ਚੀਨ ਤੇ ਰੂਸ ਦੇ ਸੰਬੰਧ ਅੱਜ ਬਿਹਤਰੀਨ: ਸ਼ੀ ਜਿਨਪਿੰਗ

ਦੁਨੀਆਂ ਭਰ ਦੇ ਸਿਆਸਤਦਾਨ ਵਲਾਦੀਮੀਰ ਪੁਤਿਨ ਨੂੰ ਅਗਲੇ ਛੇ ਸਾਲਾਂ ਦੇ ਕਾਰਜਕਾਲ ਲਈ ਰੂਸ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ 'ਤੇ ਵਧਾਈਆਂ ਦੇ ਰਹੇ ਹਨ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਰੂਸ ਨਾਲ ਉਨ੍ਹਾਂ ਦਾ ਦੇਸ ਭਾਈਵਾਲੀ ਇਤਿਹਾਸ ਦੇ 'ਸਭ ਤੋਂ ਵਧੀਆ ਪੱਧਰ 'ਤੇ ਹੈ।'

ਉਧਰ ਜਰਮਨੀ ਦੇ ਚਾਂਸਲਰ ਏਂਜਲਾ ਮੇਰਕਲ ਵੀ ਛੇਤੀ ਪੂਤਿਨ ਨੂੰ ਵਧਾਈਆਂ ਦੇਣ ਵਾਲੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੀ ਜਿੱਤ ਲਈ ਫੋਨ 'ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਹੈ ਕਿ ਪੂਤਿਨ ਦੀ ਲੀਡਰਸ਼ਿਪ ਵਿੱਚ ਦੋਹਾਂ ਦੇਸਾਂ ਵਿਚਾਲੇ ਸੰਬੰਧ ਹੋਰ ਬਿਹਤਰ ਹੋਣਗੇ।

ਪਰ ਹੋਰ ਕਿਸੇ ਵੀ ਪੱਛਮੀ ਮੁਲਕ ਦੇ ਸਿਆਸਤਦਾਨ ਵੱਲੋਂ ਯੂਕੇ 'ਚ ਇੱਕ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ ਸਬੰਧੀ ਤਣਾਅ ਵਿਚਕਾਰ ਪੂਤਿਨ ਨੂੰ ਵਧਾਈ ਨਹੀਂ ਦਿੱਤੀ ਗਈ।

ਬਰਤਾਨੀਆ ਨਾਲ ਰੂਸ ਦੇ ਸੰਬੰਧ ਰੂਸੀ ਜਸੂਸ ਨੂੰ ਜ਼ਹਿਰ ਦੇਣ ਵਾਲੀ ਘਟਨਾ ਕਾਰਨ ਖਰਾਬ ਹੋਏ ਹਨ।

ਰੂਸ ਦੇ ਕੇਂਦਰੀ ਚੋਣ ਕਮਿਸ਼ਨ ਮੁਤਾਬਕ ਪੂਤਿਨ ਨੂੰ ਲਗਭਗ 76 ਫ਼ੀਸਦੀ ਵੋਟਾਂ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਸਮੇਤ ਆਪਣੀ ਸਰਕਾਰ 'ਚ ਬਦਲਾਅ ਬਾਰੇ ਵਿਚਾਰ ਕਰ ਰਹੇ ਹਨ।

ਦੁਨੀਆਂ ਭਰ ਤੋਂ ਕੀ-ਕੀ ਰਿਹਾ ਪ੍ਰਤੀਕਰਮ?

ਆਪਣੇ ਵਧਾਈ ਸੰਦੇਸ਼ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ, ''ਮੌਜੂਦਾ ਸਮੇਂ 'ਚ ਚੀਨ ਤੇ ਰੂਸ ਦੀ ਵਿਆਪਕ ਰਣਨੀਤਕ ਸਹਿਯੋਗੀ ਭਾਈਵਾਲੀ ਇਤਿਹਾਸ ਦੇ ਸਭ ਤੋਂ ਵਧੀਆ ਪੱਧਰ 'ਤੇ ਹੈ, ਜੋ ਇੱਕ ਨਵੇਂ ਕਿਸਮ ਦੇ ਅੰਤਰਰਾਸ਼ਟਰੀ ਰਿਸ਼ਤਿਆਂ ਦੇ ਨਿਰਮਾਣ ਲਈ ਮਿਸਾਲ ਪੇਸ਼ ਕਰਦਾ ਹੈ।''

ਪੂਤਿਨ ਨੂੰ ਵਧਾਈ ਦੇਣ ਵਾਲੇ ਮੁਲਕਾਂ ਵਿੱਚ ਇਰਾਨ, ਕਜ਼ਾਕਸਤਾਨ, ਬੇਲਾਰੂਸ, ਵੈਂਜ਼ੁਏਲਾ, ਬੋਲੀਵੀਆ ਅਤੇ ਕਿਊਬਾ ਵੀ ਸ਼ਾਮਿਲ ਹਨ।

ਪਰ ਹੁਣ ਤਕ ਕਿਸੇ ਵੀ ਪੱਛਮੀ ਮੁਲਕ ਦੇ ਸਿਆਸਤਦਾਨ ਜਾਂ ਨੇਤਾ ਵੱਲੋਂ ਉਨ੍ਹਾਂ ਨੂੰ ਵਧਾਈ ਸੰਦੇਸ਼ ਨਹੀਂ ਭੇਜਿਆ ਗਿਆ।

ਜਰਮਨ ਚਾਂਸਲਰ ਏਂਜਲਾ ਮੇਰਕਲ ਦੇ ਬੁਲਾਰੇ ਸਟੇਫਨ ਸੀਬਰਟ ਨੇ ਕਿਹਾ ਕਿ ਸ਼੍ਰੀਮਤੀ ਮੇਰਕਲ 'ਛੇਤੀ ਹੀ' ਰੂਸੀ ਰਾਸ਼ਟਰਪਤੀ ਨੂੰ ਟੈਲੀਗ੍ਰਾਮ ਭੇਜਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)