ਪੰਜਾਬ ਕਾਂਗਰਸ ਵਿਵਾਦ : ਕੈਪਟਨ ਬਾਰੇ ਕੀ ਹੋਇਆ ਫ਼ੈਸਲਾ ਤੇ ਕੀ ਕਰਨ ਲਈ ਕਿਹਾ ਗਿਆ

ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਆਖ਼ਰੀ ਗੇੜ ਵਿਚ ਦਾਖਲ ਹੁੰਦਾ ਦਿਖ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਂਡ ਦੇ ਤਿੰਨ ਮੈਂਬਰੀ ਪੈਨਲ ਅੱਗੇ ਪੇਸ਼ ਹੋਣ ਤੋਂ ਬਾਅਦ ਰਾਹੁਲ ਤੇ ਸੋਨੀਆਂ ਨੂੰ ਬਿਨਾਂ ਮਿਲੇ ਚੰਡੀਗੜ੍ਹ ਪਰਤ ਆਏ ਹਨ।

ਦੂਜੇ ਪਾਸੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਤੇ ਆਗੂਆਂ ਨਾਲ ਰਾਹੁਲ ਗਾਂਧੀ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਬੈਠਕਾਂ ਕਰਦੇ ਰਹੇ।

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਬੈਠਕ ਤੋਂ ਬਾਅਦ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਉੱਤੇ ਸਮਾਂਬੱਧ ਤਰੀਕੇ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ।

ਇਸ ਵਿਚ ਬਰਗਾੜੀ ਕਾਂਡ, ਡਰੱਗ ਤੇ ਸੈਂਡ ਮਾਫ਼ੀਆ ਖ਼ਿਲਾਫ਼ ਹੋਰ ਤੇਜ਼ੀ ਨਾਲ ਕਾਰਵਾਈ ਅਤੇ ਸਸਤੀ ਬਿਜਲੀ ਤੇ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਤੇ ਕਰਜ਼ ਮਾਫ਼ੀ ਵਰਗੇ ਮੁੱਖ ਬਿੰਦੂ ਹਨ।

ਹਰੀਸ਼ ਰਾਵਤ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਚ ਅਗਲੇ ਇੱਕ ਦੋ ਦਿਨਾਂ ਵਿਚ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਬਾਰੇ ਦੱਸਣਗੇ।

ਇਹ ਵੀ ਪੜ੍ਹੋ-

ਹਰੀਸ਼ ਰਾਵਤ ਦੇ ਇਸ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਕੋਈ ਤਬਦੀਲੀ ਨਹੀਂ ਹੋ ਰਹੀ, ਜਿਵੇਂ ਕਿ ਕੁਝ ਆਗੂ ਮੰਗ ਕਰ ਰਹੇ ਹਨ।

ਉੱਧਰ ਨਵਜੋਤ ਸਿੱਧੂ ਦੇ ਬਿਆਨਬਾਜ਼ੀ ਕਾਰਨ ਉਨ੍ਹਾਂ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਹੈ। ਭਾਵੇਂ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਮਸਲਿਆਂ ਉੱਤੇ ਕੈਪਟਨ ਨੂੰ ਕੰਮ ਕਰਨ ਲਈ ਕਹਿ ਹਿਆ ਹੈ। ਪਰ ਉਨ੍ਹਾਂ ਨੂੰ ਪੰਜਾਬ ਪ੍ਰਧਾਨਗੀ ਮਿਲੇਗੀ ਜਾਂ ਨਹੀਂ ਇਸ ਬਾਰੇ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

ਜਿਵੇਂ ਤਿੰਨ ਮੈਂਬਰੀ ਪੈਨਲ ਦੇ ਮੁਖੀ ਮਲਿਕਾਅਰਜੁਨ ਖੜਗੇ ਨੇ ਕੱਲ ਕਿਹਾ ਕਿ ਕਿ ਸਾਰੇ ਰਾਹੁਲ ਅਤੇ ਸੋਨੀਆਂ ਦੀ ਅਗਵਾਈ ਵਿਚ ਅਗਲੀਆਂ ਚੋਣਾਂ ਲੜਨਗੇ।

