You’re viewing a text-only version of this website that uses less data. View the main version of the website including all images and videos.
ਪ੍ਰੈਸ ਰਿਵੀਊ: 'ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਨਾਅਰਾ ਲਾਇਆ ਤੇ ਛਾਲ ਮਾਰ ਦਿੱਤੀ'
ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਨ ਵਾਲੇ 52 ਸਾਲਾ ਸਿੱਖ ਕਾਰਕੁਨ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਆਤਮਹੱਤਿਆ ਕਰ ਲਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਆਪਣੇ ਜੱਦੀ ਪਿੰਡ ਠਸਕਾਅਲੀ, ਜਿਲ੍ਹਾ ਕੁਰੂਕਸ਼ੇਤਰ ਵਿੱਚ ਪਾਣੀ ਦੀ ਟੈਂਕੀ ਤੋਂ ਛਾਲ ਮਾਰੀ ਤੇ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਪਰਿਵਾਰਾਂ ਵੱਲੋਂ ਸਿਰੋਪਾ ਮਿਲਣ ਤੋਂ ਬਾਅਦ, ਖ਼ਾਲਸਾ ਦੁਪਹਿਰ ਇੱਕ ਵਜੇ ਪਿੰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਸੀ।
ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਕਿਸੇ ਨੂੰ ਨਹੀਂ ਦੇਵੇਗਾ। ਚੀਨ ਆਪਣੇ ਇਲਾਕਿਆਂ ਲਈ ਕਿਸੇ ਤਰ੍ਹਾਂ ਦੀ ਜੰਗ ਲੜਨ ਲਈ ਵੀ ਤਿਆਰ ਹੈ।
ਦਿ ਟ੍ਰਿਬਿਊਨ ਦੀ ਇੱਕ ਖ਼ਬਰ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਇਹ ਗੱਲਾਂ ਨੈਸ਼ਨਲ ਪੀਪਲਜ਼ ਕਾਂਗਰਸ ਵਿੱਚ ਆਪਣੇ 30 ਮਿੰਟਾਂ ਦੇ ਭਾਸ਼ਣ ਵਿੱਚ ਕਹੀਆਂ।
ਉਨ੍ਹਾਂ ਕਿਹਾ, "ਆਧੁਨਿਕ ਯੁੱਗ ਵਿੱਚ ਚੀਨ ਨੂੰ ਇੱਕ ਮਹਾਨ ਦੇਸ ਨੂੰ ਬਣਾਉਣਾ ਸਾਡਾ ਸੁਪਨਾ ਹੈ। ਇਸ ਲਈ ਚੀਨ ਦਾ ਅਤੇ ਚੀਨੀ ਲੋਕਾਂ ਦੀ ਇੱਕ ਸਾਂਝੀ ਵਚਨਬੱਧਤਾ ਹੈ ਕਿ ਉਹ ਆਪਣੀ ਇੱਕ ਇੰਚ ਜ਼ਮੀਨ ਵੀ ਬਾਹਰ ਨਹੀਂ ਜਾਣ ਦੇਣਗੇ।"
ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇੱਕ ਮੁਜ਼ਾਹਰੇ ਤੋਂ ਬਾਅਦ, ਪ੍ਰੋਫੈਸਰ ਅਤੁਲ ਜੌਹਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਬਾਅਦ ਵਿਚ ਉਨ੍ਹਾਂ ਦੀ ਜ਼ਮਾਨਤ ਹੋ ਗਈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰੋ. ਜੌਹਰੀ ਉੱਤੇ ਸਕੂਲ ਆਫ਼ ਲਾਈਫ਼ ਸਾਇੰਸਸ ਦੀਆਂ ਅੱਠ ਵਿਦਿਆਰਥਣਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ।
ਅਖ਼ਬਾਰ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਪ੍ਰੋ. ਜੌਹਰੀ ਨੇ ਉਨ੍ਹਾਂ 'ਤੇ ਲੱਗੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ। ਪ੍ਰੋ. ਜੌਹਰੀ ਨੇ ਕਿਹਾ ਕੇ ਉਨ੍ਹਾਂ ਦੇ ਵਿਦਿਆਰਥੀਆਂ ਨਾਲ ਚੰਗੇ ਸੰਬੰਧ ਹਨ।
ਪੰਜਾਬੀ ਟ੍ਰਿਬਿਊਨ ਵਿੱਚ ਛਾਪੀ ਇੱਕ ਖ਼ਬਰ ਮੁਤਾਬਕ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਮੰਗਲਵਾਰ ਨੂੰ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਪਲੇਠੇ ਦਿਨ ਦਿੱਤੇ ਭਾਸ਼ਣ ਵਿੱਚੋਂ ਸੂਬੇ ਦੇ ਬੁਨਿਆਦੀ ਮੁੱਦੇ ਖ਼ਾਸ ਕਰ ਕੇ ਪੰਜਾਬੀ ਬੋਲਦੇ ਇਲਾਕੇ ਅਤੇ ਰਾਜਧਾਨੀ ਚੰਡੀਗੜ੍ਹ 'ਤੇ ਹੱਕ ਜਤਾਉਣ ਦੇ ਮੁੱਦੇ ਗ਼ਾਇਬ ਰਹੇ।
ਭਾਸ਼ਣ ਵਿੱਚ ਰਾਜਪਾਲ ਵੱਲੋਂ ਪਾਣੀਆਂ ਦੀ ਰਾਖੀ ਦਾ ਅਹਿਦ ਤਾਂ ਕੀਤਾ ਗਿਆ ਪਰ ਗੁਆਂਢੀ ਸੂਬਿਆਂ ਦੇ ਨਾਮ ਦਾ ਜ਼ਿਕਰ ਕਰਨ ਤੋਂ ਗੁਰੇਜ਼ ਹੀ ਕੀਤਾ ਗਿਆ।
ਰਾਜਪਾਲ ਵੱਲੋਂ ਜਦੋਂ ਨਸ਼ਿਆਂ ਦੀ ਸਮਗਲਿੰਗ ਨਾਲ ਸਬੰਧਿਤ ਪੈਰ੍ਹਾ ਪੜ੍ਹਿਆ ਜਾ ਰਿਹਾ ਸੀ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਕਿਹਾ ਕਿ ਵੱਡੇ ਸਮਗਲਰਾਂ ਨੂੰ ਕਾਬੂ ਕਰਨ 'ਚ ਸਰਕਾਰ ਕਾਮਯਾਬ ਨਹੀਂ ਹੋਈ।
ਰਾਜਪਾਲ ਵੱਲੋਂ ਆਪਣਾ ਭਾਸ਼ਣ ਜਾਰੀ ਰੱਖਿਆ ਗਿਆ ਤੇ ਖਹਿਰਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ (ਬੈਂਸ ਭਰਾਵਾਂ) ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।