ਰੱਖਿਆ ਬਜਟ ਦਾ ਦੋ ਫ਼ੀਸਦ ਸੈਨੇਟਰੀ ਪੈਡਸ 'ਤੇ ਲਗਾਇਆ ਜਾਵੇ: ਅਕਸ਼ੇ ਕੁਮਾਰ

    • ਲੇਖਕ, ਸੁਪ੍ਰਿਆ ਸੋਗਲੇ
    • ਰੋਲ, ਬੀਬੀਸੀ ਹਿੰਦੀ ਦੇ ਲਈ

ਹਿੰਦੀ ਫ਼ਿਲਮਾਂ ਦੇ 'ਖਿਲਾੜੀ' ਕਹੇ ਜਾਣ ਵਾਲੇ ਅਕਸ਼ੇ ਕੁਮਾਰ ਬੀਤੇ ਕੁਝ ਸਾਲਾਂ ਤੋਂ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਬਣਾ ਰਹੇ ਹਨ। 'ਟਾਇਲਟ ਏਕ ਪ੍ਰੇਮ ਕਥਾ', 'ਏਅਰਲਿਫ਼ਟ' ਅਤੇ 'ਬੇਬੀ' ਵਰਗੀਆਂ ਫ਼ਿਲਮਾਂ ਇਸਦੇ ਕੁਝ ਉਦਹਾਰਣ ਹਨ।

ਹੁਣ ਅਕਸ਼ੇ ਕੁਮਾਰ ਔਰਤਾਂ ਦੇ ਪੀਰੀਅਡਸ ਬਾਰੇ ਜਾਗਰੂਕਤਾ ਫਲਾਉਣ ਲਈ ਫ਼ਿਲਮ 'ਪੈਡ ਮੈਨ' ਲੈ ਕੇ ਆ ਰਹੇ ਹਨ ਪਰ 50 ਸਾਲਾ ਅਕਸ਼ੇ ਕੁਮਾਰ ਨੂੰ ਖ਼ੁਦ ਪੀਰੀਅਡਸ ਬਾਰੇ ਪੂਰੀ ਜਾਣਕਾਰੀ 2 ਸਾਲ ਪਹਿਲਾਂ 'ਪੈਡ ਮੈਨ' ਕਰਨ ਦੌਰਾਨ ਮਿਲੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਕਸ਼ੇ ਕੁਮਾਰ ਨੇ ਦੱਸਿਆ, ''ਜਿਵੇਂ ਬਾਕੀ ਘਰਾਂ ਵਿੱਚ ਹੁੰਦਾ ਹੈ, ਮੇਰੇ ਤੋਂ ਵੀ ਇਸ ਬਾਰੇ ਲੁਕਾਇਆ ਗਿਆ ਸੀ। ਮੈਨੂੰ ਵੀ ਨਹੀਂ ਪਤਾ ਸੀ। ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਔਰਤਾਂ ਦੇ ਮਾਹਵਾਰੀ ਬਾਰੇ ਪਤਾ ਲੱਗਦਾ ਗਿਆ।''

ਅਕਸ਼ੇ ਨੇ ਕਿਹਾ, ''ਇਹ ਕਿਵੇਂ ਹੁੰਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਸਾਡੇ ਦੇਸ ਵਿੱਚ 82 ਫ਼ੀਸਦ ਔਰਤਾਂ ਨੂੰ ਪਤਾ ਹੀ ਨਹੀਂ ਹੈ।''

ਪੂਰੀ ਜਾਣਕਾਰੀ 2 ਸਾਲ ਪਹਿਲਾਂ ਮਿਲੀ

ਅਕਸ਼ੇ ਮੁਤਾਬਿਕ,''ਉਸ ਦੌਰਾਨ ਦੇਸ ਵਿੱਚ ਔਰਤਾਂ ਮਿੱਟੀ, ਪੱਤੇ ਅਤੇ ਰਾਖ ਦੀ ਵਰਤੋਂ ਕਰਦੀਆਂ ਹਨ ਜੋ ਬਹੁਤ ਸ਼ਰਮਨਾਕ ਚੀਜ਼ ਹੈ। ਇਸ ਬਾਰੇ ਜਾਣਕਾਰੀ ਮੈਨੂੰ 2 ਸਾਲ ਪਹਿਲਾਂ ਮਿਲੀ ਅਤੇ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦੀ ਫ਼ਿਲਮ ਦੀ ਲੋੜ ਹੈ।''

