ਸੋਸ਼ਲ: 'ਪੰਜਾਬ 'ਚ ਨਸ਼ਿਆਂ ਦੀ ਅੱਗ ਜੰਗਲ ਦੀ ਅੱਗ ਬਣ ਗਈ'

ਪੰਜਾਬੀਆਂ ਵੱਲੋਂ ਨਸ਼ਿਆਂ ਦੇ ਵਿਰੁੱਧ ਸੋਸ਼ਲ ਮੀਡੀਆ ਉੱਤੇ ਸਰਗਰਮੀ ਦਿਖਾਈ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਉੱਤੇ ਸਰਗਰਮ ਹੋ ਗਏ ਹਨ।

ਇਨ੍ਹਾਂ ਤਸਵੀਰਾਂ ਵਿੱਚ ਕਥਿਤ ਤੌਰ 'ਤੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ।

ਇਸ ਤਰ੍ਹਾਂ ਦੀਆਂ ਤਕਰੀਬਨ ਡੇਢ ਦਰਜਨ ਘਟਨਾਵਾਂ ਸਿਰਫ਼ ਇੱਕ ਮਹੀਨੇ ਵਿੱਚ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

'ਮਰੋ ਜਾਂ ਵਿਰੋਧ ਕਰੋ' ਨਾਅਰੇ ਤਹਿਤ ਇਹ ਲੋਕ ਨਸ਼ੇ ਖਿਲਾਫ ਆਪੋ-ਆਪਣਾ ਵਿਰੋਧ ਜਤਾ ਰਹੇ ਹਨ।

ਇਸ ਮੁਹਿੰਮ ਨਾਲ ਹੁਣ ਪੰਜਾਬ ਦੇ ਕਲਾਕਾਰ, ਲੇਖਕ ਤੇ ਬੁੱਧੀਜੀਵੀ ਵੀ ਵੱਡੀ ਗਿਣਤੀ 'ਚ ਜੁੜਦੇ ਜਾ ਰਹੇ ਹਨ। ਇਹ ਮੁਹਿੰਮ 1-7 ਜੁਲਾਈ ਤੱਕ ਚਲਾਈ ਜਾਵੇਗੀ।

'ਹੁਣ ਨਸ਼ਿਆਂ ਦੀ ਇਹ ਅੱਗ ਜੰਗਲ ਦੀ ਅੱਗ ਬਣ ਚੁੱਕੀ ਹੈ'

ਪੰਜਾਬ ਦੇ ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਆਪਣੀ ਕਲਮ ਰਾਹੀਂ ਨਸ਼ਿਆਂ ਦੇ ਦਰਦ ਨੂੰ ਬਿਆਨ ਕੀਤਾ।

ਬੀਤੇ ਦਿਨੀਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਉਨ੍ਹਾਂ ਆਪਣੀ ਗੱਲ ਕਹੀ।

ਪੁੱਤ ਪੰਜ ਦਰਿਆਵਾਂ ਦੇ ਕਰ ਬੁੱਚੜਾਂ ਸ਼ਿਕਾਰ ਲਏ

ਜਿਹੜੇ ਗੋਲੀਆਂ ਤੋਂ ਬੱਚ ਗਏ ਸੀ

ਹਾਏ ਵੇ ਵੀਰਾ ਨਸ਼ਿਆਂ ਨੇ ਮਾਰ ਲਏ

ਉਹ ਅੱਗੇ ਕਹਿੰਦੇ ਹਨ, ''ਜਿਹੜੀ ਵੰਗਾਰ ਅੱਜ ਪੰਜਾਬੀਆਂ ਨੂੰ ਤੇ ਪੰਜਾਬ ਦੇ ਪੁੱਤਾਂ ਨੂੰ ਪਈ ਹੈ, ਉਹ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੀ। ਨਸ਼ਿਆਂ ਨੇ ਸਾਡੇ ਪਰਿਵਾਰਾਂ, ਪੰਜਾਬ ਤੇ ਨੌਜਵਾਨੀ ਦਾ ਕੀ ਹਾਲ ਕੀਤਾ ਹੈ, ਇਸ ਬਾਰੇ ਹੁਣ ਦੱਸਣ ਦੀ ਲੋੜ ਨਹੀਂ।''

'ਹੁਣ ਤਾਂ ਪਾਣੀ ਸਿਰੋ ਲੰਘ ਗਿਆ'

