'ਤਨਖ਼ਾਹ 'ਚ ਅਸਮਾਨਤਾ': ਬੀਬੀਸੀ ਸੰਪਾਦਕ ਦਾ ਅਸਤੀਫ਼ਾ

ਬੀਬੀਸੀ ਚੀਨੀ ਸੇਵਾ ਦੀ ਸੰਪਾਦਕ ਕੈਰੀ ਗ੍ਰੇਸੀ ਨੇ ਸੰਸਥਾ 'ਚ ਅਸਮਾਨ ਤਨਖ਼ਾਹ ਨੂੰ ਮੁੱਦਾ ਬਣਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਕੈਰੀ ਗ੍ਰੇਸੀ ਦਾ ਕਹਿਣਾ ਹੈ ਕਿ ਬੀਬੀਸੀ 'ਚ ਮਹਿਲਾ ਮੁਲਾਜ਼ਮਾਂ ਨੂੰ ਪੁਰਸ਼ ਮੁਲਾਜ਼ਮਾਂ ਮੁਕਾਬਲੇ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ।

ਇੱਕ ਖੁਲ੍ਹੀ ਚਿੱਠੀ 'ਚ 30 ਸਾਲ ਤੋਂ ਬੀਬੀਸੀ ਨਾਲ ਕੰਮ ਕਰ ਰਹੀ ਗ੍ਰੇਸੀ ਨੇ ਬੀਬੀਸੀ ਕਾਰਪੋਰੇਸ਼ਨ 'ਤੇ 'ਗੁਪਤ ਅਤੇ ਗ਼ੈਰ ਕਨੂੰਨੀ ਤਨਖ਼ਾਹ ਢਾਂਚੇ' ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਡੇਢ ਲੱਖ ਬਰਤਾਨਵੀ ਪਾਊਂਡ ਤੋਂ ਵੱਧ ਤਨਖ਼ਾਹ ਪਾਉਣ ਵਾਲੇ ਮੁਲਾਜ਼ਮਾਂ ਵਿੱਚ ਦੋ ਤਿਹਾਈ ਪੁਰਸ਼ਾਂ ਦੇ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਬੀਬੀਸੀ 'ਭਰੋਸੇ ਦੇ ਸੰਕਟ' ਦਾ ਸਾਹਮਣਾ ਕਰ ਰਹੀ ਹੈ।

ਬੀਬੀਸੀ ਦਾ ਕਹਿਣਾ ਹੈ ਕਿ ਸੰਸਥਾ 'ਚ 'ਔਰਤਾਂ ਖ਼ਿਲਾਫ਼ ਕੋਈ ਭੇਦਭਾਵ ਨਹੀਂ ਹੈ'।

ਸੰਸਥਾ 'ਚ ਬਣੇ ਰਹਿਣਗੇ ਗ੍ਰੇਸੀ

ਗ੍ਰੈਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਬੀਸੀ ਚੀਨ ਦੇ ਸੰਪਾਦਕ ਵਜੋਂ ਅਸਤੀਫਾ ਦਿੱਤਾ ਹੈ ਪਰ ਉਹ ਸੰਸਥਾ ਵਿੱਚ ਹੀ ਰਹਿਣਗੇ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਟੀਵੀ ਨਿਊਜ਼ ਰੂਮ ਵਿੱਚ ਆਪਣੀ ਸਾਬਕਾ ਭੂਮਿਕਾ ਵਿੱਚ ਵਾਪਸ ਆ ਰਹੇ ਹਨ। ਜਿੱਥੇ ਉਨ੍ਹਾਂ ਨੂੰ ਆਸ ਹੈ ਕਿ ਤਨਖ਼ਾਹ ਮਰਦਾਂ ਬਰਾਬਰ ਹੀ ਮਿਲੇਗੀ।

ਬਜ਼ਫੀਡ ਨਿਊਜ਼ 'ਤੇ ਪ੍ਰਕਾਸ਼ਤ ਖੁੱਲ੍ਹੀ ਚਿੱਠੀ 'ਚ ਉਨ੍ਹਾਂ ਨੇ ਲਿਖਿਆ, "ਬੀਬੀਸੀ ਲੋਕਾਂ ਦੀ ਸੇਵਾ ਹੈ ਜੋ ਲਾਇਸੈਂਸ ਫੀਸ ਅਦਾ ਕਰਦੇ ਹਨ।"

ਉਨ੍ਹਾਂ ਨੇ ਕਿਹਾ, "ਮੈਂ ਮੰਨਦੀ ਹਾਂ ਕਿ ਤੁਹਾਨੂੰ ਇਹ ਪਤਾ ਲਗਾਉਣ ਦਾ ਅਧਿਕਾਰ ਹੈ ਕਿ ਬੀਬੀਸੀ ਬਰਾਬਰੀ ਦੇ ਕਾਨੂੰਨ ਤੋੜ ਰਹੀ ਹੈ ਅਤੇ ਪਾਰਦਰਸ਼ੀ ਅਤੇ ਗ਼ੈਰ ਪੱਖਪਾਤੀ ਤਨਖ਼ਾਹ ਢਾਂਚੇ ਲਈ ਪਾਏ ਜਾ ਰਹੇ ਦਬਾਅ ਨੂੰ ਰੋਕ ਰਹੀ ਹੈ।"

