You’re viewing a text-only version of this website that uses less data. View the main version of the website including all images and videos.
ਇਰਾਕ 'ਚ 39 ਭਾਰਤੀਆਂ ਦੀ ਮੌਤ:'ਜਿਹੜੀ ਕੰਪਨੀ 'ਚ ਉਹ ਕੰਮ ਕਰਦੇ ਸਨ ਉਸਨੇ ਸਾਥ ਨਹੀਂ ਦਿੱਤਾ'
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਇਰਾਕ ਵਿਚ 39 ਭਾਰਤੀਆਂ ਦੀ ਮੌਤ ਦੀ ਖ਼ਬਰ ਜਿਉਂ ਹੀ ਨਸ਼ਰ ਹੋਈ ਤਾਂ ਦੋਆਬੇ ਦੇ ਉਨ੍ਹਾਂ ਘਰਾਂ ਵਿਚ ਮਾਤਮ ਛਾ ਗਿਆ ਜਿਹੜੇ ਚਾਰ ਸਾਲਾਂ ਤੋਂ ਇਹ ਉਮੀਦ ਲਾਈ ਬੈਠੇ ਸਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕ ਨਾ ਇਕ ਦਿਨ ਘਰ ਮੁੜ ਆਉਣਗੇ।
ਸੰਸਦ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਗਏ ਬਿਆਨ ਨੇ ਪੀੜਤ ਪਰਿਵਾਰਾਂ ਦੇ ਘਰ ਸੱਥਰ ਵਿਛਾ ਦਿੱਤੇ ਹਨ।
ਪੀੜਤ ਪਰਿਵਾਰਾਂ ਨੇ ਕੇਂਦਰ ਸਰਕਾਰ ਵਿਰੁੱਧ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਧੋਖੇ ਵਿਚ ਰੱਖਿਆ ਗਿਆ ਹੈ।
ਜਿਹੜੇ ਪੀੜਤ ਪਰਿਵਾਰ ਦਿੱਲੀ ਜਾ ਕੇ ਸੁਸ਼ਮਾ ਸਵਰਾਜ ਨੂੰ ਮਿਲਦੇ ਰਹੇ ਸਨ ਉਹ ਵਾਰ-ਵਾਰ ਕੋਸ ਰਹੇ ਸਨ ਕਿ ਉਨ੍ਹਾਂ ਨੂੰ ਝੂਠੇ ਦਿਲਾਸੇ ਦਿੱਤੇ ਗਏ।
ਡੀ.ਐਨ.ਏ. ਟੈਸਟ ਲੈਣ ਸਮੇਂ ਉਨ੍ਹਾਂ ਨੂੰ ਇਹ ਧੁੜਕੂ ਲੱਗ ਗਿਆ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।
ਇਨ੍ਹਾਂ ਪਰਿਵਾਰਾਂ ਨੇ ਆਪਣੀ ਗਰੀਬੀ ਤੇ ਆਰਥਿਕ ਤੰਗੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਤਾਂ ਉਨ੍ਹਾਂ ਦੀ ਉਮੀਦ ਵੀ ਤੋੜ ਦਿੱਤੀ ਹੈ ਤੇ ਉਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ।
