ਕੀ ਡੋਨਾਲਡ ਟਰੰਪ ਨੇ ਫੇਸਬੁੱਕ ਸਹਾਰੇ ਜਿੱਤੀਆਂ ਸੀ ਰਾਸ਼ਟਰਪਤੀ ਚੋਣਾਂ?

    • ਲੇਖਕ, ਜ਼ੋ ਕਲੀਨਮੈਨ
    • ਰੋਲ, ਪੱਤਰਕਾਰ, ਬੀਬੀਸੀ

ਇਸ ਕਹਾਣੀ ਵਿੱਚ ਕਈ ਸਨਸਨੀਖੇਜ਼ ਚੀਜ਼ਾਂ ਹਨ, ਅਨੈਤਿਕ ਵਤੀਰੇ ਦੇ ਇਲਜ਼ਾਮ ਹਨ, ਭਾਵਨਾਵਾਂ ਦੇ ਨਾਲ ਖਿਲਵਾੜ ਹੈ ਅਤੇ ਅੰਕੜਿਆਂ ਦਾ ਗਲਤ ਇਸਤੇਮਾਲ ਹੈ।

ਫੇਸਬੁੱਕ ਅਤੇ ਅੰਕੜਿਆਂ ਦਾ ਕੰਮ ਕਰਨ ਵਾਲੀ ਕੰਪਨੀ 'ਕੈਮਬ੍ਰਿਜ ਐਨਾਲਿਟਿਕਾ' ਇਸ ਕਹਾਣੀ ਦੇ ਕੇਂਦਰ ਵਿੱਚ ਹੈ।

ਕੰਪਨੀ 'ਤੇ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਉਸ ਨਾਲ ਜੁੜੇ ਡਾਟਾ ਦੇ ਗਲਤ ਇਸਤੇਮਾਲ ਦਾ ਇਲਜ਼ਾਮ ਹੈ।

ਕਿਹਾ ਜਾ ਰਿਹਾ ਹੈ ਕਿ 'ਕੈਮਬ੍ਰਿਜ ਐਨਾਲਿਟਿਕਾ' ਵੀ ਫੇਸਬੁੱਕ ਤੋਂ ਮਿਲੇ ਡਾਟਾ ਦੇ ਸਹਾਰੇ 2016 ਦੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਅਤੇ ਯੂਕੇ ਵਿੱਚ ਬ੍ਰੈਕਜ਼ਿਟ 'ਤੇ ਹੋਏ ਜਨਮਤ ਸੰਗ੍ਰਹਿ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਕੈਮਬ੍ਰਿਜ ਐਨਾਲਿਟਿਕਾ ਹੈ ਕੀ?

ਕੈਮਬ੍ਰਿਜ ਐਨਾਲਿਟਿਕਾ ਬ੍ਰਿਟੇਨ ਦੀ ਕੰਪਨੀ ਹੈ। ਇਸ ਦੇ ਮਾਲਕਾਂ ਵਿੱਚ ਰਿਪਬਲੀਕਨ ਪਾਰਟੀ ਨੂੰ ਚੰਦਾ ਦੇਣ ਵਾਲੇ ਅਰਬਪਤੀ ਕਾਰੋਬਾਰੀ ਰੌਬਰਟ ਮਰਕਰ ਵੀ ਹਨ।

ਇਸ ਕੰਪਨੀ 'ਤੇ ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਇਲਜ਼ਾਮ ਹੈ।

ਇਹ ਕਿਹਾ ਜਾ ਰਿਹਾ ਹੈ ਕਿ ਇਸ ਕੰਪਨੀ ਨੇ ਲੱਖਾਂ ਫੇਸਬੁੱਕ ਯੂਜ਼ਰਜ਼ ਦੇ ਅਕਾਉਂਟਜ਼ ਦੀ ਜਾਣਕਾਰੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਸਤੇਮਾਲ ਕੀਤੀ।

ਇਸ ਲਈ ਕੰਪਨੀ ਨੇ ਅਜਿਹਾ ਸਾਫ਼ਟਵੇਅਰ ਤਿਆਰ ਕੀਤਾ ਜਿਸ ਨਾਲ ਲੋਕਾਂ ਦੇ ਸਿਆਸੀ ਰੁਝਾਨ ਦਾ ਅੰਦਾਜ਼ਾ ਲਾਇਆ ਜਾ ਸਕੇ।

ਕੈਮਬ੍ਰਿਜ ਐਨਾਲਿਟਿਕਾ 'ਤੇ ਕੀ ਹੈ ਇਲਜ਼ਾਮ?

