ਕੋਰੋਨਾਵਾਇਰਸ: ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ - ਜਾਣੋ ਆਪਣੇ ਡਰ ਨਾਲ ਜੁੜੇ ਹਰ ਸਵਾਲ ਦਾ ਜਵਾਬ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾ ਵੈਕਸੀਨ ਟੀਕਾਕਰਨ ਦੇ ਤੀਜੇ ਗੇੜ੍ਹ ਦੀ ਸ਼ੁਰੂਆਤ 1 ਅਪ੍ਰੈਲ 2021 ਤੋਂ ਹੋ ਚੁੱਕੀ ਹੈ। ਜਿਸ 'ਚ 45 ਸਾਲ ਤੋਂ ਉੱਪਰ ਦੀ ਉਮਰ ਦਾ ਕੋਈ ਵੀ ਵਿਅਕਤੀ ਟੀਕਾ ਲਗਵਾ ਸਕਦਾ ਹੈ।

ਜੇਕਰ ਤੁਸੀਂ ਵੀ ਕੋਵਿਡ-19 ਵੈਕਸੀਨ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਮਨ 'ਚ ਵੀ ਕਈ ਸਵਾਲ ਆ ਰਹੇ ਹੋਣਗੇ। ਇੱਕ ਸਵਾਲ ਜੋ ਕਿ ਵਧੇਰੇਤਰ ਲੋਕਾਂ ਦੇ ਮਨਾਂ 'ਚ ਹੈ ਕਿ ਕੀ ਵੈਕਸੀਨ ਲਗਵਾਉਣ ਤੋਂ ਬਾਅਦ ਉਸ ਦਾ ਕੋਈ ਮਾੜਾ ਪ੍ਰਭਾਵ ਵੀ ਹੈ? ਜ਼ਾਹਰ ਹੈ ਕਿ ਤੁਸੀਂ ਵੀ ਇਸ ਬਾਰੇ ਸੋਚ ਰਹੇ ਹੋਵੋਗੇ।

ਟੀਕਾਕਰਨ ਦੇ ਪਹਿਲੇ ਪੜਾਅ 'ਚ ਕਈ ਲੋਕਾਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ 'ਐਡਵਰਸ ਇਫੈਕਟ' (ਵਿਰੋਧੀ ਪ੍ਰਭਾਵ) ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਅਜਿਹੇ ਵਿਰੋਧੀ ਪ੍ਰਭਾਵ ਬਹੁਤ ਹੀ ਘੱਟ ਲੋਕਾਂ 'ਚ ਵੇਖਣ ਨੂੰ ਮਿਲੇ ਹਨ।

ਇਸ ਲਈ ਇਹ ਜਾਣਨਾ ਖਾਸ ਹੈ ਕਿ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ (ਏਈਐਫਆਈ) ਭਾਵ ਟੀਕਾਕਰਨ ਦੇ ਉਲਟ ਪ੍ਰਭਾਵ ਕੀ ਹਨ ਅਤੇ ਇਹ ਆਮ ਹਨ ਜਾਂ ਫਿਰ ਅਸਧਾਰਨ।

ਇਹ ਵੀ ਪੜ੍ਹੋ

ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ ਕੀ ਹੁੰਦਾ ਹੈ?

ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਡਾ. ਮਨੋਹਰ ਅਗਨਾਨੀ ਨੇ ਪਹਿਲੇ ਗੇੜ੍ਹ ਦੌਰਾਨ ਟੀਕਾਕਰਨ ਤੋਂ ਬਾਅਦ ਹੋਣ ਵਾਲੇ ਅਜਿਹੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਅਨੁਸਾਰ, "ਟੀਕਾ ਲੱਗਣ ਤੋਂ ਬਾਅਦ ਉਸ ਵਿਅਕਤੀ 'ਚ ਕਿਸੇ ਵੀ ਤਰ੍ਹਾਂ ਦੀ ਉਮੀਦ ਤੋਂ ਪਰਾਂ ਆਈ ਮੈਡੀਕਲ ਦਿੱਕਤ ਨੂੰ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ ਕਿਹਾ ਜਾਂਦਾ ਹੈ। ਇਹ ਦਿੱਕਤ ਟੀਕੇ ਕਰਕੇ ਜਾਂ ਫਿਰ ਵੈਕਸੀਨ ਪ੍ਰਕਿਰਿਆ ਕਰਕੇ ਵੀ ਪੈਦਾ ਹੋ ਸਕਦੀ ਹੈ। ਇਸ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਹ ਆਮ ਤੌਰ 'ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ- ਮਾਮੂਲੀ, ਗੰਭੀਰ ਅਤੇ ਬਹੁਤ ਗੰਭੀਰ।"

