ਭਾਰਤ 'ਚ ਰੂਸ ਦੀ ਵੈਕਸੀਨ 'ਸਪੁਤਨਿਕ V' ਦਾ ਉਤਪਾਦਨ ਸ਼ੁਰੂ - ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਤੇ ਹੋਰ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ।

ਆਰਡੀਆਈਐਫ਼ ਅਤੇ ਪੈਨੇਸੀਯਾ ਬਾਇਓਟੈਕ ਨੇ ਸੁਪਤਨਿਕ-ਵੀ ਕੋਰੋਨਾ ਵੈਕਸੀਨ ਦਾ ਭਾਰਤ ਵਿੱਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਅਤੇ ਭਾਰਤ ਦੀ ਫਾਰਮਾ ਕੰਪਨੀ ਪੈਨੇਸੀਯਾ ਨੇ ਅੱਜ ਕੋਰੋਨਾਵਾਇਰਸ ਮਹਾਂਮਾਰੀ ਦੇ ਖ਼ਿਲਾਫ਼ ਰੂਸ ਦੀ ਸੁਪਤਨਿਕ V ਦੇ ਉਤਪਾਦਨ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-

ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਵਿੱਚ ਪੈਨੇਸੀਯਾ ਬਾਇਓਟੈਕ 'ਚ ਇਸ ਦੇ ਪਹਿਲੇ ਬੈਚ ਦਾ ਉਤਪਾਦਨ ਕੀਤਾ ਗਿਆ। ਇਸ ਤੋਂ ਪਹਿਲਾਂ ਗੁਣਵੱਤਾ ਨਿਯੰਤਰਣ ਲਈ ਗਮਲੇਯਾ ਕੇਂਦਰ ਭੇਜ ਦਿੱਤਾ ਜਾਵੇਗਾ।

ਇਸ ਵਾਰ ਦੀਆਂ ਗਰਮੀਆਂ ਵਿੱਚ ਵੈਕਸੀਨ ਦਾ ਪੂਰਾ ਉਤਪਾਦਨ ਸ਼ੁਰੂ ਹੋਣ ਵਾਲਾ ਹੈ।

ਸਪੁਤਨਿਕ ਵੀ ਨੂੰ 12 ਅਪ੍ਰੈਲ ਨੂੰ ਭਾਰਤ ਵਿੱਚ ਰਜਿਸਟਰ ਕੀਤਾ ਗਿਆ ਸੀ ਅਤੇ ਰੂਸ ਦੀ ਇਸ ਵੈਕਸੀਨ ਦੇ ਨਾਲ ਭਾਰਤ ਵਿੱਚ 14 ਮਈ ਤੋਂ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ।

ਕਿਸਾਨਾਂ ਦੇ ਹਿਸਾਰ ਪ੍ਰਸ਼ਾਸਨ ਵਿਚਾਲੇ ਬਣੀ ਗੱਲ

ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਹਿਸਾਰ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਗੱਲ ਬਣ ਗਈ ਹੈ। ਦੋ ਘੰਟਿਆਂ ਤੋਂ ਵੱਧ ਚੱਲੀ ਬੈਠਕ ਵਿੱਚ ਦੋਵਾਂ ਪਾਸਿਓ ਹਾਂ-ਪੱਖੀ ਗੱਲਬਾਤ ਰਹੀ ਹੈ।

ਇਸ ਬੈਠਕ ਵਿੱਚ ਪੁਲਿਸ ਨੇ ਕਿਸਾਨਾਂ ਉੱਤੇ ਦਰਜ ਸਾਰੇ ਮੁਕੱਦਮੇ ਵਾਪਸ ਲੈਣ ਲਈ ਹਾਮੀ ਭਰ ਦਿੱਤੀ ਹੈ।

26 ਮੈਂਬਰੀ ਕਿਸਾਨਾਂ ਦੀ ਟੀਮ ਅਤੇ ਹਿਸਾਰ ਰੇਂਜ ਦੇ ਆਈਜੀ, ਡੀਸੀ ਅਤੇ ਐਸਪੀ ਸਣੇ ਕਈ ਕਿਸਾਨ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਸਨ।

ਹਿਸਾਰ ਦੇ ਮਿੰਨੀ ਸਕੱਤਰੇਤ ਵਿਖੇ ਹੋਈ ਇਸ ਬੈਠਕ ਵਿੱਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਸਣੇ ਕਈ ਕਿਸਾਨ ਆਗੂ ਸ਼ਾਮਲ ਸਨ।

