ਬਲਾਗ: ਕੀ ਮੁਆਫ਼ੀ ਮੰਗਣਾ ਪੰਜਾਬੀਆਂ ਦੀ ਰੀਤ ਨਹੀਂ ?

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਪੰਜਾਬੀ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਪਰਦ ਕਰ ਦਿੱਤਾ ਹੈ।

ਸੋਸ਼ਲ ਮੀਡੀਆ ਉੱਤੇ ਚੱਲ ਰਹੀ ਟੀਕਾ ਟਿੱਪਣੀ ਵਿੱਚੋਂ ਦਿਲਚਸਪ ਰੁਝਾਨ ਉਘੜਦਾ ਹੈ।

ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਕਹਿੰਦੇ ਹਨ, "ਇਸ ਤੋਂ ਬਾਅਦ ਕੇਜਰੀਵਾਲ ਨਾਲ ਕਿਸੇ ਗੱਲਬਾਤ ਤੱਕ ਦੀ ਗੁੰਜਾਇਸ਼ ਨਹੀਂ ਹੈ।"

ਸਿਮਰਜੀਤ ਸਿੰਘ ਬੈਂਸ ਦੀ ਗੱਲਬਾਤ ਵਿੱਚ ਉਹ ਆਪਣੇ-ਆਪ ਨੂੰ ਸਿਰਫ਼ ਬੈਂਸ ਵਜੋਂ ਅਤੇ ਅਰਵਿੰਦ ਨੂੰ ਸਿਰਫ਼ ਕੇਜਰੀਵਾਲ ਵਜੋਂ ਪਛਾਣਦੇ ਹਨ।

ਇੱਕ ਨਕਸਲਵਾਦੀ ਧਿਰ ਦੇ ਆਗੂ ਸਰਦਾਰਾ ਸਿੰਘ ਮਾਹਿਲ ਫੇਸਬੁੱਕ ਉੱਤੇ 'ਕੇਜਰੀਵਾਲ' ਦੇ 'ਭਗਤਾਂ' ਨੂੰ 'ਮਾਨਸਿਕ ਰੋਗਾਂ ਦੇ ਡਾਕਟਰ' ਕੋਲ ਜਾਣ/ਲਿਜਾਣ ਦੀ ਸਲਾਹ ਦਿੰਦੇ ਹਨ।

ਅਰਵਿੰਦ ਕੇਜਰੀਵਾਲ ਨੂੰ 'ਗ਼ੱਦਾਰ' ਜਾਂ 'ਭਗੌੜਾ' ਕਰਾਰ ਦੇਣ ਵਾਲਿਆਂ ਦਾ ਪਨ੍ਹਾ ਖੱਬੇ-ਪੱਖੀਆਂ, ਸੱਜੇ-ਪੱਖੀਆਂ ਅਤੇ ਨਿਰ-ਪੱਖੀਆਂ ਵਿੱਚ 'ਵਗਦੀ ਗੰਗਾ ਵਿੱਚ ਹੱਥ ਧੋਣ' ਵਾਲੀ ਸਾਂਝ ਉਘਾੜਦਾ ਹੈ।

ਇੱਕ ਟਿੱਪਣੀਕਾਰ ਲਿਖਦੇ ਹਨ ਕਿ ਮੁਆਫ਼ੀ ਮੰਗਣਾ 'ਪੰਜਾਬੀਆਂ/ਸਿੱਖਾਂ' ਦੇ ਖ਼ਾਸੇ ਨਾਲ ਮੇਲ ਨਹੀਂ ਖਾਂਦਾ।

ਇਹ ਟਿੱਪਣੀਕਾਰ ਪੂਰਾ ਜ਼ੋਰ 'ਕੇਜਰੀਵਾਲ' ਉੱਤੇ ਦਿੰਦੇ ਹਨ ਪਰ ਦੂਹਰ ਪਾਉਣ ਲਈ 'ਜਾਤੀ ਸੂਚਕ' ਸ਼ਬਦ ਦੀ ਵਰਤੋਂ ਵੀ ਕਰਦੇ ਹਨ। ਇਨ੍ਹਾਂ ਦਾ ਦਾਅਵਾ ਹੈ ਕਿ ਪੰਜਾਬੀ ਮੁਆਫ਼ੀ ਮੰਗਵਾਉਣਾ ਹੀ ਜਾਣਦੇ ਹਨ ਪਰ ਮੁਆਫ਼ੀ ਮੰਗਣ ਵਰਗਾ 'ਡਿੱਗਿਆ ਹੋਇਆ' ਕੰਮ ਨਹੀਂ ਕਰ ਸਕਦੇ।

ਇਹ ਟਿੱਪਣੀਕਾਰ 'ਚਾਲੀ ਮੁਕਤਿਆਂ' ਅਤੇ 'ਗੁਰੁ ਹਰਗੋਬਿੰਦ-ਪੈਂਡੇ ਖ਼ਾਨ' ਵਾਲੇ ਇਤਿਹਾਸ ਨੂੰ ਵਿਸਾਰ ਕੇ ਆਪਣੇ ਆਪ ਨੂੰ 'ਪੰਜਾਬ ਸਿੰਘ' ਦਾ ਹਿੱਤੂ ਕਰਾਰ ਦਿੰਦੇ ਹਨ।