ਉਨ੍ਹਾਂ ਕਿਹਾ ਕਿ ਵਧੇਰੇਤਰ ਇਹ ਮੁਸ਼ਕਲਾਂ ਮਾਮੂਲੀ ਹੀ ਹੁੰਦੀਆਂ ਹਨ, ਜਿੰਨ੍ਹਾਂ ਨੂੰ ਮਾਈਨਰ ਐਡਵਰਸ ਕਿਹਾ ਜਾਂਦਾ ਹੈ। ਅਜਿਹੇ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਦਰਦ, ਟੀਕਾ ਲੱਗਣ ਵਾਲੀ ਜਗ੍ਹਾ 'ਤੇ ਸੋਜ, ਹਲਕਾ ਬੁਖ਼ਾਰ, ਸਰੀਰ 'ਚ ਦਰਦ, ਘਬਰਾਹਟ, ਐਕਰਜੀ ਅਤੇ ਧੱਫੜ ਆਦਿ ਵਰਗੀਆਂ ਦਿੱਕਤਾਂ ਆਉਂਦੀਆਂ ਹਨ।

ਪਰ ਕੁੱਝ ਦਿੱਕਤਾਂ ਗੰਭੀਰ ਵੀ ਹੁੰਦੀਆਂ ਹਨ, ਜਿੰਨ੍ਹਾਂ ਨੂੰ ਸੀਵਿਅਰ ਕੇਸ ਮੰਨਿਆ ਜਾਂਦਾ ਹੈ। ਅਜਿਹਾ ਮਾਮਲਿਆਂ 'ਚ ਟੀਕਾ ਲੱਗਣ ਤੋਂ ਬਾਅਦ ਵਿਅਕਤੀ ਨੂੰ ਬਹੁਤ ਤੇਜ਼ ਬੁਖ਼ਾਰ ਹੋ ਸਕਦਾ ਹੈ ਜਾਂ ਫਿਰ ਐਨਫ਼ਲੈਕਸਿਸ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

ਅਜਿਹੀ ਸਥਿਤੀ 'ਚ ਵੀ ਜ਼ਿੰਦਗੀ ਭਰ ਭੁਗਤਣ ਵਾਲੇ ਨਤੀਜੇ ਨਹੀਂ ਹੁੰਦੇ ਹਨ। ਇੱਥੋਂ ਤੱਕ ਕਿ ਹਸਪਤਾਲ 'ਚ ਭਰਤੀ ਹੋਣ ਦੀ ਨੌਬਤ ਵੀ ਨਹੀਂ ਪੈਂਦੀ ਹੈ।

ਪਰ ਬਹੁਤ ਗੰਭੀਰ ਗਲਤ ਪ੍ਰਭਾਵ ਦੇ ਸਾਹਮਣੇ ਆਉਣ 'ਤੇ ਟੀਕਾ ਲਗਵਾਉਣ ਵਾਲੇ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਦੀ ਨੌਬਤ ਆਉਂਦੀ ਹੈ। ਇੰਨ੍ਹਾਂ ਨੂੰ ਸੀਰੀਅਸ ਕੇਸ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਜਾਨ ਜਾਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਜਾਂ ਫਿਰ ਵਿਅਕਤੀ ਉਮਰ ਭਰ ਕਿਸੇ ਹੋਰ ਦਿੱਕਤਾ, ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਬਹੁਤ ਗੰਭੀਰ ਐਡਵਰਸ ਮਾਮਲੇ ਬਹੁਤ ਘੱਟ ਦਰਜ ਹੁੰਦੇ ਹਨ, ਪਰ ਇਸ ਦਾ ਪ੍ਰਭਾਵ ਪੂਰੇ ਟੀਕਾਕਰਨ ਮੁਹਿੰਮ 'ਤੇ ਜ਼ਰੂਰ ਪੈਂਦਾ ਹੈ।

ਭਾਰਤ 'ਚ ਹੁਣ ਤੱਕ ਦੀ ਟੀਕਾਕਰਨ ਮੁਹਿੰਮ ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਦੀ ਲੋੜ ਪਈ ਹੈ।

ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਬੀ ਐਲ ਸ਼ੇਰਵਾਲ ਮੁਤਾਬਕ, "ਹਰੇਕ ਟੀਕਾਕਰਨ ਮੁਹਿੰਮ 'ਚ ਅਜਿਹੇ ਵਿਰੋਧੀ ਪ੍ਰਭਾਵ ਵੇਖਣ ਨੂੰ ਮਿਲਦੇ ਹਨ। ਟੀਕਾਕਰਨ ਮੁਹਿੰਮ 'ਚ 5 ਤੋਂ 10 % ਤੱਕ ਅਜਿਹੇ ਐਡਵਰਸ ਮਾਮਲਿਆਂ ਦਾ ਮਿਲਣਾ ਆਮ ਗੱਲ ਹੈ।”

ਐਨਾਫਲੈਕਸਿਸ ਕੀ ਹੈ?

