ਨੇ ਹਮਾਸ ਨੂੰ ਮਿਲਣ ਵਾਲੇ ਹਥਿਆਰਾਂ ਨੂੰ ਰੋਕਣ ਲਈ ਗਾਜ਼ਾ ਦੀਆਂ ਸਰਹੱਦਾਂ ਉੱਤੇ ਸਖ਼ਤੀ ਨਾਲ ਨਿਯੰਤਰਣ ਕੀਤਾ।

ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਦੀਆਂ ਕਾਰਵਾਈਆਂ ਅਤੇ ਪਾਬੰਦੀਆਂ ਕਾਰਨ ਦੁਖੀ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ ਆਪ ਨੂੰ ਫਲਸਤੀਨੀ ਹਿੰਸਾ ਤੋਂ ਬਚਾਉਣ ਲਈ ਕੰਮ ਕਰ ਰਿਹਾ ਹੈ।

ਹੁਣ ਤੱਕ ਇਸ ਹਿੰਸਾ ਵਿੱਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕ ਮਾਰੇ ਗਏ ਹਨ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਸ ਨੂੰ ਜੰਗ ਦੱਸਦਿਆਂ ਕਿਹਾ ਹੈ ਕਿ,"ਅਸੀਂ ਇਹ ਜੰਗ ਜਿੱਤਾਗੇ।"

ਮੁੱਖ ਸਮੱਸਿਆਵਾਂ ਕੀ ਹਨ?

ਇੱਥੇ ਕਈ ਮੁੱਦੇ ਹਨ, ਜਿਨ੍ਹਾਂ 'ਤੇ ਇਜ਼ਰਾਈਲ ਅਤੇ ਫਲਸਤੀਨ ਸਹਿਮਤ ਨਹੀਂ ਹੋ ਸਕਦੇ।

ਇਨ੍ਹਾਂ ਵਿੱਚ ਫਲਸਤੀਨੀ ਸ਼ਰਨਾਰਥੀਆਂ ਦਾ ਕੀ ਹੋਣਾ ਚਾਹੀਦਾ ਹੈ, ਕੀ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਯਹੂਦੀ ਬਸਤੀਆਂ ਰਹਿਣ ਜਾਂ ਹਟਾਉਣੀਆਂ ਚਾਹੀਦੀਆਂ ਹਨ, ਕੀ ਦੋਵਾਂ ਧਿਰਾਂ ਨੂੰ ਯੇਰੂਸ਼ਲਮ ਨੂੰ ਸਾਂਝਾ ਕਰਨਾ ਚਾਹੀਦਾ ਹੈ, ਅਤੇ - ਸ਼ਾਇਦ ਸਭ ਤੋਂ ਮੁਸ਼ਕਲ - ਕੀ ਇਜ਼ਰਾਈਲ ਦੇ ਨਾਲ-ਨਾਲ ਇੱਕ ਫਲਸਤੀਨੀ ਦੇਸ਼ ਬਣਾਇਆ ਜਾਣਾ ਚਾਹੀਦਾ ਹੈ।

ਸ਼ਾਂਤੀ ਵਾਰਤਾ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਇਸ ਟਕਰਾਅ ਦਾ ਹੱਲ ਨਹੀਂ ਹੋਇਆ ਹੈ।

ਭਵਿੱਖ ਕੀ ਹੈ?

ਸੰਖੇਪ ਵਿੱਚ, ਸਥਿਤੀ ਜਲਦੀ ਹੱਲ ਨਹੀਂ ਹੋਣ ਵਾਲੀ।

ਪਿਛਲੇ ਕਈ ਘੰਟਿਆਂ ਤੋਂ ਦੋਵਾਂ ਪਾਸਿਓਂ ਹਮਲੇ ਜਾਰੀ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।

ਸਭ ਤੋਂ ਤਾਜ਼ਾ ਸ਼ਾਂਤੀ ਯੋਜਨਾ, ਜੋ ਸੰਯੁਕਤ ਰਾਜ ਦੁਆਰਾ ਤਿਆਰ ਕੀਤੀ ਗਈ ਸੀ, ਜਦੋਂ ਡੌਨਲਡ ਟਰੰਪ ਰਾਸ਼ਟਰਪਤੀ ਸਨ। ਇਸ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ "ਸਦੀ ਦਾ ਸੌਦਾ" ਕਿਹਾ ਗਿਆ ਸੀ।

ਫਲਸਤੀਨੀ ਲੋਕਾਂ ਨੇ ਇਸ ਨੂੰ ਇੱਕ ਪਾਸੜ ਕਹਿ ਕੇ ਖਾਰਜ ਕਰ ਦਿੱਤਾ ਸੀ ਅਤੇ ਕਦੇ ਵੀ ਇਸ ਨੂੰ ਜ਼ਮੀਨੀ ਪੱਧਰ 'ਤੇ ਨਹੀਂ ਉਤਾਰਿਆ ਗਿਆ।

ਆਉਣ ਵਾਲੇ ਕਿਸੇ ਵੀ ਸ਼ਾਂਤੀ ਸਮਝੌਤੇ ਲਈ ਗੁੰਝਲਦਾਰ ਮਸਲਿਆਂ ਦੇ ਹੱਲ ਲਈ ਦੋਵਾਂ ਧਿਰਾਂ ਦੇ ਸਹਿਮਤ ਹੋਣ ਦੀ ਜ਼ਰੂਰਤ ਹੋਏਗੀ।

ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਵਿਵਾਦ ਜਾਰੀ ਰਹੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)