You’re viewing a text-only version of this website that uses less data. View the main version of the website including all images and videos.
ਹਾਈ ਹੀਲ ਦੀ ਜੁੱਤੀ ਕਦੋਂ, ਕਿੱਥੇ ਅਤੇ ਕਿਵੇਂ ਆਈ ਪ੍ਰਚਲਨ ਵਿੱਚ
- ਲੇਖਕ, ਭੂਮਿਕਾ ਰਾਏ
- ਰੋਲ, ਬੀਬੀਸੀ ਪੱਤਰਕਾਰ
"ਜੇ ਤੁਸੀਂ ਮਰਦਾਂ ਨੂੰ ਉੱਚੀ-ਅੱਡੀ ਅਤੇ ਉੱਚੀ ਡਰੈੱਸ ਪਾਉਣ ਬਾਰੇ ਸਵਾਲ ਨਹੀਂ ਪੁੱਛਦੇ ਤਾਂ ਤੁਸੀਂ ਮੈਨੂੰ ਵੀ ਨਹੀਂ ਪੁੱਛ ਸਕਦੇ।"
ਟਵਾਈਲਾਈਟ ਸਾਗਾ (ਉਹੀ ਫਿਲਮ ਜਿਸ ਵਿੱਚ ਭੇੜੀਏ ਇਨਸਾਨਾਂ ਦਾ ਖ਼ੂਨ ਪੀਂਦੇ ਹਨ) ਦੀ ਨਾਇਕਾ ਕ੍ਰਿਸਟੀਨ ਸਟੀਵਰਟ ਮੰਗਲਵਾਰ ਨੂੰ ਜਿਊਰੀ ਮੈਂਬਰ ਵਜੋਂ ਕਾਨਸ ਫਿਲਮ ਮੇਲੇ ਵਿੱਚ ਪਹੁੰਚੇ ਸਨ।
ਰੈੱਡ ਕਾਰਪੈਟ 'ਤੇ ਤੁਰਦਿਆਂ ਉਨ੍ਹਾਂ ਨੇ ਚਾਂਦੀ ਰੰਗੀ ਪੁਸ਼ਾਕ ਅਤੇ ਕਾਲੇ ਉੱਚੀ-ਅੱਡੀ ਦੇ ਸੈਂਡਲ ਪਾਏ ਹੋਏ ਸਨ। ਕੁਝ ਦੂਰ ਤੁਰਨ ਮਗਰੋਂ ਉਨ੍ਹਾਂ ਨੇ ਉੱਚੀ-ਅੱਡੀ ਦੇ ਸੈਂਡਲ ਲਾਹ ਦਿੱਤੇ।
ਅਜਿਹਾ ਉਨ੍ਹਾਂ ਨੇ ਕਾਨਸ ਫਿਲਮ ਫੈਸਟੀਵਲ ਦੀ ਸਪਾਟ ਜੁੱਤੀਆਂ ਨਾ ਪਹਿਨਣ ਦੀ ਮਨਾਹੀ ਦੇ ਵਿਰੋਧ ਵਿੱਚ ਕੀਤਾ।ਹਾਲਾਂਕਿ ਇਸ ਫਿਲਮ ਮੇਲੇ ਵਿੱਚ ਇਹ ਕੋਈ ਪਹਿਲਾ ਮੌਕਾ ਨਹੀਂ ਸੀ।
ਸਾਲ 2015 ਵਿੱਚ ਫ਼ਿਲਮ ਪ੍ਰੋਡਿਊਸਰ ਵਿਲੇਰੀਆ ਰਿਕਟਰ ਨੂੰ ਉੱਚੀ-ਅੱਡੀ ਨਾ ਪਾਉਣ ਕਰਕੇ ਰੋਕ ਦਿੱਤਾ ਗਿਆ ਸੀ।
ਬਾਅਦ ਵਿੱਚ ਉਨ੍ਹਾਂ ਨੂੰ ਦਾਖਲ ਹੋਣ ਦੀ ਆਗਿਆ ਮਿਲ ਗਈ ਕਿਉਂਕਿ ਉਨ੍ਹਾਂ ਦੀ ਇੱਕ ਲੱਤ ਨਕਲੀ ਸੀ। ਇਸੇ ਕਰਕੇ ਉਨ੍ਹਾਂ ਸਪਾਟ ਤਲੇ ਵਾਲੀ ਜੁੱਤੀ ਪਾਈ ਹੋਈ ਸੀ।
ਸਿਰਫ ਕਾਨਸ ਹੀ ਨਹੀਂ....