ਵਿਧਵਾ ਹੋਈਆਂ ਮੁਟਿਆਰਾਂ ਦੇ ਬੱਚੇ ਵੀ ਵੱਡੇ ਹੋ ਗਏ ਹਨ। ਉਨ੍ਹਾਂ ਨੂੰ ਹੁਣ ਕੋਈ ਹੋਰ ਉਮੀਦ ਦਿਖਾਈ ਨਹੀਂ ਦੇ ਰਹੀ।
ਬਲਵੰਤ ਰਾਏ ਦੇ ਪਰਿਵਾਰ ਨੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ
ਜਲੰਧਰ ਦੇ ਨਾਲ ਲਗਦੇ ਪਿੰਡ ਢੱਡੇ ਦਾ ਬਲਵੰਤ ਰਾਏ ਛੇ ਸਾਲ ਪਹਿਲਾਂ ਇਰਾਕ ਗਿਆ ਸੀ।
ਉਸ ਦੀ ਆਪਣੇ ਪਰਿਵਾਰ ਨਾਲ 15 ਜੂਨ 2014 ਨੂੰ ਆਖਰੀ ਵਾਰ ਗੱਲ ਹੋਈ ਸੀ।
ਬਲਵੰਤ ਰਾਏ ਦੇ ਪੁੱਤਰ ਪਵਨ ਤੇ ਰਕੇਸ਼ ਕੁਮਾਰ ਨੇ ਦੱਸਿਆ, ''ਸਰਕਾਰ ਨੇ ਉਨ੍ਹਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਹੁਣ ਉਹ ਸਾਰੇ ਸਬੂਤ ਸਾਹਮਣੇ ਰੱਖੇ ਜਾਣ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਿਵੇਂ ਤੇ ਕਦੋਂ ਹੋਈ ਸੀ।''
ਬਲਵੰਤ ਰਾਏ ਦੀ ਪਤਨੀ ਗਿਆਨ ਕੌਰ ਨੇ ਕਿਹਾ, ''ਉਹ ਫੁੱਟਬਾਲ ਸੀਅ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ। ਹੁਣ ਉਸ ਵਿਚ ਹਿੰਮਤ ਨਹੀਂ ਰਹੀ ਤੇ ਸਰਕਾਰ ਹੀ ਸੋਚੇ ਕਿ ਉਨ੍ਹਾਂ ਨੇ ਸਾਡੀ ਮਦਦ ਕਿਵੇਂ ਕਰਨੀ ਹੈ।''
ਸੁਰਜੀਤ ਮੇਨਕਾ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਚੂਹੜਵਾਲੀ ਪਿੰਡ ਦੇ 30 ਸਾਲਾ ਸੁਰਜੀਤ ਮੇਨਕਾ ਦੀ ਪਤਨੀ ਊਸ਼ਾ ਰਾਣੀ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸੁਰਜੀਤ ਮੇਨਕਾ ਦੀ ਮਾਂ ਹਰਬੰਸ ਕੌਰ ਆਪਣੇ ਪੁੱਤਰ ਦੀ ਫੋਟੋ ਫੜ ਕੇ ਧਾਹਾਂ ਮਾਰ ਕੇ ਰੋ ਰਹੀ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਉਹ ਫੁੱਟਬਾਲ ਸੀਅ ਕੇ ਗੁਜ਼ਾਰਾ ਕਰਦੇ ਹਨ।
ਇਕ ਗਾਂ ਰੱਖੀ ਹੋਈ ਹੈ, ਜਿਸ ਦਾ ਉਹ ਦੁੱਧ ਵੇਚ ਕੇ ਚਾਰ ਪੈਸੇ ਕਮਾਉਂਦੇ ਹਨ।
ਸੁਰਜੀਤ ਮੇਨਕਾ ਦਾ ਅੱਠ ਸਾਲ ਦਾ ਮੁੰਡਾ ਅਜੇ ਮੁਢੱਲੀ ਪੜ੍ਹਾਈ ਹੀ ਕਰ ਰਿਹਾ ਹੈ।
