ਇਹ ਜੰਗ ਹੈ ਤੇ ਅਸੀਂ ਜਿੱਤਾਂਗੇ - ਹਮਾਸ ਦੇ ਹਮਲੇ ਤੋਂ ਬਾਅਦ ਬੋਲੇ ਇਜ਼ਾਰਾਈਲ ਦੇ ਪ੍ਰਧਾਨ ਮੰਤਰੀ

ਇਜ਼ਰਾਈਲ ਦੇ ਇਲਾਕਿਆਂ ਵਿੱਚ ਸ਼ਨੀਵਾਰ ਨੂੰ ਗਾਜ਼ਾ ਪੱਟੀ ਤੋਂ ਰਾਕੇਟ ਹਮਲਾ ਕੀਤਾ ਗਿਆ।

ਗਾਜ਼ਾ ਵਾਲੇ ਪਾਸਿਓਂ ਇਜ਼ਰਾਈਲ ਉੱਤੇ ਕੀਤੇ ਗਏ ਅਚਾਨਕ ਹਮਲਿਆਂ ਵਿੱਚ ਦਰਜਨਾਂ ਕੱਟੜਪੰਥੀ ਗਾਜ਼ਾ ਪੱਟੀ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ ਹਨ।

ਇਸ ਤੋਂ ਬਾਅਦ ਪੂਰੇ ਇਜ਼ਰਾਈਲ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਨੂੰ ਕਹਿ ਦਿੱਤਾ ਗਿਆ ਹੈ।

ਫ਼ਲਸਤੀਨੀ ਲੜਾਕਿਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਰਾਕੇਟ ਵੀ ਦਾਗੇ ਹਨ।

ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਗਾਜ਼ਾ ਪੱਟੀ ਉੱਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਹਮਾਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ।

ਇਨ੍ਹਾਂ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਈਲ ਵਿੱਚ ਵੱਖ-ਵੱਖ ਥਾਵਾਂ ’ਤੇ ਚੇਤਾਵਨੀ ਦੇ ਸਾਇਰਨ ਵੀ ਸੁਣੇ ਗਏ ਹਨ।

ਤੇਲ ਅਵੀਵ ਅਤੇ ਦੱਖਣੀ ਗਜ਼ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧਮਾਕੇ ਹੋਣ ਦੀਆਂ ਵੀ ਖ਼ਬਰਾਂ ਹਨ।

ਇਜ਼ਰਾਈਲ ਨੇ ਕਿਹਾ ਹੈ ਕਿ ਹੁਣ ਤੱਕ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਤੋਂ ਵੱਧ ਲੋਕ ਜ਼ਖਮੀ ਹਨ।

ਇਜ਼ਰਾਈਲੀ ਰੇਡੀਓ ਨੇ ਦਾਅਵਾ ਕੀਤਾ ਹੈ ਕਿ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਨੇ 35 ਇਜ਼ਰਾਇਲੀ ਸੈਨਿਕਾਂ ਨੂੰ ਬੰਧਕ ਬਣਾ ਲਿਆ ਹੈ।

ਫ਼ਲਸਤੀਨੀ ਕੱਟੜਪੰਥੀ ਸਮੂਹ ਹਮਾਸ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਹਮਾਸ ਹੀ ਗਾਜ਼ਾ ਉੱਤੇ ਸ਼ਾਸਨ ਚਲਾਉਂਦਾ ਹੈ।

ਹਮਾਸ ਨੇ 20 ਮਿੰਟਾਂ ਅੰਦਰ 5000 ਰਾਕੇਟ ਦਾਗੇ ਜਾਣ ਦਾ ਦਾਅਵਾ ਕੀਤਾ ਹੈ।

ਹਮਾਸ ਦੇ ਕਮਾਂਡਰ ਨੇ ਲੇਬਨਾਨ ਦੇ ਲੜਾਕਿਆਂ ਨੂੰ ਇਜ਼ਰਾਈਲ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