ਕੁਝ ਸਾਲ ਪਹਿਲਾਂ ਲੰਡਨ ਵਿੱਚ ਫਾਇਨਾਂਸ ਕੰਪਨੀ ਪੀਡਬਲਿਊਸੀ ਨੇ ਇੱਕ ਰਿਸੈਪਸ਼ਨਿਸਟ ਨੂੰ ਉੱਚੀ ਅੱਡੀ ਦੀ ਸੈਂਡਲ ਪਾਉਣ ਤੋਂ ਮਨ੍ਹਾਂ ਕਰਨ ਬਦਲੇ ਘਰ ਭੇਜ ਦਿੱਤਾ ਸੀ।
ਮੁਲਾਜ਼ਮ ਨੂੰ ਇਸ ਵਿਸ਼ੇ ਵਿੱਚ ਦਸ ਹਜ਼ਾਰ ਲੋਕਾਂ ਦੀ ਹਮਾਇਤ ਮਿਲੀ ਅਤੇ ਕੰਪਨੀ ਨੂੰ ਸਰਕਾਰ ਨੂੰ ਜਵਾਬ ਦੇਣਾ ਪਿਆ।
ਖ਼ੂਨੀ ਪੈਰ..
ਇੱਕ ਪਾਸੇ ਅਜਿਹੇ ਮਾਮਲੇ ਹਨ ਤਾਂ ਦੂਜੇ ਪਾਸੇ ਸਾਲ 2016 ਵਿੱਚ ਸੋਸ਼ਲ ਮੀਡੀਆ 'ਤੇ ਕੈਨੇਡਾ ਦੇ ਇੱਕ ਰੈਸਟੋਰੈਂਟ ਮੁਲਾਜ਼ਮ ਦੀ ਤਸਵੀਰ ਵਾਇਰਲ ਹੋਈ।
ਉਸ ਵਿੱਚ ਮੁਲਾਜ਼ਮ ਨੇ ਖ਼ੂਨੀ ਪੰਜਿਆਂ ਵਾਲੀ ਉੱਚੀ ਅੱਡੀ ਦੇ ਸੈਂਡਲ ਪਹਿਨੇ ਹੋਏ ਸਨ। ਇਸ ਨਾਲ ਇੱਕ ਨਵਾਂ ਹੀ ਵਿਵਾਦ ਸ਼ੁਰੂ ਹੋ ਗਿਆ ਸੀ।
ਕਿੱਥੋਂ ਆਈ ਸੀ ਆਖ਼ਰ ਇਹ ਉੱਚੀ ਅੱਡੀ?
ਉੱਚੀ ਅੱਡੀ ਦੇ ਸੈਂਡਲ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਮਿਸਾਲ ਵਜੋਂ, ਇਨ੍ਹਾਂ ਨਾਲ ਗਿੱਲੀ ਧਰਤੀ, ਪਹਾੜ ਜਾਂ ਪਥਰੀਲੇ ਰਾਹ 'ਤੇ ਆਸਾਨੀ ਨਾਲ ਨਹੀਂ ਤੁਰਿਆ ਜਾ ਸਕਦਾ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਇਹ ਕਿਸੇ ਖ਼ਾਸ ਕੰਮ ਲਈ ਹੀ ਬਣਾਏ ਗਏ ਹੋਣਗੇ।
ਉੱਚੀ ਅੱਡੀ ਦੇ ਸੈਂਡਲ ਨੂੰ ਸਰਦੀਆਂ ਵਿੱਚ ਘੋੜ ਸਵਾਰੀ ਮੌਕੇ ਵਰਤਿਆ ਜਾਂਦਾ ਸੀ। ਈਰਾਨ ਅਤੇ ਪਰਸ਼ੀਆ ਵਿੱਚ ਵਧੀਆ ਘੋੜ ਸਵਾਰ ਹੋਣਾ ਜ਼ਰੂਰੀ ਸੀ।