'ਭਾਣਾ ਵਰਤਣ ਦਾ ਖਦਸ਼ਾ ਪਹਿਲਾਂ ਹੀ ਹੋ ਗਿਆ ਸੀ'
ਹਰਵਿੰਦਰ ਕੌਰ ਆਪਣੇ ਮਾਪਿਆਂ ਕੋਲ ਗਾਜੀਪੁਰ ਵਿੱਚ ਰਹਿ ਰਹੀ ਹੈ।
12 ਜਮਾਤਾਂ ਪਾਸ ਹਰਵਿੰਦਰ ਕੌਰ ਆਪਣੇ ਵਿਆਹ ਤੋਂ ਬਾਅਦ ਪਤੀ ਕਮਲਜੀਤ ਨਾਲ ਖਿਚਵਾਈ ਤਸਵੀਰ ਨੂੰ ਦੇਖ-ਦੇਖ ਕੇ ਰੋ ਰਹੀ ਸੀ।
ਉਸ ਦੇ ਦੋ ਬੱਚੇ ਹਨ, 7 ਸਾਲਾ ਮਨਪ੍ਰੀਤ ਸਿੰਘ ਤੇ 5 ਸਾਲਾ ਸਿਮਰਜੀਤ ਕੌਰ।
ਹਰਵਿੰਦਰ ਕੌਰ ਦੇ ਪਿਤਾ ਭਜਨ ਲਾਲ ਨੇ ਦੱਸਿਆ, ''ਤਿੰਨ ਸਾਲਾਂ ਤੋਂ ਉਸ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਚੂੰਨੀ ਕਲਾਂ 'ਚ ਰਹਿੰਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਧੀ ਦੀ ਸਾਰ ਨਹੀਂ ਲਈ। ਜਿਹੜੇ ਪੈਸੇ ਸਰਕਾਰ ਦਿੰਦੀ ਹੈ ਉਨ੍ਹਾਂ ਵਿਚੋਂ ਅੱਧੇ ਪੈਸੇ ਬੱਚਿਆਂ ਦੇ ਖਾਤੇ ਵਿਚ ਜਾਂਦੇ ਹਨ ਤੇ ਇੱਕ ਹਿੱਸਾ ਹਰਵਿੰਦਰ ਕੌਰ ਨੂੰ ਤੇ ਇੱਕ ਹਿੱਸਾ ਉਸ ਦੀ ਸੱਸ ਨੂੰ ਜਾਂਦਾ ਹੈ।''
ਭਜਨ ਲਾਲ ਨੇ ਦੱਸਿਆ ਕਿ ਸ਼ੱਕ ਤਾਂ ਉਨ੍ਹਾਂ ਨੂੰ 2014 ਵਿੱਚ ਹੀ ਪੈ ਗਿਆ ਸੀ ਕਿ ਉਨ੍ਹਾਂ ਦੇ ਜਵਾਈ ਨਾਲ ਕੋਈ ਮਾੜਾ ਭਾਣਾ ਵਾਪਰ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਵੀ ਉਨ੍ਹਾਂ ਨੂੰ ਉਡਦਾ-ਉਡਦਾ ਪਤਾ ਹੀ ਲੱਗਾ। ਪਹਿਲਾਂ ਜਦੋਂ ਟੈਲੀਵਿਜ਼ਨ 'ਤੇ ਖਬਰ ਚੱਲ ਰਹੀ ਸੀ ਤਾਂ ਬਿਜਲੀ ਚਲੀ ਗਈ। ਫਿਰ ਉਨ੍ਹਾਂ ਨੇ ਮੋਬਾਈਲ ਤੋਂ ਇੰਟਰਨੈੱਟ ਰਾਹੀਂ ਇਹ ਭਾਣਾ ਵਾਪਰਨ ਦੀ ਖ਼ਬਰ ਸੁਣੀ।
ਰੂਪ ਲਾਲ ਦੀ ਪਤਨੀ ਦਿਮਾਗੀ ਤੌਰ 'ਤੇ ਹੋਈ ਪਰੇਸ਼ਾਨ
ਨਕੋਦਰ ਨੇੜਲੇ ਪਿੰਡ ਬਾਠ ਕਲਾਂ ਦੀ ਕਮਲਜੀਤ ਕੌਰ ਆਪਣੇ ਪਤੀ ਰੂਪ ਲਾਲ ਦੇ ਵਿਯੋਗ ਵਿੱਚ ਹੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋ ਚੁੱਕੀ ਹੈ।
