You’re viewing a text-only version of this website that uses less data. View the main version of the website including all images and videos.
ਕੀ ਸਿਕੰਦਰ ਨੂੰ ਇਸੇ ਤਾਬੂਤ ਵਿੱਚ ਦਫ਼ਨਾਇਆ ਗਿਆ ਸੀ?
ਪੁਰਾਤੱਤਵ ਵਿਗਿਆਨੀਆਂ ਦੇ ਇੱਕ ਸਮੂਹ ਨੂੰ ਇਸੇ ਮਹੀਨੇ ਉੱਤਰੀ ਮਿਸਰ ਦੇ ਤੱਟੀ ਸ਼ਹਿਰ ਅਲੈਗਜ਼ੈਂਡ੍ਰੀਆ ਵਿੱਚ ਦੋ ਹਜ਼ਾਰ ਸਾਲ ਪੁਰਾਣਾ ਇੱਕ ਰਹੱਸਮਈ ਤਾਬੂਤ ਮਿਲਿਆ ਹੈ।
ਮਿਸਰ ਦੇ ਅਧਿਕਾਰੀਆਂ ਮੁਤਾਬਕ, ਇਹ ਸ਼ਹਿਰ ਵਿੱਚ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਤਾਬੂਤ ਹੈ। ਕਾਲੇ ਗ੍ਰੈਨਾਈਟ ਨਾਲ ਬਣੇ ਇਸ ਤਾਬੂਤ ਦੀ ਉੱਚਾਈ ਕਰੀਬ 2 ਮੀਟਰ ਅਤੇ ਭਾਰ 30 ਟਨ ਹੈ।
ਇਹ ਵੀ ਪੜ੍ਹੋ:
ਮਿਸਰ ਦੇ ਪੁਰਾਤੱਤਵ ਮੰਤਰਾਲੇ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ 'ਤੇ ਲਿਖਿਆ, "ਇਹ 265 ਸੈਂਟੀਮੀਟਰ ਲੰਬਾ, 185 ਸੈਂਟੀਮੀਟਰ ਉੱਚਾ ਅਤੇ 165 ਸੈਂਟੀਮੀਟਰ ਚੌੜਾ ਹੈ।"
ਅਜਿਹਾ ਮੰਨਿਆ ਜਾ ਰਿਹਾ ਹੈ ਇਸ ਤਾਬੂਤ ਦਾ ਸੰਬੰਧ ਟੋਲੋਮੇਇਕ ਕਾਲ (300-200 ਈਸਾ ਪੂਰਵ) ਨਾਲ ਹੈ। ਇਸ ਦੀ ਸ਼ੁਰੂਆਤ ਸਿਕੰਦਰ ਦੀ ਮੌਤ ਨਾਲ ਹੋਈ ਸੀ, ਜਿਨ੍ਹਾਂ ਨੇ ਅਲੈਗਜੈਂਡ੍ਰੀਆ ਸ਼ਹਿਰ ਨੂੰ ਵਸਾਇਆ ਸੀ।
ਇਹ ਤਾਬੂਤ ਕੁਝ ਨਿਰਮਾਣ ਕਾਰਜਾਂ ਤੋਂ ਪਹਿਲਾਂ ਜ਼ਮੀਨ ਦੀ ਜਾਂਚ ਦੌਰਾਨ ਮਿਲਿਆ ਅਤੇ ਇਸ ਦੀ ਚੰਗੀ ਹਾਲਤ ਤੇ ਆਕਾਰ ਦੇਖ ਕੇ ਮਾਹਿਰ ਵੀ ਹੈਰਾਨੀ ਵਿੱਚ ਪੈ ਗਏ ਹਨ।
ਪੁਰਾਤੱਤਵ ਵਿਭਾਗ ਦੇ ਨਿਰਦੇਸ਼ਕ ਅਯਮਾਨ ਅਸ਼ਮਾਵੀ ਨੇ ਮੰਤਰਾਲੇ ਦੀ ਫੇਸਬੁੱਕ ਪੋਸਟ 'ਤੇ ਲਿਖਿਆ, "ਤਾਬੂਤ ਦੇ ਉਪਰੀ ਹਿੱਸੇ ਅਤੇ ਬਾਡੀ ਦੇ ਵਿੱਚ ਚੂਨੇ ਦੀ ਪਰਤ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਪ੍ਰਾਚੀਨ ਕਾਲ 'ਚ ਇੱਕ ਵਾਰ ਬੰਦ ਕਰਨ ਤੋਂ ਬਾਅਦ ਇਹ ਫੇਰ ਨਹੀਂ ਖੋਲ੍ਹਿਆ ਗਿਆ।"
ਕੀ ਮਹਾਨ ਸਿਕੰਦਰ ਨਾਲ ਹੈ ਸੰਬੰਧ?
