ਇਰਾਕ 'ਚ ਲਾਪਤਾ ਪੰਜਾਬੀ: ਕਿਉਂ ਲਏ ਗਏ ਪਰਿਵਾਰਾਂ ਦੇ ਖ਼ੂਨ ਦੇ ਨਮੂਨੇ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਇਰਾਕ 'ਚ ਇਸਲਾਮਿਕ ਸਟੇਟ ਵੱਲੋਂ ਬੰਧੀ ਬਣਾਏ ਗਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਟੈਸਟ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ 3 ਪਰਿਵਾਰਾਂ ਦੇ ਖ਼ੂਨ ਦੇ ਨਮੂਨੇ ਲਏ ਗਏ ਹਨ।

ਗੁਰਦਾਸਪੁਰ ਇਲਾਕੇ 'ਚ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਵਿਸ਼ੇਸ ਟੀਮ ਨੇ ਇਰਾਕ 'ਚ ਲਾਪਤਾ ਨੌਜਵਾਨਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਖ਼ੂਨ ਦੇ ਨਮੂਨੇ ਲਏ ਇਕੱਠੇ ਕੀਤੇ ਹਨ।

ਸੀਨੀਅਰ ਮੈਡੀਕਲ ਅਧਿਕਾਰੀ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੇ ਆਦੇਸ਼ਾਂ ਤਹਿਤ 3 ਨੌਜਵਾਨਾਂ ਦੇ ਪਰਿਵਾਰਾਂ ਦੇ ਖ਼ੂਨ ਦੇ ਨਮੂਨੇ ਇਕੱਠੇ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਈ ਹੋਰ ਦਸਤਾਵੇਜ਼ ਇਕੱਠੇ ਕਰਨ ਦਾ ਆਦੇਸ਼ ਸੀ।

ਉਨ੍ਹਾਂ ਨੇ ਦੱਸਿਆ ਕਿ ਪ੍ਰਾਪਤ ਆਦੇਸ਼ਾਂ ਵਿੱਚ ਲਿਖਿਆ ਹੋਇਆ ਸੀ ਕਿ 23 ਅਕਤੂਬਰ ਨੂੰ ਵਿਦੇਸ਼ ਮੰਤਰਾਲੇ ਵੱਲੋਂ ਇੱਕ ਵਿਸ਼ੇਸ਼ ਵਫ਼ਦ ਇਰਾਕ ਜਾ ਰਿਹਾ ਹੈ ਅਤੇ ਇਹ ਨਮੂਨੇ ਉਸੇ ਲਈ ਇਕੱਠੇ ਕਰਨ ਅਤੇ ਜਲਦ ਭੇਜਣ ਲਈ ਕਿਹਾ।

ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਗਏ ਹਨ ਪਰ ਚੰਗੀ ਤਰ੍ਹਾਂ ਨਹੀਂ ਦੱਸਿਆ ਗਿਆ ਹੈ ਕਿ ਨਮੂਨੇ ਕਿਉਂ ਲਏ ਜਾ ਰਹੇ ਹਨ।

ਇਰਾਕ ਵਿੱਚ ਲਾਪਤਾ ਪਿੰਡ ਤਲਵੰਡੀ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਦੀ ਮਾਂ ਕਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਆਈ ਸੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਪਛਾਣ ਲਈ ਖ਼ੂਨ ਦੇ ਨਮੂਨੇ ਲੈ ਕੇ ਗਏ ਹਨ।

ਕੰਵਲਜੀਤ ਕੌਰ ਨੇ ਕਿਹਾ ਕਿ ਡਾਕਟਰਾਂ ਨੇ ਇਹ ਵੀ ਕਿਹਾ ਸੀ ਜੇਕਰ ਟੈਸਟ ਠੀਕ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਬੁਲਾਇਆ ਜਾਵੇਗਾ।

ਪਿੰਡ ਰੂਪੋਵਾਲੀ ਦੇ ਨੌਜਵਾਨ ਕਮਲਜੀਤ ਸਿੰਘ ਦੀ ਮਾਂ ਮੋਹਿੰਦਰ ਕੌਰ ਨੇ ਵੀ ਕਿਹਾ ਕਿ ਡਾਕਟਰਾਂ ਨੇ ਉਸ ਦਾ ਖ਼ੂਨ ਦੇ ਨਮੂਨੇ ਲਿਆ ਗਿਆ ਹੈ ਅਤੇ ਉਹ ਉਨ੍ਹਾਂ ਦੀਆਂ ਤਸਵੀਰਾਂ ਅਤੇ ਪੁੱਤਰ ਕਮਲਜੀਤ ਸਿੰਘ ਦੇ ਪਾਸਪੋਰਟ ਦੀ ਫੋਟੋਕਾਪੀ ਵੀ ਲੈ ਕੇ ਗਏ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)