ਇਹ ਫ਼ਿਲਮ ਸਸਤੀ ਪੈਡ ਮਸ਼ੀਨ ਬਣਾਉਣ ਵਾਲੇ ਅਰੁਣਾਚਲਮ ਮੁਰਗੂਨਾਥਮ ਦੀ ਕਹਾਣੀ ਤੋਂ ਪ੍ਰਭਾਵਿਤ ਹੈ।

ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਕ ਗੱਲ ਮੇਰੇ ਦਿਲ 'ਤੇ ਲੱਗ ਗਈ।

ਅਰੁਣਾਚਲਮ ਨੇ ਕਿਹਾ ਸੀ ਜੇਕਰ ਦੇਸ ਦੀਆਂ ਔਰਤਾਂ ਤਾਕਤਵਾਰ ਹੋਣਗੀਆਂ ਤਾਂ ਦੇਸ ਤਾਕਤਵਾਰ ਹੋਵੇਗਾ।

ਆਰ ਬਾਲਕੀ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਪੈਡ ਮੈਨ' ਵਿੱਚ ਅਕਸ਼ੇ ਕੁਮਾਰ ਦੇ ਨਾਲ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਵੀ ਅਹਿਮ ਭੂਮਿਕਾ ਵਿੱਚ ਹਨ। ਫ਼ਿਲਮ 26 ਜਨਵਰੀ ਨੂੰ ਰਿਲੀਜ਼ ਹੋਵੇਗੀ।

'ਰੱਖਿਆ ਬਜਟ ਦਾ ਦੋ ਫ਼ੀਸਦ ਪੈਡਸ ਲਈ ਲੱਗੇ'

ਅਕਸ਼ੇ ਸਵਾਲ ਚੁੱਕਦੇ ਹਨ ਕਿ ਦੇਸ ਦੇ ਰੱਖਿਆ ਬਜਟ 'ਤੇ ਹਰ ਸਾਲ ਐਨਾ ਖ਼ਰਚਾ ਕੀਤਾ ਜਾਂਦਾ ਹੈ ਪਰ ਉਸਦਾ ਫਾਇਦਾ ਕੀ ਜੇਕਰ ਦੇਸ ਦੀਆਂ ਮਹਿਲਾਵਾਂ ਹੀ ਸਸ਼ਕਤ ਨਾ ਹੋਣ?

ਉਹ ਕਹਿੰਦੇ ਹਨ ਕਿ ਰੱਖਿਆ ਬਜਟ ਦਾ ਦੋ ਫ਼ੀਸਦ ਹਿੱਸਾ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਵਿੱਚ ਲਗਾਉਣ ਚਾਹੀਦਾ ਹੈ।

ਪੀਰੀਅਡਸ ਦੇ ਦਿਨਾਂ ਵਿੱਚ ਔਰਤਾਂ ਦੀ ਹਾਲਤ 'ਤੇ ਅਕਸ਼ੇ ਕੁਮਾਰ ਕਹਿੰਦੇ ਹਨ, ''ਮੈਂ ਇਸ ਬਾਰੇ ਬਹੁਤ ਪੜ੍ਹ ਰਿਹਾ ਹਾਂ। ਸਾਡੇ ਦੇਸ ਵਿੱਚ ਔਰਤਾਂ ਦੇ ਉਹ 5 ਦਿਨ ਨਰਕ ਦੇ ਬਰਾਬਰ ਹੁੰਦੇ ਹਨ। ਇਸ ਲਈ ਨਹੀਂ ਕਿ ਉਹ ਪੀਰੀਅਡਸ ਤੋਂ ਗੁਜ਼ਰ ਰਹੀਆਂ ਹੁੰਦੀਆਂ ਹਨ ਬਲਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਦੇ ਵਰਤਾਰੇ ਕਾਰਨ। ਉਨ੍ਹਾਂ ਦੇ ਕੋਲ ਲੋੜ ਮੁਤਾਬਕ ਸਫ਼ਾਈ ਨਹੀਂ ਹੁੰਦੀ। ਉਨ੍ਹਾਂ ਨੂੰ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਰਸੋਈ ਵਿੱਚ ਨਹੀਂ ਜਾਣਾ, ਘਰ ਤੋਂ ਬਾਹਰ ਸੋਣਾ, ਅਚਾਰ ਨੂੰ ਹੱਥ ਨਹੀਂ ਲਾਉਣਾ, ਮੰਦਿਰ ਤੋਂ ਦੂਰ ਰਹਿਣਾ। ''

