You’re viewing a text-only version of this website that uses less data. View the main version of the website including all images and videos.
ਰੂਸ ਨੂੰ ਕਲੀਨ ਚਿਟ ਦੇਣ ਲਈ ਰਾਸ਼ਟਪਤੀ ਟਰੰਪ ਦੀ ਅਮਰੀਕਾ 'ਚ ਤਿੱਖੀ ਆਲੋਚਨਾ
2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖਲ ਦੇ ਐਫਬੀਆਈ ਦੇ ਇਲਜ਼ਾਮਾਂ ਦੇ ਉਲਟ ਸਟੈਂਡ ਲਏ ਜਾਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਦੀ ਆਪਣੇ ਮੁਲਕ ਵਿਚ ਤਿੱਖੀ ਆਲੋਚਨਾ ਹੋ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦੇ ਇਲਜ਼ਾਮਾਂ ਉੱਤੇ ਰੂਸ ਦਾ ਬਚਾਅ ਕੀਤਾ ਹੈ।
ਫਿਨਲੈਂਡ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੈਠਕ ਦੌਰਾਨ ਟਰੰਪ ਨੇ ਅਮਰੀਕੀ ਖੁਫ਼ੀਆ ਏਜੰਸੀਆਂ ਦੇ ਸਟੈਂਡ ਤੋਂ ਉਲਟ ਸਟੈਂਡ ਲੈਂਦਿਆਂ ਕਿਹਾ, 'ਰੂਸ ਦੇ ਕੋਲ ਅਮਰੀਕੀ ਚੋਣਾਂ ਵਿੱਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਹੈ'।
ਟਰੰਪ ਨਾਲ ਸਾਂਝੀ ਪ੍ਰੈਸ ਕਾਰਫਰੰਸ ਦੌਰਾਨ ਪੁਤਿਨ ਨੇ ਵੀ ਦੁਹਰਾਇਆ ਕਿ ਰੂਸ ਨੇ ਕਦੇ ਵੀ ਅਮਰੀਕੀ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ ਹੈ। ਦੋਵੇਂ ਨੇਤਾ ਫਿਨਲੈਂਡ ਦੀ ਰਾਜਧਾਨੀ ਗੇਲਸਿੰਕੀ ਵਿੱਚ ਤਕਰਾਬਨ ਦੋ ਘੰਟੇ ਮਿਲੇ।
ਇਹ ਵੀ ਪੜ੍ਹੋ:
ਰੂਸ ਸਾਡਾ ਸਹਿਸੋਗੀ ਨਹੀਂ
ਅਮਰੀਕੀ ਕਾਂਗਰਸ ਦੇ ਵਿਚ ਸੀਨੀਅਰ ਆਗੂ ਅਤੇ ਹਾਊਸ ਦੇ ਬੁਲਾਰੇ ਪੌਲ ਰਿਆਨ ਨੇ ਕਿਹਾ, 'ਸ੍ਰੀਮਾਨ ਟਰੰਪ ਨੂੰ ਸੋਚਣਾ ਚਾਹੀਦਾ ਹੈ ਕਿ ਰੂਸ ਸਾਡਾ ਪੱਕਾ ਸਹਿਯੋਗੀ ਨਹੀਂ ਹੈ'। ਰਾਸ਼ਟਪਤੀ ਦੇ ਆਪਣੇ ਖੁਫ਼ੀਆ ਤੰਤਰ ਦਾ ਮੁਖੀ ਰੂਸ ਉੱਤੇ ਗੰਭੀਰ ਇਲਜ਼ਾਮ ਲਗਾ ਚੁੱਕਾ ਹੈ।