ਪਿਛਲੇ ਸਾਲ ਜੁਲਾਈ ਵਿੱਚ ਬੀਬੀਸੀ ਦੇ ਸਲਾਨਾ ਡੇਢ ਲੱਖ ਪਾਊਂਡ ਤੋਂ ਵੱਧ ਕਮਾਉਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਆਪਣੀ ਤਨਖ਼ਾਹ ਜਨਤਕ ਕਰਨੀ ਪਈ ਸੀ।

ਗ੍ਰੇਸੀ ਨੇ ਕਿਹਾ ਕਿ ਉਹ ਜਾਣ ਕੇ ਹੈਰਾਨ ਸੀ ਕਿ ਬੀਬੀਸੀ ਦੇ ਮਰਦ ਕੌਮਾਂਤਰੀ ਸੰਪਾਦਕ ਔਰਤਾਂ ਮੁਕਾਬਲੇ ਘੱਟੋ- ਘੱਟ 50 ਫੀਸਦ ਵੱਧ ਤਨਖ਼ਾਹ ਲੈਂਦੇ ਹਨ।

ਬੀਬੀਸੀ ਅਮਰੀਕਾ ਦੇ ਸੰਪਾਦਕ ਜੋਨ ਸੋਪੇਲ ਨੂੰ ਢਾਈ ਲੱਖ ਪਾਊਂਡ ਵਿਚਾਲੇ ਤਨਖ਼ਾਹ ਮਿਲਦੀ ਹੈ ਜਦ ਕਿ ਬੀਬੀਸੀ ਮੱਧ-ਪੂਰਬੀ ਸੰਪਾਦਕ ਜੇਰੇਮੀ ਬਾਵੇਨ ਨੂੰ ਡੇਢ ਤੋਂ ਦੋ ਲੱਖ ਪਾਊਂਡ ਵਿਚਾਲੇ ਤਨਖ਼ਾਹ ਮਿਲਦੀ ਸੀ।

ਹਾਲਾਂਕਿ ਕੈਰੀ ਗ੍ਰੇਸੀ ਇਸ ਸੂਚੀ ਵਿੱਚ ਨਹੀਂ ਸੀ, ਜਿਸ ਦਾ ਮਤਲਬ ਇਹ ਕਿ ਉਨ੍ਹਾਂ ਦੀ ਤਨਖ਼ਾਹ ਸਾਲਾਨਾ ਡੇਢ ਲੱਖ ਪਾਊਂਡ ਤੋਂ ਘੱਟ ਸੀ।

'ਤਨਖ਼ਾਹ 'ਚ ਵਾਧਾ ਨਹੀਂ ਬਰਾਬਰੀ ਦੀ ਮੰਗ'

ਆਪਣੀ ਖੁੱਲ੍ਹੀ ਚਿੱਠੀ 'ਚ ਗ੍ਰੇਸੀ ਨੇ ਕਿਹਾ ਕਿ ਬਰਾਬਰੀ ਦਾ ਕਾਨੂੰਨ ਕਹਿੰਦਾ ਹੈ ਕਿ ਇਕੋ ਜਿਹਾ ਕੰਮ ਕਰ ਰਹੇ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਦੀ ਤਨਖ਼ਾਹ ਮਿਲਣੀ ਚਾਹੀਦੀ ਹੈ।

ਆਪਣੀ ਚਿੱਠੀ ਵਿੱਚ ਗ੍ਰੇਸੀ ਨੇ ਇਹ ਵੀ ਕਿਹਾ ਕਿ ਉਹ ਤਨਖ਼ਾਹ 'ਚ ਵਾਧਾ ਨਹੀਂ ਚਾਹੁੰਦੀ ਬਲਕਿ ਬਰਾਬਰ ਤਨਖ਼ਾਹ ਚਾਹੁੰਦੀ ਹੈ।

ਬੀਬੀਸੀ ਦੇ ਮੀਡੀਆ ਸੰਪਾਦਕ ਅਮੋਲ ਰੰਜਨ ਮੁਤਾਬਕ ਗ੍ਰੇਸੀ ਦਾ ਅਸਤੀਫਾ ਬੀਬੀਸੀ ਲਈ ਸਿਰ ਦਰਦ ਬਣਿਆ ਹੋਇਆ ਹੈ

ਰੰਜਨ ਮੁਤਾਬਕ ਬੀਬੀਸੀ ਨੇ ਜਿੱਥੇ ਤਨਖ਼ਾਹ 'ਚ ਬਰਾਬਰੀ ਲਿਆਉਣ ਦਾ ਵਾਅਦਾ ਕੀਤਾ ਹੈ, ਉੱਥੇ ਹੀ ਗ੍ਰੇਸੀ ਦੀ ਚਿੱਠੀ ਦੱਸਦੀ ਹੈ ਕਿ ਉਹ ਵਾਅਦਾ ਖੋਖਲਾ ਹੀ ਸੀ।

ਟਵਿੱਟਰ 'ਤੇ ਬੀਬੀਸੀ ਦੇ ਪੱਤਰਕਾਰਾਂ ਸਣੇ ਬਹੁਤ ਸਾਰੇ ਲੋਕਾਂ ਨੇ ਕੈਰੀ ਗ੍ਰੇਸੀ ਦਾ ਸਮਰਥਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)