ਸਾਰਾਗੜ੍ਹੀ 'ਤੇ ਬਣ ਰਹੀ ਫਿਲਮ 'ਚ ਕੁਝ ਇਸ ਤਰ੍ਹਾਂ ਦਿਖਾਈ ਦੇਣਗੇ ਅਕਸ਼ੇ ਕੁਮਾਰ

ਉੱਘੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ 2018 ਲਈ ਆਪਣੀ ਆਉਣ ਵਾਲੀ ਫ਼ਿਲਮ 'ਕੇਸਰੀ' ਦੇ ਪੋਸਟਰ ਦੀ ਘੁੰਡ ਚੁਕਾਈ ਅੱਜ ਸੋਸ਼ਲ ਮੀਡੀਆ 'ਤੇ ਕੀਤੀ ਹੈ।

ਇਹ ਫ਼ਿਲਮ ਦੁਨੀਆਂ ਭਰ ਵਿਚ ਆਪਣੀ ਬਹਾਦਰੀ ਲਈ ਮਸ਼ਹੂਰ 'ਸਾਰਾਗੜ੍ਹੀ ਦੀ ਜੰਗ ਨੂੰ ਲਈ ਕੇ ਬਣਾਈ ਜਾ ਰਹੀ ਹੈ।

ਟਵਿੱਟਰ 'ਤੇ ਇਸ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਨ ਤੋਂ ਬਾਅਦ ਅਕਸ਼ੇ ਕੁਮਾਰ ਨੇ ਲਿਖਿਆ, "ਮੈਨੂੰ ਇਹ ਸਾਂਝਾ ਕਰਦੇ ਹੋਏ ਅਥਾਹ ਮਾਣ ਮਹਿਸੂਸ ਹੋ ਰਿਹਾ ਹੈ। ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ।"

ਇਸ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ, ਫ਼ਿਲਮ ਮੇਕਰ ਕਰਨ ਜੌਹਰ ਨੇ ਟਵਿੱਟਰ 'ਤੇ ਲਿਖਿਆ ਹੈ, "ਮੈਂ 'ਕੇਸਰੀ' ਨੂੰ ਲੈ ਕੇ ਬਹੁਤ ਖ਼ੁਸ਼ ਹਾਂ।" ਉਨ੍ਹਾਂ ਇਸ ਨੂੰ ਹੁਣ ਤੱਕ ਦੀ ਸਭ ਤੋਂ ਬਹਾਦਰੀ ਵਾਲੀ ਕਹਾਣੀ ਕਿਹਾ।

19ਵੀ ਸਦੀ ਵਿਚ ਸਾਰਾਗੜ੍ਹੀ ਦੀ ਲੜਾਈ ਦੌਰਾਨ 21 ਸਿੱਖ ਫ਼ੌਜੀਆਂ, ਜੋ ਕਿ ਬਰਤਾਨੀਆ ਦਾ ਫ਼ੌਜ ਦਾ ਹਿੱਸਾ ਸਨ, ਨੇ 10000 ਅਫ਼ਗ਼ਾਨੀ ਕਬਾਇਲੀਆਂ ਨਾਲ ਲੋਹਾ ਲਿਆ ਸੀ।ਜੰਗੀ ਇਤਿਹਾਸ ਵਿੱਚ ਇਸ ਨੂੰ ਸਿੱਖਾਂ ਵੱਲੋਂ ਬਹਾਦਰੀ ਨਾਲ ਲੜੀ ਗਈ ਅਸਾਂਵੀ ਜੰਗ ਮੰਨਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)