ਫੇਸਬੁੱਕ ਤੁਹਾਡੇ ਬਾਰੇ ਤੁਹਾਡੀ ਉਮੀਦ ਨਾਲੋਂ ਕਿਤੇ ਵੱਧ ਜਾਣਦੀ ਹੈ

    • ਲੇਖਕ, ਰਾਧਿਕਾ ਸੰਘਨੀ
    • ਰੋਲ, ਬੀਬੀਸੀ

ਮੈਂ ਕਦੇ ਵੀ ਆਪਣੇ ਨਿੱਜੀ ਡਾਟੇ ਦੀ ਪ੍ਰਵਾਹ ਨਹੀਂ ਕੀਤੀ। ਮੈਨੂ ਪਤਾ ਹੈ ਇਹ ਇੱਕ ਗੰਭੀਰ ਗੱਲ ਹੈ ਪਰ ਇਸ ਬਾਰੇ ਕੁਝ ਕਰਨ ਦਾ ਖਿਆਲ ਹੀ ਬੇਹੁਦਾ ਲਗਦਾ ਸੀ। ਆਖ਼ਰ ਜੇ ਅਸੀਂ ਸ਼ੁਰੂਆਤ ਕਰਨੀ ਵੀ ਹੋਵੇ ਤਾਂ ਕਿੱਥੋਂ ਕਰੀਏ?

ਮੈਂ 28 ਸਾਲਾਂ ਦੀ ਹਾਂ ਅਤੇ ਮੈਂ ਆਪਣੀ ਬਹੁਤੀ ਜ਼ਿੰਦਗੀ ਆਨਲਾਈਨ ਹੀ ਬਿਤਾਈ ਹੈ। ਦਸ ਸਾਲਾਂ ਦੀ ਉਮਰ ਵਿੱਚ ਮੈਂ ਈਮੇਲ ਬਣਾ ਲਈ ਸੀ। 11 ਸਾਲਾਂ ਦੀ ਉਮਰ ਵਿੱਚ ਮੇਰੇ ਕੋਲ ਮੇਰਾ ਨਿੱਜੀ ਫੋਨ ਸੀ ਅਤੇ 16 ਸਾਲਾਂ ਦੀ ਉਮਰ ਵਿੱਚ ਮੈਂ ਫੇਸਬੁੱਕ ਅਕਾਊਂਟ ਬਣਾਇਆ ਸੀ।

ਮੈਂ ਆਪਣੀ ਯੂਨੀਵਰਸਟੀ ਦੀ ਜ਼ਿੰਦਗੀ ਦੌਰਾਨ ਟੱਲੀ ਹੋਣ ਦੀਆਂ ਤਸਵੀਰਾਂ ਸਣੇ ਕਿੰਨੀ ਨਿੱਜੀ ਜਾਣਕਾਰੀ ਦੇ ਚੁੱਕੀ ਹਾਂ ਜਿਸ ਬਾਰੇ ਫਿਲਹਾਲ ਨਾ ਯਾਦ ਕਰਨਾ ਹੀ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ:

ਜਦੋਂ ਫੇਸਬੁੱਕ ਵੱਲੋਂ ਆਪਣੇ 8.7 ਕਰੋੜ ਯੂਜ਼ਰਜ਼ ਦੀ ਜਾਣਕਾਰੀ ਬਿਨਾਂ ਕਿਸੇ ਸੂਚਨਾ ਦੇ ਅਮਰੀਕਾ ਦੀ ਐਨਲੈਟਿਕਾ ਫਰਮ ਨੂੰ ਦਿੱਤੀ ਗਈ ਅਤੇ ਵੀਹ ਵਿੱਚੋਂ ਇੱਕ ਬਰਤਾਨਵੀਂ ਨਾਗਰਿਕ ਨੂੰ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਮਗਰੋਂ ਮੈਂ ਸੋਚਣ ਲੱਗ ਗਈ ਕਿ ਆਖਰ ਮੈਂ ਸੋਸ਼ਲ ਮੀਡੀਆ ਉੱਪਰ ਆਪਣੀ ਕਿੰਨੀ ਕੁ ਜਾਣਕਾਰੀ ਦਿੱਤੀ ਹੋਈ ਹੈ।

ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਫੇਸਬੁੱਕ ਤੋਂ ਆਪਣਾ ਸਾਰਾ ਡਾਟਾ ਡਾਊਨਲੋਡ ਕਰਨ ਦਾ ਫੈ਼ਸਲਾ ਲਿਆ।

ਫੇਸਬੁੱਕ ਮੇਰੇ ਬਾਰੇ ਕਿਤੇ ਵੱਧ ਜਾਣਦਾ ਸੀ

ਫੇਸਬੁੱਕ ਨੇ ਤੁਹਾਡੇ ਲਈ ਨਿੱਜੀ ਜਾਣਕਾਰੀ ਡਾਊਨਲੋਡ ਕਰਨਾ ਸੌਖਾ ਕਰ ਦਿੱਤਾ ਹੈ। ਆਪਣੀਆਂ "ਸੈਟਿੰਗਜ਼" ਵਿੱਚ ਜਾ ਕੇ "ਐਕਸੈਸ ਯੂਅਰ ਇਨਫਰਮੇਸ਼ਨ" ਉੱਪਰ ਕਲਿੱਕ ਕਰੋ।

ਮੈਨੂੰ ਪਤਾ ਲੱਗਿਆ ਕਿ ਪਿਛਲੇ ਬਾਰਾਂ ਸਾਲਾਂ ਦੌਰਾਨ ਮੈਂ 324 ਐਮਬੀ ਡਾਟਾ ਇਕੱਠਾ ਕਰ ਲਿਆ ਸੀ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ ਜਦੋਂ ਤੱਕ ਕਿ 40 ਮਿੰਟਾਂ ਵਿੱਚ ਇਹ ਸਾਰਾ ਡਾਟਾ ਡਾਊਨਲੋਡ ਨਹੀਂ ਹੋ ਗਿਆ। ਫੇਸਬੁੱਕ ਮੇਰੇ ਬਾਰੇ ਮੇਰੀ ਕਲਪਨਾ ਤੋਂ ਕਿਤੇ ਵਧੇਰੇ ਜਾਣਦੀ ਹੈ।

ਜਦੋਂ ਇੱਕ ਵਾਰ ਸਾਰਾ ਡਾਟਾ ਡਾਊਨਲੋਡ ਹੋ ਗਿਆ ਤਾਂ ਮੈਂ ਉਤਸੁਕਤਾ ਵੱਸ ਖੋਲ੍ਹਿਆ। ਇਸ ਨੂੰ ਖੋਲ੍ਹਣ ਦਾ ਸਭ ਤੋਂ ਸੌਖਾ ਤਰੀਕਾ "ਇੰਡੈਕਸ ਟੈਬ" ਨੂੰ ਦੱਬਣਾ ਹੁੰਦਾ ਹੈ ਜੋ ਕਿ ਸਾਰੇ ਡਾਟੇ ਨੂੰ "ਫੇਸਬੁੱਕ-ਐਸਕਿਊ" ਫਾਰਮੈਟ ਵਿੱਚ ਖੋਲ੍ਹ ਦਿੰਦੀ ਹੈ।

ਸਭ ਤੋਂ ਉੱਪਰ ਮੇਰੀ ਪ੍ਰੋਫਾਈਲ ਤਸਵੀਰ ਤੋਂ ਬਾਅਦ ਕਈ ਹੋਰ ਟੈਬਸ ਸਨ ਜਿਨ੍ਹਾਂ ਵਿੱਚ ਮੇਰੀ ਪ੍ਰੋਫਾਈਲ ਤੋਂ ਲੈ ਕੇ ਫਰੈਂਡਜ਼ ਤੱਕ ਅਤੇ ਫੇਰ ਸੁਰੱਖਿਆ ਸੈਟਿੰਗਾਂ ਤੱਕ ਸਭ ਕੁਝ ਸੀ।