ਖ਼ਬਰ ਏਜੰਸੀ ਰਾਇਟਰਜ਼ ਨੇ ਇਜ਼ਰਾਈਲ ਦੇ ਸ਼ਹਿਰ ਏਸ਼ਕੇਲੋਨ ਵਿੱਚ ਅੱਗ ਬੁਝਾਊ ਦਸਤੇ ਵੱਲੋਂ ਅੱਗ ਬੁਝਾਉਂਦਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।

ਇਸੇ ਵਿਚਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਰਾਕੇਟ ਹਮਲੇ ਤੋਂ ਬਾਅਦ ਸੁਰੱਖਿਆ ਮੁਖੀਆਂ ਦੀ ਬੈਠਕ ਸੱਦੀ ਗਈ ਹੈ।

ਹਾਲੇ ਤੱਕ ਦੀਆਂ ਰਿਪੋਰਟਾਂ ਮੁਤਾਬਕ ਹਮਲੇ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ ਜਦਕਿ ਦੋ ਲੋਕ ਜ਼ਖ਼ਮੀ ਹਨ। ਇਜ਼ਰਾਈਲ ਦੀ ਬਚਾਅ ਏਜੰਸੀ ਮੁਤਾਬਕ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ।

‘ਸਾਡੇ ਦੁਸ਼ਮਣ ਨੂੰ ਮੁੱਲ ਤਾਰਨਾ ਪਵੇਗਾ’

ਖ਼ਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੋਸ਼ਲ ਮੀਡੀਆ ਅਕਾਉਂਟ ਐਕਸ ਉੱਤੇ ਜਾਰੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ, “ਸਾਡੇ ਦੁਸ਼ਮਣ ਨੂੰ ਇਸ ਦਾ ਮੁੱਲ ਤਾਰਨਾ ਪਵੇਗਾ, ਜਿਸਦਾ ਉਨ੍ਹਾਂ ਨੇ ਕਦੀ ਤਸਵੁੱਰ ਵੀ ਨਹੀਂ ਕੀਤਾ ਹੋਣਾ।”

ਨੇਤਨਯਾਹੂ ਨੇ ਕਿਹਾ ਕਿ, “ਅਸੀਂ ਇਹ ਜੰਗ ਜਿੱਤਾਂਗੇ।”

ਹਮਲੇ ਨੂੰ ਲੈ ਕੇ ਇਜ਼ਰਾਈਲ ਨੇ ਆਪਣੇ ਖ਼ੁਫ਼ੀਆ ਤੰਤਰ ਖ਼ਿਲਾਫ਼ ਜਾਂਚ ਬਿਠਾ ਦਿੱਤੀ ਹੈ।

ਸਰਕਾਰ ਇਸ ਗੱਲ ਦਾ ਪਤਾ ਲਗਾਉਣ ਵਿੱਚ ਜੁਟ ਗਈ ਹੈ ਕਿ ਖ਼ੁਫ਼ੀਆ ਤੰਤਰ ਇੰਨੇ ਵੱਡੇ ਹਮਲੇ ਦੀ ਸੰਭਾਵਨਾ ਤੋਂ ਬੇਖ਼ਬਰ ਕਿਵੇਂ ਰਿਹਾ।

ਬੀਬੀਸੀ ਪੱਤਰਕਾਰ ਨੇ ਜੋ ਦੇਖਿਆ

ਇਜ਼ਰਾਈਲ ਦੀ ਫ਼ੌਜ ਦਾ ਕਹਿਣਾ ਹੈ ਕਿ ਹਮਲੇ ਦੇ ਜਵਾਬ ਵਿੱਚ ਉਹ ‘‘ਹਾਲਾਤ ਦਾ ਜ਼ਾਇਜ਼ਾ ਲੈ ਰਹੇ ਹਨ’’ ਅਤੇ ਉਨ੍ਹਾਂ ਨੇ ਗਾਜ਼ਾ ਪੱਟੀ ਦੇ ਠਿਕਾਣਿਆਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਹਨ।