ਕੋਵਿਡ-19 ਵੈਕਸੀਨੇਸ਼ਨ ਦੇ ਸਾਈਡ-ਇਵੈਕਫਟ (ਮਾੜੇ ਪ੍ਰਭਾਵਾਂ) ਵਿੱਚ ਇੱਕ ਐਨਾਫਲੈਕਸਿਸ ਵੀ ਸ਼ਾਮਿਲ ਹੈ।

ਐਨਾਫਲੈਕਸਿਸ, ਇੱਕ ਤਰ੍ਹਾਂ ਦੀ ਐਲਰਜੀ ਹੁੰਦੀ ਹੈ, ਜੋ ਇੱਕ ਗੰਭੀਰ ਅਤੇ ਜਾਨਲੇਵਾ ਪ੍ਰਤੀਕਿਰਿਆ ਹੋ ਸਕਦੀ ਹੈ।

ਐਨਾਫਲੈਕਸਿਸ ਦੇ ਲੱਛਣ

ਆਮ ਤੌਰ 'ਤੇ ਐਨਾਫਲੇਕਸਿਸ ਅਚਾਨਕ ਵਿਕਸਿਤ ਹੁੰਦਾ ਹੈ ਅਤੇ ਜਲਦੀ ਹੀ ਗੰਭੀਰ ਹੋ ਜਾਂਦਾ ਹੈ।

ਇਸ ਦੇ ਲੱਛਣ ਹਨ-

  • ਚੱਕਰ ਆਉਣਾ ਜਾਂ ਬੇਹੋਸ਼ੀ ਮਹਿਸੂਸ ਕਰਨਾ
  • ਸਾਹ ਲੈਣ 'ਚ ਦਿੱਕਤ, ਤੇਜ਼ ਜਾਂ ਉਖੜਦੇ ਸਾਹ
  • ਘਬਰਾਹਟ
  • ਦਿਲ ਧੜਕਣ ਦਾ ਵਧਣਾ
  • ਚਿਪਚਿਪੀ ਸਕਿਨ
  • ਭਰਮ ਅਤੇ ਚਿੰਤਾ
  • ਬੇਹੋਸ਼ ਹੋ ਕੇ ਡਿੱਗਣਾ ਜਾਂ ਹੋਸ਼-ਹਵਾਸ ਗੁਆ ਦੇਣਾ
  • ਖਾਰਿਸ਼, ਦਾਣੇ, ਸੋਜਿਸ਼ ਜਾਂ ਪੇਟ ਦਰਦ ਸਣੇ ਕਈ ਹੋਰ ਐਲਰਜੀ ਵਾਲੇ ਲੱਛਣ ਵੀ ਹੋ ਸਕਦੇ ਹਨ।

ਐਨਾਫੈਲੇਕਸਿਸ ਇੱਕ ਮੈਡੀਕਲ ਐਮਰਜੈਂਸੀ ਹੈ। ਜੇਕਰ ਇਲਾਜ ਨਾ ਹੋਵੇ ਤਾਂ ਬਹੁਤ ਗੰਭੀਰ ਹੋ ਸਕਦੀ ਹੈ।

ਇਸ ਲਈ ਬਿਹਤਰ ਹੈ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਆਪਣੀ ਸਿਹਤ ਸਬੰਧੀ ਜਾਣਕਾਰੀ ਪਹਿਲਾਂ ਹੀ ਉੱਥੇ ਮੌਜੂਦ ਡਾਕਟਰਾਂ ਜਾਂ ਨਰਸਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਉਹ ਐਮਰਜੈਂਸੀ ਹਾਲਾਤ ਲਈ ਤਿਆਰ ਰਹਿਣ।

ਐਨਾਫਲੈਕਸਿਸ ਕੀ ਹੈ?

ਡਾ. ਸ਼ੇਰਵਾਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਟੀਕਾਕਰਨ ਤੋਂ ਬਾਅਦ ਕਿਸੇ ਵਿਅਕਤੀ 'ਚ ਗੰਭੀਰ ਐਲਰਜੀ ਦੇ ਲੱਛਣ ਵੇਖਣ ਨੂੰ ਮਿਲਦੇ ਹਨ ਤਾਂ ਉਸ ਸਥਿਤੀ ਨੂੰ ਐਨਫ਼ਲੈਕਸਿਸ ਕਿਹਾ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਟੀਕਾਕਰਨ ਨਹੀਂ ਹੁੰਦਾ ਹੈ। ਕਿਸੇ ਦਵਾਈ ਤੋਂ ਐਲਰਜੀ ਹੋਣ ਨਾਲ ਵੀ ਇਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਜਿਹੀ ਸਥਿਤੀ 'ਚ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ ਕਿੱਟ 'ਚ ਇੰਜੈਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਦੀ ਲੋੜ ਨਾ ਦੇ ਬਰਾਬਰ ਹੀ ਪੈਂਦੀ ਹੈ। ਇਹ ਬਹੁਤ ਗੰਭੀਰ ਪ੍ਰਭਾਵ ਅਧੀਨ ਹੀ ਆਉਂਦੇ ਹਨ।

ਇਸ ਪ੍ਰਕਿਰਿਆ 'ਚ ਹੁੰਦਾ ਕੀ ਹੈ ?