ਮੈਂ ਆਪਣੀ ਪ੍ਰੋਫਾਈਲ ਤੋਂ ਦੇਖਣਾ ਸ਼ੁਰੂ ਕੀਤਾ ਅਤੇ ਇਸ ਵਿੱਚ ਮੇਰੀ ਉਮੀਦ ਮੁਤਾਬਿਕ ਸਾਰਾ ਕੁਝ ਸੀ। ਮੇਰਾ ਫੋਨ ਨੰਬਰ, ਜਨਮ ਮਿਤੀ, ਸਿੱਖਿਆ, ਆਦਿ ਸਭ ਕੁਝ ਸੀ। ਮੈਨੂੰ ਹੈਰਾਨੀ ਹੋਈ ਕਿ ਫੇਸਬੁੱਕ ਜਾਣਦੀ ਸੀ ਕਿ ਮੇਰੀ ਮਾਂ ਕੌਣ ਹੈ ਮੇਰੇ ਕਜ਼ਨ ਕੌਣ ਹਨ, ਭਾਵੇਂ ਮੈਂ ਹੀ ਕਿਉਂ ਨਾ ਦੱਸਿਆ ਹੋਵੇ।

ਉਸ ਤੋਂ ਹੇਠਾਂ ਹਰ ਉਹ ਪੇਜ ਸੀ ਜੋ ਮੈਂ ਕਦੇ ਲਾਈਕ ਕੀਤਾ ਸੀ।

ਮੈਂ ਫੇਸਬੁੱਕ ਡਾਟੇ ਰਾਹੀਂ ਆਪਣੀ ਜ਼ਿੰਦਗੀ ਦੇਖ ਰਹੀ ਸੀ ਅਤੇ ਇਹ ਠੀਕ-ਠਾਕ ਹੀ ਸੀ ਜਦੋਂ ਤੱਕ ਕਿ ਮੈਂ "ਕੰਟੈਕਟ ਇਨਫੋ" ਟੈਬ ਨਹੀਂ ਖੋਲ੍ਹਿਆ। ਇਸ ਵਿੱਚ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਅਤੇ ਫੋਨ ਨੰਬਰ ਸਨ ਜੋ ਮੇਰੇ ਫੋਨ ਵਿੱਚ ਸਨ। ਫੇਰ ਉਹ ਭਾਵੇਂ ਮੇਰੇ ਫੇਸਬੁੱਕ ਦੋਸਤ ਸਨ ਜਾਂ ਨਹੀਂ।

ਇਹ ਵੀ ਪੜ੍ਹੋ:

ਇਸ ਵਿੱਚ ਉਹ ਨੰਬਰ ਵੀ ਸ਼ਾਮਲ ਸਨ ਜੋ ਮੈਂ ਗੁਆ ਚੁੱਕੀ ਸੀ। ਇਸ ਤੋਂ ਮੈਨੂੰ ਸੁੱਝਿਆ ਕਿ ਫੇਸਬੁੱਕ ਤੋਂ ਆਪਣਾ ਡਾਟਾ ਡਾਊਨਲੋਡ ਕਰਨਾ ਆਪਣੇ ਗੁੰਮੇ ਹੋਏ ਕੰਟੈਕਟ ਨੰਬਰ ਲੱਭਣ ਦਾ ਇੱਕ ਤਰੀਕਾ ਹੋ ਸਕਦਾ ਹੈ।

ਮੈਨੂੰ ਪਤਾ ਹੈ ਕਿ ਇਹ ਮੇਰੀ ਹੀ ਗ਼ਲਤੀ ਹੈ ਕਿ ਮੈਂ ਜਦੋਂ ਫੇਸਬੁੱਕ ਦੀ ਐਪਲੀਕੇਸ਼ਨ ਪਹਿਲੀ ਵਾਰ ਡਾਊਨਲੋਡ ਕੀਤੀ ਸੀ ਉਸੇ ਸਮੇਂ ਹੀ ਇਸ ਨੂੰ ਆਪਣੇ ਫੋਨ ਨਾਲ ਸਿੰਕਰੋਨਾਈਜ਼ ਕਰ ਦਿੱਤਾ ਸੀ ਜਿਸ ਦਾ ਮਤਲਬ ਸੀ ਕਿ ਐਪਲੀਕੇਸ਼ਨ ਨੇ ਮੇਰੀ ਫੋਨਬੁੱਕ ਵਿੱਚੋਂ ਸਾਰੇ ਕਾਨਟੈਕਟ ਖਿੱਚ ਕੇ ਇਸ ਸੂਚੀ ਵਿੱਚ ਪਾ ਦਿੱਤੇ ਸਨ।

ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਜ਼ਕਰਬਰਗ ਅਤੇ ਕੰਪਨੀ ਨੂੰ ਮੇਰੀ ਗਾਇਨੀ ਡਾਕਟਰ ਦਾ ਨੰਬਰ ਵੀ ਪਤਾ ਸੀ। ਇਸ ਵਿੱਚੋਂ ਮੈਨੂੰ ਮੇਰੇ ਸਾਬਕਾ ਬੁਆਏਫਰੈਂਡਜ਼ ਦੇ ਨੰਬਰ ਵੀ ਮਿਲ ਗਏ ਜੋ ਮੈਂ ਆਪ ਹੀ ਡਲੀਟ ਕਰ ਚੁੱਕੀ ਸੀ।

ਇੱਕ ਸਾਲ 'ਚ 15 ਵਾਰ ਅਕਾਊਂਟ ਡਿਲੀਟ ਕੀਤਾ

ਬਹੁਤੇ ਲੋਕਾਂ ਨੂੰ ਇਹੀ ਡਰ ਹੁੰਦਾ ਹੈ ਕਿ ਸੋਸ਼ਲ ਮੀਡੀਆ ਵੈੱਬਸਾਈਟਾਂ ਵੱਲੋਂ ਉਨ੍ਹਾਂ ਦੀ ਜਾਣਕਾਰੀ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਨੂੰ ਨਾ ਦੇ ਦਿੱਤੀ ਜਾਵੇ। ਇਸ ਲਈ ਮੈਨੂੰ ਖੁਸ਼ੀ ਹੋਈ ਕਿ ਜਦੋਂ ਮੈਂ "ਐਡਜ਼ ਟੈਬ" ਖੋਲ੍ਹੀ ਤਾਂ ਮੇਰੀ ਜਾਣਕਾਰੀ ਥੋੜ੍ਹੇ ਹੀ ਲੋਕਾਂ ਕੋਲ ਸੀ।

ਇਸ ਵਿੱਚ ਜ਼ਿਆਦਾਤਰ ਕੰਪਨੀਆਂ ਉਹ ਸਨ ਜਿਨ੍ਹਾਂ ਨੂੰ ਮੈਂ ਵਰਤਦੀ ਹਾਂ, ਜਿਵੇਂ -ਊਬਰ, ਡਿਲੀਵਰੂ ਅਤੇ ਊਬਰ ਈਟਸ।

ਸਭ ਤੋਂ ਪ੍ਰੇਸ਼ਾਨ ਕਰਨ ਵਾਲੀ ਟੈਬ ਸੁਰੱਖਿਆ ਵਾਲੀ ਸੀ। ਮੈਨੂੰ ਪਤਾ ਲੱਗਿਆ ਕਿ ਮੈਂ ਸਾਲ 2010 ਅਤੇ 2011 ਵਿੱਚ ਆਪਣਾ ਖਾਤਾ ਡੀਐਕਟੀਵੇਟ ਕੀਤਾ ਸੀ ਅਤੇ ਸਾਲ 2015 ਵਿੱਚ 15 ਵਾਰ ਮੈਂ ਆਪਣਾ ਅਕਾਊਂਟ ਬੰਦ ਕੀਤਾ ਸੀ।

ਇਸ ਮਗਰੋਂ ਇਸ ਨੇ ਮੈਨੂੰ ਹਰ ਉਹ ਕੰਪਿਊਟਰ ਪਤਾ (ਆਈਪੀ ਐਡਰੈਸ) ਦਿਖਾਇਆ ਜਿੱਥੋਂ ਵੀ ਮੈਂ ਸਾਲ 2009 ਤੋਂ ਲੈ ਕੇ ਹੁਣ ਤੱਕ ਕਦੇ ਵੀ ਲਾਗ ਇਨ ਕੀਤਾ ਸੀ। ਇਸ ਤੋਂ ਵੀ ਖ਼ਤਰਨਾਕ ਸੀ ਕਿ ਹਰ ਪਤੇ ਦੇ ਨਾਲ ਉਨ੍ਹਾਂ ਨੇ ਲੋਕੇਸ਼ਨ ਵੀ ਦੱਸੀ ਗਈ ਸੀ। ਇਸ ਦਾ ਭਾਵ ਹੈ ਕਿ ਉਨ੍ਹਾਂ ਨੇ ਜਸੂਸਾਂ ਵਾਂਗ ਮੇਰੀ ਹਰੇਕ ਗਤੀਵਿਧੀ ਨੋਟ ਕੀਤੀ ਸੀ।

ਇਸ ਦਾ ਇਹ ਵੀ ਅਰਥ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਜਾਣਕਾਰੀ ਸੀ ਕਿ ਮੈਂ ਕਿੱਥੇ ਹਾਂ। ਪਰ ਇਹ ਜਾਣਨ ਦੀ ਆਗਿਆ ਵੀ ਤਾਂ ਮੈਂ ਹੀ ਉਨ੍ਹਾਂ ਨੂੰ ਦਿੱਤੀ ਸੀ। ਫੇਸਬੁੱਕ ਇਹ ਜਾਣਕਾਰੀ ਦੋ ਕਾਰਨਾਂ ਕਰਕੇ ਇਕੱਠੀ ਕਰਦੀ ਹੈ।

ਪਹਿਲਾ, ਸੁਰੱਖਿਆ ਕਾਰਨਾਂ ਕਰਕੇ, ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਈ ਹੋਰ ਤਾਂ ਤੁਹਾਡਾ ਅਕਾਊਂਟ ਨਹੀਂ ਦੇਖ ਰਿਹਾ। ਦੂਸਰਾ, ਤਾਂ ਕਿ ਉਹ ਮਸ਼ਹੂਰੀਆਂ ਵਾਲੀਆਂ ਕੰਪਨੀਆਂ ਨੂੰ ਮੇਰੇ ਵੱਲ ਭੇਜ ਸਕਣ। ਜੇ ਤੁਸੀਂ ਚਹੁੰਦੇ ਹੋ ਕਿ ਫੇਸਬੁੱਕ ਇਹ ਜਾਣਕਾਰੀ ਨਾ ਇਕੱਠੀ ਕਰ ਸਕੇ ਤਾਂ ਤੁਸੀਂ ਆਪਣੀਆਂ ਸੈਟਿੰਗ ਵਿੱਚ ਜਾ ਕੇ ਇਸ ਨੂੰ ਬੰਦ ਕਰ ਸਕਦੇ ਹੋ।

ਇਹ ਡਾਟਾ ਦੇਖਣ ਮਗਰੋਂ ਮੈਂ ਸੋਚੀਂ ਪੈ ਗਈ ਕਿ ਆਖ਼ਰ ਫੇਸਬੁੱਕ ਨੇ ਇਸ ਜਾਣਕਾਰੀ ਦਾ ਕੀਤਾ ਕੀ ਹੋਵੇਗਾ।

ਇਸ ਬਾਰੇ ਮੈਂ ਡੀ ਮੌਂਟਫੋਰਡ ਯੂਨੀਵਰਸਿਟੀ ਦੇ ਸਾਈਬਰ ਮਾਹਿਰ ਪ੍ਰੋਫੈਸਰ ਐਰਿਕ ਬੋਇਟਨ ਨੂੰ ਪੁੱਛਿਆ। ਉਨ੍ਹਾਂ ਦੱਸਿਆ ਕਿ ਮੁੱਖ ਸਮੱਸਿਆ ਇਹ ਨਹੀਂ ਹੈ ਕਿ ਅਸੀਂ ਕਿੰਨੀ ਜਾਣਕਾਰੀ ਆਪ ਉਨ੍ਹਾਂ ਨੂੰ ਦਿੱਤੀ ਹੈ।

ਅਸਲ ਦਿੱਕਤ ਤਾਂ ਇਹ ਹੈ ਕਿ, ਸਾਡਾ ਪਿੱਛਾ ਕਿੰਨੀ ਕੁ ਬਰੀਕੀ ਨਾਲ ਕੀਤਾ ਜਾ ਰਿਹਾ ਹੈ। ਜਿਸ ਬਾਰੇ ਅਸੀਂ ਜਾਣ ਵੀ ਨਹੀਂ ਸਕਦੇ। ਇਸ ਬਾਰੇ "ਸਾਵਧਾਨ ਰਹਿਣਾ ਵੀ ਮੁਸ਼ਕਿਲ ਹੈ ਕਿ ਇਸ ਪ੍ਰਕਾਰ ਪਿੱਛਾ ਕੀਤਾ ਜਾ ਰਿਹਾ ਹੈ।"

