ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੰਨਿਆ ਕਿ ਪੋਰਨ ਸਟਾਰ ਨੂੰ ਦਿੱਤੇ ਪੈਸੇ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਧਿਕਾਰਕ ਤੌਰ 'ਤੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਆਪਣੇ ਵਕੀਲ ਜ਼ਰੀਏ ਪੋਰਨ ਸਟਾਰ ਨੂੰ ਪੈਸਿਆਂ ਦੀ ਅਦਾਇਗੀ ਕੀਤੀ ਸੀ।

ਆਫ਼ਿਸ ਆਫ਼ ਗਵਰਮੈਂਟ ਐਥਿਕਸ (OGE) ਨੇ ਬੁੱਧਵਾਰ ਨੂੰ ਇਹ ਪਾਇਆ ਕਿ ਟਰੰਪ ਨੂੰ ਪਿਛਲੇ ਵਿੱਤੀ ਸਾਲ ਦੇ ਭੁਗਤਾਨਾਂ ਬਾਰੇ ਖੁਲਾਸਾ ਕਰਨਾ ਚਾਹੀਦਾ ਸੀ।

ਕਾਗਜ਼ਾਂ ਤੋਂ ਪਤਾ ਲਗਦਾ ਹੈ ਕਿ ਟਰੰਪ ਨੇ ਵਕੀਲ ਮਾਈਕਲ ਕੋਹੇਨ ਨੂੰ 2016 ਵਿੱਚ ਇੱਕ ਲੱਖ ਤੋਂ ਢਾਈ ਲੱਖ ਡਾਲਰ ਦੇ ਵਿਚਾਲੇ ਰਕਮ ਦਿੱਤੀ ਸੀ।

ਹਲਾਂਕਿ ਟਰੰਪ ਨੇ ਪਿਛਲੀ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਨ੍ਹਾਂ ਨੇ ਸਟੌਰਮੀ ਡੇਨੀਅਲਜ਼ ਨੂੰ 130,000 ਡਾਲਰ ਦਾ ਕੋਈ ਭੁਗਤਾਨ ਕੀਤਾ ਸੀ।

ਵ੍ਹਾਈਟ ਹਾਊਸ ਨੇ ਇੱਕ ਫੁਟਨੋਟ ਵਿੱਚ ਕਿਹਾ ਕਿ ''ਪਾਰਦਰਸ਼ਤਾ ਦੇ ਹਿੱਤ ਵਿੱਚ'' ਇਹ ਭੁਗਤਾਨਾਂ ਦੀ ਸੂਚੀ ਸੀ।

OGE ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਮੌਜੂਦਾ ਅਤੇ ਪਿਛਲੇ ਸਾਲ ਦੇ ਵਿੱਤੀ ਖੁਲਾਸੇ ਬਾਰੇ ਡਿਪਟੀ ਆਟਾਰਨੀ ਜਨਰਲ ਰੋਡ ਰੋਸਨਸਟੀਨ ਨੂੰ ਚਿੱਠੀ ਵਿੱਚ ਲਿਖੀ।

ਐਥਿਕਸ ਮੁਖੀ ਨੇ ਰੋਸਨਸਟੀਨ ਨੂੰ ਲਿਖਿਆ,''ਇਸ ਸਬੰਧੀ ਤੁਸੀਂ ਕੋਈ ਵੀ ਜਾਂਚ ਕਰ ਸਕਦੇ ਹੋ।''

ਟਰੰਪ ਦੇ ਵਕੀਲ ਨੇ ਪਹਿਲਾਂ ਕੀ ਕਿਹਾ ਸੀ?