ਜਦੋਂ ਘੋੜ ਸਵਾਰ ਘੋੜੇ 'ਤੇ ਖੜਾ ਹੋ ਕੇ ਤੀਰ ਦਾ ਨਿਸ਼ਾਨਾ ਲਾਉਂਦਾ ਤਾਂ ਉੱਚੀ ਅੱਡੀ ਰਕਾਬ ਨੂੰ ਪਕੜ ਦਿੰਦੀ ਸੀ। 1599 ਵਿੱਚ ਜਦੋਂ ਪਰਸ਼ੀਆ ਦੇ ਸ਼ਾਹ ਅੱਬਾਸ ਨੇ ਆਪਣੇ ਰਾਜਦੂਤ ਯੂਰਪ ਭੇਜੇ ਤਾਂ ਇਸ ਕਿਸਮ ਦੇ ਜੁੱਤੇ ਵੀ ਯੂਰਪ ਆ ਗਏ।
ਮਾਹੌਲ ਅਜਿਹਾ ਬਣਿਆ ਕਿ ਉੱਚੀ ਅੱਡੀ ਦੀ ਜੁੱਤੀ ਮਰਦਾਂ ਨੂੰ ਦਲੇਰ ਬਣਾ ਸਕਦੀ ਹੈ।
ਹੌਲੀ-ਹੌਲੀ ਅਮੀਰ ਲੋਕਾਂ ਨੇ ਅੱਡੀ ਦੀ ਉਚਾਈ ਵਧਾਉਣੀ ਸ਼ੁਰੂ ਕਰ ਦਿੱਤੀ।
ਫਰਾਂਸ ਦੇ ਲੂਈਸ ਚੌਧਵੇਂ ਦਾ ਕੱਦ ਸਿਰਫ਼ ਚਾਰ ਫੁੱਟ ਸੀ ਪਰ ਉਨ੍ਹਾਂ ਨੇ ਉੱਚੀ ਅੱਡੀ ਪਾ ਕੇ ਇਹ ਘਾਟ ਦੂਰ ਕਰ ਲਈ।
ਹੌਲੀ-ਹੌਲੀ ਇਹ ਫੈਸ਼ਨ ਔਰਤਾਂ ਅਤੇ ਬੱਚਿਆਂ ਵਿੱਚ ਵੀ ਆ ਗਿਆ।
ਸਮੇਂ ਨਾਲ ਪੁਰਸ਼ਾਂ ਦੀ ਅੱਡੀ ਦੀ ਉਚਾਈ ਘਟਦੀ ਗਈ ਤੇ ਔਰਤਾਂ ਦੀ ਵਧਦੀ ਗਈ। ਉਨ੍ਹਾਂ ਦੀਆਂ ਜੁੱਤੀਆਂ ਦੇ ਪੰਜੇ ਤਿੱਖੇ ਹੁੰਦੇ ਸਨ ਤਾਂ ਕਿ ਉਨ੍ਹਾਂ ਦੇ ਪੈਰ ਪਤਲੇ ਅਤੇ ਸੋਹਣੇ ਦਿਖਣ।
1800 ਤੱਕ ਔਰਤਾਂ ਅਤੇ ਮਰਦਾਂ ਨੇ ਉੱਚੀ ਅੱਡੀ ਪਾਉਣੀ ਬੰਦ ਕਰ ਦਿੱਤੀ। 19ਵੀਂ ਸਦੀ ਵਿੱਚ ਇਸ ਕਿਸਮ ਦੀਆਂ ਜੁੱਤੀਆਂ ਵਾਪਸ ਪ੍ਰਚਲਿਤ ਹੋਈਆਂ ਕਿਉਂਕ ਔਰਤਾਂ ਫੋਟੋਗਰਾਫੀ ਵਿੱਚ ਸੋਹਣੀਆਂ ਲੱਗਣੀਆਂ ਚਾਹੁੰਦੀਆਂ ਸਨ।
ਉੱਥੋਂ ਹੀ ਇਹ ਸੋਚ ਤੁਰ ਪਈ ਕਿ ਉੱਚੀ ਅੱਡੀ ਵਿੱਚ ਔਰਤਾਂ ਵਧੇਰੇ ਕਾਮੁਕ ਲਗਦੀਆਂ ਹਨ।
ਉੱਚੀ ਅੱਡੀ ਅਤੇ ਸਿਹਤ
ਭਾਵੇਂ ਮੰਨਿਆ ਜਾਂਦਾ ਹੈ ਕਿ ਇਹ ਸਿਹਤ ਲਈ ਨੁਕਸਾਨਦਾਇਕ ਹਨ ਪਰ ਫੇਰ ਵੀ ਇਨ੍ਹਾਂ ਦਾ ਰਿਵਾਜ਼ ਹਮੇਸ਼ਾ ਰਿਹਾ ਹੈ।
ਦਿ ਸਪਾਈਨ ਹੈਲਥ ਇੰਸਟੀਚਿਊਟ ਮੁਤਾਬਕ ਇਨ੍ਹਾਂ ਨਾਲ ਰੀੜ੍ਹ ਦੀ ਹੱਡੀ, ਕੂਲ੍ਹੇ, ਗੋਡੇ, ਅੱਡੀ ਅਤੇ ਪੂਰੇ ਪੈਰ 'ਤੇ ਹੀ ਬੁਰਾ ਅਸਰ ਪੈਂਦਾ ਹੈ।
