ਫੇਕ ਨਿਊਜ਼ ਨੂੰ ਠੱਲਣ ਲਈ ਫੇਸਬੁੱਕ ਨੇ ਕੀ ਘੜੀ ਰਣਨੀਤੀ

ਨਿਊਜ਼, ਬਿਜ਼ਨੈੱਸ, ਬ੍ਰਾਂਡ ਅਤੇ ਮੀਡੀਆ ਸਬੰਧੀ ਫੀਡ ਦੇ ਮਾਮਲੇ ਵਿੱਚ ਫੇਸਬੁੱਕ ਕੁਝ ਵੱਡੇ ਬਦਲਾਅ ਕਰਨ ਜਾ ਰਿਹਾ ਹੈ।

ਫੇਸਬੁੱਕ ਦੇ ਮੁੱਖ ਅਧਿਕਾਰੀ ਮਾਰਕ ਜ਼ਕਰਬਰਗ ਨੇ ਆਪਣੇ ਫੇਸਬੁੱਕ ਪੰਨੇ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਫੇਸਬੁੱਕ ਉੱਤੇ ਹੁਣ ਪਰਿਵਾਰ ਦੇ ਮੈਂਬਰਾਂ ਵਿਚਾਲੇ ਅਤੇ ਦੋਸਤਾਂ ਵਿੱਚ ਸੰਵਾਦ ਨੂੰ ਵਧਾਉਣ ਵਾਲੀ ਸਮਗਰੀ ਉੱਤੇ ਜ਼ੋਰ ਦਿੱਤਾ ਜਾਏਗਾ।

ਫੇਸਬੁੱਕ ਨੇ ਇਸ ਗੱਲ ਨੂੰ ਵੀ ਮੰਨਿਆ ਹੈ ਕਿ ਉਸ ਜ਼ਰੀਏ ਆਪਣੀ ਪੋਸਟ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਾਲੀਆਂ ਜਥੇਬੰਦੀਆਂ ਦੀ ਮਸ਼ਹੂਰੀ ਵਿੱਚ ਹੁਣ ਕਮੀ ਆ ਸਕਦੀ ਹੈ।

ਫੇਸਬੁੱਕ ਵਿੱਚ ਇਹ ਬਦਲਾਅ ਆਉਣ ਵਾਲੇ ਹਫ਼ਤਿਆਂ ਵਿੱਚ ਨਜ਼ਰ ਆਉਣ ਲੱਗਣਗੇ।

ਬਦਲਾਅ ਫੀਡਬੈਕ 'ਤੇ ਅਧਾਰਿਤ

ਮਾਰਕ ਜ਼ਕਰਬਰਗ ਨੇ ਲਿਖਿਆ ਹੈ, "ਸਾਨੂੰ ਇਹ ਫੀਡਬੈਕ ਮਿਲਿਆ ਹੈ ਕਿ ਬਿਜ਼ਨੈੱਸ, ਬ੍ਰਾਂਡ ਅਤੇ ਮੀਡੀਆ ਦੀ ਪੋਸਟ ਦੀ ਭਰਮਾਰ, ਉਨ੍ਹਾਂ ਨਿੱਜੀ ਪਲਾਂ ਨੂੰ ਖੋਹ ਰਹੀ ਹੈ, ਜੋ ਸਾਨੂੰ ਇੱਕ-ਦੂਜੇ ਨਾਲ ਜੋੜਦੇ ਹਨ।"

ਜ਼ਕਰਬਰਗ ਨੇ ਲਿਖਿਆ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ, ਲੋਕਾਂ ਨੂੰ ਇਹ ਮਹਿਸੂਸ ਕਰਵਾਉਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਕਿ ਫੇਸਬੁੱਕ ਲੋਕਾਂ ਦੀ ਬਿਹਤਰੀ ਲਈ ਚੰਗੀ ਹੈ।

'ਹੁਣ ਨਿਊਜ਼ ਘੱਟ ਨਜ਼ਰ ਆਵੇਗੀ'

ਮਾਰਕ ਜ਼ਕਰਬਰਗ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਹੈ ਕਿ ਸਾਲ 2018 ਵਿੱਚ ਉਹ ਇਹ ਯਕੀਨੀ ਕਰਨਗੇ ਕਿ ਫੇਸਬੁੱਕ ਉੱਤੇ ਕਿਸੇ ਨਾਲ ਬੁਰਾ ਵਤੀਰਾ ਨਾ ਹੋਵੇ ਅਤੇ ਲੋਕ ਫੇਸਬੁੱਕ 'ਤੇ ਆਪਣਾ ਸਮਾਂ ਚੰਗੀ ਤਰ੍ਹਾਂ ਬਿਤਾ ਸਕਣ।

ਹਾਵਰਡ ਯੂਨਿਵਰਸਿਟੀ ਵਿੱਚ ਨੀਮੇਨ ਜਰਨਲਿਜ਼ਮ ਲੈਬ ਦੀ ਲੌਰਾ ਹਜ਼ਾਰਡ ਕਹਿੰਦੀ ਹੈ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੇਹੱਦ ਅਹਿਮ ਬਦਲਾਅ ਹੈ। ਇਸ ਨਾਲ ਪਬਲੀਸ਼ਰਸ 'ਤੇ ਵੱਡਾ ਅਸਰ ਪਏਗਾ। ਸਾਨੂੰ ਹੁਣ ਨਿਊਜ਼ ਘੱਟ ਨਜ਼ਰ ਆਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)