ਸੋਸ਼ਲ ਮੀਡੀਆ ਉੱਤੇ ਸਰਗਰਮ ਇੱਕ ਨਾਵਲਕਾਰ ਆਪਣੇ ਲੇਖਾਂ ਵਿੱਚ ਪੰਜਾਬੀਆਂ ਦੇ ਉਲਾਰ ਸੁਭਾਅ ਤੋਂ ਪਰੇਸ਼ਾਨ ਰਹਿੰਦੇ ਹਨ ਪਰ ਅਰਵਿੰਦ ਕੇਜਰੀਵਾਲ ਦੀ 'ਗੱਦਾਰੀ' ਨੂੰ ਪੰਜਾਬ ਦੇ ਨਾਮ ਨਾਲ ਜੁੜਦੇ ਦਰਿਆਵਾਂ ਜਿੰਨੇ ਵਿਸ਼ੇਸ਼ਣਾਂ ਨਾਲ ਨਿਵਾਜਦੇ ਹਨ।

ਅਰਵਿੰਦ ਦੀ ਮੁਆਫ਼ੀ ਨੇ ਬਹੁਤ ਸਾਰੇ ਟਿੱਪਣੀਕਾਰਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਪੰਜਾਬ ਦੇ ਨੁਮਾਇੰਦੇ ਵਜੋਂ 'ਸੱਚੇ', 'ਖ਼ਰੇ' ਅਤੇ 'ਪੱਕੇ' ਹੋਣ ਦੀ ਦਾਅਵੇਦਾਰੀ ਕਰ ਸਕਣ।

ਫੇਸਬੁੱਕ ਉੱਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਆਉਂਦੇ ਪਰਵਾਸੀ ਮਜ਼ਦੂਰਾਂ ਦੇ ਹਮਨਾਮੀਏ ਵਜੋਂ ਪਛਾਣਨ ਦੀ ਦੌੜ ਵਿੱਚ ਪੰਜ ਮਹਾਂਦੀਪਾਂ ਦੇ 'ਪੰਜਾਬੀ' ਸ਼ਾਮਿਲ ਹਨ।

ਅਰਵਿੰਦ ਕੇਜਰੀਵਾਲ ਨੂੰ ਵਿਸ਼ੇਸ਼ਣ ਦੇਣ ਵਾਲੇ ਆਪਣੀ ਪਛਾਣ ਦੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਇਤਿਹਾਸ ਵਿੱਚੋਂ ਚੋਣਵੇਂ ਤੱਥਾਂ ਰਾਹੀਂ ਦਿੱਲੀ ਅਤੇ ਪੰਜਾਬ ਦੀ 'ਪੱਕੀ ਦੁਸ਼ਮਣੀ' ਦਾ ਹਵਾਲਾ ਦਿੰਦੇ ਹਨ।

ਆਮ ਆਦਮੀ ਪਾਰਟੀ ਵਿੱਚ ਸੂਬੇ ਦਾ ਸਭ ਤੋਂ ਕੱਦਾਵਰ ਆਗੂ ਹੋਣ ਦਾ ਦਾਅਵਾ ਕਰਨ ਵਾਲੇ ਸਿਆਸਤਦਾਨਾਂ ਦੇ ਸੁਰ ਇੱਕਦਮ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਬਾਬਤ ਦਿੱਤੇ ਬਿਆਨਾਂ ਨਾਲ ਮੇਲ ਖਾਣ ਲੱਗੇ ਹਨ।

ਸ਼ਾਇਦ ਪਹਿਲੀ ਵਾਰ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਅਤੇ ਪ੍ਰੇਮ ਸਿੰਘ ਚੰਦੂਮਾਜਰਾ 'ਪੰਜਾਬ ਦੇ ਹਿੱਤ ਵਿੱਚ' ਇੱਕਸੁਰ ਹੋਏ ਹਨ।

ਇਨ੍ਹਾਂ ਦੇ ਸੁਰ ਵਿੱਚ ਲੰਡਨ ਤੋਂ ਅਰਥਸ਼ਾਸਤਰੀ ਪ੍ਰੀਤਮ ਸਿੰਘ ਸੁਰ ਮਿਲਾਉਂਦੇ ਹੋਏ ਲਿਖਦੇ ਹਨ ਕਿ ਪੰਜਾਬ ਇਸ ਸਿਆਸੀ ਧਿਰ ਦੇ 'ਖੰਡਰਾਂ ਵਿੱਚੋਂ ਉੱਠੇਗਾ' ਅਤੇ ਨਵੀਂ ਸਿਆਸੀ ਧਿਰ ਪੰਜਾਬ ਦੀ ਅਣਸਰਦੀ ਇਤਿਹਾਸਕ ਲੋੜ ਹੈ।

ਅਰਵਿੰਦ ਕੇਜਰੀਵਾਲ ਦੀ ਮੁਆਫ਼ੀ ਨਾਲ ਹੋਣ ਵਾਲੀ ਸਿਆਸੀ ਪਾਲਾਬੰਦੀ ਆਪਣੀ ਥਾਏਂ ਅਹਿਮ ਹੈ ਪਰ ਟਿੱਪਣੀਕਾਰਾਂ ਲਈ ਅਜਿਹਾ ਮੌਕਾ ਪੈਦਾ ਕਰਨਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਪੰਜਾਬ ਦੀ ਨਸਲੀ, ਜਾਤੀ ਅਤੇ ਫ਼ਿਰਕੂ ਅਚਵੀ ਬੇਪਰਦ ਕਰ ਦਿੱਤੀ ਹੈ।

ਇਹ ਫ਼ੈਸਲਾ ਕਰਨਾ ਔਖਾ ਹੈ ਕਿ ਇਸ ਅਚਵੀ ਦੇ ਪਰਦੇ ਵਿੱਚ ਰਹਿਣ ਨਾਲ ਪੰਜਾਬ ਚੰਗਾ ਸੀ ਜਾਂ ਬੇਪਰਦ ਹੋਣ ਨਾਲ ਕੁਝ ਗੁੰਜਾਇਸ਼ ਪੈਦਾ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)