ਫੇਸਬੁੱਕ ’ਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇ

ਬਰਤਾਨੀਆ ਦੀ ਫ਼ਰਮ ਕੈਂਬਰਿਜ ਅਨਾਲਿਟਿਕਾ 'ਤੇ ਫੇਸਬੁੱਕ ਡਾਟਾ ਚੋਰੀ ਦੇ ਇਲਜ਼ਾਮਾਂ ਤੋਂ ਬਾਅਦ ਫ਼ਰਮ ਦੇ ਸੀਈਓ ਅਲੈਗਜ਼ੈਂਡਰ ਨੀਕਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਹਾਲਾਂਕਿ ਬਰਤਾਨੀਆ ਅਤੇ ਯੂਰਪ ਦੀ ਸੰਸਦ ਨੇ ਫੇਸਬੁੱਕ ਦੇ ਕਰਤਾ-ਧਰਤਾ, ਮਾਰਕ ਜ਼ੱਕਰਬਰਗ ਤੋਂ ਸਬੂਤਾਂ ਦੀ ਮੰਗ ਕੀਤੀ ਹੈ।

ਫੇਸਬੁੱਕ ਲਈ ਡਾਟਾ, ਈਂਧਨ ਦੀ ਤਰ੍ਹਾਂ ਹੈ। ਇਹ ਐਡ ਦੇਣ ਵਾਲਿਆਂ ਨੂੰ ਇੱਕ ਮੰਚ ਦਿੰਦਾ ਹੈ, ਜਿਸ ਦੇ ਬਦਲੇ ਫੇਸਬੁੱਕ ਪੈਸਾ ਲੈਂਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਫੇਸਬੁੱਕ ਕੋਲ ਇਸ ਦੇ ਵਰਤਣ ਵਾਲੇ ਦੇ ਲਾਇਕਸ, ਡਿਸਲਾਇਕਸ, ਲਾਈਫਸਟਾਈਲ ਅਤੇ ਸਿਆਸੀ ਸੋਚ ਦੀ ਪ੍ਰੋਫਾਈਲ ਤਿਆਰ ਕਰਨ ਦੀ ਸਮਰੱਥਾ ਹੈ।

ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਉਹ ਦੂਸਰਿਆਂ ਦੇ ਨਾਲ ਕੀ ਸਾਂਝਾ ਕਰਦਾ ਹੈ ਅਤੇ ਵਰਤੋਂ ਕਰਨ ਵਾਲੇ ਆਪਣੀ ਜਾਣਕਾਰੀ ਨੂੰ ਆਪਣੇ ਕੋਲ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੇ ਹਨ?

ਅਸੀਂ ਸਾਰਿਆਂ ਨੇ ਇਸ ਤਰ੍ਹਾਂ ਦੇ ਕੁਇਜ ਵੇਖੇ ਹਨ। ਇਸ ਵਿੱਚ ਤੁਹਾਡੇ ਆਈਕਿਊ ਨੂੰ ਟੈੱਸਟ ਕਰਨ ਦੀ ਗੱਲ ਕਹੀ ਜਾਂਦੀ ਹੈ, ਤੁਹਾਡੀ ਅੰਦਰੂਨੀ ਸ਼ਖ਼ਸੀਅਤ ਨੂੰ ਦੱਸਣ ਦੀ ਗੱਲ ਕਹੀ ਜਾਂਦੀ ਹੈ ਜਾਂ ਤੁਹਾਨੂੰ ਇਹ ਵਿਖਾਉਣ ਦੀ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਇੱਕ ਐਕਟਰ ਦੇ ਤੌਰ ਉੱਤੇ ਕਿਵੇਂ ਨਜ਼ਰ ਆਓਗੇ?

ਕਹਿਣ ਨੂੰ ਇਹ ਫੇਸਬੁੱਕ ਕੁਇਜ ਹੈ ਪਰ ਅਸਲ ਮਾਅਨਿਆਂ ਵਿੱਚ ਇਹ ਤੁਹਾਡੀ ਡਿਜੀਟਲ ਜ਼ਿੰਦਗੀ ਹੈ। ਇਸੇ ਤਰ੍ਹਾਂ ਦੇ ਫੇਸਬੁੱਕ ਕੁਇਜ ਨਾਲ ਕੈਂਬਰਿਜ ਅਨਾਲਿਟਿਕਾ ਨੇ ਕਰੋੜਾਂ ਲੋਕਾਂ ਦਾ ਡਾਟਾ ਹਾਸਲ ਕਰ ਲਿਆ।

