ਫੇਸਬੁੱਕ 'ਤੇ ਸ਼ਰਤ ਹਾਰਨ ਤੋਂ ਬਾਅਦ ਭਗੌੜੇ ਦਾ ਆਤਮ ਸਮਰਪਣ

ਇੱਕ ਭਗੌੜੇ ਦੀ ਤਲਾਸ਼ ਕਰ ਰਹੀ ਅਮਰੀਕੀ ਪੁਲਿਸ ਨੇ ਫੇਸਬੁੱਕ 'ਤੇ ਚੈਲੰਜ ਪੂਰਾ ਕਰਕੇ ਮੁਲਜ਼ਮ ਦਾ ਸਰੰਡਰ ਕਰਾਇਆ।

ਮਾਈਕਲ ਜ਼ੈਅਦਲ ਨੇ ਪੁਲਿਸ ਨਾਲ ਵਾਅਦਾ ਕੀਤਾ ਸੀ ਕਿ ਉਹ ਨਾ ਸਿਰਫ਼ ਸਰੰਡਰ ਕਰੇਗਾ ਬਲਕਿ ਅਫ਼ਸਰਾਂ ਨੂੰ ਡੋਨਟ ਵੀ ਖੁਆਏਗਾ।

ਪੁਲਿਸ ਨੇ ਚੈਲੰਜ ਇੱਕ ਘੰਟੇ 'ਚ ਹੀ ਪੂਰਾ ਕਰ ਵਿਖਾਇਆ। ਇਸ 21 ਸਾਲ ਦੇ ਨੌਜਵਾਨ ਦੀ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਮਲਾ ਕਰਨ ਦੇ ਕੇਸ 'ਚ ਭਾਲ ਸੀ।

ਅਫ਼ਸਰਾਂ ਨੇ ਬੀਬੀਸੀ ਨਿਊਜ਼ਬੀਟ ਨੂੰ ਦੱਸਿਆ, "ਅਸੀਂ ਆਪਣੀ ਫ਼ੇਸਬੁੱਕ ਕਮਿਊਨਿਟੀ 'ਤੇ ਕਾਫ਼ੀ ਐਕਟਿਵ ਹਾਂ ਅਤੇ ਜ਼ੈਅਦਲ ਕਾਫ਼ੀ ਸਮੇਂ ਤੋਂ ਸਾਡੇ ਪੇਜ ਦਾ ਮਜ਼ਾਕ ਉਡਾ ਰਿਹਾ ਸੀ।"

ਕਿਸੇ ਹੋਰ ਅਕਾਊਂਟ ਤੋਂ ਦਿੱਤੀ ਚੁਣੌਤੀ

ਪੁਲਿਸ ਨੇ ਕਿਹਾ ਕਿ "ਜ਼ੈਅਦਲ ਨੇ ਆਪਣੇ ਕਿਸੇ ਹੋਰ ਨਾਂ ਤੋਂ ਬਣਾਏ ਅਕਾਊਂਟ ਤੋਂ ਸਾਨੂੰ ਸਾਡੀ ਅਗਲੀ ਪੋਸਟ 'ਤੇ 1000 ਸ਼ੇਅਰ ਹਾਸਲ ਕਰਨ ਦੀ ਚੁਣੌਤੀ ਦਿੱਤੀ ਜਿਹੜੀ ਅਸੀਂ ਸਵੀਕਾਰ ਕਰ ਲਈ।"

ਪੁਲਿਸ ਮੁਤਾਬਕ ਉਨ੍ਹਾਂ ਨੇ ਅੱਧੇ ਘੰਟੇ 'ਚ ਹੀ ਹਜ਼ਾਰ ਸ਼ੇਅਰ ਹਾਸਲ ਕਰ ਲਏ, ਇਹ ਪੂਰੀ ਦੁਨੀਆਂ 'ਚੋਂ ਮਿਲੇ।

ਇਸ ਦੇ ਇਲਾਵਾ ਉਸ ਨੇ ਡੋਨੱਟ ਨਾ ਖਾਣ ਵਾਲੇ ਅਫ਼ਸਰ ਲਈ ਬੇਗਲ ਖ਼ਰੀਦਣ ਅਤੇ ਸਥਾਨਕ ਸਕੂਲ ਦੀ ਸਫ਼ਾਈ ਕਰਨ ਦਾ ਵਾਅਦਾ ਵੀ ਕੀਤਾ ਸੀ।

ਚੈਲੰਜ ਪੂਰਾ ਕਰਨ ਤੋਂ ਬਾਅਦ ਪੁਲਿਸ ਨੇ ਪੋਸਟ ਸ਼ੇਅਰ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ।

ਪੁਲਿਸ ਨੇ ਕਿਹਾ ਕਿ, ''ਅਸੀਂ ਇੰਤਜ਼ਾਰ ਕੀਤਾ ਅਤੇ ਸੋਮਵਾਰ ਸ਼ਾਮ ਉਹ ਆ ਗਿਆ।''

ਵਾਅਦੇ ਮੁਤਾਬਕ ਮੁਲਜ਼ਮ ਇੱਕ ਦਰਜਨ ਡੋਨੱਟ ਤੇ ਇੱਕ ਬੈਗਲ ਵੀ ਲਿਆਇਆ।

ਜਿੰਨੇ ਵੀ ਸਰੰਡਰ ਹੁੰਦੇ ਹਨ ਪੁਲਿਸ ਸਾਰਿਆਂ ਨੂੰ ਜਨਤਕ ਨਹੀਂ ਕਰਦੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ, ''ਅਸੀਂ ਸਾਰੇ ਸਮਰਪਣ ਜਨਤਕ ਨਹੀਂ ਕਰਦੇ, ਪਰ ਅਸੀਂ ਬੋਲ ਪੁਗਾਉਣ ਵਾਲਿਆਂ ਦੀ ਇਜ਼ਤ ਕਰਦੇ ਹਾਂ।''

ਮਾਈਕਲ ਜ਼ੈਅਦਲ ਹੁਣ ਅੱਠ ਹਫ਼ਤਿਆਂ ਦੀ ਕੈਦ ਕੱਟ ਰਿਹਾ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ ਉਸ ਨੂੰ ਚਾਰ ਹੋਰ ਹਫ਼ਤੇ ਜੇਲ੍ਹ 'ਚ ਬਿਤਾਉਣੇ ਪੈਣਗੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)