ਤੁਸੀਂ ਜਾਣਦੇ ਹੋ ਫੇਸਬੁੱਕ ਤੁਹਾਨੂੰ ਕਿਵੇਂ 'ਵੇਚ' ਰਿਹਾ ਹੈ?

ਫੇਸਬੁੱਕ ਹੁਣ ਤੱਕ ਦੀ ਸਭ ਤੋਂ ਵੱਡੀ ਸਮੱਸਿਆ ਵਿੱਚ ਹੈ ਅਤੇ ਕੰਪਨੀ ਦੀ ਪਹਿਲੀ ਪ੍ਰਤਿਕਿਰਿਆ ਤੋਂ ਉਸਨੂੰ ਕੋਈ ਖਾਸ ਮਦਦ ਨਹੀਂ ਮਿਲੀ ਹੈ।

ਇਲਜ਼ਾਮ ਹੈ ਕਿ 2016 'ਚ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਦੀ ਮਦਦ ਕਰਨ ਵਾਲੀ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਨੇ ਫੇਸਬੁੱਕ ਦੇ ਪੰਜ ਕਰੋੜ ਤੋਂ ਵੱਧ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ਚੋਰੀ ਕੀਤੀਆਂ ਸਨ।

ਫੇਸਬੁੱਕ ਦੇ ਡਾਟਾ ਸੁਰੱਖਿਆ ਮੁਖੀ ਐਲੇਕਸ ਸਟੈਮਾਸ ਦੀ ਪ੍ਰਸਤਾਵਿਤ ਵਿਦਾਈ ਨੇ ਕੰਪਨੀ ਦੇ ਦੁਨੀਆਂ ਭਰ ਦੇ ਦਫ਼ਤਰਾਂ ਦੇ ਅੰਦਰ ਚਿੰਤਾ ਵਧਾ ਦਿੱਤੀ ਹੈ।

ਹੁਣ ਸਵਾਲ ਸਿੱਧੇ ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਤੋਂ ਹੋ ਰਹੇ ਹਨ।

ਜਦੋਂ ਇਹ ਕਿਹਾ ਗਿਆ ਸੀ ਕਿ ਰੂਸ ਨੇ 2016 ਦੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਫੇਸਬੁੱਕ ਦਾ ਇਸਤੇਮਾਲ ਕੀਤਾ ਹੈ, ਉਦੋਂ ਮਾਰਕ ਨੇ ਇਨ੍ਹਾਂ ਇਲਜ਼ਾਮਾਂ ਨੂੰ 'ਪਾਗਲਪਣ' ਕਿਹਾ ਸੀ।

ਮਹੀਨਿਆਂ ਬਾਅਦ ਉਨ੍ਹਾਂ ਫੇਸਬੁੱਕ 'ਤੇ ਵਾਇਰਲ ਹੋਣ ਵਾਲੇ ਝੂਠ ਨੂੰ ਰੋਕਣ ਲਈ ਕਈ ਹੱਲ ਸੁਝਾਏ ਸਨ।

ਇਸ ਵਾਰ 'ਚੈਨਲ 4' ਨਿਊਜ਼ ਦੀ ਅੰਡਰਕਵਰ ਰਿਪੋਰਟਿੰਗ, 'ਦਿ ਆਬਜ਼ਰਵਰ' ਅਤੇ 'ਦਿ ਨਿਊਯਾਰਕ ਟਾਈਮਜ਼' ਦੀਆਂ ਖਬਰਾਂ 'ਤੇ ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਉਨ੍ਹਾਂ ਦੇ ਡਾਟੇ ਨੂੰ ਇਕੱਠਾ ਕਰ ਕੇ ਤੀਜੀ ਪਾਰਟੀ ਨੂੰ ਦੇ ਦਿੱਤਾ ਹੈ।

ਇਸ ਦਾ ਮਤਲਬ ਡਾਟਾ ਚੋਰੀ ਕਰਨਾ ਨਹੀਂ ਹੁੰਦਾ ਹੈ।

ਫੇਸਬੁੱਕ ਦਾ ਬਿਜ਼ਨਸ ਮਾਡਲ

ਦੋਵੇਂ ਫੇਸਬੁੱਕ ਅਤੇ ਕੈਂਬ੍ਰਿਜ ਐਨਾਲਿਟਿਕਾ ਨੇ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਨਿਯਮਾਂ ਦੀ ਉਲੰਘਣਾ ਤੋਂ ਇਨਕਾਰ ਕੀਤਾ ਹੈ।

ਜੇ ਇਹ ਡਾਟਾ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ ਨਹੀਂ ਹੈ, ਜੇ ਇਹ ਕੰਪਨੀਆਂ ਲਈ ਚਿੰਤਾ ਦੀ ਗੱਲ ਨਹੀਂ ਹੈ ਅਤੇ ਜੇ ਇਹ ਸਾਰਾ ਕੁਝ ਕਾਨੂੰਨੀ ਹੈ ਤਾਂ ਦੋ ਅਰਬ ਫੇਸਬੁੱਕ ਯੂਜ਼ਰਜ਼ ਨੂੰ ਚਿੰਤਾ ਕਰਨ ਦੀ ਲੋੜ ਹੈ।