ਇਸ ਤਰ੍ਹਾਂ ਹੀ ਨਾਮੀਂ ਗਾਇਕ ਗਿੱਲ ਹਰਦੀਪ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਿਆਂ ਬਾਰੇ ਆਪਣੇ ਜਜ਼ਬਾਤ ਸਾਂਝੇ ਕੀਤੇ।

ਉਹ ਕਹਿੰਦੇ ਹਨ, ''ਮੇਰੀ ਗੁਜ਼ਾਰਿਸ਼ ਹੈ ਪੰਜਾਬੀਆਂ ਤੇ ਨੌਜਵਾਨਾਂ ਨੂੰ ਕਿ ਜਾਗੋ, ਨਹੀਂ ਤਾਂ ਪੰਜਾਬ ਉੱਜੜ ਜਾਵੇਗਾ। ਸਾਰੇ ਆਪੋ-ਆਪਣਾ ਫਰਜ਼ ਨਿਭਾਈਏ।ਹੁਣ ਤਾਂ ਪਾਣੀ ਸਿਰੋ ਲੰਘ ਗਿਆ ਹੈ।''

'ਨਸ਼ਿਆਂ ਕਰਕੇ ਪੰਜਾਬ ਵਿੱਚ ਨੌਜਵਾਨਾਂ ਦੇ ਸਿਵੇ ਬਲ ਰਹੇ ਹਨ'

ਗੱਲਾਂ ਗੋਰੀਆਂ ਤੇ ਜੱਗ ਜਿਉਂਦਿਆਂ ਦੇ ਮੇਲੇ ਵਰਗੇ ਗਾਣੇ ਗਾਉਣ ਵਾਲੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਵੀ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੇ ਹੋਏ ਆਪਣੀ ਗੱਲ ਕਹਿ ਰਹੇ ਹਨ।

ਉਹ ਵੀ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਏ ਅਤੇ ਸੋਸ਼ਲ ਮੀਡੀਆ 'ਤੇ ਹੋਰ ਪੋਸਟਾਂ ਰਾਹੀਂ ਵੀ ਆਪਣੇ ਵਿਚਾਰ ਰੱਖੇ।

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਮੈਂ ਆਪਣੇ ਦਿਲ ਦੀਆਂ ਗੱਲਾਂ ਕਹਿਣੀਆਂ ਚਾਹੁੰਦਾ ਹਾਂ।

ਉਨ੍ਹਾਂ ਕਿਹਾ, ''ਵੈਸੇ ਤਾਂ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ, ਪਰ ਹੁਣ ਹਰ ਰੋਜ਼ ਪੰਜਾਬ ਵਿੱਚ ਨੌਜਵਾਨਾਂ ਦੇ ਸਿਵੇ ਬਲ ਰਹੇ ਹਨ ਨਸ਼ਿਆਂ ਅਤੇ ਟੀਕਿਆਂ ਕਰਕੇ। ਮੈਂ ਮਰੋ ਜਾਂ ਵਿਰੋਧ ਕਰੋ ਮੁਹਿੰਮ ਅਤੇ ਪੰਜਾਬ ਦੇ ਨਾਲ ਹਾਂ।''

ਹਰਭਜਨ ਮਾਨ ਨੇ ਇਸ ਲਾਈਵ ਦੌਰਾਨ ਪੰਜਾਬੀ ਮਨੋਰੰਜਨ ਜਗਤ ਬਾਰੇ ਵੀ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਚੰਗਾ ਸੰਗੀਤ ਨਾ ਹੋਣ ਕਰਕੇ ਵੀ ਮਾਹੌਲ ਖ਼ਰਾਬ ਹੁੰਦਾ ਹੈ।

'ਸਰਕਾਰੇ ਚੁੱਪ ਰਹਿ ਕੇ ਨਾ ਸਾਰ'

ਉਧਰ ਲੇਖਕ, ਅਦਾਕਾਰ ਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਵੀ ਇਸ ਮੁਹਿੰਮ ਨੂੰ ਸਮਰਥਨ ਦਿੰਦੇ ਹੋਏ ਫੇਸਬੁੱਕ ਪੇਜ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।