ਅਮਰੀਕਾ ਦੀ ਕੌਮੀ ਖ਼ੁਫੀਆ ਏਜੰਸੀ ਦੇ ਡਾਇਰੈਕਟਰ ਡੌਨ ਕੋਟਸ ਨੇ ਦਾਅਵਾ ਕੀਤਾ ਸੀ, 'ਅਮਰੀਕੀ ਲੋਕਤੰਤਰ ਨੂੰ ਨੀਵਾਂ ਦਿਖਾਉਣ ਲਈ ਜੋ ਕੁਝ ਵੀ ਹੋ ਰਿਹਾ ਹੈ, ਉਹ ਸਾਰਾ ਰੂਸ ਦਾ ਕਾਰਾ ਹੈ'।
ਰਾਸ਼ਟਰਪਤੀ ਟਰੰਪ ਨੇ ਇਸ ਬਿਆਨ ਦਾ ਖੰਡਨ ਕੀਤਾ ਹੈ।
ਟਰੰਪ ਨੇ ਕੀ ਕਿਹਾ ਸੀ
ਸੰਮੇਲਨ ਮਗਰੋਂ ਪ੍ਰੈੱਸ ਕਾਨਫਰੰਸ ਵਿੱਚ ਰਾਸ਼ਟਰਪਤੀ ਟਰੰਪ ਤੋਂ ਪੁੱਛਿਆ ਗਿਆ ਕਿ ਚੋਣਾ ਵਿੱਚ ਦਖਲ ਦੇ ਇਲਜ਼ਾਮਾਂ ਨੂੰ ਲੈ ਕੇ ਉਨ੍ਹਾਂ ਨੂੰ ਆਪਣੀ ਖੁਫ਼ੀਆ ਏਜੰਸੀਆਂ 'ਤੇ ਭਰੋਸਾ ਹੈ ਜਾਂ ਰੂਸ ਦੇ ਰਾਸ਼ਟਰਪਤੀ ਉੱਤੇ
ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, "ਰਾਸ਼ਟਰਪਤੀ ਪੁਤਿਨ ਕਹਿੰਦੇ ਹਨ ਕਿ ਰੂਸ ਨੇ ਅਜਿਹਾ ਨਹੀਂ ਕੀਤਾ। ਮੈਨੂੰ ਉਨ੍ਹਾਂ ਵੱਲੋਂ ਦਖਲ ਦੇਣ ਦੀ ਕੋਈ ਵਜ੍ਹਾ ਵੀ ਨਹੀਂ ਦਿਖਦੀ।"
ਐਫਬੀਆਈ ਅਤੇ ਖੂਫੀਆ ਏਜੰਸੀਆਂ ਇਸ ਨਤੀਜੇ ਉੱਤੇ ਪਹੁੰਚੀਆਂ ਸਨ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਹਿਲੇਰੀ ਕਲਿੰਟਨ ਦੇ ਖਿਲਾਫ ਮਾਹੌਲ ਬਣਾਉਣ ਵਿੱਚ ਰੂਸ ਦਾ ਹੱਥ ਸੀ।
ਏਜੰਸੀਆਂ ਮੁਤਾਬਕ ਇਸ ਲਈ ਸੋਸ਼ਲ ਮੀਡੀਆ ਉੱਤੇ ਫਰਜ਼ੀ ਖ਼ਬਰਾਂ ਫੈਲਾਉਣ ਤੋਂ ਲੈ ਕੇ ਸਾਈਬਰ ਹਮਲਿਆਂ ਲਈ ਸਰਕਾਰ ਦੀ ਮਨਜ਼ੂਰੀ ਲੈ ਕੇ ਅਭਿਆਨ ਚਲਾਇਆ ਗਿਆ ਸੀ।
ਟਰੰਪ ਦੇ ਬਿਆਨ 'ਤੇ ਅਮਰੀਕਾ ਵਿੱਚ ਪ੍ਰਤੀਕਿਰਿਆ
ਸੀਨੀਅਰ ਰਿਪਲਿਕਨ ਸਿਨੇਟਰ ਅਤੇ ਸਿਨੇਟ ਦੀ ਆਰਮਡ ਸਰਵਿਸਜ਼ ਕਮੇਟੀ ਦੇ ਮੈਂਬਰ ਲਿੰਡਸੇ ਗ੍ਰਾਹਮ ਮੁਤਾਬਕ ਟਰੰਪ ਨੇ ਅਮਰੀਕਾ ਦੇ 'ਕਮਜ਼ੋਰ' ਹੋਣ ਦਾ ਸੰਕੇਤ ਦਿੱਤਾ ਹੈ।
ਉਨ੍ਹਾਂ ਨੇ ਟਵੀਟ ਕੀਤਾ, ''ਟਰੰਪ ਨੇ 2016 ਦੇ ਦਖਲ ਲ਼ਈ ਰੂਸ ਨੂੰ ਜਵਾਬਦੇਹ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਦੇਣ ਦਾ ਮੌਕਾ ਖੁੰਝਾ ਦਿੱਤਾ ਹੈ।''