ਫੇਸਬੁੱਕ ਨੇ ਉਮੀਦ ਤੋਂ ਵੱਧ ਕਮਾਈ ਕੀਤੀ ਹੈ ਅਤੇ ਅਮੀਰ ਬਣਿਆ ਹੈ।

ਜ਼ਿਆਦਾਤਰ ਯੂਜ਼ਰਜ਼ ਨੂੰ ਇਹ ਨਹੀਂ ਪਤਾ ਕਿ ਸੋਸ਼ਲ ਮੀਡੀਆ ਕੰਪਨੀਆਂ ਉਨ੍ਹਾਂ ਬਾਰੇ ਕਿੰਨਾ ਜਾਣਦੀਆਂ ਹਨ।

ਫੇਸਬੁੱਕ ਦਾ ਬਿਜ਼ਨਸ ਮਾਡਲ ਉਸ ਦੇ ਡਾਟੇ ਦੀ ਕੁਆਲਿਟੀ 'ਤੇ ਆਧਾਰਤ ਹੈ। ਫੇਸਬੁੱਕ ਉਹ ਡਾਟੇ ਵਿਗਿਆਪਨਦਾਤਾਵਾਂ ਨੂੰ ਵੇਚਦਾ ਹੈ।

ਸਿਆਸਤ ਵੀ ਵੇਚੀ ਜਾ ਰਹੀ ਹੈ

ਵਿਗਿਆਪਨਦਾਤਾ ਯੂਜ਼ਰ ਦੀ ਜ਼ਰੂਰਤ ਅਨੁਸਾਰ ਸਮਾਰਟ ਮੈਸੇਜਿੰਗ ਜ਼ਰੀਏ ਆਦਤਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਕਿ ਅਸੀਂ ਉਨ੍ਹਾਂ ਤੋਂ ਸਾਮਾਨ ਖਰੀਦੀਏ।

'ਦਿ ਟਾਈਮਜ਼' ਵਿੱਚ ਹਯੂਗੋ ਰਿਫਿਕੰਡ ਨੇ ਲਿਖਿਆ, ''ਹਾਲੇ ਤੱਕ ਜੋ ਕੁਝ ਵੀ ਹੋਇਆ ਉਹ ਇਸ ਲਈ ਹੋਇਆ ਕਿਉਂਕਿ ਫੇਸਬੁੱਕ ਸਾਮਾਨ ਦੇ ਨਾਲ ਨਾਲ ਸਿਆਸਤ ਵੀ ਵੇਚ ਰਿਹਾ ਹੈ। ''

''ਰਾਜਨੀਤਕ ਦਲ, ਭਾਵੇਂ ਉਹ ਲੋਕਤੰਤਰ ਦੇ ਹਨ ਜਾਂ ਨਹੀਂ, ਸਾਡੀ ਸੋਚ ਨੂੰ ਪ੍ਰਭਾਵਿਤ ਕਰਨ ਲਈ ਸਮਾਰਟ ਮੈਸੇਜਿੰਗ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂਕਿ ਅਸੀਂ ਕਿਸੇ ਖਾਸ ਉਮੀਦਵਾਰ ਨੂੰ ਵੋਟ ਪਾਈਏ। ਉਹ ਇਸਦਾ ਇਸਤੇਮਾਲ ਆਮ ਲੋਕਾਂ ਦੀ ਸਹਿਮਤੀ ਨੂੰ ਕਮਜ਼ੋਰ ਕਰਨ ਅਤੇ ਸੱਚਾਈ ਨੂੰ ਦੱਬਣ ਲਈ ਵੀ ਕਰਦੇ ਹਨ।''

ਮਾਰਕ ਜ਼ਕਰਬਰਗ ਨੂੰ ਜਵਾਬ ਦੇਣਾ ਚਾਹੀਦਾ ਹੈ

ਫੇਸਬੁੱਕ ਦੀ ਚਲਾਕ ਪ੍ਰਤਿਕਿਰਿਆ ਅਤੇ ਨਿਊਜ਼ ਫੀਡ ਤੈਅ ਕਰਨ ਵਾਲੀ ਤਕਨੀਕ ਦਾ ਇਸਤੇਮਾਲ ਖਾਸ ਉਦੇਸ਼ ਪੂਰਾ ਕਰਨ ਦੀ ਇਜਾਜ਼ਤ ਦੇਵੇਗਾ ਜੋ ਸਮਾਜ ਲਈ ਠੀਕ ਨਹੀਂ ਹੋਵੇਗਾ।

ਹਾਲਾਂਕਿ ਕੰਪਨੀ ਨੇ ਡਾਟਾ ਸੁਰੱਖਿਆ ਦੇ ਉਲੰਘਣ ਤੋਂ ਇਨਕਾਰ ਕੀਤਾ ਹੈ, ਉਸਦੇ ਬਾਵਜੂਦ ਫੇਸਬੁੱਕ ਨੇ ਕੈਂਬ੍ਰਿਜ ਐਨਾਲਿਟਿਕਾ ਅਤੇ ਮੁਖਬਿਰ ਕ੍ਰਿਸ ਵਿਲੀ ਦੇ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ।

ਹੁਣ ਕੰਪਨੀ ਨੂੰ ਆਪਣੇ ਮੁਲਾਜ਼ਮਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਘਟਾਉਣ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ।

ਮਾਰਕ ਜ਼ਕਰਬਰਗ ਨੂੰ ਜਨਤਕ ਤੌਰ 'ਤੇ ਬੋਲਣ ਦੀ ਵੀ ਲੋੜ ਹੈ, ਸਿਰਫ ਚਲਾਕ ਪ੍ਰਤਿਕਿਰਿਆ ਦੇਣ ਵਾਲਾ ਬਲਾਗ ਕਾਫੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)