ਇਸ ਤਰ੍ਹਾਂ ਦੀਆਂ ਗੇਮਾਂ ਅਤੇ ਕਵਿਜ ਫੇਸਬੁੱਕ ਯੂਜ਼ਰਜ਼ ਦਾ ਧਿਆਨ ਖਿੱਚਣ ਲਈ ਡਿਜ਼ਾਈਨ ਕੀਤੇ ਜਾਂਦੇ ਹਨ, ਪਰ ਇਸ ਦਾ ਅਸਲ ਮਕਸਦ ਡਾਟਾ ਇਕੱਠਾ ਕਰਨਾ ਹੁੰਦਾ ਹੈ।

ਗੁਪਤ ਰੱਖਣ ਦੀ ਵਕਾਲਤ ਕਰਨ ਵਾਲੀ ਇਲੈਕਟ੍ਰਾਨਿਕ ਫਰੰਟਿਅਰ ਫਾਉਂਡੇਸ਼ਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕੁਇਜ ਨਾਲ ਲੋਕਾਂ ਦਾ ਡਾਟਾ ਹਾਸਲ ਕੀਤਾ ਜਾਂਦਾ ਹੈ , ਉਹ ਦਿਖਾਉਂਦਾ ਹੈ ਕਿ ਫੇਸਬੁੱਕ ਸੇਵਾਵਾਂ ਦੀਆਂ ਸ਼ਰਤਾਂ ਉਸ ਸਮੇਂ ਕਿਵੇਂ ਦੀ ਸਨ।

ਹੁਣ ਫੇਸਬੁੱਕ ਨੇ ਆਪਣੇ ਨਿਯਮਾਂ ਅਤੇ ਸ਼ਰਤਾਂ ਵਿੱਚ ਕੁਝ ਬਦਲਾਅ ਕੀਤੇ ਹਨ, ਇਸ ਵਿੱਚ ਫੇਸਬੁੱਕ ਵਰਤਣ ਵਾਲੇ ਦਾ ਡਾਟਾ ਤੱਕ ਥਰਡ ਪਾਰਟੀ ਦੀ ਪਹੁੰਚ ਸੀਮਤ ਹੋ ਗਈ ਹੈ।

ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੰਸਥਾ ਕੋਲ ਕਿਸ ਤਰ੍ਹਾਂ ਦੀ ਜਾਣਕਾਰੀ ਹੈ। ਬਰਤਾਨੀਆ ਦੀ ਡਾਟਾ ਪ੍ਰੋਟੈਕਸ਼ਨ ਅਥਾਰਿਟੀ ਜਾਂਚ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸ ਤਰ੍ਹਾਂ ਰੱਖੋ ਫੇਸਬੁੱਕ ਡਾਟਾ ਸੁਰੱਖਿਅਤ

  • ਇਸ ਲਈ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
  • ਅਜਿਹੀਆਂ ਐਪਸ 'ਤੇ ਨਜ਼ਰ ਰੱਖੋ, ਜਿਨ੍ਹਾਂ ਨੂੰ ਖੋਲ੍ਹਣ ਲਈ ਫ਼ੇਸਬੁੱਕ ਦੇ ਅਕਾਊਂਟ ਲੋਗ-ਇਨ ਦੀ ਲੋੜ ਹੋਵੇ। ਅਜਿਹੀਆਂ ਐਪਸ ਵਿੱਚ ਤੁਹਾਡੀ ਕਈ ਥਾਵਾਂ 'ਤੇ ਆਗਿਆ ਮੰਗੀ ਜਾਂਦੀ ਹੈ ਤੇ ਇਹ ਡਾਟਾ ਲੈਣ ਲਈ ਹੀ ਬਣੀਆਂ ਹੋਈਆਂ ਹਨ।
  • ਐਡ ਨੂੰ ਘੱਟ ਕਰਨ ਲਈ ਐਡ ਬਲੋਕਰ ਦੀ ਵਰਤੋਂ ਕਰੋ।
  • ਆਪਣੀ ਫ਼ੇਸਬੁੱਕ ਦੀ ਸੀਕੀਓਰਟੀ ਸੈਟਿੰਗ ਦਾ ਧਿਆਨ ਰੱਖੋ। ਇਸ ਕੰਮ ਕਰਨਾ ਯਕੀਨੀ ਬਣਾਓ।
  • ਤੁਸੀਂ ਫ਼ੇਸਬੁੱਕ 'ਤੇ ਤੁਹਾਡੇ ਡਾਟਾ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ। ਇਸ ਦਾ ਬਟਨ ਜਨਰਲ ਅਕਾਉਂਟ ਸੈਟਿੰਗ 'ਚ ਹੈ।