ਉਨ੍ਹਾਂ ਦੇ ਸਹਿਯੋਗੀ ਰਿਪਬਲਿਕਨ ਸਿਨੇਟਰ ਜ਼ੇਫ ਫਲੇਕ ਜਿਨ੍ਹਾਂ ਨੂੰ ਟਰੰਪ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਉਨ੍ਹਾਂ ਕਿਹਾ ਕਿ ਟਰੰਪ ਨੇ 'ਸ਼ਰਮਨਾਕ' ਸ਼ਬਦ ਇਸਤੇਮਾਲ ਕੀਤੇ ਹਨ।
ਸੰਮੇਲਨ ਦਾ ਹੋ ਰਿਹਾ ਸੀ ਵਿਰੋਧ
ਕੁਝ ਅਮਰੀਕੀ ਆਗੂਆਂ ਨੇ ਪਹਿਲਾਂ ਹੀ ਰੂਸ ਦੇ ਨਾਲ ਇਸ ਸੰਮੇਲਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਵਿਸ਼ੇਸ ਕਾਉਂਸਲ ਰੌਬਰਟ ਮੂਲਰ ਨੇ ਰੂਸ ਦੇ 12 ਮਿਲਿਟਰੀ ਇੰਟੈਲੀਜੈਂਸ ਏਜੰਟਸ ਨੂੰ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਰਾਸ਼ਟਰਪਤੀ ਅਭਿਆਨ ਨੂੰ ਹੈਕ ਕਰਨ ਦੇ ਇਲਜ਼ਾਮ ਵਿੱਚ ਮੁਲਜ਼ਮ ਬਣਾਇਆ ਹੈ।
ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਜਾਂਚ ਅਧਿਕਾਰੀਆਂ ਨੂੰ ਰੂਸ ਆ ਕੇ ਇਨ੍ਹਾਂ ਅਧਿਕਾਰੀਆਂ ਨਾਲ ਪੁੱਛਗਿੱਛ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਸ ਦੇ ਬਦਲੇ ਰੂਸ ਵੀ ਅਮਰੀਕਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਦੇ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਲਈ ਇਸੇ ਤਰ੍ਹਾਂ ਦਾ ਅਧਿਕਾਰ ਚਾਹੇਗਾ।
ਅਮਰੀਕਾ-ਰੂਸ 'ਚ ਤਣਾਅ ਦਾ ਇਤਿਹਾਸ
ਇਨ੍ਹਾਂ ਦੋਵਾਂ ਵਿਚਾਲੇ ਤਣਾਅ ਸ਼ੀਤ ਯੁੱਧ (1945 ਤੋਂ 1989) ਤੋਂ ਸ਼ੁਰੂ ਹੋਇਆ ਅਤੇ ਜਦੋਂ ਅਮਰੀਕਾ ਅਤੇ ਸੋਵੀਅਤ ਸੰਘ ਵਿਚਾਲੇ ਵਿਰੋਧਤਾ ਸੀ।
2014 ਵਿੱਚ ਰੂਸ ਦੇ ਕ੍ਰੀਮੀਆ ਨੂੰ ਯੂਕ੍ਰੈਨ ਤੋਂ ਵੱਖ ਕਰ ਲੈਣ ਤੋਂ ਬਾਅਦ ਦੋਵਾਂ ਦੇਸਾਂ ਦੇ ਦੁਵੱਲੇ ਸੰਬੰਧਾਂ ਵਿੱਚ ਹੋਰ ਗਿਰਾਵਟ ਆ ਗਈ।
ਇਸ ਤੋਂ ਬਾਅਦ ਅਮਰੀਕਾ ਅਤੇ ਕਈ ਹੋਰ ਦੇਸਾਂ ਨੇ ਰੂਸ 'ਤੇ ਕਈ ਸਖ਼ਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ।