'ਜੋ ਮੇਰੀਆਂ ਅੱਖਾਂ ਸਾਹਮਣੇ ਹੋਇਆ ਉਹ ਮੈਡਮ ਸੁਸ਼ਮਾ ਨੂੰ ਮੰਨਣਾ ਪਿਆ'

''ਜੋ ਮੇਰੀਆਂ ਅੱਖਾਂ ਸਾਹਮਣੇ ਹੋਇਆ ਆਖਿਰ ਉਹ ਮੈਡਮ ਸੁਸ਼ਮਾ ਸਵਰਾਜ ਨੂੰ ਵੀ ਮੰਨਣਾ ਪਿਆ ਕਿ 39 ਭਾਰਤੀ ਮਾਰੇ ਗਏ''

ਇਹ ਗੱਲ ਇਰਾਕ 'ਚ 39 ਭਾਰਤੀਆਂ ਦੇ 40ਵੇਂ ਸਾਥੀ ਗੁਰਦਾਸਪੁਰ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਕਹੀ। ਹਰਜੀਤ ਅਨੁਸਾਰ ਤਿੰਨ ਸਾਲ ਪਹਿਲਾਂ ਬਚ ਕੇ ਉਹ ਆਪਣੇ ਮੁਲਕ ਪਰਤ ਆਏ ਸਨ।

ਹਰਜੀਤ ਮਸੀਹ ਕਹਿੰਦੇ ਹਨ, ''ਮੈਂ ਤਿੰਨ ਸਾਲ ਪਹਿਲਾਂ ਵੀ ਇਹੀ ਕਿਹਾ ਸੀ ਕਿ 39 ਭਾਰਤੀ ਮਾਰੇ ਗਏ ਹਨ ਤੇ ਹੁਣ ਸੁਸ਼ਮਾ ਸਵਰਾਜ ਜੀ ਕਹਿ ਰਹੇ ਹਨ ਕਿ 39 ਭਾਰਤੀ ਮਾਰੇ ਗਏ ਹਨ।''

''ਮੈਂ ਸੱਚ ਬੋਲਿਆ ਤੇ ਮੈਨੂੰ ਸੱਚ ਬੋਲਣ ਦੀ ਸਜ਼ਾ ਮਿਲੀ, ਮੈਨੂੰ 6 ਮਹੀਨੇ ਜੇਲ੍ਹ ਕਿਉਂ ਕੱਟੀ?''

''ਸਰਕਾਰ ਨੇ ਮੈਨੂੰ ਤੇ 39 ਪਰਿਵਾਰਾਂ ਨੂੰ ਵੀ ਗੁਮਰਾਹ ਕੀਤਾ''

ਹਰਜੀਤ ਦਾ ਕਹਿਣਾ ਹੈ ਕਿ ਉਹ ਤਿੰਨ ਸਾਲ ਪਹਿਲਾਂ ਵੀ ਸੱਚ ਬੋਲ ਰਹੇ ਸਨ ਅਤੇ ਅੱਜ ਵੀ ਉਹ ਸੱਚ ਹੀ ਬੋਲ ਰਹੇ ਹਨ।

ਹਰਜੀਤ ਅੱਗੇ ਕਹਿੰਦੇ ਹਨ, ''ਮੈਨੂੰ ਝੂਠਾ ਏਜੰਟ ਕਿਉਂ ਦਿਖਾਇਆ ਗਿਆ?''

ਉਹ ਅੱਗੇ ਕਹਿੰਦੇ ਹਨ, ''ਸਰਕਾਰ ਨੂੰ ਚਾਹੀਦਾ ਹੈ ਕਿ ਉਸ ਖ਼ਿਲਾਫ਼ ਜਿਹੜੇ ਕੇਸ ਦਰਜ ਹਨ ਉਹ ਖ਼ਤਮ ਕੀਤੇ ਜਾਣ।''

''ਮੈਂ ਤਿੰਨ ਸਾਲ ਪਹਿਲਾਂ ਵੀ ਇਹ ਗੱਲ ਕਹੀ ਤੇ ਹੁਣ ਸੱਚ ਸਭ ਦੇ ਸਾਹਮਣੇ ਹੈ''

ਉਹ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੁੱਛਦੇ ਹਨ, ''ਦੱਸੋ ਪਹਿਲਾਂ ਸੱਚ ਸੀ ਕਿ ਹੁਣ ਸੱਚ ਹੈ?''

''ਜੋ ਮੇਰੀਆਂ ਅੱਖਾਂ ਸਾਹਮਣੇ ਹੋਇਆ ਆਖਿਰ ਉਹ ਮੈਡਮ ਸੁਸ਼ਮਾ ਸਵਰਾਜ ਨੂੰ ਵੀ ਮੰਨਣ ਪਿਆ ਕਿ 39 ਭਾਰਤੀ ਮਾਰੇ ਗਏ''

ਹਰਜੀਤ ਮਸੀਹ ਦੇ ਵੱਖ-ਵੱਖ ਦਾਅਵਿਆਂ ਦੇ ਜਵਾਬ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ, ''ਇੱਕ ਵਿਅਕਤੀ ਦੇ ਦਾਅਵੇ ਤੇ ਅਸੀਂ ਕੋਈ ਐਲਾਨ ਨਹੀਂ ਕਰ ਸਕਦੇ ਸੀ। ਅਸੀਂ ਆਪਣੇ ਵੱਲੋਂ ਪੂਰੀ ਤਸਦੀਕ ਕੀਤੀ ਅਤੇ ਫ਼ਿਰ ਅਸੀਂ 39 ਭਾਰਤੀਆਂ ਦੇ ਮੌਤ ਦੀ ਪੁਸ਼ਟੀ ਕੀਤੀ''

ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਸੰਸਦ ਵਿੱਚ ਕਿਹਾ, ''ਇਹ ਸਾਫ ਹੋ ਚੁੱਕਿਆ ਹੈ ਕਿ ਹਰਜੀਤ ਮਸੀਹ ਨੇ ਝੂਠ ਬੋਲਿਆ ਸੀ।''

''ਆਪਣੇ ਦਾਅਵੇ ਮੁਤਾਬਕ ਹਰਜੀਤ ਮਸੀਹ ਉਸ ਕਤਲ-ਏ-ਆਮ ਦੌਰਾਨ ਬਚ ਕੇ ਨਹੀਂ ਨਿਕਲੇ ਬਲਕਿ ਬੰਗਲਾਦੇਸ਼ ਦੇ ਸਾਥੀਆਂ ਦੇ ਸਮੂਹ ਨਾਲ 'ਅਲੀ' ਨਾਂ ਦੱਸ ਕੇ ਭੱਜ ਗਏ ਸਨ ਅਤੇ ਏਰਬਿਲ 'ਚ ਭਾਰਤੀ ਅਧਿਕਾਰੀਆਂ ਵੱਲੋਂ ਲੱਭੇ ਗਏ ਸਨ।''

ਸੁਸ਼ਮਾ ਸਵਰਾਜ ਅੱਗੇ ਕਹਿੰਦੇ ਹਨ, ''ਅਸੀਂ ਪੁੱਛਿਆ ਉਹ ਏਰਬਿਲ ਕਿਵੇਂ ਪਹੁੰਚੇ, ਪਰ ਉਹ ਇਹ ਕਹਿੰਦੇ ਰਹੇ ਮੈਨੂੰ ਨਹੀਂ ਪਤਾ....ਮੈਨੂੰ ਇੱਥੋਂ ਲੈ ਜਾਓ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)