ਕੁੱਝ ਹੋਰ ਸੁਝਾਅ ਵੀ ਹਨ।

ਈਸਟ ਐਂਗਲਿਆ ਸਕੂਲ ਆਫ਼ ਲਾਅ ਯੂਨੀਵਰਸਿਟੀ ਵਿੱਚ ਸੂਚਨਾ ਤਕਨੀਕੀ, ਬੌਧਿਕ ਜਾਇਦਾਦ ਅਤੇ ਮੀਡਿਆ ਕਾਨੂੰਨ ਪੜ੍ਹਾਉਣ ਵਾਲੇ ਲੈਕਚਰਾਰ ਪੋਲ ਬਰਨਲ ਕਹਿੰਦੇ ਹਨ, ਕਦੇ ਵੀ ਕਿਸੇ ਉਤਪਾਦ ਦੇ ਸਰਵਿਸ ਪੇਜ ਦੇ ਲਾਇਕ ਬਟਨ ਉੱਤੇ ਕਲਿੱਕ ਨਾ ਕਰੋ ਅਤੇ ਜੇਕਰ ਤੁਸੀਂ ਕਿਸੇ ਗੇਮ ਜਾਂ ਕੁਇਜ ਨੂੰ ਖੇਡਣਾ ਚਾਹੁੰਦੇ ਹੋ ਤਾਂ ਫੇਸਬੁੱਕ ਤੋਂ ਲੌਗ ਇਨ ਕਰਨ ਦੀ ਬਜਾਏ ਸਿੱਧੇ ਉਸ ਦੀ ਸਾਈਟ ਉੱਤੇ ਜਾਓ।

ਡਾ. ਬਰਨਲ ਦਾ ਮੰਨਣਾ ਹੈ ਕਿ ਆਪਣੇ ਡਾਟਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦਾ ਸਿਰਫ਼ ਇੱਕ ਤਰੀਕਾ ਹੈ ਅਤੇ ਉਹ ਹੈ ਕਿ ਤੁਸੀਂ ਫੇਸਬੁੱਕ ਛੱਡ ਦਿਓ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਫੇਸਬੁੱਕ ਨੂੰ ਲੋਕਾਂ ਦਾ ਡਾਟਾ ਪ੍ਰੋਟੈਕਟ ਕਰਨ ਲਈ ਉਤਸ਼ਾਹਤ ਕਰਨ ਦਾ ਇੱਕ ਤਰੀਕਾ ਹੈ ਕਿ ਲੋਕ ਫੇਸਬੁੱਕ ਛੱਡ ਕੇ ਜਾਣ ਲੱਗੇ।"

ਇਸ ਤਰ੍ਹਾਂ ਲੱਗਦਾ ਹੈ ਕਿ ਅਜਿਹਾ ਸੋਚਣ ਵਾਲੇ ਬਰਨਲ ਇਕੱਲੇ ਨਹੀਂ ਹਨ। ਕੈਂਬਰਿਜ ਅਨਾਲਿਟਿਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਉੱਤੇ ਹੈਸ਼ਟੈਗ #DeleteFacebook ਟ੍ਰੈਂਡ ਕਰਨ ਲੱਗਾ ਹੈ।

ਪਰ ਡਾਕਟਰ ਬਰਨਲ ਕਹਿੰਦੇ ਹਨ ਕਿ ਇਹ ਮੁਸ਼ਕਲ ਹੈ ਕਿ ਜ਼ਿਆਦਾ ਲੋਕ ਫੇਸਬੁੱਕ ਛੱਡਣਗੇ। ਕਿਉਂਕਿ ਕਈ ਲੋਕ ਫੇਸਬੁੱਕ ਨੂੰ ਆਪਣੀ ਜ਼ਿੰਦਗੀ ਦੇ ਇੱਕ ਅਹਿਮ ਹਿੱਸੇ ਦੀ ਤਰ੍ਹਾਂ ਵੇਖਦੇ ਹਨ।

ਮੌਜੂਦਾ ਨਿਯਮਾਂ ਮੁਤਾਬਕ ਯੂਜਰ ਕਿਸੇ ਫ਼ਰਮ ਤੋਂ ਪੁੱਛ ਸਕਦਾ ਹੈ ਕਿ ਉਸ ਕੋਲ ਉਸ ਦੇ ਬਾਰੇ ਵਿੱਚ ਕਿੰਨੀ ਜਾਣਕਾਰੀ ਹੈ। ਪਰ ਸਵਾਲ ਇਹ ਹੈ ਕਿ ਇਹ ਪੁੱਛਿਆ ਕਿਸ ਤੋਂ ਜਾਵੇ?

ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਰਪ ਵਿੱਚ ਜਨਰਲ ਡਾਟਾ ਪ੍ਰੋਟੈਕਸ਼ਨ ਰੇਗੂਲੇਸ਼ਨ ਨੂੰ ਹੋਰ ਸਖ਼ਤ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)