ਕਈ ਗੱਡੀਆਂ ਵਿੱਚ ਅੱਗ ਲੱਗ ਗਈ ਹੈ ਅਤੇ ਉਨ੍ਹਾਂ ਤੋਂ ਧੂਆਂ ਉੱਠ ਰਿਹਾ ਹੈ।

ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਿਆਹੂ ਨੇ ਕਿਹਾ ਕਿ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੋ ਵਜੇ ਸੁਰੱਖਿਆ ਮੁਖੀਆਂ ਦੀ ਅਹਿਮ ਬੈਠਕ ਹੋਣ ਵਾਲੀ ਹੈ। ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੁਰੱਖਿਆ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ।

ਗਾਜ਼ਾ ਸ਼ਹਿਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਰੂਸ਼ਦੀ ਅਬੁਅਲੂਫ਼ ਨੇ ਕਿਹਾ ਹੈ ਕਿ ਪੂਰਬ, ਦੱਖਣ, ਉੱਤਰ...ਹਰ ਦਿਸ਼ਾਂ ਤੋਂ ਇਜ਼ਰਾਈਲ ਉੱਤੇ ਹਮਲੇ ਦੇਖ ਰਹੇ ਹਨ।

ਹਮਾਸ ਟੀਵੀ ਮੁਤਾਬਕ ਹਮਾਸ ਮੁਖੀ ਵੱਲ਼ੋਂ ਪੰਜ ਹਜ਼ਾਰ ਰਾਕੇਟ ਦਾਗਣ ਦੇ ਦਾਅਵੇ ਤੋਂ ਇਲਾਵਾ ਦੋ ਹਜ਼ਾਰ ਹੋਰ ਰਾਕੇਟ ਇਜ਼ਰਾਈਲ ਉੱਤੇ ਦਾਗੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲਗਭਗ ਢਾਈ ਘੰਟਿਆਂ ਤੋਂ ਇੱਥੇ ਜ਼ਬਰਦਸਤ ਗੋਲੀਬਾਰੀ ਚੱਲ ਰਹੀ ਹੈ।

ਹਮਾਸ ਕੀ ਕਹਿੰਦਾ ਹੈ?

ਹਮਾਸ ਦੇ ਮੁਖੀ ਮੁਹੰਮਦ ਦਾਇਫ਼ ਨੇ ਇਹਨਾਂ ਹਮਲਿਆਂ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਹੈ, ‘‘ਅਸੀਂ ਇਹ ਐਲਾਨ ਕਰਨਾ ਤੈਅ ਕੀਤਾ ਹੈ ਕਿ ਹੁਣ ਬਹੁਤ ਹੋ ਚੁੱਕਿਆ।’’

ਹਮਾਸ ਦੇ ਇਸ ਆਪਰੇਸ਼ਨ ਨੂੰ ‘‘ਅਲ ਅਕਸਾ ਸਟਾਰਮֹ’’ ਨਾਮ ਦਿੱਤਾ ਗਿਆ ਹੈ ਅਤੇ ਕਿਹਾ ਹੈ ਕਿ ਇਸ ਮੁਹਿੰਮ ਤਹਿਤ ਉਸ ਨੇ ਸ਼ਨੀਵਾਰ ਦੀ ਸਵੇਰ ਕਰੀਬ 5000 ਰਾਕੇਟ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਾਗੇ ਹਨ।

ਦਾਇਫ਼ ਨੇ ਕਿਹਾ, ‘‘ਅਸੀਂ ਦੁਸ਼ਮਣ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਾਂ। ਇਜ਼ਰਾਈਲੀ ਕਬਜ਼ਾਧਾਰੀਆਂ ਨੇ ਸਾਡੇ ਨਾਗਰਿਕਾਂ ਖ਼ਿਲਾਫ਼ ਸੈਂਕੜੇ ਨਰਸੰਹਾਰ ਕੀਤੇ ਹਨ। ਕਬਜ਼ਾਧਾਰੀਆਂ ਕਾਰਨ ਇਸ ਸਾਲ ਸੈਂਕੜੇ ਲੋਕ ਸ਼ਹੀਦ ਅਤੇ ਜ਼ਖ਼ਮੀਂ ਹੋਏ ਹਨ।’’