'ਪੀਰੀਅਡਸ ਦਾ ਜਸ਼ਨ'

ਅਜਿਹੇ ਨਿਯਮਾਂ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਅਕਸ਼ੇ ਕਹਿੰਦੇ ਹਨ, ''ਸ਼ਰਮਨਾਕ ਹੈ ਕਿ ਸਕੂਲ ਜਾਣ ਵਾਲੀਆਂ ਕੁੜੀਆਂ ਦੇ ਕੱਪੜਿਆਂ 'ਤੇ ਜੇਕਰ ਦਾਗ ਲੱਗ ਜਾਂਦਾ ਹੈ ਤਾਂ ਉਨ੍ਹਾਂ ਨੂੰ ਛੇੜਿਆ ਜਾਂਦਾ ਹੈ। ਕਈ ਥਾਵਾਂ 'ਤੇ ਇਸਨੂੰ ਪੰਜ ਦਿਨ ਦਾ ਟੈਸਟ ਮੈਚ ਵੀ ਕਿਹਾ ਜਾਂਦਾ ਹੈ।''

ਅਕਸ਼ੇ ਕੁਮਾਰ ਦਾ ਕਹਿਣਾ ਹੈ ਕਿ ਸ਼ੁਰੂਆਤੀ ਉਮਰ ਵਿੱਚ ਕੁੜੀਆਂ ਦੇ ਪੀਰੀਅਡਸ ਦਾ ਜਸ਼ਨ ਕਰਨਾ ਚਾਹੀਦਾ ਹੈ ਤਾਂਕਿ ਕੁੜੀਆਂ ਝਿਜਕਣ ਨਾਂ ਬਲਕਿ ਉਨ੍ਹਾਂ ਦਾ ਆਤਮ-ਵਿਸ਼ਵਾਸ ਬਰਕਰਾਰ ਰਹੇ।

ਲਗਾਤਾਰ ਹਿੱਟ ਫ਼ਿਲਮਾਂ ਦੇ ਰਹੇ ਅਕਸ਼ੇ ਕੁਮਾਰ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਦੀ ਹਰ ਫ਼ਿਲਮ ਉਨ੍ਹਾਂ ਦੀ ਦੂਜੀ ਫ਼ਿਲਮ ਤੋਂ ਵੱਖ ਹੋਵੇਗੀ।

ਉਨ੍ਹਾਂ ਨੇ ਕਿਹਾ ਫ਼ਿਲਮ ਇੰਡਸਟਰੀ ਵਿੱਚ ਹਿੱਟ ਫ਼ਿਲਮ ਦਾ ਕੋਈ ਫਾਰਮੂਲਾ ਨਹੀਂ ਹੁੰਦਾ ਅਤੇ ਕਿਸੇ ਨੂੰ ਪਤਾ ਨਹੀਂ ਹੁੰਦਾ ਕੀ ਕਿਹੜੀ ਫ਼ਿਲਮ ਚੱਲੇਗੀ।

ਅਕਸ਼ੇ ਕੁਮਾਰ ਨੇ ਕਿਹਾ ਕਿ ਉਹ ਜਦੋਂ ਤੱਕ ਦੌੜ ਸਕਦੇ ਹਨ, ਫ਼ਿਲਮਾਂ ਵਿੱਚ ਕੰਮ ਕਰਦੇ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)