ਸਹੁਰਾ ਪਰਿਵਾਰ ਨੇ ਵੀ ਉਸ ਦੇ ਹਿੱਸੇ ਆਉਂਦੇ ਇੱਕ ਕਮਰੇ ਦੀ ਮੁਰੰਮਤ ਨਹੀਂ ਕਰਵਾਈ ਤੇ ਉਹ ਢਹਿ-ਢੇਰੀ ਹੋ ਗਿਆ।
ਹੁਣ ਉਹ ਆਪਣੇ ਦੋ ਬੱਚਿਆਂ ਨਾਲ ਕਿਰਾਏ 'ਤੇ ਰਹਿ ਰਹੀ ਹੈ।
ਦਸਵੀਂ ਪਾਸ ਕਮਲਜੀਤ ਕੌਰ ਦਾ ਕਹਿਣਾ ਹੈ, ''ਉਨ੍ਹਾਂ ਦੇ ਪਰਿਵਾਰ ਬਾਰੇ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਦੀ ਪੜ੍ਹਾਈ 'ਤੇ ਹੋਰ ਖਰਚਾ ਕਿਵੇਂ ਕਰਨਾ ਹੈ। ਸੌਰਵ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਕਰਨ ਛੇਵੀਂ ਜਮਾਤ ਵਿੱਚ।''
''ਇਹ ਬੱਚੇ ਘਰ ਵਿਚ ਟੈਲੀਵੀਜ਼ਨ 'ਤੇ ਚੱਲਦੀਆਂ ਖਬਰਾਂ ਸਾਰਾ ਦਿਨ ਦੇਖਦੇ ਰਹੇ ਕਿ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਉਨ੍ਹਾਂ ਦੇ ਪਿਤਾ ਨਾਲ ਕੀ ਵਾਪਰਿਆ ਹੈ।''
ਸੰਦੀਪ ਕੁਮਾਰ ਦੇ ਪਰਿਵਾਰ ਦੀਆਂ ਧਾਹਾਂ ਸੁਣਨੀਆ ਹੋਈਆਂ ਔਖੀਆਂ
ਮਲਸੀਆਂ ਰੋਡ 'ਤੇ ਆਉਂਦੇ ਆਲੇਵਾਲੀ ਪਿੰਡ ਦੇ 32 ਸਾਲਾ ਸੰਦੀਪ ਕੁਮਾਰ ਦੇ ਪਰਿਵਾਰ ਦੀਆਂ ਧਾਹਾਂ ਵੀ ਸੁਣੀਆਂ ਨਹੀਂ ਸੀ ਜਾਂਦੀਆਂ।
ਦਿਹਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਤਰਸੇਮ ਲਾਲ ਨੇ ਦੱਸਿਆ ਕਿ 2012 ਵਿਚ ਸੰਦੀਪ ਕੁਮਾਰ ਇਰਾਕ ਗਿਆ ਸੀ।
ਜਦੋਂ ਉਥੇ ਗੜਬੜ ਹੋ ਗਈ ਤਾਂ ਕੰਪਨੀ ਵਾਲੇ ਵੀ ਛੱਡ ਕੇ ਦੌੜ ਗਏ।
ਸੰਦੀਪ ਦੇ ਭਰਾ ਕੁਲਦੀਪ ਕੁਮਾਰ ਨੇ ਦੱਸਿਆ, ''ਉਨ੍ਹਾਂ ਦੀਆਂ ਚਾਰ ਭੈਣਾਂ ਹਨ। ਦੋ ਵਿਆਹੀਆਂ ਹਨ ਤੇ ਦੋ ਛੋਟੀਆਂ ਹਨ। ਮਾਂ ਸੁਮਿੱਤਰਾ ਦੇਵੀ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਇਆ ਹੈ ਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।''
ਪਰਿਵਾਰ ਦੀ ਆਰਥਿਕ ਹਾਲਤ ਐਨੀ ਕਮਜ਼ੋਰ ਹੈ ਕਿ ਉਨ੍ਹਾਂ ਦੇ ਘਰ ਨੂੰ ਅਜੇ ਦਰਵਾਜ਼ੇ ਤੱਕ ਵੀ ਨਹੀਂ ਲੱਗੇ ਹਨ।
