ਅਚਾਨਕ ਮਿਲੀ ਮੌਤ ਦੀ ਖ਼ਬਰ ਕਾਰਨ ਸਦਮੇ 'ਚ ਹਨ ਪਰਿਵਾਰ

ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ਦੇ ਮੂਸਲ 'ਚ ਲਾਪਤਾ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ।

ਮੰਗਲਵਾਰ ਨੂੰ ਰਾਜ ਸਭਾ 'ਚ ਦਿੱਤੇ ਬਿਆਨ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਪਰ ਸਰਕਾਰ ਕੋਲ ਕੋਈ ਪੱਕਾ ਸਬੂਤ ਨਾ ਹੋਣ ਕਾਰਨ ਪੁਸ਼ਟੀ ਨਹੀਂ ਕੀਤੀ ਜਾ ਰਹੀ ਸੀ।

ਇਹ ਹਨ ਉਨ੍ਹਾਂ ਕੁਝ ਪੀੜਤ ਪਰਿਵਾਰਾਂ ਦੀਆਂ ਤਸਵੀਰਾਂ।

ਜਲੰਧਰ ਤੋਂ ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਅਨੁਸਾਰ ਮ੍ਰਿਤਕ ਰੂਪ ਲਾਲ ਦੀ ਪਤਨੀ ਕਮਲਜੀਤ ਕੌਰ ਬਾਠ ਕਲਾਂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਕਮਲਜੀਤ ਕੌਰ ਕੋਲ ਖਰਚਾ ਚਲਾਉਣ ਲਈ ਕੋਈ ਕਮਾਈ ਦਾ ਸਰੋਤ ਨਹੀਂ ਹੈ।

ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਸਿੰਘ ਅਨੁਸਾਰ ਗੁਰਦਾਸਪੁਰ ਦੇ ਪਿੰਡ ਤਲਵੰਡੀ ਝਿਉਰੋ ਵਿੱਚ ਰਹਿਣ ਵਾਲੇ ਮ੍ਰਿਤਕ ਧਰਮਿੰਦਰ ਦਾ ਪਰਿਵਾਰ ਕਹਿੰਦਾ ਹੈ ਕਿ ਧਰਮਿੰਦਰ ਦੇ ਪਿੱਛੋਂ ਉਨ੍ਹਾਂ ਦੇ ਘਰ ਮਜ਼ਦੂਰੀ ਸਹਾਰੇ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਹਾਲਾਤ ਦੇ ਮਾਰੇ ਹਾਂ, ਸਾਨੂੰ ਸਰਕਾਰ ਨੇ ਹੁਣ ਸਦਾ ਲਈ ਮਾਰ ਦਿੱਤਾ।

ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਅਨੁਸਾਰ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਮਨਜਿੰਦਰ ਦੀ ਭੈਣ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਪੱਧਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਮਨਜਿੰਦਰ ਦੀ ਮੌਤ ਬਾਰੇ ਮੀਡੀਆ ਜਾਂ ਪੱਤਰਕਾਰਾਂ ਦੇ ਫ਼ੋਨ ਤੋਂ ਹੀ ਪਤਾ ਲਗਿਆ।

ਜ਼ਿਲ੍ਹਾ ਸੰਗਰੂਰ ਦੇ ਧੂਰੀ ਤੋਂ ਪ੍ਰਿਤਪਾਲ ਸ਼ਰਮਾ ਦੇ ਪਰਿਵਾਰ ਦੀ ਤਸਵੀਰ।

ਜਲੰਧਰ ਤੋਂ ਪਾਲ ਸਿੰਘ ਨੌਲੀ ਅਨੁਸਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡੇ ਤੋਂ ਸੰਬੰਧ ਰੱਖਦੇ ਬਲਵੰਤ ਰਾਏ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਧੋਖੇ ਵਿੱਚ ਰੱਖਿਆ ਗਿਆ ਹੈ। ਅਚਾਨਕ ਮਿਲੀ ਮੌਤ ਦੀ ਖ਼ਬਰ ਕਾਰਨ ਪਰਿਵਾਰ ਸਦਮੇ ਵਿੱਚ ਹਨ।

ਮ੍ਰਿਤਕ ਸੁਰਜੀਤ ਮੇਨਕਾ ਜਲੰਧਰ ਜ਼ਿਲ੍ਹੇ ਦੇ ਪਿੰਡ ਚੂਹੜਵਾਲ ਦੇ ਪਰਿਵਾਰ ਮੁਤਾਬਕ ਉਹ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਅਤੇ ਸਰਕਾਰ ਵੱਲੋਂ ਮਿਲਦੀ ਮਦਦ ਵੀ ਬੰਦ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)