ਇਸ ਤੋਂ ਪਹਿਲਾਂ ਵਕੀਲ ਨੇ ਟਰੰਪ ਦੇ ਹਵਾਲੇ ਨਾਲ ਅਜਿਹੀ ਅਦਾਇਗੀ ਤੋਂ ਸਾਫ਼ ਇਨਕਾਰ ਕੀਤਾ ਸੀ। ਮਾਈਕਲ ਡੀ ਕੋਹੇਨ ਨੇ ਕਿਹਾ ਸੀ, ''ਨਾ ਟਰੰਪ ਦੇ ਸੰਗਠਨ ਅਤੇ ਨਾ ਹੀ ਟਰੰਪ ਕੰਪੇਨ ਮਿਸ ਕਲਿਫੋਰਡ ਨੂੰ ਅਦਾਇਗੀ ਵਿੱਚ ਸ਼ਾਮਲ ਸਨ।''

''ਉਹ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ ਅਦਾਇਗੀ ਵਿੱਚ ਸ਼ਾਮਲ ਨਹੀਂ ਸਨ।''

ਹਾਲਾਂਕਿ ਬਾਅਦ ਵਿੱਚ ਉਹ ਵੀ ਪੈਸਿਆਂ ਦੀ ਅਦਾਇਗੀ ਬਾਰੇ ਮੰਨ ਗਏ ਸਨ।

2006 ਵਿੱਚ ਕੀ ਹੋਇਆ ਸੀ?

ਸਟੌਰਮੀ ਦਾ ਕਹਿਣਾ ਹੈ ਕਿ ਉਨ੍ਹਾਂ ਜੁਲਾਈ 2006 ਵਿੱਚ ਕੈਲੀਫੋਰਨੀਆ ਦੀ ਲੇਕ ਤਾਹੋ ਵਿੱਚ ਇੱਕ ਗੋਲਫ ਟੂਰਨਾਮੈਂਟ ਦੌਰਾਨ ਹੋਟਲ ਰੂਮ ਵਿੱਚ ਉਸ ਨੇ ਟਰੰਪ ਨਾਲ ਸਰੀਰਕ ਸਬੰਧ ਬਣਾਏ ਸਨ।

ਸਟੌਰਮੀ ਜਿਸ ਦਾ ਅਸਲੀ ਨਾਂ ਸਟੈਫਨੀ ਕਲਿਫੌਰਡ ਹੈ ਨੇ ਦੱਸਿਆ ਕਿ ਟਰੰਪ ਨੇ ਹੋਟਲ ਦੇ ਕਮਰੇ ਵਿੱਚ ਉਸਨੂੰ ਬੁਲਾਇਆ ਸੀ।

ਉਨ੍ਹਾਂ ਕਲਿਫੌਰਡ ਨੂੰ ਇੱਕ ਮੈਗਜ਼ੀਨ ਵਿਖਾਈ ਜਿਸ ਵਿੱਚ ਉਹ ਕਵਰ ਪੇਜ 'ਤੇ ਸਨ। ਉਸ ਤੋਂ ਬਾਅਦ ਦੋਹਾਂ ਵਿਚਾਲੇ ਸਰੀਰਕ ਸੰਬੰਧ ਬਣੇ।

ਕਲਿਫੌਰਡ ਨੇ ਦੱਸਿਆ, ''ਮੈਂ ਸਰੀਰਕ ਸੰਬੰਧ ਲਈ ਮਨ੍ਹਾ ਨਹੀਂ ਕੀਤਾ, ਮੈਂ ਕੋਈ ਪੀੜਤ ਨਹੀਂ ਹਾਂ।''

ਕਲਿਫੌਰਡ ਨੇ ਕਿਹਾ ਸੀ, "ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਟੀਵੀ ਗੇਮ ਸ਼ੋਅ 'ਦਿ ਐਪਰਨਟਿਸ' ਵਿੱਚ ਮੈਨੂੰ ਲਿਆਉਣਗੇ। ਇਸ ਲਈ ਮੈਂ ਸੰਬੰਧਾਂ ਨੂੰ ਇੱਕ ਕਾਰੋਬਾਰੀ ਡੀਲ ਸਮਝਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)