ਹਿਸਾਰ ਪੁਲਿਸ ਵਲੋਂ ਕਿਸਾਨਾਂ ਉੱਤੇ ਦਰਜ ਹੋਏ ਪਰਚੇ ਰੱਦ ਕਰਨ ਦੇ ਸਮਝੌਤੇ ਤੋਂ ਬਾਅਦ ਕਿਸਾਨਾਂ ਨੇ ਹਿਸਾਰ ਜ਼ਿਲ੍ਹਾ ਕੂਲੈਕਟਰ ਦੇ ਦਫ਼ਤਰ ਦਾ ਘਿਰਾਓ ਖ਼ਤਮ ਕਰ ਦਿੱਤਾ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪ੍ਰਸਾਸ਼ਨ ਹਿਸਾਰ ਵਿਚ ਨੂੰ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਇੱਕ ਮਹੀਨੇ ਵਿਚ ਤੈਅ ਕਾਨੂੰਨੀ ਪ੍ਰਕਿਰਿਆ ਅਪਣਾਏਗਾ।

ਇਸੇ ਤਰ੍ਹਾਂ ਜੋ 16 ਮਈ ਨੂੰ ਪਰਚੇ ਦਰਜ ਹੋਏ ਹਨ, ਉਹ ਇੱਕ ਹਫ਼ਤੇ ਵਿਚ ਰੱਦ ਕੀਤੇ ਜਾਣਗੇ। ਜੇਕਰ ਸਰਕਾਰ ਮੁੜ ਵਾਅਦੇ ਤੋਂ ਮੁੱਕਰੀ ਤਾਂ ਅਗਲਾ ਐਕਸ਼ਨ ਹੋਰ ਵੱਡਾ ਹੋਵੇਗਾ।

ਹਿਸਾਰ ਦੇ ਐੱਸਡੀਐੱਮ ਜਗਦੀਪ ਸਿੰਘ ਨੇ ਕਿਸਾਨਾਂ ਦੇ ਪਰਚੇ ਰੱਦ ਕੀਤੇ ਜਾਣ ਦੇ ਸਮਝੌਤੇ ਦੀ ਪੁਸ਼ਟੀ ਕੀਤੀ ਹੈ।

ਰਾਕੇਸ਼ ਟਿਕੈਤ: 'ਸਰਕਾਰ ਦੇ ਮਨ 'ਚ ਚੋਰ, ਇਸ ਲਈ ਵਾਰ-ਵਾਰ ਕਿਸਾਨਾਂ ਨਾਲ ਧੋਖਾ ਕਰ ਰਹੀ'

ਕੋਵਿਡ ਨਿਯਮਾਂ ਤੇ ਸਰਕਾਰੀ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਕਿਸਾਨਾਂ ਨੇ ਹਿਸਾਰ 'ਚ ਕੁਲੈਕਟਰ ਦਾ ਦਫ਼ਤਰ ਘੇਰਿਆ ਹੋਇਆ ਹੈ। ਇਸ ਮੌਕੇ ਹਰਿਆਣਾ ਦੇ ਵੱਡੀ ਗਿਣਤੀ ਕਿਸਾਨ ਪਹੁੰਚੇ ਹੋਏ ਹਨ।

ਕਿਸਾਨਾਂ ਦਾ ਧਰਨਾ ਚੁਕਵਾਉਣ ਲਈ ਪ੍ਰਸਾਸ਼ਨ ਨੇ ਗੱਲਬਾਤ ਦਾ ਸੱਦਾ ਵੀ ਭੇਜ ਦਿੱਤਾ ਹੈ ਅਤੇ ਕਿਸਾਨਾਂ ਦੇ ਇੱਕ ਵਫਦ ਨਾਲ ਗੱਲਬਾਤ ਵੀ ਚੱਲ ਰਹੀ ਹੈ।

ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਸ ਵਾਪਸ ਨਹੀਂ ਹੁੰਦੇ ਉਹ ਧਰਨਾ ਨਹੀਂ ਚੁੱਕਣਗੇ।

ਕਿਸਾਨ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ ਅਤੇ ਜੋਗਿੰਦਰ ਸਿੰਘ ਉਗਰਾਹਾਂ ਖੁਦ ਇਸ ਧਰਨੇ ਦੀ ਅਗਵਾਈ ਕਰ ਰਹੇ ਹਨ।

ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸਾਂਤਮਈ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਡਰਨ ਯੁੱਗ ਵਿੱਚ ਲੰਬੇ ਤੇ ਵੱਡੇ ਅੰਦੋਲਨਾਂ ਨੂੰ ਜਿੱਤਣ ਦਾ ਮੂਲ ਮੰਤਰ ਸਾਂਤਮਈ ਰਹਿ ਕੇ ਲੜਨਾ ਹੈ।

ਇਸ ਮੌਕੇ ਗੁਰਨਾਮ ਸਿੰਘ ਚਢੂਨੀ ਨੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨਾਲ ਸਮਝੌਤਾ ਕੀਤਾ ਸੀ ਕਿ ਕੋਈ ਕੇਸ ਦਰਜ ਨਹੀਂ ਹੋਵੇਗਾ, ਹੁਣ 350 ਕਿਸਾਨਾਂ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਹੈ।

ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਵਿੱਚ ਭੜਕਾਹਟ ਪੈਦਾ ਕਰਨਾ ਚਾਹੁੰਦੀ ਹੈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਦੇ ਮਨ ਵਿਚ ਚੋਰ ਹੈ ਅਤੇ ਇਹ ਵਾਰ-ਵਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਪਰ ਕਿਸਾਨ ਸਾਂਤਮਈ ਤਰੀਕੇ ਨਾਲ ਡਟੇ ਹੋਏ ਹਨ ਅਤੇ ਜਿੱਤ ਤੱਕ ਡਟੇ ਰਹਿਣਗੇ।

ਭਾਰਤ ਦੀ ਮੋਹਰੀ ਵਾਇਰਲੋਜਿਸਟ ਡਾ. ਗਗਨਦੀਪ ਕੰਗ ਨੇ ਸਰਕਾਰ ਵੱਲੋਂ ਵੈਕਸੀਨ ਖਰੀਦਣ ਦੇ ਮੁੱਦੇ 'ਤੇ ਸਵਾਲ ਚੁੱਕਿਆ

ਭਾਰਤ ਦੇ ਮੋਹਰੀ ਵਾਇਰਲੋਜਿਸਟ ਡਾਕਟਰ ਗਗਨਦੀਪ ਕੰਗ ਨੇ ਕਿਹਾ ਹੈ ਕਿ ਵੈਕਸੀਨ ਖਰੀਦਣ ਦੇ ਮਾਮਲੇ ਵਿੱਚ ਭਾਰਤ ਨੇ ਦੇਰ ਦਿੱਤੀ ਹੈ।

ਉਨ੍ਹਾਂ ਮੁਤਾਬਕ, ਭਾਰਤ ਨੇ ਬਾਕੀ ਦੇਸ਼ਾਂ ਵਾਂਗ ਵੱਡੇ ਪੈਮਾਨੇ 'ਤੇ ਵੈਕਸੀਨ ਖਰੀਦਣ ਦੀ ਪ੍ਰਕਿਰਿਆ ਵਿੱਚ ਦੇਰ ਕਰ ਦਿੱਤੀ ਹੈ ਅਤੇ ਹੁਣ ਸੰਭਵ ਹੈ ਕਿ ਕੌਮਾਂਤਰੀ ਬਾਜਾਰ ਵਿੱਚ ਉਨ੍ਹਾਂ ਕੋਲ ਬਹੁਤ ਘੱਟ ਬਦਲ ਹੋਣਗੇ।

ਡਾਕਟਰ ਕੰਗ ਦਾ ਬਿਆਨ ਅਜਿਹੇ ਵੇਲੇ ਆਇਆ ਹੈ ਜਦੋਂ ਭਾਰਤ ਦੇ ਕਈ ਸੂਬੇ ਵੈਕਸੀਨ ਦੀ ਘਾਟ ਨਾਲ ਜੂਝ ਰਹੇ ਹਨ।

ਕੋਰੋਨਾ ਲਾਗ ਦੀ ਤਿਆਰੀ ਲਹਿਰ ਟਾਲਣ ਲਈ ਦਿੱਲੀ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬੇ ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਜਾਰੀ ਕਰਨ ਦੀ ਤਿਆਰੀ ਵਿੱਚ ਹਨ।

ਮੈਡੀਕਲ ਆਕਸੀਜਨ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਡਾਕਟਰ ਕੰਗ ਨੇ ਐੱਨਡੀਟੀਵੀ ਨੂੰ ਕਿਹਾ, "ਕੀ ਅਸੀਂ ਇਸ ਮਾਮਲੇ ਵਿੱਚ ਦੇਰ ਨਹੀਂ ਕਰ ਦਿੱਤੀ?"