ਅਸੀਂ ਇਸ ਨਾਲ ਜੁੜੇ ਸਾਰੇ ਮੁੱਦਿਆਂ ਬਾਰੇ ਏਮਜ਼ 'ਚ ਮਨੁੱਖੀ ਟਰਾਇਲ ਦੇ ਮੁੱਖੀ ਡਾਕਟਰ ਸੰਜੇ ਰਾਏ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜ਼ੇਸ਼ਨ ਲਈ ਪਹਿਲਾਂ ਤੋਂ ਹੀ ਪ੍ਰੋਟੋਕੋਲ ਨਿਰਧਾਰਤ ਕੀਤੇ ਜਾਂਦੇ ਹਨ। ਅਜਿਹੀ ਸਥਿਤੀ 'ਚ ਟੀਕਾਕਰਨ ਕੇਂਦਰ 'ਚ ਮੌਜੂਦ ਡਾਕਟਰ ਅਤੇ ਹੋਰ ਸਟਾਫ ਨੂੰ ਐਮਰਜੈਂਸੀ ਵਾਲੀ ਸਥਿਤੀ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਂਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਟੀਕਾ ਲਗਵਾਉਣ ਤੋਂ ਬਾਅਦ 30 ਮਿੰਟਾਂ ਤੱਕ ਟੀਕਾਕਰਨ ਕੇਂਦਰ 'ਚ ਹੀ ਇੰਤਜ਼ਾਰ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗਲਤ ਪ੍ਰਭਾਵ ਦੀ ਨਿਗਰਾਨੀ ਕੀਤੀ ਜਾ ਸਕੇ।

ਹਰ ਟੀਕਾਕਰਨ ਕੇਂਦਰ 'ਚ ਇਸ ਦੇ ਲਈ ਇੱਕ ਕਿੱਟ ਤਿਆਰ ਰੱਖਣ ਦੀ ਗੱਲ ਕਹੀ ਗਈ ਹੈ, ਜਿਸ 'ਚ ਐਨਫ਼ਲੈਕਸਿਸ ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਟੀਕੇ, ਪਾਣੀ ਚੜਾਉਣ ਵਾਲੀ ਡਰਿੱਪ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਹੋਣਾ ਲਾਜ਼ਮੀ ਦੱਸਿਆ ਗਿਆ ਹੈ।

ਇਸ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਕਿਸੇ ਨਜ਼ਦੀਕੀ ਹਸਪਤਾਲ ਨੂੰ ਰਿਪੋਰਟ ਕਰਨ, ਕੋ-ਵਿਨ ਐਪ 'ਚ ਇਸ ਸਬੰਧੀ ਵਿਸਥਾਰ ਨਾਲ ਪੂਰੀ ਜਾਣਕਾਰੀ ਭਰਨ ਆਦਿ ਬਾਰੇ ਵੀ ਦੱਸਿਆ ਗਿਆ ਹੈ।

ਅਜਿਹੀ ਕਿਸੇ ਸਥਿਤੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਟੀਕੇ ਨੂੰ ਸਹੀ ਤਰ੍ਹਾਂ ਨਾਲ ਸੁਰੱਖਿਅਤ ਰੱਖਿਆ ਜਾਵੇ, ਵਿਅਕਤੀ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਉਸ ਦੀ ਮੈਡੀਕਲ ਹਿਸਟਰੀ ਬਾਰੇ ਜਾਣਕਾਰੀ ਲਈ ਜਾਵੇ। ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਵੀ ਡਰੱਗ ਤੋਂ ਐਲਰਜੀ ਦੀ ਸੂਰਤ 'ਚ ਉਸ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਨਹੀਂ ਲਗਾਇਆ ਜਾ ਸਕਦਾ ਹੈ।

ਟੀਕਾ ਲਗਾਉਣ ਤੋਂ ਪਹਿਲਾਂ ਹੀ ਉਸ ਵਿਅਕਤੀ ਨੂੰ ਵੈਕਸੀਨ ਲੱਗਣ ਤੋਂ ਬਾਅਦ ਹੋਣ ਵਾਲੀਆਂ ਸੰਭਾਵੀ ਦਿੱਕਤਾਂ ਬਾਰੇ ਜਾਣੂ ਕਰਵਾਇਆ ਜਾਵੇ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਮੁਤਾਬਕ ਹਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਅਜਿਹੀ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ

ਬਹੁਤ ਗੰਭੀਰ ਪ੍ਰਭਾਵ

ਇੰਨ੍ਹਾਂ ਹੀ ਨਹੀਂ ਜੇਕਰ ਬਹੁਤ ਗੰਭੀਰ ਪ੍ਰਭਾਵ ਦੇ ਕਾਰਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਸਬੰਧੀ ਏਈਐਫਆਈ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਜਾਂਚ ਕੀਤੀ ਜਾਵੇਗੀ, ਜਿਸ ਦੇ ਲਈ ਡਾਕਟਰਾਂ ਦਾ ਇੱਕ ਪੈਨਲ ਹੁੰਦਾ ਹੈ।