ਦੁਖ ਦੇਣ ਵਾਲਾ ਤਜਰਬਾ

ਇਸੇ ਤਰ੍ਹਾਂ ਮੈਂ ਰਹਿੰਦੇ 324 ਐਮਬੀ ਡਾਟੇ ਨੂੰ ਦੇਖਿਆ। ਇਸ ਵਿੱਚ ਉਹ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਸਨ ਜਿਨ੍ਹਾਂ ਵਿੱਚ ਕਦੇ ਮੈਨੂੰ ਟੈਗ ਕੀਤਾ ਗਿਆ ਸੀ ਅਤੇ ਭਾਰੀ ਗਿਣਤੀ ਵਿੱਚ ਨਿੱਜੀ ਸੁਨੇਹੇ। ਕੁਝ ਤਾਂ ਇੰਨੇ ਪ੍ਰੇਸ਼ਾਨ ਕਰਨ ਵਾਲੇ ਸਨ ਕਿ ਮੈਂ ਉਨ੍ਹਾਂ ਨੂੰ ਘਬਰਾਏ ਬਿਨਾਂ ਪੜ੍ਹ ਹੀ ਨਹੀਂ ਸਕੀ। ਇੱਕ ਸੁਨੇਹਾ ਪੜ੍ਹ ਕੇ ਤਾਂ ਮੈਂ ਰੋ ਹੀ ਪਈ।

ਇਹ ਮੇਰੇ ਇੱਕ ਮਰ ਚੁੱਕੇ ਦੋਸਤ ਬਾਰੇ ਸੀ। ਅਸੀਂ ਦੋਵੇਂ ਕੋਈ ਯੋਜਨਾ ਬਣਾ ਰਹੇ ਸੀ। ਉਸਦਾ ਆਖਰੀ ਸੁਨੇਹਾ ਸੀ, "ਜਦੋਂ ਠੀਕ ਲੱਗਿਆ ਦੱਸ ਦੇਣਾ", ਮੈਂ ਉਸ ਨੂੰ ਕਦੇ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਅਗਲੇ ਮਹੀਨੇ ਉਸ ਦੀ ਮੌਤ ਹੋ ਗਈ।

ਆਖ਼ਰ ਅਜਿਹੀ ਗੱਲ ਕੌਣ ਯਾਦ ਕਰਨੀ ਚਾਹੇਗਾ ਕਿ ਉਨ੍ਹਾਂ ਨੇ ਕੋਈ ਅਜਿਹੀ ਯੋਜਨਾ ਬਣਾਈ ਸੀ ਜੋ ਦੂਸਰੇ ਵਿਅਕਤੀ ਦੀ ਮੌਤ ਕਰਕੇ ਕਦੇ ਪੂਰੀ ਨਹੀਂ ਹੋ ਸਕੀ।

ਆਪਣਾ ਫੇਸਬੁੱਕ ਡਾਟਾ ਡਾਊਨਲੋਡ ਕਰਨਾ ਮੇਰੇ ਲਈ ਬੇਹੱਦ ਦੁਖੀ ਕਰਨ ਵਾਲਾ ਅਨੁਭਵ ਸੀ। ਇਹ ਮੇਰੇ ਜੀਵਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਨਾਲ ਭਰਿਆ ਹੋਇਆ ਸੀ।

ਇਹ ਵੀ ਪੜ੍ਹੋ:

ਮੈਂ ਸੋਚ ਰਹੀ ਸੀ ਕਿ ਕੀ ਮੈਂ ਅੱਜ ਤੋਂ 17 ਸਾਲ ਪਹਿਲਾਂ ਵਾਲੇ ਆਪੇ ਨੂੰ ਪਸੰਦ ਕਰਾਂਗੀ?