ਇਸ ਤੋਂ ਲੱਗਦਾ ਹੈ ਕਿ ਹਾਈਕਮਾਂਡ ਕੈਪਟਨ ਤੇ ਸਿੱਧੂ ਦੋਵਾਂ ਨੂੰ ਫਿਲਹਾਲ ਮਨਾ ਕੇ 2022 ਦੀਆਂ ਚੋਣਾਂ ਲਈ ਤਿਆਰੀ ਮੁਤਾਬਕ ਹੀ ਵਿਚਕਾਰਲਾ ਰਾਹ ਕੱਢ ਰਹੀ ਹੈ।

ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤਾ।

ਹਰੀਸ਼ ਰਾਵਤ ਨੇ ਕਿਹਾ ਕਿ ਟਰਾਂਸਪੋਰਟ ਮਾਫੀਏ ਨੂੰ ਆਰਥਿਕ ਤੌਰ ਤੇ ਕਮਜੋਰ ਕਰਨ ਲਈ ਪਹਿਲਾਂ ਹੀ ਕਦਮ ਚੁੱਕੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਦਮ ਚੁੱਕੇ ਜਾਣਗੇ।

  • ਮੁੱਖ ਮੰਤਰੀ ਨਾਲ ਡਰੱਗਸ, ਬੇਅਦਬੀ ਅਤੇ ਟਰਾਂਸਪੋਰਟ ਮਾਫੀਆ, 200 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੇ ਜਾਣ ਸਮੇਤ 18 ਮੁੱਦਿਆਂ ਬਾਰੇ ਗੱਲਾਬਾਤ ਹੋਈ, ਮੁੱਖ ਮੰਤਰੀ ਬਾਰੇ ਪ੍ਰੈੱਸ ਕਾਨਫ਼ਰੰਸ ਰਾਹੀਂ ਵਿਸਥਾਰ ਵਿੱਚ ਦੱਸਣਗੇ।
  • ਸਿੱਧੂ ਵੱਲੋਂ ਚੁੱਕੇ ਜਾ ਰਹੇ ਮਸਲਿਆਂ ਦਾ ਵੀ ਸੰਗਿਆਨ ਲਿਆ ਹੈ। ਉਨ੍ਹਾਂ ਦੇ ਬਿਆਨ ਪ੍ਰਸੰਗਿਕ ਹਨ ਪਰ ਸਮਾਂ ਸਹੀ ਨਹੀਂ ਹੈ।
  • ਐਕਸਰੇ ਸੀਟੀ-ਸਕੈਨ ਵਰਗੀਆਂ ਸਹੂਲਤਾਂ ਦਾ ਦਾਇਰਾ ਵੀ ਵਧਾਏ ਜਾਣ ਬਾਰੇ ਗੱਲਬਾਤ ਕੀਤੀ ਗਈ ਕਿ ਇਹ ਸਿਰਫ਼ ਗ਼ਰੀਬਾਂ ਲਈ ਨਹੀਂ ਸਗੋਂ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਸੂਬਾ ਸਰਕਾਰ ਦੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
  • ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਦੇ ਬਿਆਨ ਖੁਦ ਵੀ ਮੰਗਵਾਏ ਹਨ ਪਰ ਸਿੱਧੂ ਨੂੰ ਜਲਦੀ ਹੀ ਦਿੱਲੀ ਬੁਲਾਇਆ ਜਾਵੇਗਾ।
  • ਉਨ੍ਹਾਂ ਨੇ ਇੱਕ ਨਿੱਜੀ ਖ਼ਬਰ ਚੈਨਲ ਨੂੰ ਦੱਸਿਆ ਕਿ ਮੁੱਖ ਮੰਤਰੀ ਜਲਦੀ ਹੀ ਇੱਕ-ਦੋ ਨਿੱਜੀ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ।
  • ਬੇਅਦਬੀ, ਇੱਕ ਕਾਨੂੰਨੀ ਮਾਮਲਾ ਹੈ ਪਰ ਉਹ ਉਸ ਬਾਰੇ ਕਦਮ ਚੁੱਕਣਗੇ।
  • ਸਮੇਂ ਮੁਤਾਬਕ ਕਦਮ ਚੁੱਕੇ ਜਾਣਗੇ ਜਿਨ੍ਹਾਂਵਿੱਚ ਕੈਬਨਿਟ ਵਿੱਚ ਬਦਲਾਅ ਵੀ ਸ਼ਾਮਲ ਹੈ।
  • ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਇਹ ਵੀ ਕਿਹਾ ਕਿ ਫ਼ਤਹਿ ਬਾਜਵਾ ਨੇ ਮੁੱਖ ਮੰਤਰੀ ਵੱਲੋਂ ਕੀਤੀ ਨੌਕਰੀ ਦੀ ਪੇਸ਼ਕਸ਼ ਲੈਣ ਤੋਂ ਇਲਕਾਰ ਕਰ ਦਿੱਤਾ ਹੈ।
  • ਮੁੱਖ ਮੰਤਰੀ ਵਿਚਾਰੇ ਗਏ ਮਸਲਿਆਂ ਬਾਰੇ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰਨਗੇ।