ਜੇਕਰ ਬਹੁਤ ਗੰਭੀਰ ਮਾਮਲੇ 'ਚ ਟੀਕਾਕਰਨ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਨਹੀਂ ਕਰਵਾਇਆ ਗਿਆ ਸੀ ਤਾਂ ਇਸ ਮਾਮਲੇ 'ਚ ਪਰਿਵਾਰ ਦੀ ਸਹਿਮਤੀ ਨਾਲ ਪੋਸਟਮਾਰਟਮ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਜੇਕਰ ਪਰਿਵਾਰ ਇਸ ਲਈ ਰਜ਼ਾਮੰਦ ਨਾ ਹੋਵੇ ਤਾਂ ਵੀ ਇੱਕ ਵੱਖਰਾ ਫਾਰਮ ਭਰਨ ਅਤੇ ਜਾਂਚ ਕਰਨ ਦੀ ਜ਼ਰੂਰਤ ਬਣੀ ਰਹਿੰਦੀ ਹੈ।

ਜੇਕਰ ਟੀਕਾ ਲੱਗਣ ਤੋਂ ਬਾਅਦ ਬਹੁਤ ਗੰਭੀਰ ਐਡਵਰਸ ਪ੍ਰਭਾਵਾਂ ਦੇ ਕਾਰਨ ਹਸਪਤਾਲ 'ਚ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਦਿਸ਼ਾ-ਨਿਦੇਸ਼ਾਂ ਅਨੁਸਾਰ ਸਾਰੀ ਪ੍ਰਕਿਰਿਆ ਦੀ ਵਿਸਥਾਰ 'ਚ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤੋਂ ਇਹ ਪੱਤਾ ਲੱਗਦਾ ਹੈ ਕਿ ਇਹ ਐਡਵਰਸ ਪ੍ਰਭਾਵ ਵੈਕਸੀਨ 'ਚ ਵਰਤੀ ਗਈ ਕਿਸੇ ਦਵਾਈ ਦੇ ਕਾਰਨ ਹੈ ਜਾਂ ਫਿਰ ਟੀਕੇ ਦੀ ਗੁਣਵੱਤਾ 'ਚ ਕਮੀ ਦੇ ਕਾਰਨ, ਜਾਂ ਟੀਕਾ ਲਗਾਉਣ ਮੌਕੇ ਹੋਈ ਕਿਸੇ ਗੜਬੜੀ ਜਾਂ ਫਿਰ ਕਿਸੇ ਹੋਰ ਗਲਤੀ ਦੇ ਕਾਰਨ ਅਜਿਹਾ ਹੋਇਆ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ 'ਚ ਆਈ ਗੜਬੜੀ ਦੇ ਕਾਰਨਾਂ ਨੂੰ ਜਲਦੀ ਤੋਂ ਜਲਦੀ ਸੂਚਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਐਡਵਰਸ ਇਫੈਕਟ ਕੀ ਹੁੰਦੇ ਹਨ ਅਤ ਇਹ ਕਿਵੇਂ ਨਿਰਧਾਰਤ ਹੁੰਦਾ ਹੈ?

ਏਮਜ਼ 'ਚ ਮਨੁੱਖੀ ਟਰਾਇਲ ਦੇ ਮੁੱਖੀ ਡਾਸੰਜੇ ਰਾਏ ਅਨੁਸਾਰ, "ਫਿਲਹਾਲ ਹੁਣ ਤੱਕ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜੇਸ਼ਨ ਲਈ ਜੋ ਪ੍ਰੋਟੋਕੋਲ ਨਿਰਧਾਰਤ ਕੀਤੇ ਗਏ ਹਨ, ਉਹ ਸਾਰੇ ਹੁਣ ਤੱਕ ਦੇ ਮਨੁੱਖੀ ਟਰਾਇਲ ਦੇ ਅਧਾਰ 'ਤੇ ਹੀ ਹਨ। ਅਜਿਹੇ ਪ੍ਰੋਟੋਕੋਲ ਆਮ ਤੌਰ 'ਤੇ ਲੰਮੇ ਸਮੇਂ ਦੇ ਟਰਾਇਲ ਡੇਟਾ ਦੇ ਅਧਾਰ 'ਤੇ ਤਿਆਰ ਕੀਤੇ ਜਾਂਦੇ ਹਨ।”

ਉਨ੍ਹਾਂ ਕਿਹਾ, “ਪਰ ਭਾਰਤ 'ਚ ਕੋਰੋਨਾ ਦੇ ਜੋ ਟੀਕੇ ਲਗਾਏ ਜਾ ਰਹੇ ਹਨ, ਉਨ੍ਹਾਂ ਬਾਰੇ ਲੰਮੇ ਸਮੇਂ ਦੇ ਅਧਿਐਨ ਦੇ ਡੇਟਾ ਦੀ ਘਾਟ ਹੈ। ਇਸ ਲਈ ਹੁਣ ਤੱਕ ਜਿੰਨ੍ਹੀ ਵੀ ਜਾਣਕਾਰੀ ਉਪਲਬਧ ਹੋਈ ਹੈ, ਉਸ ਦੇ ਅਧਾਰ 'ਤੇ ਹੀ ਇਹ ਪ੍ਰੋਟੋਕੋਲ ਤਿਆਰ ਕੀਤੇ ਗਏ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੀ ਹਰ ਟੀਕਾਕਰਨ ਮੁਹਿੰਮ 'ਚ ਇਕ ਤਰ੍ਹਾਂ ਦਾ ਹੀ ਵਿਰੋਧੀ ਪ੍ਰਭਾਵ ਹੁੰਦਾ ਹੈ?