ਉਨ੍ਹਾਂ ਨੇ ਕਿਹਾ, "ਪੂਰੀ ਦੁਨੀਆਂ ਇੱਕ ਸਾਲ ਤੋਂ ਵੈਕਸੀਨ ਖਰੀਦ ਰਹੀ ਸੀ। ਹੁਣ ਜਦੋਂ ਅਸੀਂ ਵੈਕਸੀਨ ਖਰੀਦਣ ਜਾਵਾਂਗੇ ਤਾਂ ਮਾਰਕਿਟ ਵਿੱਚ ਵੈਕਸੀਨ ਦੀ ਕਿੰਨੀ ਸਪਲਾਈ ਮੌਜੂਦ ਹੋਵਗੀ?"

ਮੌਡਰਨਾ ਤੇ ਫਾਈਜ਼ਰ ਨੇ ਸਿੱਧੀ ਵੈਕਸੀਨ ਦੇਣ ਤੋਂ ਕੀਤਾ ਇਨਕਾਰ: ਕੇਜਰੀਵਾਲ

ਖ਼ਬਰ ਏਜੰਸੀ ਏਐੱਨਈ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਹੈ ਕਿ ਮੌਡਰਨਾ ਅਤੇ ਫਾਈਜ਼ਰ ਦੋਵਾਂ ਕੋਰੋਨਾ ਵੈਕਸੀਨ ਕੰਪਨੀਆਂ ਨੇ ਸਿੱਧੇ ਤੌਰ 'ਤੇ ਉਨ੍ਹਾਂ ਵੈਕਸੀਨ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ, "ਉਨ੍ਹਾਂ ਨੇ ਕਿਹਾ ਹੈ ਕਿ ਉਹ ਸਿਰਫ਼ ਭਾਰਤ ਸਰਕਾਰ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਅਸੀਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਵੈਕਸੀਨ ਮੰਗਵਾਈ ਜਾਵੇ ਅਤੇ ਸੂਬਿਆਂ ਨੂੰ ਦਿੱਤੀ ਜਾਵੇ।"

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅਮਰੀਕੀ ਕੰਪਨੀ ਮੌਡਰਨਾ ਨਾਲ ਸਿੱਧੀ ਖਰੀਦ ਲਈ ਗੱਲ ਕੀਤੀ ਪਰ ਉਸ ਨੂੰ ਵੀ ਮੌਡਰਨਾ ਨੇ ਇਨਕਾਰ ਕਰ ਦਿੱਤਾ।

ਭਾਰਤ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਤਿੰਨ ਲੱਖ ਤੋਂ ਪਾਰ

ਭਾਰਤ ਵਿੱਚ ਕੋਵਿਡ ਦੇ ਕਾਰਨ ਹੋਣ ਵਾਲੀਆਂ ਔਰਤਾਂ ਦਾ ਅਧਿਕਾਰਤ ਅੰਕੜਾ ਤਿੰਨ ਲੱਖ ਤੋਂ ਪਾਰ ਹੋ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ ਦੇਸ਼ਾਂ ਵਿੱਚ ਕੋਵਿਡ-19 ਕਾਰਨ 4,454 ਮੌਤਾਂ ਦਰਜ ਹੋਈਆਂ ਹਨ ਅਤੇ 2,22,315 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ ਭਾਰਤ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵਧ ਕੇ 3,03,720 ਹੋ ਗਿਆ ਹੈ।

ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 2 ਕਰੋੜ 67 ਲੱਖ 50 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ।

ਦੇਸ਼ ਵਿੱਚ ਕੋਰੋਨਾ ਦੇ ਅਜੇ ਕੁੱਲ 27,20,716 ਸਰਗਰਮ ਮਾਮਲੇ ਹਨ, ਯਾਨਿ ਅਜੇ 27 ਲੱਖ ਤੋਂ ਵੱਧ ਲੋਕ ਪੌਜ਼ੀਟਿਵ ਹਨ।

ਸਿਹਤ ਮੰਤਰਾਲੇ ਮੁਤਾਬਕ ਕੋਵਿਡ-19 ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 3,03,720 ਦੀ ਜਾਨ ਗਈ ਹੈ ਅਤੇ 2,37,28,011 ਇਲਾਜ ਤੋਂ ਬਾਅਦ ਠੀਕ ਹੋਏ ਹਨ।

ਦੇਸ਼ ਵਿੱਚ ਹੁਣ ਤੱਕ ਕੁੱਲ 19,60,51,962 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)