ਯੂਕੇ ਦੇ ਇੱਕ ਨਿਊਜ਼ ਚੈਨਲ 'ਨਿਊਜ਼ 4' ਨੇ ਡਾਟਾ ਐਨਾਲਿਟਿਕਜ਼ ਕੰਪਨੀ ਕੈਮਬ੍ਰਿਜ ਐਨਾਲਿਟਿਕਜ਼ ਦੇ ਅਧਿਕਾਰੀਆਂ ਨੂੰ ਮਿਲਣ ਲਈ ਆਪਣੇ ਅੰਡਰਕਵਰ ਰਿਪੋਰਟਰ ਭੇਜੇ।

ਕੈਮਬ੍ਰਿਜ ਐਨਾਲਿਟਿਕਾ ਦੇ ਸਿਰ ਡੋਨਾਲਡ ਟਰੰਪ ਨੂੰ ਚੋਣਾਂ ਵਿੱਚ ਜਿੱਤ ਦਿਵਾਉਣ ਵਿੱਚ ਮਦਦ ਕਰਨ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।

ਰਿਪੋਰਟਰਾਂ ਨੇ ਕੰਪਨੀ ਦੇ ਅਧਿਕਾਰੀਆਂ ਦੇ ਸਾਹਮਣੇ ਖੁਦ ਨੂੰ ਸ਼੍ਰੀਲੰਕਾ ਦੇ ਬਿਜ਼ਨੈੱਸਮੈਨ ਦੇ ਤੌਰ 'ਤੇ ਪੇਸ਼ ਕੀਤਾ ਅਤੇ ਦੱਸਿਆ ਕਿ ਉਹ ਦੇਸ ਦੀਆਂ ਸਥਾਨਕ ਚੋਣਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ।

ਕੈਮਬ੍ਰਿਜ ਐਨਾਲਿਟਿਕਾ ਦੇ ਮੁਖੀ ਐਲੈਗਜ਼ੈਂਡਰ ਨਿਕਸ ਸਟਿੰਗ ਅਪਰੇਸ਼ਨ ਵਿੱਚ ਉਨ੍ਹਾਂ ਰਿਪੋਰਟਰਾਂ ਨੂੰ ਸਾਫ਼ ਤੌਰ 'ਤੇ ਇਹ ਦੱਸਦੇ ਦਿਖੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਕੰਪਨੀ ਸਿਆਸੀ ਵਿਰੋਧੀਆਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਮੁਹਿੰਮ ਚਲਾ ਸਕਦੇ ਹਨ।

'ਕਾਲ ਗਰਲ' ਦੇ ਨਾਲ ਉਨ੍ਹਾਂ ਨੂੰ ਫੜ੍ਹਾ ਸਕਦੇ ਹਨ ਅਤੇ ਹਾਲਾਤ ਬਣਾ ਸਕਦੇ ਹਨ ਜਿਨ੍ਹਾਂ ਵਿੱਚ ਕੈਮਰੇ ਦੇ ਸਾਹਮਣੇ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜ੍ਹੇ ਜਾਣ।

ਕੈਮਬ੍ਰਿਜ ਐਨਾਲਿਟਿਕਾ 'ਨਿਊਜ਼ 4' ਚੈਨਲ ਦੇ ਦਾਅਵਿਆਂ ਨੂੰ ਖਾਰਿਜ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਡਾਕਿਊਮੈਂਟਰੀ ਐਡਿਟ ਕੀਤੀ ਗਈ ਅਤੇ ਗੱਲਬਾਤ ਵੀ ਮਕਸਦ ਨੂੰ ਪੂਰਾ ਕਰਨ ਲਈ ਲਿਖੀ ਗਈ ਹੈ।

ਕੰਪਨੀ ਦਾ ਇਹ ਦਾਅਵਾ ਹੈ ਕਿ ਗੱਲਬਾਤ ਦੀ ਸ਼ੁਰੂਆਤ 'ਨਿਊਜ਼ 4' ਦੇ ਰਿਪੋਰਟਰ ਨੇ ਹੀ ਕੀਤੀ ਸੀ।

ਫੇਸਬੁੱਕ ਦਾ ਰੋਲ ਕੀ ਸੀ?

ਸਾਲ 2014 ਵਿੱਚ ਫੇਸਬੁੱਕ 'ਤੇ ਇੱਕ ਕਵਿਜ਼ ਵਿੱਚ ਯੂਜ਼ਰਜ਼ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਜਾਣਨ ਦਾ ਮੌਕਾ ਦਿੱਤਾ ਗਿਆ।

ਕੈਮਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈੱਸਰ ਐਲੈਗਜ਼ੈਂਡਰ ਕੋਗਾਨ ਨੇ ਇਹ ਕਵਿਜ਼ ਡਿਜ਼ਾਈਨ ਕੀਤਾ ਸੀ। (ਕੈਮਬ੍ਰਿਜ ਯੂਨੀਵਰਸਿਟੀ ਦਾ ਕੈਮਬ੍ਰਿਜ ਐਨਾਲਿਟਿਕਾ ਨਾਲ ਕੋਈ ਸਬੰਧ ਨਹੀਂ ਹੈ।)