ਅਜਿਹਾ ਕੁਝ ਨਹੀਂ ਹੈ ਕਿ ਹਰ ਵੈਕਸੀਨ ਤੋਂ ਬਾਅਦ ਇਕ ਹੀ ਕਿਸਮ ਦੇ ਵਿਰੋਧੀ ਪ੍ਰਭਾਵ ਵੇਖਣ ਨੂੰ ਮਿਲਣ। ਕਈ ਵਾਰ ਲੱਛਣ ਵੱਖ-ਵੱਖ ਵੀ ਹੁੰਦੇ ਹਨ।

ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਵੈਕਸੀਨ ਬਣਾਉਣ ਦਾ ਤਰੀਕਾ ਕੀ ਹੈ ਅਤੇ ਜਿਸ ਵਿਅਕਤੀ ਨੂੰ ਲਗਾਇਆ ਜਾ ਰਿਹਾ ਹੈ, ਉਸ ਦੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਕਿਸ ਤਰ੍ਹਾਂ ਦੀ ਹੈ।

ਮਿਸਾਲ ਦੇ ਤੌਰ 'ਤੇ ਬੀਸੀਜੀ ਦਾ ਟੀਕਾ ਲੱਗਣ ਤੋਂ ਬਾਅਦ ਉਸ ਥਾਂ 'ਤੇ ਛਾਲਾ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਡੀਪੀਟੀ ਦਾ ਟੀਕਾ ਲੱਗਣ ਤੋਂ ਬਾਅਦ ਕੁਝ ਬੱਚਿਆਂ ਨੂੰ ਹਲਕਾ ਬੁਖਾਰ ਚੱੜ੍ਹ ਜਾਂਦਾ ਹੈ।

ਓਰਲ ਪੋਲਿਓ ਬੂੰਦ ਦੇਣ ਤੋਂ ਬਾਅਦ ਕੋਈ ਵਿਰੋਧੀ ਪ੍ਰਭਾਵ ਨਹੀਂ ਵਿਖਾਈ ਦਿੰਦਾ ਹੈ। ਇਸ ਲਈ ਕੋਵਿਡ-19 ਦੇ ਟੀਕੇ- ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਐਡਵਰਸ ਪ੍ਰਭਾਵ ਵੀ ਇਕੋ ਜਿਹੇ ਨਹੀਂ ਵੀ ਹੋ ਸਕਦੇ ਹਨ।

ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਵਿਰੋਧੀ ਪ੍ਰਭਾਵ ਕਿਹੜੇ ਹਨ?

ਡਾ.ਸੰਜੇ ਰਾਏ ਨੇ ਕੋਵੈਕਸੀਨ ਦੀ ਟਰਾਇਲ ਪ੍ਰਕਿਰਿਆ ਨੂੰ ਬਹੁਤ ਨੇੜਿਓਂ ਵੇਖਿਆ ਹੈ। ਉਨ੍ਹਾਂ ਅਨੁਸਾਰ ਕੋਵੈਕਸੀਨ ਦੇ ਤਿੰਨ੍ਹਾਂ ਗੇੜ੍ਹਾਂ 'ਚ ਕਿਸੇ ਵੀ ਤਰ੍ਹਾਂ ਦੇ ਗੰਭੀਰ ਐਡਵਰਸ ਪ੍ਰਭਾਵ ਵੇਖਣ ਨੂੰ ਨਹੀਂ ਮਿਲੇ ਹਨ।

ਕੋਵੈਕਸੀਨ ਟਰਾਇਲ ਦੌਰਾਨ ਜੋ ਮਾਮੂਲੀ ਲੱਛਣ ਵੇਖਣ ਨੂੰ ਮਿਲੇ ਹਨ, ਉਹ ਹਨ- ਦਰਦ, ਟੀਕੇ ਵਾਲੀ ਥਾਂ 'ਤੇ ਸੋਜ, ਹਲਕਾ ਬੁਖਾਰ, ਸਰੀਰ 'ਚ ਦਰਦ ਅਤੇ ਧੱਫੜ ਵਰਗੀਆਂ ਮਾਮੂਲੀ ਮੁਸ਼ਕਲਾਂ।