ਇਹ ਬੇਹੱਦ ਭੈੜਾ ਸੀ ਅਤੇ ਮੈਂ ਇਸ ਨੂੰ ਕਦੇ ਦੁਬਾਰਾ ਨਹੀਂ ਦੇਖਣਾ ਚਾਹਾਂਗੀ। ਪਰ ਹੁਣ ਜਦੋਂ ਫੇਸਬੁੱਕ ਨੇ ਇਸ ਨੂੰ ਇੱਕ ਜ਼ਿਪ ਫੋਲਡਰ ਵਿੱਚ ਸੰਜੋ ਦਿੱਤਾ ਹੈ, ਇਹ ਹਮੇਸ਼ਾ ਮੇਰੇ ਕੋਲ ਰਹੇਗਾ।

ਇਹ ਐਨਾ ਹੀ ਦੁਖੀ ਕਰਨ ਵਾਲਾ ਹੈ ਜਿੰਨਾ ਕਿ ਇਹ ਸਮਝ ਵਿੱਚ ਆਉਣਾ ਕਿ ਫੇਸਬੁੱਕ ਕੋਲ ਮੇਰੀ ਕਿੰਨੀ ਜਾਣਕਾਰੀ ਹੈ। ਨਿੱਜੀ ਤੌਰ 'ਤੇ ਇਹ ਹੋਰ ਵੀ ਪ੍ਰੇਸ਼ਾਨ ਕਰਨ ਵਾਲਾ ਸੀ ਕਿ ਮੈਂ ਕਦੇ ਵੀ ਆਪਣੇ ਅਤੀਤ ਤੋਂ ਪਿੱਛਾ ਨਹੀਂ ਛੁਡਾ ਸਕਦੀ।

ਹਾਲਾਂਕਿ ਭਾਵੇਂ ਮੇਰੇ ਕੋਲ ਮੇਰੇ ਅਲ੍ਹੜਪੁਣੇ ਦੀਆਂ ਡਾਇਰੀਆਂ ਅਤੇ ਤਸਵੀਰਾਂ ਹਨ ਅਤੇ ਉਹ ਵੀ ਇੰਨੀਆਂ ਹੀ ਪ੍ਰੇਸ਼ਾਨ ਕਰਨ ਵਾਲੀਆਂ ਹਨ ਪਰ ਇਹ ਤਾਂ ਸਭ ਤੋਂ ਬੁਰਾ ਸੀ। ਉਹ ਸਾਰੇ ਪਲ ਤਾਂ ਮੈਂ ਆਪ ਸਿਰਜੇ ਸਨ ਪਰ ਕਿਉਂਕਿ ਮੈਂ ਕਦੇ ਨਹੀਂ ਸਮਝੀ ਕਿ ਫੇਸਬੁੱਕ ਮੇਰੇ ਸ਼ਰਮਿੰਦਾ ਕਰਨ ਵਾਲੇ ਅਤੀਤ ਦਾ ਇੱਕ ਡਿਜੀਟਲ ਫੋਲਡਰ ਬਣਾ ਰਹੀ ਸੀ।

ਡਾ਼ ਇਲਕਾ ਗਲੈਬਿਸ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚ ਸਮਾਜਿਕ ਮਨੋਵਿਗਿਆਮ ਦੇ ਪ੍ਰੋਫੈਸਰ ਹਨ। ਉਨ੍ਹਾਂ ਸਮਝਾਇਆ ਕਿ ਜਦੋਂ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਬਿਨਾਂ ਕਿਸੇ ਸੂਚਨਾ ਦੇ ਹੋਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਸਾਡਾ ਕਿੰਨਾ ਨਿੱਜੀ ਅਤੇ ਭਾਵੁਕ ਇਤਿਹਾਸ ਕੰਪਨੀ ਕੋਲ ਹੈ ਤਾਂ "ਫੇਸਬੁੱਕ ਯੂਜ਼ਰਜ਼ ਵੱਲੋਂ ਠੱਗੇ ਗਏ ਅਤੇ ਅਲੱਗ-ਥਲੱਗ ਮਹਿਸੂਸ ਕਰਨਾ ਕੁਦਰਤੀ ਹੀ ਹੈ।"

"ਡਾਟਾ" ਸ਼ਬਦ ਤੋਂ ਅਜਿਹਾ ਲਗਦਾ ਹੈ ਕਿ ਜਿਵੇਂ ਅਸੀਂ ਸੰਖਿਆਵਾਂ ਦੀ ਗੱਲ ਕਰ ਰਹੇ ਹੋਈਏ ਪਰ ਨਹੀਂ ਇਹ ਸਾਡੀਆਂ ਦੋਸਤੀਆਂ, ਸਾਡੇ ਰਿਸ਼ਤਿਆਂ, ਸਾਡੀਆਂ ਯਾਦਾਂ ਅਤੇ ਸਾਡੇ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਬਾਰੇ ਹੈ।