‘‘ਅਸੀਂ ਆਪਰੇਸ਼ਨ ਅਲ ਅਕਸਾ ਸਟਾਰਮ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ। ਅਸੀਂ ਇਹ ਐਲਾਨ ਕਰਦੇ ਹਾਂ ਕਿ ਦੁਸ਼ਮਣਾਂ ਦੇ ਠਿਕਾਣਿਆਂ, ਏਅਰਪੋਰਟਾਂ, ਫ਼ੌਜੀ ਅੱਡਿਆਂ ਉੱਤੇ ਕੀਤੇ ਗਏ ਸਾਡੇ ਪਹਿਲੇ ਹਮਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਗਏ ਹਨ।’’

ਇਜ਼ਰਾਈਲ ਡਿਫੈਂਸ ਫੋਰਸਿਜ਼ ਨੇ ਕਿਹਾ, ਕਰਾਂਗੇ ਬਚਾਅ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ਼) ਨੇ ਕਿਹਾ ਕਿ ‘‘ਵਿਦਰੋਹੀ ਗੁੱਟ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਰਾਕੇਟ ਦਾਗੇ ਹਨ।’’

ਨਾਲ ਹੀ ਦਰਜਨਾਂ ਲੜਾਕੇ ਇਜ਼ਰਾਈਲ ਦੀ ਸਰਹੱਦ ਪਾਰ ਕਰਕੇ ‘‘ਵੱਖ-ਵੱਖ ਹਿੱਸਿਆਂ’’ ਤੋਂ ਮੁਲਕ ਦੇ ਅੰਦਰ ਦਾਖਲ ਹੋ ਗਏ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਫ਼ ਆਫ਼ ਜਨਰਲ ਸਟਾਫ਼ ‘‘ਹਾਲਾਤ ਦਾ ਜਾਇਜ਼ਾ ਲੈ ਰਹੇ ਹਨ’’ ਅਤੇ ਹਮਾਸ ਨੂੰ ‘‘ਇਸ ਦਾ ਨਤੀਜਾ ਭੁਗਤਣਾ ਪਵੇਗਾ ਅਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ।’’

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਗਾਜ਼ਾ ਪੱਟੀ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਸਣੇ ਦੱਖਣੀ ਅਤੇ ਕੇਂਦਰੀ ਹਿੱਸੇ ਵਿੱਚ ਰਹਿਣ ਵਾਲਿਆਂ ਨੂੰ ਕਿਹਾ ਗਿਆ ਹੈ ਕਿ ‘‘ਉਹ ਸ਼ੈਲਟਰਾਂ ਦੇ ਆਲੇ-ਦੁਆਲੇ ਹੀ ਰਹਿਣ।’’

ਐਕਸ ਉੱਤੇ ਜਾਰੀ ਬਿਆਨ ਵਿੱਚ ਆਈਡੀਐੱਫ਼ ਨੇ ਕਿਹਾ ਹੈ, ‘‘ਸ਼ਨੀਵਾਰ ਅਤੇ ਤੋਰਾ ਦੀ ਛੁੱਟੀ ਦੇ ਦਿਨ ਪੂਰੇ ਇਜ਼ਰਾਈਲ ਵਿੱਚ ਲੋਕ ਸਾਇਰਨਾਂ ਦੀ ਆਵਾਜ਼ ਸੁਣਦੇ ਹੋਏ ਜਾਗੇ ਹਨ ਅਤੇ ਹਮਾਸ ਅੱਜ ਸਵੇਰ ਤੋਂ ਗਾਜ਼ਾ ਤੋਂ ਰਾਕੇਟ ਦਾਗ ਰਿਹਾ ਹੈ।’’

ਆਈਡੀਐੱਫ਼ ਨੇ ਕਿਹਾ ਹੈ, ‘‘ਅਸੀਂ ਤੁਹਾਡੀ ਰੱਖਿਆ ਕਰਾਂਗੇ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ 'ਤੇ ਹੋਏ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ।

ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਇਜ਼ਰਾਈਲ ਵਿੱਚ ਅੱਤਵਾਦੀ ਹਮਲੇ ਦੀ ਖਬਰ ਤੋਂ ਪਰੇਸ਼ਾਨ ਹਾਂ। ਸਾਡੀ ਸੰਵੇਦਨਾ ਅਤੇ ਅਰਦਾਸਾਂ ਹਮਲੇ ਦੇ ਪੀੜਤਾਂ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਔਖੀ ਘੜੀ ਵਿੱਚ ਇਜ਼ਰਾਈਲ ਦੇ ਨਾਲ ਖੜੇ ਹਾਂ।”

ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਨੇ ਕੀ ਕਿਹਾ

ਇਜ਼ਰਾਈਲ ਉੱਤੇ ਹਮਲੇ ਤੋਂ ਬਾਅਦ ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਨੇ ਪ੍ਰਤੀਕਿਰਿਆ ਦਿੱਤੀ ਹੈ।

ਐਕਸ ਉੱਤੇ ਪੋਸਟ ਕਰਦੇ ਹੋਏ ਇਜ਼ਰਾਈਲ ਦੇ ਭਾਰਤ ਵਿੱਚ ਰਾਜਦੂਤ ਨਾਓਰ ਗਿਲੋਨ ਨੇ ਕਿਹਾ, ‘‘ਯਹੂਦੀ ਛੁੱਟੀ ਦੇ ਦਿਨ ਗਾਜ਼ਾ ਵੱਲੋਂ ਇਜ਼ਰਾਈਲ ਉੱਤੇ ਹਮਲਾ ਕੀਤਾ ਗਿਆ ਹੈ। ਇਹ ਦੋਹਰਾ ਹਮਲਾ ਰਾਕੇਟਾਂ ਨਾਲ ਹੋਇਆ ਹੈ ਅਤੇ ਹਮਾਸ ਦੇ ਅੱਤਵਾਦ ਦਾਖਲ ਹੋਏ ਹਨ।’’

ਉਨ੍ਹਾਂ ਨੇ ਕਿਹਾ, ‘‘ਹਾਲਾਤ ਸਾਧਾਰਣ ਨਹੀਂ ਹਨ ਪਰ ਇਜ਼ਰਾਈਲ ਜੇਤੂ ਹੋਵੇਗਾ।’’

ਅਮਰੀਕਾ ਦੀ ਪ੍ਰਤਿਕਿਰਿਆ ਵੀ ਆਈ

ਇਜ਼ਰਾਈਲ ਉੱਤੇ ਹਮਲੇ ਤੋਂ ਬਾਅਦ ਅਮਰੀਕੀ ਦੂਤਾਵਾਸ ਵੱਲੋਂ ਕਿਹਾ ਗਿਆ ਹੈ, ‘‘ਸਾਨੂੰ ਪਤਾ ਹੈ ਕਿ ਇਹਨਾਂ ਘਟਨਾਵਾਂ ਕਰਕੇ ਲੋਕ ਹਲਾਕ ਹੋਏ ਹਨ।’’

ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ਅਮਰੀਕੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਵਧਾਉਣ ਅਤੇ ਸੁਰੱਖਿਆ ਪ੍ਰਤੀ ਸਚੇਤ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀਆਂ ਸੁਰੱਖਿਆ ਸਬੰਧੀ ਘਟਨਾਵਾਂ, ਜਿਹਨਾਂ ਵਿੱਚ ਮੋਰਟਰਾਰ ਅਤੇ ਰਾਕੇਟ ਵੀ ਦਾੇ ਜਾਂਦੇ ਹਨ, ਆਮ ਤੌਰ ਉੱਤੇ ਬਿਨਾਂ ਚੇਤਾਵਨੀ ਦੇ ਹੁੰਦੀ ਹੈ।’’

ਇਜ਼ਰਾਈਲ ਵਿੱਚ ਅਮਰੀਕੀ ਦੂਤਾਵਾਸ ਵੱਲੋਂ ਕਿਹਾ ਗਿਆ ਹੈ ਕਿ ਉਸ ਦੇ ਕਰਮਚਾਰੀ ਫ਼ਿਲਹਾਲ ਦੂਤਾਵਾਸ ਵਿੱਚ ‘ਸੁਰੱਖਿਅਤ’ ਹਨ।

ਇਜ਼ਾਰਾਇਲ ਦੀ ਹਾਲਾਤ ਬਿਆਨ ਕਰਦੀਆਂ ਤਸਵੀਰਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)