ਉਸ ਵੇਲੇ ਫੇਸਬੁੱਕ 'ਤੇ ਚੱਲ ਰਹੀਆਂ ਐਪਜ਼ ਅਤੇ ਖੇਡਾਂ ਵਿੱਚ ਆਮ ਗੱਲ ਸੀ ਕਿ ਕਵਿਜ਼ ਵਿੱਚ ਹਿੱਸਾ ਲੈ ਰਹੇ ਸ਼ਖ਼ਸ ਦੀ ਜਾਣਕਾਰੀ ਦੇ ਅਲਾਵਾ ਉਸ ਦੇ ਦੋਸਤ ਨਾਲ ਜੁੜੇ ਡਾਟਾ ਵੀ ਲੈ ਲਏ ਜਾਂਦੇ ਸੀ।

ਹਾਲਾਂਕਿ ਫੇਸਬੁੱਕ ਨੇ ਹੁਣ ਕਾਫ਼ੀ ਬਦਲਾਅ ਕੀਤੇ ਹਨ ਅਤੇ ਡਾਟਾ ਡੈਵਲਪਰਜ਼ ਹੁਣ ਇਸ ਤਰ੍ਹਾਂ ਯੂਜ਼ਰ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ।

ਕੈਮਬ੍ਰਿਜ ਐਨਾਲਿਟਿਕਾ ਲਈ ਕੰਮ ਕਰ ਚੁੱਕੇ ਕ੍ਰਿਸਟੋਫ਼ਰ ਵਾਇਲੀ ਇਲਜ਼ਾਮ ਲਾਉਂਦੇ ਹਨ ਕਿ ਇਸ ਕਵਿਜ਼ ਵਿੱਚ 2,70,000 ਲੋਕਾਂ ਨੇ ਹਿੱਸਾ ਲਿਆ ਅਤੇ ਤਕਰੀਬਨ ਪੰਜ ਕਰੋੜ ਲੋਕਾਂ ਨਾਲ ਜੁੜਿਆ ਡਾਟਾ ਉਨ੍ਹਾਂ ਦੀ ਮਰਜ਼ੀ ਬਗੈਰ ਇਕੱਠਾ ਕੀਤਾ ਗਿਆ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਅਮਰੀਕੀ ਸਨ ਅਤੇ ਉਹ ਕਵਿਜ਼ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਫ੍ਰੈਂਡ ਲਿਸਟ ਵਿੱਚ ਸਨ।

ਕ੍ਰਿਸਟੋਫ਼ਰ ਵਾਇਲੀ ਦਾ ਦਾਅਵਾ ਹੈ ਕਿ ਇਹ ਡਾਟਾ ਕੈਮਬ੍ਰਿਜ ਐਨਾਲਿਟਿਕਾ ਨੂੰ ਵੇਚਿਆ ਗਿਆ ਅਤੇ ਉਨ੍ਹਾਂ ਲੋਕਾਂ ਦੇ ਸਿਆਸੀ ਰੁਝਾਨ ਦੇ ਹਿਸਾਬ ਨਾਲ ਟਰੰਪ ਸਮਰਥਕ ਪ੍ਰਚਾਰ ਸਮੱਗਰੀ ਫੇਸਬੁੱਕ ਮਸ਼ਹੂਰੀਆਂ ਜ਼ਰੀਏ ਉਨ੍ਹਾਂ ਤੱਕ ਪਹੁੰਚਾਈਆਂ ਗਈਆਂ।

ਕੈਮਬ੍ਰਿਜ ਐਨਾਲਿਟਿਕਾ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਟਰੰਪ ਦੀ ਚੋਣ ਮੁਹਿੰਮ ਨੂੰ ਮੁਹੱਈਆ ਕਰਵਾਈਆਂ ਸੇਵਾਵਾਂ ਵਿੱਚ ਇਹ ਸਭ ਕੁਝ ਸ਼ਾਮਿਲ ਨਹੀਂ ਸੀ।

ਕੀ ਇਹ ਫੇਸਬੁੱਕ ਦੇ ਆਪਣੇ ਨਿਯਮਾਂ ਦੇ ਖਿਲਾਫ਼ ਸੀ?