ਕੁਲਵਿੰਦਰ ਦੀ ਮੌਤ ਦੀ ਖ਼ਬਰ ਨਾਲ ਸਹਿਮਿਆ ਪਰਿਵਾਰ
ਇਰਾਕ ਦੇ ਸ਼ਹਿਰ ਮੂਸਲ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਦਿੱਤੇ ਜਾਣ ਨਾਲ ਕਰਤਾਰਪੁਰ ਦੇ ਨੇੜਲੇ ਪਿੰਡ ਖਾਨਕੇ ਫਤਿਹਪੁਰ (ਨੇੜੇ ਜੰਡੇ ਸਰਾਏ) ਵਿੱਚ ਸੋਗ ਫੈਲ ਗਿਆ।
ਇਸ ਪਿੰਡ ਦਾ ਕੁਲਵਿੰਦਰ ਸਿੰਘ ਪੁੱਤਰ ਮਰਹੂਮ ਜਗਦੀਸ਼ ਕੁਮਾਰ 2013 ਵਿੱਚ ਕਾਮੇ ਵਜੋਂ ਕੰਮ ਕਰਨ ਲਈ ਇਰਾਕ ਗਿਆ ਸੀ।
ਉਸ ਦੀ ਮੌਤ ਦੀ ਖਬਰ ਆਉਣ ਕਾਰਨ ਪਰਿਵਾਰ ਵਿਚ ਬੁੱਢੀ ਮਾਂ, ਪਤਨੀ ਤੇ ਦੋ ਜੁੜਵਾਂ ਬੱਚੇ ਸਹਿਮੇ ਹੋਏ ਹਨ।
ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਘਰ ਵਿਚ ਭੈਣ ਭਰਾਵਾਂ ਤੋਂ ਵੱਡਾ ਹੋਣ ਕਰਕੇ ਪਰਿਵਾਰਕ ਜ਼ਿੰਮੇਵਾਰੀਆਂ ਉਸ ਉੱਪਰ ਹੀ ਸਨ।
ਸਾਲ 2013 ਨੂੰ ਕੁਲਵਿੰਦਰ ਸਿੰਘ ਰੱਖੜੀ ਦਾ ਤਿਓਹਾਰ ਮਨਾ ਕੇ ਇਰਾਕ ਗਿਆ ਸੀ।
ਆਖਰੀ ਵਾਰ ਆਪਣੇ ਪਤੀ ਦੀ ਆਈ ਕਾਲ 'ਤੇ ਸਿਰਫ ਐਨੀ ਹੀ ਗੱਲ ਹੋਈ ਕਿ ਇਥੇ ਹਾਲਾਤ ਠੀਕ ਨਹੀਂ ਹਨ।
ਜਿਸ ਕੰਪਨੀ ਵਿੱਚ ਉਹ ਕੰਮ ਕਰ ਰਿਹਾ ਹੈ ਉਨ੍ਹਾਂ ਦਾ ਸਾਥ ਨਹੀਂ ਮਿਲ ਰਿਹਾ।
ਦਵਿੰਦਰ ਸਿੰਘ ਦੀ 2014 'ਚ ਪਰਿਵਾਰ ਨਾਲ ਹੋਈ ਸੀ ਆਖ਼ਰੀ ਵਾਰ ਗੱਲ
ਇਰਾਕ ਵਿਖੇ ਮਾਰਿਆ ਗਿਆ ਦਵਿੰਦਰ ਸਿੰਘ ਪਿੰਡ ਚੱਕ ਦੇਸ ਰਾਜ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਆਪਣੇ ਸਹੁਰੇ ਪਿੰਡ ਰੁੜਕਾ ਕਲਾਂ ਵਿਖੇ ਰਹਿੰਦਾ ਸੀ।
ਉਹ 2011 ਵਿਚ ਰੋਜ਼ੀ ਰੋਟੀ ਦੀ ਖ਼ਾਤਰ ਇਰਾਕ ਗਿਆ। ਉਸ ਦੀ 2014 ਵਿਚ ਪਰਿਵਾਰ ਨਾਲ ਆਖ਼ਰੀ ਵਾਰ ਗੱਲਬਾਤ ਹੋਈ।
ਉਸ ਸਮੇਂ ਤੋਂ ਹੀ ਖ਼ਦਸ਼ਾ ਚੱਲ ਰਿਹਾ ਸੀ ਕਿ ਦਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਪਰ ਸਰਕਾਰੀ ਤੌਰ 'ਤੇ ਪੁਸ਼ਟੀ ਨਹੀਂ ਹੋਈ ਸੀ।