ਜਦੋਂ ਮੈਂ ਇਹ "ਡਾਟਾ" ਡਾਊਨਲੋਡ ਕੀਤਾ ਤਾਂ ਇਹ ਸਭ ਚਿੱਟੇ ਦਿਨ ਵਾਂਗ ਸਾਫ ਸੀ। ਮੇਰਾ ਮਨ ਕੀਤਾ ਮੈਂ ਸਾਲ 2015 ਵਾਲੀ ਰਾਧਿਕਾ ਬਣ ਕੇ ਇੱਕ ਵਾਰ ਫੇਰ ਖਾਤਾ ਡਲੀਟ ਕਰ ਦੇਵਾਂ ਪਰ ਉਸ ਨਾਲ ਕੀ ਹੋਣ ਵਾਲਾ ਹੈ। ਇਸ ਦਾ ਕੋਈ ਮਤਲਬ ਹੀ ਨਹੀਂ ਹੈ।

ਇਸ ਦੇ ਉਲਟ ਮੈਂ ਅਹਿਦ ਲਿਆ ਕਿ ਹੁਣ ਤੋਂ ਮੈਂ ਕਿਸੇ ਵੀ ਨਵੀਂ ਐਪਲੀਕੇਸ਼ਨ ਵਿੱਚ ਖਾਤਾ ਬਣਾਉਣ ਸਮੇਂ ਆਪਣੇ ਫੇਸਬੁੱਕ ਖਾਤੇ ਦੀ ਵਰਤੋਂ ਨਹੀਂ ਕਰਾਂਗੀ ਕਿਉਂਕਿ ਅਜਿਹਾ ਕਰਨ ਨਾਲ ਉਸ ਨਵੀਂ ਕੰਪਨੀ ਵੀ ਮੇਰੀ ਜਾਣਕਾਰੀ ਮਿਲ ਸਕਦੀ ਹੈ। ਇਸ ਦੀ ਥਾਂ ਮੈਂ ਨਵਾਂ ਅਕਾਊਂਟ ਬਣਾਇਆ ਕਰਾਂਗੀ।

ਮੈਂ ਇਸ ਬਾਰੇ ਵੀ ਸੁਚੇਤ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਦੋਂ ਮੈਂ ਅੰਨ੍ਹੇਵਾਹ ਨਵੀਆਂ ਐਪਲੀਕੇਸ਼ਨਾਂ ਦੀਆਂ ਨਿਯਮ ਅਤੇ ਸ਼ਰਤਾਂ ਨੂੰ ਸਵੀਕਾਰ ਕਰ ਲੈਂਦੀ ਹਾਂ ਤਾਂ ਉਹ ਮੇਰੇ ਬਾਰੇ ਕਿਹੜੀ-ਕਿਹੜੀ ਜਾਣਕਾਰੀ ਇਕੱਠੀ ਕਰਦੀਆਂ ਹਨ।

ਇਹ ਵੀ ਪੜ੍ਹੋ:

ਜੇ ਕੈਂਬਰਿਜ ਐਨੇਲਿਟਕਾ ਕਰਕੇ ਕੁਝ ਭਲਾ ਹੋਇਆ ਹੈ ਤਾਂ ਉਹ ਇਹ ਜਿਵੇਂ ਕਿ ਡਾ਼ ਇਲਕਾ ਦਸਦੇ ਹਨ, ਇਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਡਾਟੇ ਬਾਰੇ ਅਤੇ ਇਹ ਕਿਵੇਂ ਵਰਤਿਆ ਜਾ ਸਕਦਾ ਹੈ, ਬਾਰੇ ਸਾਵਧਾਨ ਕੀਤਾ ਹੈ।

ਇਹ ਛੋਟਾ ਕਦਮ ਹੈ ਪਰ ਜੇ ਕਿਸੇ ਵੀ ਤਰ੍ਹਾਂ ਮੈਂ ਆਪਣੇ ਆਨਲਾਈਨ ਕਦਮਾਂ ਦੇ ਨਿਸ਼ਾਨ ਘਟਾ ਸਕਦੀ ਹਾਂ ਤਾਂ ਇਹ ਇੱਕ ਸਹੀ ਕਦਮ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)