ਇਹ ਡਾਟਾ ਉਸ ਵੇਲੇ ਫੇਸਬੁੱਕ ਦੇ ਨੈੱਟਵਰਕ ਦਾ ਇਸਤੇਮਾਲ ਕਰਕੇ ਇਕੱਠਾ ਕੀਤਾ ਗਿਆ ਸੀ।

ਕਈ ਡਾਟਾ ਡੈਵਲਪਰਜ਼ ਨੇ ਇਸ ਦਾ ਫਾਇਦਾ ਚੁੱਕਿਆ ਸੀ।

ਫੇਸਬੁੱਕ ਨੂੰ ਆਪਣੇ ਯੂਜ਼ਰਜ਼ ਨਾਲ ਜੁੜਿਆ ਇਹ ਡਾਟਾ ਦੂਜੀਆਂ ਪਾਰਟੀਆਂ ਨਾਲ ਸ਼ੇਅਰ ਕਰਨ ਦਾ ਅਧਿਕਾਰ ਨਹੀਂ ਸੀ।

ਇੱਕ ਹੋਰ ਗੱਲ ਇਹ ਹੈ ਕਿ ਕਵਿਜ਼ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਵੀ ਜਾਣਾਕਰੀ ਨਹੀਂ ਸੀ ਕਿ ਉਨ੍ਹਾਂ ਦੀਆਂ ਜਾਣਕਾਰੀਆਂ ਦਾ ਇਸਤੇਮਾਲ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਕੀਤਾ ਜਾਏਗਾ।

ਫੇਸਬੁੱਕ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਨਿਯਮ ਤੋੜੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਕਵਿਜ਼ ਐਪ ਨੂੰ ਹਟਾ ਦਿੱਤਾ ਅਤੇ ਕਵਿਜ਼ ਤਿਆਰ ਕਰਨ ਵਾਲਿਆਂ ਤੋਂ ਇਹ ਭਰੋਸਾ ਵੀ ਮੰਗਿਆ ਕਿ ਯੂਜ਼ਰਜ਼ ਦੀ ਜਾਣਕਾਰੀ ਡਿਲੀਟ ਕਰ ਦਿੱਤੀ ਜਾਏਗੀ।

ਕੈਮਬ੍ਰਿਜ ਐਨਾਲਿਟਿਕਾ ਦਾ ਦਾਅਵਾ ਹੈ ਕਿ ਉਸ ਨੇ ਕਦੇ ਵੀ ਇਸ ਡਾਟਾ ਦਾ ਇਸਤੇਮਾਲ ਨਹੀਂ ਕੀਤਾ ਅਤੇ ਫੇਸਬੁੱਕ ਦੇ ਕਹਿਣ ਤੇ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ।

ਫੇਸਬੁੱਕ ਅਤੇ ਯੂਕੇ ਦੇ ਇੰਫਰਮੇਸ਼ਨ ਕਮਿਸ਼ਨਰ ਦੋਵੇਂ ਹੀ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਡਾਟਾ ਕੀ ਵਾਕਈ ਡਿਲੀਟ ਕਰ ਦਿੱਤਾ ਦਿਆ ਸੀ।

ਕ੍ਰਿਟੋਫਰ ਵਾਇਲੀ ਦਾ ਦਾਅਵਾ ਹੈ ਕਿ ਅਜਿਹਾ ਨਹੀਂ ਹੋਇਆ।

ਸਰਕਾਰਾਂ ਕੀ ਕਹਿ ਰਹੀਆਂ ਹਨ?

ਅਮਰੀਕੀ ਸੀਨੇਟਰਾਂ ਦੀ ਮੰਗ ਹੈ ਕਿ ਫੇਸਬੁੱਕ ਦੇ ਫਾਊਂਡਰ ਮਾਰਕ ਜ਼ਕਰਬਰਗ ਨੂੰ ਕਾਂਗਰਸ ਸਾਹਮਣੇ ਗਵਾਹੀ ਦੇਣ ਲਈ ਬੁਲਾਇਆ ਜਾਵੇ ਅਤੇ ਇਹ ਪੁੱਛਿਆ ਜਾਵੇ ਕਿ ਯੂਜ਼ਰ ਡਾਟਾ ਨੂੰ ਉਹ ਕਿਵੇਂ ਸੁਰੱਖਿਅਤ ਰੱਖਦੇ ਹਨ।

ਯੂਰਪੀ ਸੰਸਦ ਦੇ ਮੁਖੀ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰਵਾਉਣਗੇ ਕਿ ਕਿਤੇ ਫੇਸਬੁੱਕ ਦੇ ਯੂਜ਼ਰ ਡਾਟਾ ਦਾ ਗਲਤ ਇਸਤੇਮਾਲ ਤਾਂ ਨਹੀਂ ਕੀਤਾ ਗਿਆ।

ਯੂਕੇ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਇਸ ਜਾਣਕਾਰੀ ਦੇ ਜਨਤਕ ਹੋਣ ਤੋਂ ਬਾਅਦ ਬੇਹੱਦ ਫਿਕਰਮੰਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)