ਇਹ ਕੋਈ ਸਾਧਾਰਨ ਸਥਿਤੀ ਨਹੀਂ ਹੈ ਕਿਉਂਕਿ ਇਹ ਆਮ ਧਾਰਨਾ ਹੈ ਕਿ ਪ੍ਰਾਚੀਨ ਮਿਸਰ ਦੀਆਂ ਕਬਰਾਂ ਨੂੰ ਕਈ ਵਾਰ ਲੁੱਟਿਆ ਗਿਆ ਜਾਂ ਨੁਕਸਾਨ ਪਹੁੰਚਾਇਆ ਗਿਆ ਹੈ।
ਇਕ ਕਬਰ ਦੇ ਨੇੜੇ ਇੱਕ ਇਨਸਾਨੀ ਸਿਰ ਵਾਲੀ ਅਲਬੈਸਟਰ (ਇੱਕ ਪ੍ਰਕਾਰ ਦਾ ਕੀਮਤੀ ਚਿੱਟਾ ਪੱਥਰ) ਦੀ ਬਣੀ ਇੱਕ ਮੂਰਤੀ ਮਿਲੀ ਹੈ।
ਬੀਬੀਸੀ ਵਰਲਡ ਸਰਵਿਸ ਦੇ ਅਫ਼ਰੀਕਾ ਖੇਤਰ ਦੇ ਸੰਪਾਦਕ ਰਿਚਰਡ ਹੈਮਿਲਟਨ ਕਹਿੰਦੇ ਹਨ, "ਖੋਜ ਨੇ ਇਸ ਸੰਭਾਵਨਾ ਨੂੰ ਜਨਮ ਦਿੱਤਾ ਹੈ ਕਿ ਕਿਤੇ ਇਹ ਮਹਾਨ ਸਿੰਕਦਰ ਦੀ ਗੁਆਚੀ ਹੋਈ ਕਬਰ ਤਾਂ ਨਹੀਂ ਹੈ।"
ਉਨ੍ਹਾਂ ਨੇ ਕਿਹਾ, "ਜੇਕਰ ਇਹ ਮਹਾਨ ਸਿਕੰਦਰ ਦਾ ਮਕਬਰਾ ਹੈ ਤਾਂ ਇਹ ਪੁਰਾਤੱਤਵ ਵਿਭਾਗ ਵੱਲੋਂ ਅੱਜ ਤੱਕ ਦੀਆਂ ਸਭ ਤੋਂ ਵੱਡੀਆਂ ਖੋਜਾਂ ਵਿੱਚੋਂ ਇੱਕ ਹੋਵੇਗੀ।"
ਹਾਲਾਂਕਿ, ਸੰਪਾਦਕ ਦੱਸਦੇ ਹਨ ਕਿ ਅਧਿਕਾਰੀ ਇਸ ਪਾਸੇ ਇਸ਼ਾਰਾ ਕਰ ਰਹੇ ਹਨ ਕਿ ਇੱਕ ਅਲੈਗਜੈਂਡ੍ਰੀਆ ਦੇ ਕਿਸੇ ਰਸੂਖ਼ਦਾਰ ਦਾ ਮਕਬਰਾ ਹੋ ਸਕਦਾ ਹੈ।
ਹੁਣ, ਇਹ ਖੋਜ ਪੂਰੀ ਨਿਗਰਾਨੀ ਵਿੱਚ ਹੈ ਅਤੇ ਮਾਹਿਰ ਇਹ ਪਤਾ ਲਗਾਉਣ ਲਈ ਤਿਆਰ ਹਨ ਕਿ ਆਖ਼ਰ ਇਸ ਤਾਬੂਤ ਵਿੱਚ ਅਸਲ 'ਚ ਹੈ ਕੀ।
ਇਸ ਨੂੰ ਪਹਿਲੀ ਵਾਰ ਖੋਲਣਾ ਬੇਹੱਦ ਮੁਸ਼ਕਲ ਕੰਮ ਹੈ ਅਤੇ ਇਸ ਲਈ ਸੰਭਾਵਨਾ ਇਹ ਹੈ ਕਿ ਇਸ ਨੂੰ ਉਸੇ ਥਾਂ ਖੋਲ੍ਹਿਆ ਜਾਵੇ, ਜਿੱਥੇ ਇਹ ਮਿਲਿਆ ਹੈ।