ਤਿੰਨ ਮਹੀਨੇ ਪਹਿਲਾਂ ਪਰਿਵਾਰ ਦਾ ਡੀ.ਐਨ.ਏ. ਟੈਸਟ ਲਈ ਸੈਂਪਲ ਲਏ ਗਏ ਸਨ। ਸਰਕਾਰ ਵੱਲੋਂ ਪੁਸ਼ਟੀ ਕਰਨ 'ਤੇ ਪਰਿਵਾਰ ਅਤੇ ਇਲਾਕੇ ਵਿਚ ਸੋਗ ਪਸਰ ਗਿਆ।
ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ, ''ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਈ ਵਾਰ ਮਿਲੇ ਹਨ ਪਰ ਕੁਝ ਨਹੀਂ ਪਤਾ ਲੱਗ ਸਕਿਆ।''
ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਤਿੰਨ ਲੜਕੇ ਬਲਰਾਜ, ਗਗਨਦੀਪ ਅਤੇ ਰਮਨ ਹਨ।
ਗੋਬਿੰਦਰ ਸਿੰਘ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਰਾਕ ਦੇ ਮੂਸਲ ਸ਼ਹਿਰ ਵਿੱਚ ਚਾਰ ਸਾਲ ਪਹਿਲਾਂ 39 ਭਾਰਤੀਆਂ ਨਾਲ ਅਗਵਾ ਕੀਤੇ ਪਿੰਡ ਮੁਰਾਰ ਜ਼ਿਲਾ ਕਪੂਰਥਲਾ ਦੇ ਗੋਬਿੰਦਰ ਸਿੰਘ ਦੀ ਮੌਤ ਦੀ ਖਬਰ ਆਉਣ 'ਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਉਹ ਚਾਰ ਸਾਲ ਤੋਂ ਗੋਬਿੰਦਰ ਸਿੰਘ ਦੇ ਵਾਪਸ ਆਉਣ ਦੀ ਆਸ ਲਾਈ ਬੈਠੇ ਸਨ। ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਸਨ।
ਇਸ ਸਬੰਧੀ ਗੋਬਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ, ''ਉਸ ਦਾ ਪਤੀ ਜੁਲਾਈ 2013 ਨੂੰ ਰੋਜ਼ੀ ਰੋਟੀ ਦੀ ਖਾਤਰ ਇਰਾਕ ਗਿਆ ਸੀ। ਇਕ ਸਾਲ ਬਾਅਦ 15 ਜੂਨ 2014 ਨੂੰ ਪਤਾ ਲੱਗਾ ਕਿ ਉਸ ਨੂੰ ਇਰਾਕ ਵਿਚ ਆਈਐੱਸਆਈਐੱਸ ਵੱਲੋਂ ਹੋਰ 38 ਭਾਰਤੀਆਂ ਨਾਲ ਅਗਵਾ ਕਰ ਲਿਆ ਗਿਆ ਹੈ ਅਤੇ ਕਿਸੇ ਅਨਹੋਣੀ ਦਾ ਸ਼ਿਕਾਰ ਹੋ ਗਿਆ ਹੈ।''
ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਨ੍ਹਾਂ ਨੂੰ ਪਿਛਲੇ ਚਾਰ ਸਾਲ ਤੋਂ ਗੁਮਰਾਹ ਕਰਦੀ ਆ ਰਹੀ ਸੀ। ਪਰ ਸਰਕਾਰ ਅੱਜ ਤੱਕ ਉਨ੍ਹਾਂ ਦੇ ਬਿਆਨਾਂ ਨੂੰ ਝੂਠ ਦੱਸ ਰਹੀ ਹੈ।