ਦਿ ਸੋਸਾਈਟੀ ਆਫ਼ ਚਿਰੋਪੋਡਿਸਟਸ ਐਂਡ ਪੋਡਿਏਟਰਿਸਟਸ ਦੀ ਇੱਕ ਖੋਜ ਮੁਤਾਬਕ ਇਨ੍ਹਾਂ ਨਾਲ ਗਠੀਏ ਦਾ ਖ਼ਤਰਾ ਵਧ ਜਾਂਦਾ ਹੈ।
ਪੈਰਾਂ ਦੇ ਮਾਹਿਰ ਅਤੇ ਗਠੀਏ 'ਤੇ ਖੋਜ ਕਰਨ ਵਾਲੇ ਪ੍ਰੋਫੈਸਰ ਐਂਥਨੀ ਰੇਡਮੰਡ ਮੁਤਾਬਕ, ਰੋਜ਼ਾਨਾ ਦੇ ਕੰਮਕਾਜ ਲਈ ਮੂਹਰੋਂ ਗੋਲ ਇੱਕ ਇੰਚ ਦੀ ਅੱਡੀ ਪਾਉਣੀ ਚਾਹੀਦੀ ਹੈ। ਜੁੱਤੀ ਦਾ ਤਲਾ ਅਜਿਹਾ ਹੋਵੇ ਜਿਹੜਾ ਝਟਕੇ ਝੱਲ ਸਕਦਾ ਹੋਵੇ।
ਦਿ ਸਪਾਈਨ ਹੈਲਥ ਇੰਸਟੀਚਿਊਟ ਮੁਤਾਬਕ ਖੜ੍ਹਨ ਸਮੇਂ ਪੈਰਾਂ ਦਾ ਸੰਤੁਲਨ ਹੋਣਾ ਜ਼ਰੂਰੀ ਹੈ। ਉੱਚੀ ਅੱਡੀ ਨਾਲ ਸਰੀਰ ਦਾ ਅਗਲਾ ਹਿੱਸਾ ਬਾਹਰ ਵੱਲ ਵਧ ਜਾਂਦਾ ਹੈ ਜਿਸ ਨਾਲ ਰੀੜ੍ਹ ਦੀ ਹੱਡੀ ਅਤੇ ਕੂਲ੍ਹੇ ਦਾ ਸਮਤੋਲ ਵਿਗੜ ਜਾਂਦਾ ਹੈ।
ਗੋਡਿਆਂ 'ਤੇ ਦਬਾਅ ਵਧ ਜਾਂਦਾ ਹੈ ਅਤੇ ਖੱਲੀ ਵਿੱਚ ਤਣਾਅ ਆਉਂਦਾ ਹੈ। ਇਸ ਤੋਂ ਇਲਾਵਾ ਪੰਜਿਆਂ 'ਤੇ ਵੀ ਜ਼ੋਰ ਪੈਂਦਾ ਹੈ।
ਆਮ ਤੌਰ 'ਤੇ ਰੀੜ੍ਹ ਦੀ ਹੱਡੀ ਅੰਗਰੇਜ਼ੀ ਦੇ S ਵਰਗਾ ਹੁੰਦਾ ਹੈ ਪਰ ਉੱਚੀ ਅੱਡੀ ਨਾਲ ਇਸ ਦਾ ਆਕਾਰ ਬਦਲ ਜਾਂਦਾ ਹੈ।
ਕੀ ਪਰਹੇਜ਼ ਕਰੀਏ?
- ਜ਼ਿਆਦਾ ਸਮੇਂ ਤੱਕ ਉੱਚੀ ਅੱਡੀ ਦੀਆਂ ਜੁੱਤੀਆਂ ਨਾ ਪਾ ਕੇ ਰੱਖੋ।
- ਪੈਰਾਂ ਦੀਆਂ ਮਾਸਪੇਸ਼ੀਆਂ ਦੀ ਕਸਰਤ ਕਰਦੇ ਰਹੋ, ਜਦੋਂ ਜੁੱਤੀ ਪਾਓ ਉਸ ਸਮੇਂ ਵੀ ਅਤੇ ਜਦੋਂ ਲਾਹੋਂ ਉਸ ਸਮੇਂ ਵੀ।
- ਜ਼ਿਆਦਾ ਉੱਚੀ ਅੱਡੀ ਨਾ ਪਹਿਨੋ।
- ਹੋ ਸਕੇ ਤਾਂ ਵੱਖੋ-ਵੱਖ ਆਕਾਰ-ਪ੍ਰਕਾਰ ਦੀਆਂ ਜੁੱਤੀਆਂ ਪਹਿਨੋ।