ਟਰਾਇਲ ਦੌਰਾਨ ਅਜਿਹੇ ਲੋਕਾਂ ਦੀ ਗਿਣਤੀ 10% ਸੀ। 90% ਲੋਕਾਂ 'ਚ ਕੋਈ ਦਿੱਕਤ ਵੇਖਣ ਨੂੰ ਨਹੀਂ ਮਿਲੀ। ਜਦਕਿ ਕੋਵੀਸ਼ੀਲਡ 'ਚ ਹਲਕਾ ਬੁਖਾਰ ਅਤੇ ਕੁਝ ਐਲਰਜੀ ਰਿਐਕਸ਼ਨ ਵੇਖਣ ਨੂੰ ਮਿਲੇ ਸਨ।

ਭਾਰਤ ਸਰਕਾਰ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਂਦੀ ਹੈ, ਜਿਸ 'ਚ ਦੇਸ਼ ਭਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਟੀਕਾ ਲਗਾਇਆ ਜਾਂਦਾ ਹੈ।

ਪੋਲਿਓ ਟੀਕਾਕਰਨ ਮੁਹਿੰਮ ਦੌਰਾਨ ਤਾਂ ਭਾਰਤ 'ਚ ਤਿੰਨ ਦਿਨਾਂ 'ਚ 1 ਕਰੋੜ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ। ਜੇਕਰ ਇੰਨ੍ਹੀਂ ਵੱਡੀ ਟੀਕਾਕਰਨ ਮੁਹਿੰਮ ਲੰਮੇ ਸਮੇਂ ਤੋਂ ਭਾਰਤ 'ਚ ਚੱਲ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਭਾਰਤ 'ਚ ਐਡਵਰਸ ਇਫ਼ੈਕਟ ਫੋਲੋਇੰਗ ਇਮੀਊਨਾਈਜ਼ੇਸ਼ਨ ਦੇ ਪ੍ਰੋਟੋਕੋਲ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਹੋ ਰਹੀ ਹੈ।

ਇੱਕ ਵੀ ਵਿਰੋਧੀ ਪ੍ਰਭਾਵ ਦਾ ਅਸਰ ਟੀਕਾਕਰਨ ਮੁਹਿੰਮ 'ਤੇ ਜ਼ਰੂਰ ਪੈਂਦਾ ਹੈ।

ਐਡਵਰਸ ਪ੍ਰਭਾਵ ਦੇ ਡਰ ਕਾਰਨ ਕੀ ਲੋਕ ਵੈਕਸੀਨ ਲੈਣ ਤੋਂ ਝਿਜਕਦੇ ਹਨ?

ਵੈਸੇ ਤਾਂ ਵੈਕਸੀਨ ਲੈਣ ਤੋਂ ਝਿਜਕ ਦਾ ਸਿੱਧਾ ਕਾਰਨ ਐਡਵਰਸ ਪ੍ਰਭਾਵ ਨਹੀਂ ਹੁੰਦੇ ਹਨ। ਵੈਕਸੀਨ ਬਾਰੇ ਲੋਕਾਂ 'ਚ ਝਿਜਕ ਦੇ ਕਈ ਕਾਰਨ ਹਨ। ਸਭ ਤੋਂ ਅਹਿਮ ਕਾਰਨ ਲੋਕਾਂ 'ਚ ਵੈਕਸੀਨ ਸਬੰਧੀ ਸਹੀ ਜਾਣਕਾਰੀ ਦੀ ਘਾਟ ਹੈ।

ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵ ਨਾਲ ਜੁੜੇ ਸਵਾਲਾਂ ਦੇ ਕਾਰਨ ਵੀ ਲੋਕ ਟੀਕਾ ਲਗਵਾਉਣ ਤੋਂ ਡਰਦੇ ਹਨ। ਅਕਸਰ ਹੀ ਵੈਕਸੀਨ ਲਗਵਾਉਣ ਦੀ ਸ਼ੂਰੂਆਤ ਮੌਕੇ ਲੋਕਾਂ 'ਚ ਇਸ ਤਰ੍ਹਾਂ ਦੀ ਝਿਜਕ ਪਾਈ ਜਾਂਦੀ ਹੈ।

ਪਰ ਜਿਉਂ-ਜਿਉਂ ਸਮਾਂ ਬੀਤਤਦਾ ਜਾਂਦਾ ਹੈ, ਲੋਕਾਂ ਦੇ ਮਨਾਂ ਅੰਦਰ ਦਾ ਡਰ ਘੱਟਦਾ ਜਾਂਦਾ ਹੈ। ਪਰ ਜੇਕਰ ਐਡਵਰਸ ਪ੍ਰਭਾਵ 'ਚ ਕੋਈ ਗੰਭੀਰ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕ ਟੀਕਾ ਲਗਵਾਉਣ ਤੋਂ ਪਰਹੇਜ਼ ਕਰ ਸਕਦੇ ਹਨ। ਪਰ ਇਹ ਮਾਮੂਲੀ ਮੁਸ਼ਕਲਾਂ ਆਮ ਵਿਧੀ ਦਾ ਹੀ ਹਿੱਸਾ ਹਨ।