ਉਹ ਕਹਿੰਦੇ ਹਨ, ''ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਲਹਿਰਾਂ ਚਲਦੀਆਂ ਹਨ। ਪੰਜਾਬ ਅਤੇ ਮਨੁੱਖਤਾ ਦਾ ਭਲਾ ਚਾਹੁਣ ਵਾਲਿਆਂ ਨੇ ਨਵੀਂ ਲਹਿਰ ਚਲਾਈ ਹੈ ਮਰੋ ਜਾਂ ਵਿਰੋਧ ਕਰੋ।''

''ਕੋਈ ਵੀ ਧਰਮ ਨਸ਼ਾ, ਲੜਾਈ ਜਾਂ ਪਾਖੰਡ ਨਹੀਂ ਸਿਖਾਉਂਦਾ ਅਸੀਂ ਪੰਜਾਬੀ ਕਿਤੇ ਨਾ ਕਿਤੇ ਪਾਖੰਡ, ਹੋਛੇਪਣ 'ਚ ਫਸ ਗਏ ਹਨ। ਅਸੀਂ ਇੱਕ ਦੂਜੇ ਨਾਲੋ ਟੁੱਟ ਗਏ ਹਾਂ, ਅਸੀਂ ਮਾੜੇ ਸੰਗੀਤ, ਫ਼ਿਲਮਾਂ ਨੂੰ ਉਤਸ਼ਾਹ ਦਿੰਦੇ ਹਾਂ।''

ਰਾਣਾ ਰਣਬੀਰ ਨਸ਼ਿਆਂ ਬਾਰੇ ਕਹਿੰਦੇ ਹਨ, ''ਅਸੀਂ ਨਸ਼ਿਆਂ ਵੱਲ ਚਲੇ ਗਏ ਹਾਂ, ਨਸ਼ਾ ਸਾਡਾ ਯਾਰ ਬਣ ਗਿਆ, ਇਹ ਦੇਖਣ ਨੂੰ ਹੀ ਯਾਰ ਲਗਦਾ ਹੈ, ਪਰ ਬਹੁਤ ਵੱਡਾ ਦੁਸ਼ਮਣ ਹੈ।''

ਇਸ ਵੀਡੀਓ ਦਾ ਸਿਰਲੇਖ ਹੈ, ''ਸਰਕਾਰੇ ਚੁੱਪ ਰਹਿ ਕੇ ਨਾ ਸਾਰ। ਆਪਣੇ ਆਸੇ ਪਾਸੇ ਝਾਤੀ ਮਾਰ''

'ਮਰੋ ਜਾਂ ਵਿਰੋਧ ਕਰੋ'

#ਮਰੋਜਾਂਵਿਰੋਧਕਰੋ ਨਾਂ ਨਾਲ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ 1 ਤੋਂ 7 ਜੁਲਾਈ ਨੂੰ 'ਕਾਲਾ ਹਫ਼ਤਾ' ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਹ ਅਪੀਲ ਨਸ਼ੇ ਦੇ ਵਿਰੋਧ 'ਚ ਪੰਜਾਬ ਵਾਸੀਆਂ ਨੂੰ ਕੀਤੀ ਜਾ ਰਹੀ ਹੈ।

ਇਸ ਨਾਲ ਸੰਬੰਧਿਤ ਪੋਸਟਰ ਵੀ ਸੋਸ਼ਲ ਮੀਡੀਆ ਉੱਤੇ ਪਾਏ ਜਾ ਰਹੇ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਪੋਸਟਰਾਂ ਨੂੰ ਆਪਣੀ ਪ੍ਰੋਫਾਈਲ ਤਸਵੀਰ ਜਾਂ ਕਵਰ ਫੋਟੋ ਦੇ ਤੌਰ ਉੱਤੇ ਲਗਾਇਆ ਜਾਵੇ।

ਇਹੀ ਨਹੀਂ ਸੋਸ਼ਲ ਮੀਡੀਆ ਉੱਤੇ ਲੋਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸ ਤਸਵੀਰ ਵੀ ਸਾਂਝੀ ਕਰ ਰਹੇ ਹਨ।

ਤਸਵੀਰ ਵਿੱਚ ਉਨ੍ਹਾਂ ਗੁਟਕਾ ਸਾਹਿਬ ਫੜਿਆ ਹੈ। ਇਹ ਉਸ ਵੇਲੇ ਦੀ ਤਸਵੀਰ ਹੈ ਜਦੋਂ ਵੋਟਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)