ਇੱਕ ਹਫ਼ਤੇ ਵਿਚ ਸੁਲਝ ਜਾਵੇਗਾ ਮਸਲਾ

ਹਰੀਸ਼ ਰਾਵਤ ਤੋਂ ਪਹਿਲਾਂ ਰਾਹੁਲ ਗਾਂਧੀ ਨਾਲ ਪ੍ਰਤਾਪ ਬਾਜਵਾ ਅਤੇ ਸੁਨੀਲ ਜਾਖੜ ਨੇ ਮੁਲਾਕਾਤ ਕੀਤੀ , ਮੀਟਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਕਿਹਾ ਕਿ ਇੱਕ ਹਫਤੇ ਅੰਦਰ ਸਭ ਮਾਮਲੇ ਸੁਲਝ ਜਾਣਗੇ।

ਉਨ੍ਹਾਂ ਨੇ ਕਿਹਾ, "ਮੈਂ ਰਾਹੁਲ ਗਾਂਧੀ ਨੂੰ ਸਾਰੀ ਜ਼ਮੀਨੀ ਹਕੀਕਤ ਦੱਸੀ ਹੈ ਅਤੇ ਹਾਈ ਕਮਾਂਡ ਵੱਲੋਂ ਜੋ ਆਸਾਂ ਰੱਖੀਆਂ ਉਸ ਬਾਰੇ ਵੀ ਜ਼ਿਕਰ ਕੀਤਾ ਹੈ। ਹਾਈ ਕਮਾਂਡ ਇਸ 'ਤੇ ਫ਼ੈਸਲਾ ਲਵੇਗੀ।"

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਧੜੇ 'ਚ ਵੰਡੀ ਨਹੀਂ ਗਈ ਬੱਸ ਸਾਰੇ ਇਹੀ ਸੁਝਾਉਂਦੇ ਹਨ ਕਿ ਕਾਂਗਰਸ ਮੁੜ ਕਿਵੇਂ ਆ ਸਕਦੀ ਹੈ ਅਤੇ "ਅਸੀਂ ਸਾਰੇ ਕਿਵੇਂ ਮੁੜ ਚੁਣੇ ਜਾ ਸਕਦੇ ਹਾਂ।"

ਬਾਜਵਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨਾਲ ਕਿਉਂ ਨਹੀਂ ਮਿਲੇ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ।

ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ ਆ ਕੈਮਰਾ 'ਤੇ ਨਹੀਂ ਦੱਸ ਸਕਦਾ ਬਾਕੀ ਹਾਈਕਮਾਂਡ ਨੂੰ ਪਤਾ ਹੈ ਕਿ ਕਿਸ ਬੰਦੇ ਨਾਲ ਕੀ ਕਰਨਾ ਹੈ।"

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

ਸੁਨੀਲ ਜਾਖੜ ਨੇ ਕੀ ਕਿਹਾ

ਖ਼ਬਰ ਏਜੰਸੀ ਮੁਤਾਬਕ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ, "ਮੈਨੂੰ ਆਸ ਹੈ ਕਿ ਮੌਜੂਦਾ ਹਾਲਾਤ ਦਾ ਜਲਦ ਨਿਪਟਾਰਾ ਹੋ ਜਾਵੇਗਾ।"

ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ 'ਕੁਝ ਗ਼ਲਤ ਲੋਕ ਮੁੱਖ ਮੰਤਰੀ ਨੂੰ ਇਸ ਬਾਰੇ ਸਲਾਹ ਦੇ ਰਹੇ ਹਨ'।

ਕੀ ਹੈ ਮਾਮਲਾ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਉੱਤੇ ਵਿਰੋਧੀ ਧਿਰ ਦੇ ਨਾਲ ਉਹ ਆਪਣੀ ਹੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਹਨ।

ਸਾਫ਼ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਪਤਾਨ ਘਰ ਅਤੇ ਬਾਹਰ ਦੋਵਾਂ ਥਾਵਾਂ ਉੱਤੇ ਘਿਰੇ ਹੋਏ ਹਨ। ਬੇਅਦਬੀ ਸਮੇਤ ਕਈ ਹੋਰ ਮੁੱਦਿਆਂ ਉੱਤੇ ਕਾਰਵਾਈ ਨਾ ਹੋਣ ਕਰਕੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਉੱਤੇ ਸਵਾਲ ਚੁੱਕ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਇੱਕ ਚੈਨਲ ਨਾਲ ਗੱਲ ਕਰਦਿਆਂ ਕਿਹਾ, "ਸਭ ਕੁਝ ਹਾਈ ਕਮਾਂਡ ਤੈਅ ਕਰੇਗੀ ਤਾਂ ਕੈਪਟਨ ਅਮਰਿੰਦਰ ਕੌਣ ਹੁੰਦੇ ਹਨ ਫ਼ੈਸਲੇ ਦੇਣ ਵਾਲੇ। ਹੁਣ ਰਾਜ ਤੰਤਰ ਨਹੀਂ ਬਲਕਿ ਲੋਕਤੰਤਰ ਹੈ।"

ਸੂਤਰਾਂ ਤੋਂ ਇਹ ਪਤਾ ਲਗਿਆ ਹੈ ਕਿ ਸਿੱਧੂ ਤੋਂ ਬਾਅਦ ਕੁਝ ਕਾਂਗਰਸੀ ਮੰਤਰੀਆਂ ਨੇ ਕੈਪਟਨ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਕਾਂਗਰਸ ਦੇ ਆਪਸੀ ਝਗੜੇ ਨੂੰ ਖ਼ਤਮ ਕਰਨ ਲਈ ਹਾਈ ਕਮਾਨ ਨੇ ਪਹਿਲਾਂ ਹੀ ਤਿੰਨ ਮੈਂਬਰੀ ਕਮੇਟੀ ਬਣਾਈ ਹੋਈ ਹੈ ਅਤੇ ਰਾਹੁਲ ਗਾਂਧੀ ਖ਼ੁਦ ਇਕੱਲੇ-ਇਕੱਲੇ ਵਿਧਾਇਕ ਅਤੇ ਸੰਸਦ ਮੈਂਬਰਾਂ ਦੀ ਰਾਇ ਜਾਣ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)