ਲੋਕਲ ਸਰਕਲਜ਼ ਨਾਂਅ ਦੀ ਇਕ ਸੰਸਥਾ ਪਿਛਲੇ ਕੁਝ ਸਮੇਂ ਤੋਂ ਭਾਰਤ 'ਚ ਲੋਕਾਂ 'ਚ ਵੈਕਸੀਨ ਨੂੰ ਲੈ ਕੇ ਝਿਜਕ ਬਾਰੇ ਆਨਲਾਈਨ ਸਰਵੇਖਣ ਕਰ ਰਹੀ ਹੈ। 3 ਜਨਵਰੀ ਦੇ ਅੰਕੜਿਆਂ ਅਨੁਸਾਰ ਭਾਰਤ 'ਚ 69% ਲੋਕ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ।

ਇਹ ਸਰਵੇਖਣ ਭਾਰਤ ਦੇ 224 ਜ਼ਿਿਲ੍ਹਆਂ ਦੇ 18000 ਲੋਕਾਂ ਵੱਲੋਂ ਆਨਲਾਈਨ ਦਿੱਤੀ ਗਈ ਪ੍ਰਤੀਕਿਰਿਆ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ।

ਇਸ ਸੰਸਥਾ ਦੇ ਸਰਵੇਖਣ ਅਨੁਸਾਰ ਹਰ ਲੰਘਦੇ ਮਹੀਨੇ ਦੇ ਨਾਲ ਭਾਰਤ 'ਚ ਲੋਕਾਂ 'ਚ ਟੀਕੇ ਪ੍ਰਤੀ ਝਿਜਕ ਵੱਧਦੀ ਹੀ ਜਾ ਰਹੀ ਹੈ। ਪਰ ਕੀ ਟੀਕਾਕਰਨ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ 'ਚ ਝਿਜਕ ਵਧੀ ਹੈ, ਇਸ ਸਬੰਧ 'ਚ ਕੋਈ ਵੀ ਅਧਿਐਨ ਸਾਹਮਣੇ ਨਹੀਂ ਆਇਆ ਹੈ।

ਐਮਆਰਐਨਏ ਤਕਨੀਕ ਦੀ ਵਰਤੋਂ ਕਰਨ ਵਾਲੀ ਵੈਕਸੀਨ 'ਤੇ ਸਵਾਲ?

ਦੁਨੀਆ ਭਰ 'ਚ ਕੋਵਿਡ-19 ਦੇ 9 ਟੀਕਿਆਂ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਇੰਨ੍ਹਾਂ 'ਚੋਂ ਦੋ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਐਮਆਰਐਨਏ ਵੈਕਸੀਨ ਹੈ। ਇਸ ਤਕਨੀਕ ਨਾਲ ਤਿਆਰ ਟੀਕੇ ਦਾ ਪਹਿਲੀ ਵਾਰ ਮਨੁੱਖ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।

ਡਾ. ਸੰਜੇ ਅਨੁਸਾਰ ਇਸ ਦੇ ਟੀਕਾਕਰਨ ਤੋਂ ਬਾਅਧ ਕੁਝ ਗੰਭੀਰ ਐਡਵਰਸ ਪ੍ਰਭਾਵ ਰਿਪੋਰਟ ਕੀਤੇ ਗਏ ਹਨ।

ਬਾਕੀ ਦੇ ਚਾਰ ਟੀਕੇ ਵਾਇਰਸ ਨੂੰ ਇਨ-ਐਕਟਿਵ ਕਰਕੇ ਬਣਾਏ ਗਏ ਹਨ, ਜਿਸ 'ਚ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਚੀਨ ਵੱਲੋਂ ਤਿਆਰ ਵੈਕਸੀਨ ਸ਼ਾਮਲ ਹੈ।

ਬਾਕੀ ਦੋ ਟੀਕੇ ਆਕਸਫੋਰਡ ਐਸਟਰਾਜ਼ੇਨੇਕਾ, ਕੋਵੀਸ਼ੀਲ਼ਡ ਅਤੇ ਸਪੂਤਨਿਕ ਹਨ, ਉਨ੍ਹਾਂ ਨੂੰ ਵੈਕਟਰ ਵੈਕਸੀਨ ਕਿਹਾ ਜਾ ਰਿਹਾ ਹੈ।

ਐਮਆਰਐਨਏ ਤੋਂ ਇਲਾਵਾ ਹੋਰ ਕਿਸੇ ਵੀ ਟੀਕੇ ਦੀ ਵਰਤੋਂ 'ਚ ਕੋਈ ਗੰਭੀਰ ਵਿਰੋਧੀ ਪ੍ਰਭਾਵ ਵੇਖਣ ਨੂੰ ਨਹੀਂ ਮਿਲੇ ਹਨ।

(ਇਹ ਖ਼ਬਰ Marathi, Tamil ਤੇ Telugu ਭਾਸ਼ਾ 'ਚ ਵੀ ਇੱਕ ਕਲਿੱਕ ਰਾਹੀਂ ਪੜ੍ਹ ਸਕਦੇ ਹੋ )

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)