You’re viewing a text-only version of this website that uses less data. View the main version of the website including all images and videos.
ਦੋ ਸਾਲ ਕਿੱਥੇ ਲਾਪਤਾ ਰਹੀ ਪਾਕਿਸਤਾਨੀ ਪੱਤਰਕਾਰ?
- ਲੇਖਕ, ਸ਼ਹਿਜ਼ਾਦ ਮਲਿਕ
- ਰੋਲ, ਬੀਬੀਸੀ ਉਰਦੂ ਪੱਤਰਕਾਰ, ਪਾਕਿਸਤਾਨ
ਪਾਕਿਸਤਾਨ ਦੇ ਅਧਿਕਾਰੀਆਂ ਮੁਤਾਬਕ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਨੂੰ ਦੋ ਸਾਲ ਬਾਅਦ ਲੱਭ ਲਿਆ ਗਿਆ ਹੈ। ਉਨ੍ਹਾਂ ਨੂੰ ਅਗਸਤ 2015 'ਚ ਲਹੌਰ ਤੋਂ ਅਗਵਾ ਕੀਤਾ ਗਿਆ ਸੀ।
ਗੁਮਸ਼ੁਦਾ ਲੋਕਾਂ ਲਈ ਕੰਮ ਕਰ ਰਹੇ ਕਮਿਸ਼ਨ ਦੇ ਮੁੱਖੀ ਸੇਵਾਮੁਕਤ ਜੱਜ ਜਾਵੇਦ ਇਕਬਾਲ ਨੇ ਬੀਬੀਸੀ ਉਰਦੂ ਨੂੰ ਦੱਸਿਆ ਹੈ ਕਿ ਜ਼ੀਨਤ ਸ਼ਹਿਜ਼ਾਦੀ ਨੂੰ ਪਾਕਿਸਤਾਨ-ਅਫ਼ਗਾਨ ਸੀਮਾ ਦੇ ਨੇੜਿਓਂ ਬਚਾਇਆ ਗਿਆ।
ਉਨ੍ਹਾਂ ਨੇ ਬੀਬੀਸੀ ਪੱਤਰਕਾਰ ਸ਼ਹਿਜ਼ਾਦ ਮਲਿਕ ਨੂੰ ਦੱਸਿਆ ਕਿ ਜ਼ੀਨਤ ਨੂੰ ਵੀਰਵਾਰ ਨੂੰ ਬਚਾਇਆ ਗਿਆ।
ਉਨ੍ਹਾਂ ਨੇ ਕਿਹਾ, "ਕੁਝ ਕੌਮ ਵਿਰੋਧੀ ਤੱਤਾਂ ਅਤੇ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਨੇ ਜ਼ੀਨਤ ਨੂੰ ਅਗਵਾ ਕੀਤਾ ਸੀ। ਹੁਣ ਉਹ ਅਜ਼ਾਦ ਹੈ।"
ਜੱਜ ਜਾਵੇਦ ਇਕਬਾਲ ਨੇ ਕਿਹਾ ਕਿ ਜ਼ੀਨਤ ਨੂੰ ਬਚਾਉਣ 'ਚ ਬਲੂਚਿਸਤਾਨ ਅਤੇ ਖ਼ੈਬਰ ਪਖਤੂਨਖ਼ਵਾਹ ਦੇ ਕਬੀਲੇ ਦੇ ਨੇਤਾਵਾਂ ਦੀ ਵੱਡੀ ਭੂਮਿਕਾ ਰਹੀ ਹੈ।
ਅਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਜ਼ੀਨਤ ਸ਼ਹਿਜ਼ਾਦੀ ਜਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਬੀਬੀਸੀ ਪੱਤਰਕਾਰ ਉਮਰ ਦਰਾਜ਼ ਨੰਗਿਆਨਾ ਜਦੋਂ ਲਹੌਰ ਵਿਖੇ ਜ਼ੀਨਤ ਸ਼ਹਿਜ਼ਾਦੀ ਦੇ ਘਰ ਪਹੁੰਚੇ ਜਾਂ ਉੱਥੇ ਤਾਲਾ ਲੱਗਿਆ ਹੋਇਆ ਸੀ।
ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਕਰੀਬ ਇੱਕ ਹਫ਼ਤੇ ਪਹਿਲਾਂ ਘਰ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ।
ਗੁਆਂਢੀਆਂ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਜ਼ੀਨਤ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਜ਼ੀਨਤ ਬਾਰੇ ਕੁਝ ਜਾਣਕਾਰੀ ਮਿਲੀ ਹੈ ਅਤੇ ਉਸ ਦੇ ਮਿਲਣ ਦੀ ਆਸ ਹੈ।
ਸਥਾਨਕ ਚੈਨਲ 'ਚ ਕੰਮ ਕਰਦੀ ਸੀ ਜ਼ੀਨਤ
ਮਾਨਵ ਅਧਿਕਾਰ ਮਾਮਲਿਆਂ ਦੇ ਵਕੀਲ ਹਿਨਾ ਜ਼ਿਲਾਨੀ ਦੱਸਦੇ ਹਨ ਕਿ ਜ਼ੀਨਤ ਨੂੰ 19 ਅਗਸਤ 2015 ਨੂੰ ਅਗਵਾ ਕੀਤਾ ਗਿਆ ਸੀ।
"ਉਹ ਰਿਕਸ਼ੇ ਤੋਂ ਆਪਣੇ ਦਫ਼ਤਰ ਜਾ ਰਹੀ ਸੀ ਜਦੋਂ ਦੋ ਕੋਰੋਲਾ ਗੱਡੀਆਂ ਨੇ ਰਿਕਸ਼ੇ ਨੂੰ ਰੋਕ ਲਿਆ। ਗੱਡੀ 'ਚੋਂ ਹਥਿਆਰਬੰਦ ਨਿਕਲੇ ਅਤੇ ਉਸ ਨੂੰ ਜ਼ਬਰਦਸਤੀ ਗੱਡੀ ਵੱਲ ਖਿੱਚ ਲਿਆ।"
ਇਸ ਘਟਨਾ ਤੋਂ ਅਗਲੇ ਦਿਨ ਜ਼ੀਨਤ ਨੂੰ ਲਾਪਤਾ ਲੋਕਾਂ ਲਈ ਕੰਮ ਕਰ ਰਹੇ ਕਮਿਸ਼ਨ ਔਫ਼ ਐੱਨਫੋਰਸਡ ਡਿਸਆਪੀਅਰਨਸੇਸ ਦੇ ਸਾਹਮਣੇ ਪੇਸ਼ ਹੋਣਾ ਸੀ।
ਅਗਵਾ ਹੋਣ ਤੋਂ ਪਹਿਲਾਂ ਉਹ ਇੱਕ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਦੇ ਮਾਮਲੇ 'ਤੇ ਕੰਮ ਕਰ ਰਹੀ ਸੀ।
ਉਹ ਮੁਬੰਈ 'ਚ ਹਾਮਿਦ ਅੰਸਾਰੀ ਦੀ ਮਾਂ ਨਾਲ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਵੱਲੋਂ ਉਸ ਨੇ ਹਾਮਿਦ ਅੰਸਾਰੀ ਦੇ ਲਾਪਤਾ ਹੋਣ ਦਾ ਕੇਸ ਵੀ ਦਰਜ ਕਰਵਾਇਆ ਸੀ।
ਜ਼ੀਨਤ ਦੇ ਲਾਪਤਾ ਹੋਣ ਦੇ ਬਾਅਦ ਬੀਤੇ ਸਾਲ ਉਨ੍ਹਾਂ ਦੇ ਭਰਾ ਸੱਦਾਮ ਨੇ ਖ਼ੁਦਕੁਸ਼ੀ ਕਰ ਲਈ ਸੀ।
ਜ਼ੀਨਤ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜ਼ੀਨਤ ਨੂੰ ਲਾਪਤਾ ਹੋਏ ਲੰਮਾ ਸਮਾਂ ਬੀਤ ਗਿਆ ਹੈ ਅਤੇ ਉਹ ਉਮੀਦ ਹੀ ਛੱਡ ਚੁੱਕੇ ਸਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)